ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਦੋਂ ਧੁੱਪਾਂ ਕਹਿਰ ਦੀਆਂ...

ਪੇਂਡੂ ਜੀਵਨ, ਕੁਦਰਤ ਦਾ ਪ੍ਰੇਮ, ਮਨੁੱਖੀ ਇਤਿਹਾਸ, ਰਹੱਸਵਾਦ ਅਤੇ ਸਦਾਚਾਰ ਦੇ ਬਿਰਤਾਂਤ ਨਾਲ ਉਪਜੇ ਹੋਏ ਦੇਸੀ ਮਹੀਨਿਆਂ ਵਿੱਚੋਂ ਤਪਸ਼ ਅਤੇ ਤੜਫ਼ ਦਾ ਮੇਲ ਕਰਾਉਂਦਾ ਭਾਦੋਂ ਵੱਖਰੀ ਕਿਸਮ ਦਾ ਮਹੀਨਾ ਹੈ। ਇਸ ਦੇ ਪਰਛਾਵੇਂ ਉੱਘੜਵੇਂ ਰੂਪ ਵਿੱਚ ਮਹਿਸੂਸ ਹੁੰਦੇ ਹਨ। ਇਸ...
Advertisement

ਪੇਂਡੂ ਜੀਵਨ, ਕੁਦਰਤ ਦਾ ਪ੍ਰੇਮ, ਮਨੁੱਖੀ ਇਤਿਹਾਸ, ਰਹੱਸਵਾਦ ਅਤੇ ਸਦਾਚਾਰ ਦੇ ਬਿਰਤਾਂਤ ਨਾਲ ਉਪਜੇ ਹੋਏ ਦੇਸੀ ਮਹੀਨਿਆਂ ਵਿੱਚੋਂ ਤਪਸ਼ ਅਤੇ ਤੜਫ਼ ਦਾ ਮੇਲ ਕਰਾਉਂਦਾ ਭਾਦੋਂ ਵੱਖਰੀ ਕਿਸਮ ਦਾ ਮਹੀਨਾ ਹੈ। ਇਸ ਦੇ ਪਰਛਾਵੇਂ ਉੱਘੜਵੇਂ ਰੂਪ ਵਿੱਚ ਮਹਿਸੂਸ ਹੁੰਦੇ ਹਨ। ਇਸ ਵਿੱਚ ਪ੍ਰਕਿਰਤੀਵਾਦੀ ਰੰਗ ਵੀ ਹੈ। ਉਂਜ ਵੀ ਦੇਸੀ ਮਹੀਨਿਆਂ ਦਾ ਪੰਜਾਬੀਅਤ ਅਤੇ ਪੰਜਾਬੀਆਂ ਦੀ ਰੂਹ ਨਾਲ ਬਹੁਤ ਨੇੜੇ ਦਾ ਸਬੰਧ ਹੈ। ਭਾਦੋਂ ਸਾਹਿਤ ਵੀ ਸਾਂਭੀ ਬੈਠਾ ਹੈ।

ਦੇਸੀ ਮਹੀਨੇ ਸਾਡੀ ਸੰਸਕ੍ਰਿਤੀ, ਸੱਭਿਆਚਾਰ ਅਤੇ ਰੀਤ ਰਿਵਾਜਾਂ ਲਈ ਕਾਫ਼ੀ ਕੁਝ ਆਪਣੀ ਚਾਦਰ ’ਚ ਵਲੇਟੀ ਬੈਠੇ ਹਨ। ਭਾਦੋਂ ਮਹੀਨਾ ਆਪਣੇ ਅੰਦਰ ਲਕੋਈ ਬੈਠਾ ਭੜਦਾਅ ਲਈ ਬਨਸਪਤੀ ਪੱਖੋਂ ਤਾਂ ਸਹੀ ਹੈ, ਪਰ ਮਨੁੱਖਤਾ ਲਈ ਬੜੀ ਮੁਸ਼ੱਕਤ ਵਾਲਾ ਹੈ। ਇਸ ਦੇ ਕਾਰਨ ਕਈ ਕੁਝ ਉਪਜਿਆ ਤੇ ਬਿਨਸਿਆ ਜਾਂਦਾ ਹੈ। ਅੱਜ ਦੀ ਪੀੜ੍ਹੀ ਜਦੋਂ ਸੁਣਦੀ ਹੈ ਕਿ ਭਾਦੋਂ ਮਹੀਨੇ ’ਚ ਜੱਟ ਸਾਧ ਹੋ ਗਿਆ ਸੀ ਤਾਂ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ। ਫਿਰ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਮਹੀਨਾ ਬੇਹੱਦ ਤਪਸ਼ ਤੇ ਭੜਦਾਅ ਵਾਲਾ ਹੋਣ ਕਰਕੇ ਪਸੀਨਾ ਵਰਸਾਉਂਦਾ ਹੈ। ਜੱਟ ਨੂੰ ਇਹ ਮਹੀਨਾ ਨਾਨੀ ਯਾਦ ਕਰਵਾ ਕੇ ਰੱਖ ਦਿੰਦਾ ਹੈ;

Advertisement

ਹਲ਼ ਛੱਡ ਕੇ ਚਰ੍ਹੀ ਨੂੰ ਜਾਣਾ

ਜੱਟਾ ਵੇ ਤੇਰੀ ਜੂਨ ਬੁਰੀ

ਇਹ ਵੀ ਇਸੇ ਦੀ ਤਰਜਮਾਨੀ ਕਰਦਾ ਹੈ। ਇਸੇ ਲਈ ਕੰਮ ਛੱਡ ਕੇ ਜੱਟ ਸਾਧ ਬਣ ਗਿਆ ਸੀ, ਪਰ ਇਹ ਇੱਕ ਕਹਾਵਤ ਹੈ। ਇਸ ਤੋਂ ਇਲਾਵਾ ਹੋਰ ਕਹਾਵਤਾਂ ਵੀ ਹਨ ਜੋ ਭਾਦੋਂ ਨਾਲ ਜੁੜੀਆਂ ਹੋਈਆਂ ਹਨ;

ਭਾਦੋਂ ਦੇ ਛਰਾਟੇ ਗੁੰਨ੍ਹੇ

ਰਹਿ ਗਏ ਆਟੇ

ਭਾਦੋਂ ਮਹੀਨੇ ਪਤਾ ਨਹੀਂ ਮੀਂਹ ਕਦੋਂ ਆ ਜਾਵੇ, ਇਸੇ ਡਰ ਤੋਂ ਕਿਸਾਨ ਖੇਤਾਂ ਵੱਲ ਚਾਲੇ ਪਾ ਕੇ ਪਸੀਨੇ ਨੂੰ ਚੀਰਦੇ ਜਾਂਦੇ ਹਨ। ਜਦੋਂ ਬਾਰਿਸ਼ ਵਿੱਚ ਭਾਦੋਂ ਮਹੀਨੇ ਧੁੱਪ ਨਿੱਕਲੇ ਤਾਂ ਗਿੱਦੜ ਗਿੱਦੜੀ ਦਾ ਵਿਆਹ ਕਿਹਾ ਜਾਂਦਾ ਹੈ। ਇਹ ਸਾਰੀਆਂ ਕਹਾਵਤਾਂ ਪੰਜਾਬ ਵਿੱਚ ਬਹੁਤ ਪ੍ਰਚੱਲਤ ਰਹੀਆਂ ਹਨ ਤੇ ਹੁਣ ਵੀ ਹਨ, ਪਰ ਇਹ ਸਮੇਂ ਦੀਆਂ ਹਾਣੀ ਨਹੀਂ ਬਣ ਸਕੀਆਂ।

ਉਂਝ ਭਾਦੋਂ ਦੇਸੀ ਮਹੀਨਿਆਂ ਵਿੱਚ 30 ਦਿਨਾਂ ਦਾ ਹੁੰਦਾ ਹੈ। ਅੰਗਰੇਜ਼ੀ ਮਹੀਨਿਆਂ ਵਿੱਚ ਇਹ ਅਗਸਤ ਅਤੇ ਸਤੰਬਰ ਦੇ ਵਿਚਕਾਰ ਆਉਂਦਾ ਹੈ। ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦਾ ਇਹ ਛੇਵਾਂ ਮਹੀਨਾ ਹੈ। ਗੁਰਬਾਣੀ ਵਿੱਚ ਇਸ ਦਾ ਸੁਨੇਹਾ ਮਿਲਿਆ ਹੈ। ਇਸ ਤੋਂ ਇਲਾਵਾ ਇੱਕ ਹੋਰ ਕਹਾਵਤ ਹੈ ਜੋ ਭਾਦੋਂ ਦੀ ਰੂਹੇ ਰਵਾਂ ਹੈ। ਇਸ ਦੇ ਨਾਲ ਮਹੀਨੇ ਦਾ ਮੂਲ ਭਾਵ ਪ੍ਰਗਟ ਕਰਕੇ ਇਸ ਦੀ ਸਹੀ ਤਰਜਮਾਨੀ ਕਰਦੀ ਹੈ;

ਭਾਦੋਂ ਧੁੱਪਾਂ ਕਹਿਰ ਦੀਆਂ

ਝੜੀਆਂ ਕਈ-ਕਈ ਪਹਿਰ ਦੀਆਂ

ਇਸ ਤੋਂ ਸਪੱਸ਼ਟ ਹੈ ਇਹ ਮਹੀਨਾ ਕਈ ਤਰ੍ਹਾਂ ਦੇ ਰੰਗ ਬਿਖੇਰਦਾ ਹੈ। ਧੁੱਪ ਵਿੱਚ ਪੈਂਦੇ ਮੀਂਹ ਦੀ ਤਰਜਮਾਨੀ ਕਰਦਾ ਹੈ ਜੋ ਅਜੀਬ ਝਾਕੀ ਲੱਗਦੀ ਹੈ।

ਕਿਹਾ ਜਾਂਦਾ ਹੈ ਕਿ ਭਾਦੋਂ ਦੇ ਮਹੀਨੇ ਹੀਰ ਦਾ ਵਿਆਹ ਧਰਿਆ ਗਿਆ। ਇਸ ਲਈ ਕਿਹਾ ਵੀ ਹੈ;

ਭਾਦੋਂ ਦਾ ਹੀਰ ਦਾ ਧਰਿਆ ਮੁਕਲਾਵਾ

ਉਸ ਨੂੰ ਖ਼ਬਰ ਨਾ ਕਾਈ

ਮਹਿੰਦੀ ਸ਼ਗਨਾਂ ਦੀ

ਚੜ੍ਹ ਗਈ ਦੂਣ ਸਵਾਈ

ਪੇਕੇ ਘਰ ਸਾਉਣ ਮਹੀਨਾ ਕੱਟਣ ਆਈਆਂ ਧੀਆਂ ਭਾਦੋਂ ਵਿੱਚ ਆਪਣੇ ਸਹੁਰੇ ਚਲੀਆਂ ਜਾਂਦੀਆਂ ਹਨ, ਇਸ ਲਈ ਵੰਨਗੀ ਹੈ;

ਤੀਆਂ ਸਾਉਣ ਦੀਆਂ ਭਾਦੋਂ ਦੇ ਮੁਕਲਾਵੇ

ਸਾਉਣ ਵੀਰ ਇਕੱਠੀਆਂ ਕਰੇ

ਭਾਦੋਂ ਚੰਦਰੀ ਵਿਛੋੜੇ ਪਾਵੇ

ਰੂਪਨਗਰ ਜ਼ਿਲ੍ਹੇ ਅਧੀਨ ਪੈਂਦੇ ਬਿਭੌਰ ਸਾਹਿਬ ਵਿੱਚ ਭਾਦੋਂ ਦਾ ਅਧਿਆਤਮਵਾਦ ਪੱਖ ਤੋਂ ਇਤਿਹਾਸ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਭਾਦੋਂ ਦੀ ਚਾਨਣੀ ਚੌਦਸ ਨੂੰ ਲੁਧਿਆਣਾ ਵਿਖੇ ਛਪਾਰ ਦਾ ਮੇਲਾ ਲੱਗਦਾ ਹੈ;

ਆਰੀ ਆਰੀ ਆਰੀ

ਮੇਲਾ ਤਾਂ ਛਪਾਰ ਲੱਗਦਾ

ਜਿਹੜਾ ਲੱਗਦਾ ਜਗਤ ਤੋਂ ਭਾਰੀ

ਕੁਦਰਤ ਅਤੇ ਬਨਸਪਤੀ ਦੇ ਪੱਖ ਤੋਂ ਕੁਦਰਤ ਦੀ ਇਹ ਮਾਣਮੱਤੀ ਰੁੱਤ ਅਗਲੇ ਅੱਸੂ ਮਹੀਨੇ ਦੀ ਬੁਨਿਆਦ ਅਤੇ ਸਾਉਣ ਦੇ ਪਿਛੋਕੜ ਨਾਲ ਪੈਂਡਾ ਤੈਅ ਕਰਦੀ ਹੈ। ਪੰਜਾਬ ਤੇ ਸੱਭਿਆਚਾਰ ਅਤੇ ਸਾਹਿਤ ਪੱਖੋਂ ਭਾਦੋਂ ਦਾ ਰੁਤਬਾ ਬਾਰ੍ਹਾਂ ਮਹੀਨਿਆਂ ਦੀ ਲੜੀ ਵਿੱਚ ਵੱਖਰਾ ਹੈ। ਮਜ਼ਦੂਰ ਅਤੇ ਕਿਸਾਨ ਇਸ ਦੇ ਜਬਰ ਨੂੰ ਸਬਰ ਨਾਲ ਹੰਢਾਉਂਦੇ ਹੋਏ ਕੰਮੀਂ ਕਾਰੀਂ ਲੱਗੇ ਰਹਿੰਦੇ ਹਨ, ਪਰ ਕਿਰਤੀਆਂ ਨੂੰ ਇਸ ਦੀ ਮਾਰ ਵੀ ਝੱਲਣੀ ਪੈਂਦੀ ਹੈ।

ਸੰਪਰਕ: 98781-11445

Advertisement