ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੁੱਤੀ ਖੱਲ ਦੀ ਮਰੋੜਾ ਨਹੀਓਂ ਝੱਲਦੀ...

ਆਪਣੇ ਸੁੱਖਾਂ ਲਈ ਮਨੁੱਖ ਨੇ ਨਵੀਆਂ ਨਵੀਆਂ ਖੋਜਾਂ ਕੀਤੀਆਂ ਅਤੇ ਉਨ੍ਹਾਂ ਵਿੱਚ ਸਫਲ ਹੋਇਆ। ਤਨ ਢੱਕਣ ਲਈ ਪਹਿਲਾਂ ਮਨੁੱਖ ਨੇ ਰੁੱਖਾਂ ਦੀਆਂ ਛਿਲਾਂ ਨੂੰ ਵਰਤਿਆ ਅਤੇ ਉਸ ਤੋਂ ਬਾਅਦ ਪਸ਼ੂਆਂ ਦੇ ਚਮੜੇ ਤੋਂ ਵੀ ਸਰੀਰ ਢਕਣ ਦਾ ਕੰਮ ਲਿਆ, ਪਰ...
Advertisement

ਆਪਣੇ ਸੁੱਖਾਂ ਲਈ ਮਨੁੱਖ ਨੇ ਨਵੀਆਂ ਨਵੀਆਂ ਖੋਜਾਂ ਕੀਤੀਆਂ ਅਤੇ ਉਨ੍ਹਾਂ ਵਿੱਚ ਸਫਲ ਹੋਇਆ। ਤਨ ਢੱਕਣ ਲਈ ਪਹਿਲਾਂ ਮਨੁੱਖ ਨੇ ਰੁੱਖਾਂ ਦੀਆਂ ਛਿਲਾਂ ਨੂੰ ਵਰਤਿਆ ਅਤੇ ਉਸ ਤੋਂ ਬਾਅਦ ਪਸ਼ੂਆਂ ਦੇ ਚਮੜੇ ਤੋਂ ਵੀ ਸਰੀਰ ਢਕਣ ਦਾ ਕੰਮ ਲਿਆ, ਪਰ ਕੁਦਰਤੀ ਪੈਦਾ ਹੋਏ ਪੌਦਿਆਂ ਤੋਂ ਉਸ ਨੇ ਰੇਸ਼ੇਦਾਰ ਪਦਾਰਥ ਲੈ ਕੇ ਉਸ ਤੋਂ ਕੱਪੜਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਮਰੇ ਹੋਏ ਪਸ਼ੂਆਂ ਦੇ ਚਮੜੇ ਤੋਂ ਉਸ ਨੇ ਪੈਰ ਢਕਣ ਲਈ ਜੁੱਤੀ ਦੀ ਖੋਜ ਕੀਤੀ।

ਮਨੁੱਖ ਨੂੰ ਜੁੱਤੀ ਦੀ ਲੋੜ ਉਦੋਂ ਪਈ ਜਦੋਂ ਉਸ ਨੂੰ ਬਾਹਰ ਕੰਮ ਕਰਨਾ ਪੈਂਦਾ ਸੀ। ਅਜਿਹੇ ਮੌਕੇ ਉਸ ਦੇ ਪੈਰਾਂ ਵਿੱਚ ਕੰਡੇ ਅਤੇ ਕੰਕਰਾਂ ਦੇ ਚੁਭਣ ਕਰਕੇ ਉਸ ਨੂੰ ਜੋ ਪੀੜ ਮਹਿਸੂਸ ਹੁੰਦੀ ਸੀ ਤਾਂ ਉਹੀ ਜੁੱਤੀ ਦੀ ਖੋਜ ਦਾ ਕਾਰਨ ਬਣੀ। ਸੋ ਪੈਰਾਂ ਦੇ ਬਚਾਓ ਲਈ ਉਸ ਨੇ ਮਰੇ ਹੋਏ ਪਸ਼ੂਆਂ ਦੀ ਖੱਲ ਤੋਂ ਜੁੱਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।

Advertisement

ਜੁੱਤੀਆਂ ਵੱਖ ਵੱਖ ਪ੍ਰਕਾਰ ਦੀਆਂ ਹੁੰਦੀਆਂ ਹਨ। ਆਮ ਸਾਦੀਆਂ ਜੁੱਤੀਆਂ ਤੇ ਕਢਾਈ ਵਾਲੀਆਂ ਜੁੱਤੀਆ। ਪੰਜਾਬੀ ਔਰਤਾਂ ਕੰਮ ਕਰਨ ਲਈ ਮਸ਼ਹੂਰ ਹਨ। ਉਨ੍ਹਾਂ ਦੇ ਤਕੜੇ ਜੁੱਸੇ ਅਤੇ ਮਜ਼ਬੂਤ ਇਰਾਦੇ ਕੰਮ ਨੂੰ ਧੂਹ ਕੇ ਲੈ ਜਾਂਦੇ ਹਨ। ਸੋ ਉਸ ਦੀ ਤਾਕਤ ਦੀ ਪ੍ਰਸ਼ੰਸਾ ਕਰਦੇ ਹੋਏ ਲੋਕ ਗੀਤਾਂ ਵਿੱਚ ਉਸ ਦਾ ਜ਼ਿਕਰ ਆਉਂਦਾ ਹੈ। ਇਸ ਤਰ੍ਹਾਂ ਪੰਜਾਬਣ ਜਦੋਂ ਜੁੱਤੀ ਪਾ ਕੇ ਤੁਰਦੀ ਹੈ ਤਾਂ ਉਸ ਦੀ ਤੋਰ ਦਾ ਜ਼ਿਕਰ ਇੰਜ ਕੀਤਾ ਜਾਂਦਾ ਹੈ;

ਜੁੱਤੀ ਖੱਲ ਦੀ ਮਰੋੜਾ ਨਹੀਓਂ ਝੱਲਦੀ

ਤੋਰ ਪੰਜਾਬਣ ਦੀ।

ਸਿਆਣੇ ਵਿਅਕਤੀ ਹਮੇਸ਼ਾਂ ਨਵੀਂ ਜੁੱਤੀ ਪਾ ਕੇ ਪੈਂਡੇ ਨਾ ਤੁਰਨ ਦੀ ਸਲਾਹ ਦਿੰਦੇ ਹਨ। ਇਹ ਉਨ੍ਹਾਂ ਦੇ ਨਿੱਜੀ ਤਜਰਬੇ ਹਨ। ਅੱਜਕੱਲ੍ਹ ਭਾਵੇਂ ਤੁਰ ਕੇ ਜਾਣ ਦਾ ਰੁਝਾਨ ਨਹੀਂ ਰਿਹਾ, ਪਰ ਫਿਰ ਵੀ ਚੜ੍ਹਨਾ ਉਤਰਨਾ ਅਤੇ ਫਿਰ ਥੋੜ੍ਹੀ ਦੂਰ ਤੁਰਨਾ ਤਾਂ ਪੈਂਦਾ ਹੀ ਹੈ। ਜੇਕਰ ਜੁੱਤੀ ਤੰਗ ਹੋਵੇ ਤਾਂ ਤੁਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਜੇ ਜੁੱਤੀ ਲੱਗਣ ਲੱਗ ਜਾਵੇ ਤਾਂ ਤੁਰਨਾ ਹੋਰ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਪਹਿਲਾਂ ਪਹਿਲਾਂ ਜਦੋਂ ਸੱਜ ਵਿਆਹੀ ਨੂੰ ਉਸ ਦਾ ਪਤੀ ਕਿਸੇ ਮੇਲੇ ’ਤੇ ਲੈ ਕੇ ਜਾਂਦਾ ਤਾਂ ਤੁਰਨ ਵੇਲੇ ਪਤੀ ਅੱਗੇ ਲੰਘ ਜਾਂਦਾ ਅਤੇ ਪਤਨੀ ਜੁੱਤੀ ਦੇ ਕਾਰਨ ਪਿੱਛੇ ਰਹਿ ਜਾਂਦੀ ਤਾਂ ਉਹ ਉਸ ਨੂੰ ਬੋਲ ਮਾਰ ਕੇ ਉਲਾਂਭਾ ਦਿੰਦੀ;

ਜੁੱਤੀ ਲੱਗਦੀ ਵੈਰੀਆ ਮੇਰੇ

ਵੇ ਪੱਟ ਨਾ ਪੁਲਾਂਘਾਂ ਲੰਮੀਆਂ।

ਇਸੇ ਤਰ੍ਹਾਂ ਹੀ ਜਦੋਂ ਘਰੋਂ ਬਾਹਰ ਜਾਣਾ ਹੋਵੇ ਤਾਂ ਨਵੀਂ ਪੁਰਾਣੀ ਚੀਜ਼ ਦਾ ਬਹੁਤ ਫ਼ਰਕ ਹੁੰਦਾ ਹੈ। ਬਾਹਰ ਜਾਣ ਵਾਸਤੇ ਸੁੰਦਰ ਚੀਜ਼ ਹੀ ਵਧੀਆ ਲੱਗਦੀ ਹੈ ਤਾਂ ਹੀ ਇੱਕ ਮੁਟਿਆਰ ਆਪਣੇ ਪਤੀ ਨੂੰ ਨਵੀਂ ਜੁੱਤੀ ਲਿਆਉਣ ਵਾਸਤੇ ਇਸ ਤਰ੍ਹਾਂ ਕਹਿੰਦੀ ਹੈ;

ਤੂੰ ਗੜਵਾ ਮੈਂ ਤੇਰੀ ਡੋਰ ਵੇ ਮਾਹੀਆ

ਤੇਰਾ ਮੇਰਾ ਝਗੜਾ ਹੋਰ ਵੇ ਮਾਹੀਆ।

ਜੁੱਤੀ ਟੁੱਟੀ ਨੂੰ ਵੇ ਸਾਲ ਹੋ ਗਿਆ

ਲੈ ਕੇ ਦਿੱਤੀ ਨਾ ਹੋਰ ਵੇ ਮਾਹੀਆ।

ਭਾਵੇਂ ਜੁੱਤੀ ਪੈਰ ਵਿੱਚ ਪਾਈ ਜਾਂਦੀ ਹੈ, ਪਰ ਇਹ ਬਹੁਤ ਮਿਹਨਤ ਨਾਲ ਬਣਾਈ ਜਾਂਦੀ ਹੈ। ਚਮੜੇ ਦੀ ਜੁੱਤੀ ਕਹਿਣਾ ਸੌਖਾ ਹੈ, ਪਰ ਇਸ ਨੂੰ ਤਿਆਰ ਕਰਨਾ ਬਹੁਤ ਔਖਾ ਹੈ। ਜਦੋਂ ਲੋਕ ਘਰਾਂ ਵਿੱਚ ਪਸ਼ੂ ਰੱਖਦੇ ਸਨ ਤਾਂ ਉਨ੍ਹਾਂ ਨੂੰ ਸੰਭਾਲਦੇ ਸੰਭਾਲਦੇ ਕਈ ਵਾਰ ਪਸ਼ੂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਸਨ। ਜੇਕਰ ਉਨ੍ਹਾਂ ਦੀ ਮੌਤ ਹੋ ਜਾਂਦੀ ਤਾਂ ਪਸ਼ੂ ਨੂੰ ਹੱਡਾਰੋੜੀ ਵਿੱਚ ਲੈ ਕੇ ਜਾਣ ਦੀ ਜ਼ਿੰਮੇਵਾਰੀ ਬਗਾਰੀ ਦੀ ਹੀ ਹੁੰਦੀ ਸੀ। ਉਨ੍ਹਾਂ ਦੇ ਘਰ ਸੁਨੇਹਾ ਲਾ ਦਿੱਤਾ ਜਾਂਦਾ ਅਤੇ ਉਹ ਉਸ ਨੂੰ ਰੇਹੜੀ ਉੱਤੇ ਲੱਦ ਕੇ ਲੈ ਜਾਂਦੇ ਅਤੇ ਹੱਡਾਰੋੜੀ ਵਿੱਚ ਜਾ ਸੁੱਟਦੇ। ਇਹ ਹੱਡਾਰੋੜੀ ਪਿੰਡ ਦੇ ਬਾਹਰਵਾਰ ਹੁੰਦੀ ਸੀ। ਇੱਥੇ ਜਾ ਕੇ ਉਹ ਆਪਣੀ ਰੰਬੀ ਨਾਲ ਮ੍ਰਿਤਕ ਪਸ਼ੂ ਦਾ ਚਮੜਾ ਉਤਾਰ ਲਿਆਉਂਦੇ ਅਤੇ ਬਾਕੀ ਮੁਰਦਾ ਪਸ਼ੂ ਦਾ ਸਰੀਰ ਉੱਥੇ ਹੀ ਰਹਿ ਜਾਂਦਾ ਜਿਸ ਨੂੰ ਅੱਜਕੱਲ੍ਹ ਕੁੱਤੇ ਸਮੇਟਦੇ ਹਨ, ਪਹਿਲਾਂ ਇਸ ਨੂੰ ਗਿਰਝਾਂ ਸਮੇਟਦੀਆਂ ਹੁੰਦੀਆਂ ਸਨ। ਫਿਰ ਉਸ ਚਮੜੇ ਨੂੰ ਸਾਫ਼ ਕਰਕੇ ਅਤੇ ਸੋਧ ਕੇ ਇਸ ਤੋਂ ਜੁੱਤੀਆਂ ਬਣਾਈਆਂ ਜਾਂਦੀਆਂ ਸਨ।

ਹਰ ਔਰਤ ਆਪਣੇ ਪਤੀ ਤੋਂ ਆਪਣੇ ਲਈ ਪੂਰਨ ਪਿਆਰ ਦੀ ਮੰਗ ਕਰਦੀ ਹੈ ਅਤੇ ਚਾਹੁੰਦੀ ਹੈ ਕਿ ਉਹ ਉਸ ਨੂੰ ਲੋੜੀਂਦੀਆਂ ਚੀਜ਼ਾਂ ਲਿਆ ਕੇ ਦੇਵੇ। ਸਾਂਝੇ ਘਰਾਂ ਵਿੱਚ ਕਈ ਵਾਰ ਜੇਕਰ ਵੱਡੀ ਭਰਜਾਈ ਘਰ ਵਿੱਚ ਹੋਵੇ ਤਾਂ ਕੁਝ ਵਿਅਕਤੀ ਉਸ ਦੀ ਝੇਪ ਵੀ ਮੰਨ ਲੈਂਦੇ ਹਨ। ਅਜਿਹੇ ਸਮੇਂ ਆਪਣੇ ਪਤੀ ਦੇ ਇਸ ਤਰ੍ਹਾਂ ਕਰਨ ’ਤੇ ਪਤਨੀ ਬਰਦਾਸ਼ਤ ਨਹੀਂ ਕਰਦੀ ਅਤੇ ਘਰ ਵਿੱਚ ਮਨ ਮੁਟਾਵ ਹੋ ਜਾਂਦਾ ਹੈ। ਪਤਨੀ ਪੇਕੇ ਤੁਰ ਜਾਂਦੀ ਹੈ ਤਾਂ ਪਤੀ ਉਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦਾ ਹਵਾਲਾ ਦੇ ਕੇ ਕਹਿੰਦਾ ਹੈ ਕਿ ਉਹ ਘਰ ਆ ਜਾਵੇ ਕਿਉਂਕਿ ਉਸ ਲਈ ਉਸ ਨੇ ਬਹੁਤ ਸਾਰੀਆਂ ਚੀਜ਼ਾਂ ਲਿਆਂਦੀਆਂ ਹਨ, ਪਰ ਉਹ ਨਹੀਂ ਮੰਨਦੀ ਕਿਉਂਕਿ ਉਸ ਦੇ ਦਿਲ ਵਿੱਚ ਇਹੀ ਹੁੰਦਾ ਹੈ ਕਿ ਉਸ ਦੀ ਘਰ ਵਿੱਚ ਕਦਰ ਨਹੀਂ ਤੇ ਜੋ ਕੁਝ ਹੋ ਰਿਹਾ ਹੈ, ਉਸ ਦੀ ਵੱਡੀ ਭਰਜਾਈ ਦੇ ਕਹਿਣ ’ਤੇ ਹੋ ਰਿਹਾ ਹੈ। ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਜਾਂਦਾ ਹੈ। ਉਸ ਦਾ ਪਤੀ ਉਸ ਨੂੰ ਇੰਜ ਕਹਿੰਦਾ ਹੈ;

ਜੁੱਤੀ ਕਰਾਈ ਏਥੇ

ਨੀਂ ਤੂੰ ਪਹਿਨਣ ਵਾਲੀ ਪੇਕੇ

ਦੱਸ ਕੀਹਦੇ ਪਾਵਾਂ ਗੋਰੀਏ?

ਤਾਂ ਔਰਤ ਉਸ ਦਾ ਇਸ ਤਰ੍ਹਾਂ ਜਵਾਬ ਦਿੰਦੀ ਹੈ ਕਿ ਉਸ ਨੇ ਆਪਣਾ ਦਿਲ/ ਜਿਗਰਾ ਵੱਡਾ ਕਰ ਲਿਆ ਹੈ ਅਤੇ ਉਸ ਨੇ ਸਬਰ ਕਰ ਲਿਆ ਹੈ;

ਪਹਿਨੇ ਤੇਰੀ ਭਾਬੀ ਵੇ

ਜਿਹਦੇ ਮਨ ਵਿੱਚ ਰਹਿੰਦੀ ਸ਼ਾਦੀ ਵੇ

ਮੈਂ ਜਿਗਰਾ ਕੀਤਾ

ਜਿਗਰਾ ਕੀਤਾ ਵੈਰੀਆ ਵੇ।

ਵਿਆਹ ਵੇਲੇ ਜਦੋਂ ਲੜਕੇ ਜਾਂ ਲੜਕੀ ਲਈ ਨਵੇਂ ਕੱਪੜੇ ਬਣਾਏ ਜਾਂਦੇ ਹਨ ਤਾਂ ਜੁੱਤੀ ਵੀ ਓਨੀ ਹੀ ਜ਼ਰੂਰੀ ਸਮਝੀ ਜਾਂਦੀ ਹੈ ਜਿੰਨੀਆਂ ਦੂਜੀਆਂ ਚੀਜ਼ਾਂ। ਵਿਆਹ ਵਾਲੀ ਲੜਕੀ ਲਈ ਸੂਟਾਂ ਦੇ ਨਾਲ ਦੀਆਂ ਜੁੱਤੀਆਂ ਲਈਆਂ ਜਾਂਦੀਆਂ ਹਨ। ਲੜਕੇ ਲਈ ਵੀ ਜੁੱਤੇ ਲਏ ਜਾਂਦੇ ਹਨ। ਬਾਕੀ ਵਿਆਹ ’ਚ ਸ਼ਰੀਕ ਹੋਣ ਵਾਲੇ ਰਿਸ਼ਤੇ ਨਾਤੇ ਸਭ ਨਵੇਂ ਕੱਪੜੇ ਅਤੇ ਨਵੇਂ ਜੁੱਤੇ ਲੈ ਕੇ ਆਉਂਦੇ ਹਨ।

ਸਾਡੇ ਸੱਭਿਆਚਾਰ ਵਿੱਚ ਅਨੇਕਾਂ ਰੀਤੀ ਰਿਵਾਜਾਂ ਵਿੱਚ ਵਿਆਹ ਵੇਲੇ ਲਾੜੇ ਦੀ ਜੁੱਤੀ ਜਾਂ ਬੂਟ ਚੁੱਕਣ ਦਾ ਵੀ ਰਿਵਾਜ ਹੈ। ਜਦੋਂ ਲਾੜਾ ਅਨੰਦ ਕਾਰਜ ਜਾਂ ਫੇਰਿਆਂ ਵਿੱਚ ਵਿਅਸਤ ਹੁੰਦਾ ਹੈ ਤਾਂ ਉਸ ਸਮੇਂ ਸਾਲੀਆਂ ਉਸ ਦੀ ਜੁੱਤੀ ਲੁਕੋ ਲੈਂਦੀਆਂ ਹਨ ਅਤੇ ਫਿਰ ਕੁਝ ਨਾ ਕੁਝ ਲੈ ਕੇ ਜੁੱਤੀ ਦਿੰਦੀਆਂ ਹਨ।

ਚਮੜੇ ਦੀ ਜੁੱਤੀ ਜਿਉਂ ਜਿਉਂ ਪੁਰਾਣੀ ਹੁੰਦੀ ਹੈ ਤਿਉਂ ਤਿਉਂ ਚਮੜਾ ਵਧ ਜਾਂਦਾ ਹੈ ਅਤੇ ਆਸੇ ਪਾਸਿਓਂ ਤੋਂ ਜੁੱਤੀ ਟੁੱਟਣ ਲੱਗਦੀ ਹੈ। ਇਸ ਟੁੱਟੀ ਜੁੱਤੀ ਨੂੰ ਫਿਰ ਛਿੱਤਰ ਕਿਹਾ ਜਾਂਦਾ ਹੈ। ਜੇਕਰ ਉਸ ਦੇ ਆਸੇ ਪਾਸੇ ਦਾ ਚਮੜਾ ਮੁੜਨ ਲੱਗ ਜਾਵੇ ਤਾਂ ਉਸ ਨੂੰ ਫਿੱਡੇ ਛਿੱਤਰ ਵੀ ਕਿਹਾ ਜਾਂਦਾ ਹੈ। ਕਈ ਵਾਰ ਘਰ ਦੀਆਂ ਮਜਬੂਰੀਆਂ ਵਿੱਚ ਫਿਡੇ ਛਿੱਤਰ ਵੀ ਪਾਏ ਜਾਂਦੇ ਹਨ। ਕਿਸੇ ਪੜ੍ਹੇ ਲਿਖੇ ਵੱਲ ਵੇਖ ਕੇ ਪਤਨੀ ਆਪਣੇ ਪਤੀ ਨੂੰ ਇਹ ਕਹਿੰਦੀ ਹੈ ਕਿ ਉਹ ਫੌਜ ਵਿੱਚ ਭਰਤੀ ਹੋ ਜਾਵੇ ਤਾਂ ਕਿ ਉਹ ਵਧੀਆ ਬੂਟ ਪਾ ਲਵੇ। ਲੋਕ ਗੀਤਾਂ ਵਿੱਚ ਇਸ ਤਰ੍ਹਾਂ ਦਰਸਾਇਆ ਗਿਆ ਹੈ;

ਇੱਥੇ ਮਿਲਣਗੇ ਫਿੱਡੇ ਛਿੱਤਰ

ਉੱਥੇ ਮਿਲਣਗੇ ਬੂਟ।

ਭਰਤੀ ਹੋ ਜਾ ਵੇ

ਯਾਦ ਕਰਨ ਰੰਗਰੂਟ।

ਕੁਝ ਘਰਾਂ ਵਿੱਚ ਰਿਵਾਜ ਹੈ ਕਿ ਰਸੋਈ ਵਿੱਚ ਜੁੱਤੇ ਨਹੀਂ ਲਿਜਾਏ ਜਾਂਦੇ। ਇਹ ਸਿਰਫ਼ ਸੁੱਚਮ ਵਾਸਤੇ ਹੁੰਦਾ ਹੈ, ਪ੍ਰੰਤੂ ਵਿਗਿਆਨਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹ ਜ਼ਰੂਰੀ ਵੀ ਹੈ ਕਿਉਂਕਿ ਬਾਹਰੋਂ ਗੰਦੀਆਂ ਥਾਵਾਂ ਤੋਂ ਜਦੋਂ ਕੋਈ ਬੂਟ ਲੈ ਕੇ ਆਉਂਦਾ ਹੈ ਜਾਂ ਜੁੱਤੀ ਉੱਤੇ ਲੈ ਕੇ ਆਉਂਦਾ ਹੈ ਤਾਂ ਉਸ ਨਾਲ ਅਨੇਕਾਂ ਹੀ ਕੀਟਾਣੂ ਆਉਂਦੇ ਹਨ ਜੋ ਸਾਡੇ ਭੋਜਨ ਉੱਤੇ ਬੈਠ ਕੇ ਬਿਮਾਰੀ ਦਾ ਕਾਰਨ ਬਣਦੇ ਹਨ। ਇਸ ਤਰ੍ਹਾਂ ਜੁੱਤੀ ਨੂੰ ਰਸੋਈ ਵਿੱਚ ਲਿਜਾਣ ਦੀ ਮਨਾਹੀ ਕੀਤੀ ਜਾਂਦੀ ਹੈ।

ਜੁੱਤੀ ਚਮੜੇ ਦੀ ਹੀ ਬਣਦੀ ਹੈ ਭਾਵੇਂ ਉਸ ’ਤੇ ਕੋਈ ਕਢਾਈ ਕੀਤੀ ਹੋਵੇ ਤੇ ਭਾਵੇਂ ਉਹ ਸਾਦੀ ਹੋਵੇ। ਕਈ ਅਮੀਰ ਘਰ ਆਪਣੀਆਂ ਨੂੰਹਾਂ ਧੀਆਂ ਲਈ ਚਾਂਦੀ ਦੀਆਂ ਜੁੱਤੀਆਂ ਵੀ ਬਣਾਉਂਦੇ ਹਨ, ਪ੍ਰੰਤੂ ਉਹ ਚਾਂਦੀ ਵੀ ਚੰਮ ’ਤੇ ਹੀ ਜੜੀ ਹੁੰਦੀ ਹੈ। ਸੋ ਜੁੱਤੀ ਚਮੜੇ ਦੀ ਹੀ ਬਣਦੀ ਹੈ। ਜਦੋਂ ਕਿਸੇ ਨੇ ਕਿਸੇ ’ਤੇ ਗੁੱਸਾ ਕੱਢਣਾ ਹੋਵੇ ਤਾਂ ਸਭ ਤੋਂ ਪਹਿਲਾਂ ਉਹ ਪੈਰ ਦੀ ਜੁੱਤੀ ਉਤਾਰ ਕੇ ਹੀ ਅਗਲੇ ਦੇ ਮਾਰਨ ਤੱਕ ਜਾਂਦਾ ਹੈ, ਇਹ ਉਸ ਦਾ ਸਭ ਤੋਂ ਪਹਿਲਾਂ ਹਥਿਆਰ ਹੈ।

ਘਰਾਂ ਵਿੱਚ ਸੁੱਖ ਸੁਵਿਧਾਵਾਂ ਹੁੰਦੇ ਹੋਏ ਵੀ ਜੇਕਰ ਕੋਈ ਪਤੀ ਆਪਣੀ ਪਤਨੀ ਨੂੰ ਮਜ਼ਾਕ ਵਿੱਚ ਕਿਸੇ ਅਜਿਹੇ ਕੰਮ ਨੂੰ ਕਰਨ ਲਈ ਕਹਿ ਦੇਵੇ ਜੋ ਉਸ ਤੋਂ ਆਸਾਨੀ ਨਾਲ ਹੋ ਸਕਦਾ ਹੋਵੇ ਤਾਂ ਉਸ ਸਮੇਂ ਔਰਤ ਆਪਣੀ ਜੁੱਤੀ ਵੱਲ ਵੀ ਇਸ਼ਾਰਾ ਕਰ ਦਿੰਦੀ ਹੈ। ਲੋਕ ਗੀਤਾਂ ਵਿੱਚ ਇਸ ਤਰ੍ਹਾਂ ਦੀ ਉਦਾਹਰਨ ਬਿਆਨ ਕੀਤੀ ਗਈ ਹੈ;

ਕਾਹਤੋਂ ਪਈਂ ਐਂ ਮੂੰਗੀਆ ਤਾਣੀ

ਨੀਂ ਉੱਠ ਕੇ ਦਲਾਵਾ ਦਲ਼ ਲੈ।

ਇਸ ਵਿੱਚ ਪਤੀ ਕਹਿੰਦਾ ਹੈ ਕਿ ਉਹ ਹਰੇ ਰੰਗ ਦੀ ਚੁੰਨੀ ਲੈ ਕੇ ਕਿਉਂ ਪਈ ਐ? ਕਿਉਂ ਨਹੀਂ ਉਹ ਮੱਝਾਂ ਵਾਸਤੇ ਦਾਣਾ ਹੀ ਦਲ਼ ਲੈਂਦੀ। ਮਸ਼ੀਨਾਂ ਚੱਲਣ ਦੇ ਨਾਲ ਔਰਤਾਂ ਦੇ ਚੱਕੀ ਪੀਹਣ ਦਾ ਕੰਮ ਘਟ ਗਿਆ। ਸੋ ਹੱਥੀਂ ਕੀਤੇ ਜਾਣ ਵਾਲੇ ਕੰਮ ਨੂੰ ਮਸ਼ੀਨ ਦੀ ਸੁਵਿਧਾ ਮਿਲ ਜਾਣ ’ਤੇ ਔਰਤ ਮਜ਼ਾਕ ਵਿੱਚ ਹੀ ਜਵਾਬ ਦਿੰਦੀ ਹੈ;

ਮੇਰਾ ਖੌਂਸੜਾ ਚੱਕੀ ਨੂੰ ਹੱਥ ਲਾਵੇ

ਵੇ ਦਰ ’ਤੇ ਮਸ਼ੀਨ ਚੱਲਦੀ।

ਭਾਵ ਕਿ ਜਦੋਂ ਸੁਵਿਧਾ ਹੈ ਤਾਂ ਉਹ ਕਿਉਂ ਔਖੀ ਹੋਵੇ? ਕਈ ਵਾਰ ਜਦੋਂ ਕੋਈ ਬੰਦਾ ਬਦਨਾਮੀ ਵਾਲਾ ਕੰਮ ਕਰੇ ਤਾਂ ਉਸ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਵੀ ਪਾਇਆ ਜਾਂਦਾ ਹੈ। ਜੁੱਤੀਆਂ ਦਾ ਹਾਰ ਪਾਉਣਾ ਉਸ ਦੀ ਹੋਰ ਵੀ ਬੇਇੱਜ਼ਤੀ ਕਰਨਾ ਹੈ। ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਜੁੱਤੀ ਸਾਡੇ ਜੀਵਨ ਦੀ ਮਹੱਤਵਪੂਰਨ ਚੀਜ਼ ਹੈ ਜਿਸ ਤੋਂ ਬਿਨਾਂ ਗੁਜ਼ਾਰਾ ਨਹੀਂ।

ਸੰਪਰਕ: 94178-40323

Advertisement
Show comments