ਆਇਆ ਸਾਵਣ ਦਿਲ ਪਰਚਾਵਣ...
ਸਾਉਣ ਮਹੀਨਾ ਸੰੰਮਤ ਅਤੇ ਨਾਨਕਸ਼ਾਹੀ ਕੈਲੰਡਰ ਦਾ ਪੰਜਵਾਂ ਮਹੀਨਾ ਹੈ। ਇਸ ਮਹੀਨੇ ਨੂੰ ‘ਸਾਵਣ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮਹੀਨਾ ਗ੍ਰੇਗੇਰੀਅਨ ਕੈਲੰਡਰ ਅਨੁਸਾਰ ਅੱਧ ਜੁਲਾਈ ਤੋਂ ਅੱਧ ਅਗਸਤ ਤੱਕ ਹੁੰਦਾ ਹੈ ਅਤੇ ਇਸ ਵਿੱਚ 30 ਦਿਨ ਹੁੰਦੇ ਹਨ। ਭਾਵੇਂ ਆਮ ਕਰਕੇ ਬਰਸਾਤਾਂ ਦੀ ਸ਼ੁਰੂਆਤ ਹਾੜ ਮਹੀਨੇ ਦੇ ਅੱਧ ਤੋਂ ਬਾਅਦ ਹੀ ਹੋ ਜਾਂਦੀ ਹੈ, ਪਰ ਇਸ ਮਹੀਨੇ ਨੂੰ ਬਰਸਾਤਾਂ ਦਾ ਪਹਿਲਾ ਮਹੀਨਾ ਮੰਨਿਆ ਜਾਂਦਾ ਹੈ।
ਸਾਉਣ ਸਾਲ ਦੇ ਬਾਰਾਂ ਮਹੀਨਿਆਂ ਵਿੱਚੋਂ ਮੌਸਮ ਪੱਖੋਂ ਸਭ ਤੋਂ ਹੁਸੀਨ, ਰਮਣੀਕ ਅਤੇ ਵਿਲੱਖਣਤਾ ਭਰਪੂਰ ਮਹੀਨਾ ਹੈ। ਹੋਵੇ ਵੀ ਕਿਉਂ ਨਾ ਕਿਉਂਕਿ ਸਾਉਣ ਮਹੀਨੇ ਜੇਠ-ਹਾੜ ਦੀ ਤਨ ਅਤੇ ਧਰਤੀ ਨੂੰ ਤਪਾਉਂਦੀ ਗਰਮੀ ਤੋਂ ਕਿਣਮਿਣ ਵਰਸਦੀਆਂ ਬਾਰੀਕ ਕਣੀਆਂ ਰਾਹਤ ਦਿੰਦੀਆਂ ਹਨ। ਗਰਮੀ, ਖੁਸ਼ਕੀ ਅਤੇ ਲੋਆਂ ਕਾਰਨ ਝੁਲਸੀ ਬਨਸਪਤੀ ਵਿੱਚ ਟਹਿਕ ਆ ਜਾਂਦੀ ਹੈ। ਇਸ ਮਹੀਨੇ ਦੇ ਬਹੁਪੱਖੀ ਪੱਖਾਂ ਕਾਰਨ ਇਹ ਪੰਜਾਬੀ ਸੱਭਿਆਚਾਰਕ ਪੱਖ ਤੋਂ ਵੀ ਆਪਣੀ ਪਛਾਣ ਰੱਖਦਾ ਹੈ।
ਸਾਉਣ ਮਹੀਨੇ ਹਿੰਦ ਮਹਾਸਾਗਰ ਵੱਲੋਂ ਆਉਂਦੀਆਂ ਨਮੀ ਭਰਪੂਰ ਹਵਾਵਾਂ, ਜਿਨ੍ਹਾਂ ਨੂੰ ਮੌਨਸੂਨ ਪੌਣਾਂ ਕਿਹਾ ਜਾਂਦਾ ਹੈ, ਸਮੁੱਚੇ ਭਾਰਤ ਸਮੇਤ ਭਾਰਤ ਦੇ ਉੱਤਰੀ ਖਿੱਤੇ ਵਿੱਚ ਭਰਪੂਰ ਵਰਖਾ ਕਰਦੀਆਂ ਹਨ। ਅਜਿਹੇ ਮੌਸਮ ਦਾ ਪ੍ਰਭਾਵ ਬਹੁਤ ਸਾਰੇ ਖੇਤਰਾਂ ਵਿੱਚ ਵਿਖਾਈ ਦਿੰਦਾ ਹੈ। ਇਸ ਸਮੇਂ ਬੱਦਲਾਂ ਦੀਆਂ ਡਾਰਾਂ ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸਾਉਂਦੀਆਂ ਹਨ। ਬਾਗ਼ਾਂ ਵਿੱਚ ਕੋਇਲਾਂ ਕੂਕਦੀਆਂ ਹਨ ਅਤੇ ਅਜਿਹੇ ਮਸਤੀ ਚੜ੍ਹਾਉਣ ਵਾਲੇ ਮੌਸਮ ਵਿੱਚ ਮੋਰ ਮਸਤੀ ਵਿੱਚ ਆ ਕੇ ਪੈਲ਼ਾਂ ਪਾਉਂਦੇ ਹਨ;
ਆਇਆ ਮਹੀਨਾ ਸਾਉਣ, ਮੀਂਹ ਲਿਆਇਆ ਸਾਉਣ।
ਚੜ੍ਹ ਚੜ੍ਹ ਬੱਦਲ ਆਉਣ, ਤੇ ਆ ਕੇ ਮੀਂਹ ਵਰਸਾਉੁਣ।
ਬਾਗ਼ੀਂ ਕੋਇਲਾਂ ਗਾਉਣ, ਖ਼ੁਸ਼ੀ ਵਿੱਚ ਮੋਰ ਪੈਲ਼ਾਂ ਪਾਉਣ।
ਮੌਨਸੂਨ ਪੌਣਾਂ ਦੇ ਪ੍ਰਭਾਵ ਸਦਕਾ ਨਮੀ ਭਰਪੂਰ ਬੱਦਲਾਂ ਦੀਆਂ ਸੰਘਣੀਆਂ ਪਰਤਾਂ ਵਾਲੀਆਂ ਕਾਲੀਆਂ ਘਟਾਵਾਂ ਦੇ ਰੂਪ ਵਿੱਚ ਵੱਖਰਾ ਨਜ਼ਾਰਾ ਪੇਸ਼ ਕਰਦੀਆਂ ਹਨ। ਇਨ੍ਹਾਂ ਵਿੱਚ ਲਿਸ਼ਕਦੀ ਬਿਜਲੀ ਹੋਰ ਵੀ ਸੁੰਦਰ ਲੱਗਦੀ ਹੈ। ਇਨ੍ਹਾਂ ਘਟਾਵਾਂ ਦੀਆਂ ਨਿੱਕੀ ਨਿੱਕੀ ਕਣੀ ਦੀਆਂ ਬਰਸਾਤਾਂ ਅਤੇ ਝੜੀਆਂ ਦੀ ਆਪਣੀ ਸੱਭਿਆਚਾਰਕ ਪੱਖ ਤੋਂ ਵੀ ਪਛਾਣ ਹੈ। ਇਹ ਕਾਲੀਆਂ ਘਟਾਵਾਂ ਵੱਖਰਾ ਨਜ਼ਾਰਾ ਪੇਸ਼ ਕਰਨ ਦੇ ਨਾਲ ਨਾਲ ਮਨੁੱਖ ਅਤੇ ਜੰਤੂਆਂ ਨੂੰ ਧੁਰ ਰੂਹ ਤੱਕ ਮਸਤ ਕਰਨ ਦਾ ਕੰਮ ਕਰਦੀਆਂ ਹਨ;
ਕਾਲੀਆਂ ਘਟਾਵਾਂ ਚੜ੍ਹ ਆਈਆਂ ਨੀਂ
ਵਿੱਚ ਘਟਾ ਦੇ ਬਿਜਲੀ ਮਾਰੇ ਲਿਸ਼ਕਾਰੇ।
ਵਿੱਚ ਘਟਾ ਦੇ ਉੱਡਦੇੇ ਫਿਰਦੇ ਬਗਲੇ
ਵੱਖਰੇ ਆਉਣ ਨਜ਼ਾਰੇ।
***
ਸਾਉਣ ਘਟਾ ਚੜ੍ਹ ਆਈਆਂ
ਭਿੱਜ ਗਈ ਰੂਹ ਮਿੱਤਰਾ
ਸਾਉਣ ਦੀਆਂ ਝੜੀਆਂ ਕੇਵਲ ਬਰਸਾਤਾਂ ਰਾਹੀਂ ਹੀ ਮੌਸਮ ਨੂੰ ਖ਼ੁਸ਼ਗਵਾਰ ਨਹੀਂ ਬਣਾਉਂਦੀਆਂ, ਸਗੋਂ ਕਈ ਵਾਰ ਲੋਕਾਂ ਲਈ ਮੁਸੀਬਤਾਂ ਦਾ ਸਬੱਬ ਵੀ ਬਣਦੀਆਂ ਰਹੀਆਂ ਹਨ। ਗਲੀਆਂ, ਪਹੀਆਂ ’ਤੇ ਗੋਡੇ ਗੋਡੇ ਗਾਰਾ ਹੋ ਜਾਂਦਾ ਹੈ। ਝੜੀਆਂ ਦੀਆਂ ਨਿੱਕੀ ਕਣੀ ਦੀਆਂ ਬਰਸਾਤਾਂ ਕੱਚੇ ਕੋਠਿਆਂ, ਸਬਾਤਾਂ ਨੂੰ ਚੋਣ ਲਾ ਦਿੰਦੀਆਂ ਸਨ। ਅਜਿਹਾ ਹੋਣ ਨਾਲ ਲੋਕਾਂ ਦੇ ਕੱਚੇ ਕੋਠੇ ਢਹਿਣ ਲੱਗਦੇ ਸਨ। ਭਾਰ ਵਧਣ ਨਾਲ ਛੱਤਾਂ ਦੀਆਂ ਬਾਲ਼ੇ, ਕੜੀਆਂ ਟੁੱਟਣੀਆਂ ਸ਼ੁਰੂ ਹੋ ਜਾਂਦੀਆ ਸਨ;
ਸਾਉਣ ਦੀ ਝੜੀ, ਨਾ ਕੋਠਾ ਛੱਡੇ ਨਾ ਕੜੀ।
ਸਾਉਣ ਦੇ ਰੰਗੀਨ ਮੌਸਮ ਦੌਰਾਨ ਕੁੜੀਆਂ ਦਾ ਤਿਉਹਾਰ ‘ਤੀਆਂ’ ਆਉਂਦਾ ਹੈ। ਇਸ ਤਿਉਹਾਰ ਦੀ ਆਪਣੀ ਪਛਾਣ ਅਤੇ ਮਹੱਤਵ ਰਿਹਾ ਹੈ। ਪਿੰਡ ਦੇ ਛੱਪੜਾਂ, ਟੋਭਿਆਂ ਉੱਤਲੇ ਪਿੱਪਲਾਂ ਤੇ ਬੋਹੜਾਂ ਹੇਠ ਸਾਉਣ ਮਹੀਨੇ ਦੀ ਤੀਜ ਤੋਂ ਤੀਆਂ ਲੱਗਦੀਆਂ ਹਨ। ਤੀਆਂ ਲਈ ਵਿਆਹੀਆਂ ਕੁੜੀਆਂ ਉਚੇਚੇ ਰੂਪ ਵਿੱਚ ਪੇਕੇ ਪਿੰਡ ਵਿੱਚ ਪਹੁੰਚਦੀਆਂ;
ਸਾਉਣ ਚੜ੍ਹ ਗਿਆ ਤੀਆਂ ਦੇ ਦਿਨ ਨੇੜੇ
ਮਾਏਂ ਭੇਜੀਂ ਮੇਰੇ ਚੰਨ ਵੀਰ ਨੂੰ।
ਸਾਉਣ ਮਹੀਨੇ ਖ਼ੁਸ਼ਗਾਵਰ ਮੌਸਮ ਦਾ ਆਨੰਦ ਸਜੀਆਂ ਫਬੀਆਂ ਕੁੜੀਆਂ ਵੱਲੋਂ ਪਿੰਡਾਂ ਦੇ ਛੱਪੜਾਂ, ਟੋਭਿਆਂ ਉੱਤਲੇ ਪਿੱਪਲਾਂ ਹੇੇਠ ਲੱਗੀਆਂ ਤੀਆਂ ਵਿੱਚ ਲਿਆ ਜਾਂਦਾ। ਕੁੜੀਆਂ ਸਜ ਧਜ ਕੇ ਪੂਰੀ ਮਸਤੀ ਵਿੱਚ ਸ਼ਾਮ ਨੂੰ ਇਕੱਠੀਆਂ ਹੁੰਦੀਆਂ;
ਰਲ ਮਿਲ ਕੁੜੀਆਂ ’ਕੱਠੀਆਂ ਹੋਈਆਂ
ਜਿਉਂ ਮਿਰਗਾਂ ਦੀਆਂ ਡਾਰਾਂ।
ਪਿੱਪਲਾਂ ਹੇਠਾਂ ਲੱਗੀਆਂ ਤੀਆਂ
ਆਈਆਂ ਸਭ ਮੁਟਿਆਰਾਂ।
ਲੁੱਟ ਲਓ ਕੁੜੀਓ ਨੀਂ
ਸਾਉਣ ਦੀਆਂ ਬਹਾਰਾਂ।
ਸਾਉਣ ਮਹੀਨੇ ਆਉਣ ਵਾਲਾ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਵਿੱਚ ਬੇਹੱਦ ਮਹੱਵਪੂਰਨ ਮੌਕਾ ਰਿਹਾ ਹੈ। ਵਿਆਹੀਆਂ ਕੁੜੀਆਂ ਨੂੰ ਇਸ ਸਮੇਂ ਪੇਕੇ ਜਾਣ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ। ਫਿਰ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਇਸ ਸਬੰਧੀ ਲੋਕ ਗੀਤਾਂ, ਟੱਪਿਆਂ ਅਤੇ ਬੋਲੀਆਂ ਵਿੱਚ ਜ਼ਿਕਰ ਨਾ ਹੋਵੇ। ਇਸ ਸਬੰਧੀ ਲੋਕ ਗੀਤਾਂ ਅਤੇ ਟੱਪਿਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਪਾਈਂ ਵੇ ਮਲਾਹਾ ਬੇੜੀਆਂ।
ਮੈਂ ਜਾਣਾ ਦਰਿਓਂ ਪਾਰ।
ਸਾਵਣ ਆਇਆ
ਸਾਉਣ ਮਹੀਨੇ ਅਤੇ ਕੋਇਲ ਦਾ ਗੂੜ੍ਹਾ ਸਬੰਧ ਹੈ। ਇਸ ਮਹੀਨੇ ਬਾਗ਼ੀਂ ਕੋਇਲਾਂ ਕੂਕਦੀਆਂ ਹਨ। ਸਾਉਣ ਦੀ ਇਸ ਕੋਇਲ ਨੂੰ ਪ੍ਰਤੀਕਾਤਮਕ ਰੂਪ ਵਿੱਚ ਲੋਕ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਬਿਆਨਿਆ ਮਿਲਦਾ ਹੈੈ;
ਪ੍ਰੀਤਾਂ ਦੀ ਸਾਡੀ ਸਾਂਝ ਪਕੇਰੀ
ਲਾ ਕੇ ਤੋੜ ਨਿਭਾਵਾਂ
ਨੀਂ ਕੋਇਲੇ ਸਾਉਣ ਦੀਏ
ਤੈਨੂੰ ਹੱਥਾਂ ’ਤੇ ਚੋਗ ਚੁਗਾਵਾਂ
ਸਾਉਣ ਮਹੀਨੇ ਦੀਆਂ ਬਰਸਾਤਾਂ, ਨਿੱਖਰੀ ਬਨਸਪਤੀ ਅਤੇ ਬਦਲੇ ਪੌਣਪਾਣੀ ਦੇ ਨਾਲ ਨਾਲ ਖਾਣ ਪੀਣ ਸਬੰਧੀ ਵੀ ਕਾਫ਼ੀ ਕੁਝ ਬਦਲਦਾ ਹੈ। ਇਸ ਮਹੀਨੇ ਖਾਣ ਪੀਣ ਲਈ ਵਿਸ਼ੇਸ਼ ਪਕਵਾਨ ਮਿਲਦੇ ਹਨ। ਇਸ ਸਮੇਂ ਠੰਢੇ ਹੋਏ ਮੌਸਮ ਵਿੱਚ ਮੀਂਹ ਪੈਣ ਤੋਂ ਬਾਅਦ ਘਰ ਘਰ ਗੁਲਗੁਲੇ ਪੂੜੇ ਬਣਦੇ ਹਨ ਅਤੇ ਚਾਵਾਂ ਨਾਲ ਖਾਧੇ ਜਾਂਦੇ ਹਨ;
ਆਇਆ ਸਾਉਣ ਮੌਜਾਂ ਮਨਾਉਣ ਨੂੰ।
ਨਿੱਕੀ ਕਣੀ ਦਾ ਮੀਂਹ ਨਹਾਉਣ ਨੂੰ।
ਤੇ ਖੀਰਾਂ ਪੂੜੇ, ਗੁਲਗਲੇ ਖਵਾਉਣ ਨੂੰ।
***
ਖੀਰਾਂ ਪੂੜੇ ਖਾਣ ਨੂੰ
ਲੱਗੀਆਂ ਸਾਉਣ ਦੀਆਂ ਝੜੀਆਂ
ਸਾਉਣ ਮਹੀਨੇ ਖੀਰ ਬਣਾਉਣਾ ਅਤੇ ਖਾਣਾ ਚੰਗਾ ਮੰਨਿਆ ਜਾਂਦਾ ਹੈ। ਸ਼ਾਇਦ ਇਸ ਦਾ ਕਾਰਨ ਸਾਉਣ ਮਹੀਨੇ ਮੱਝਾਂ ਦੇ ਪਏੇ ਸੂਏ, ਬਰਸਾਤਾਂ ਕਾਰਨ ਹੋਏ ਹਰੇ ਚਾਰੇ, ਘਾਹ ਅਤੇ ਠੰਢੇ ਮੌਸਮ ਕਾਰਨ ਦੁੱਧ ਦੀ ਬਹੁਤਾਤ ਦਾ ਹੋਣਾ ਹੈ। ਇਸ ਸਬੰਧੀ ਟੱਪਿਆਂ, ਬੋਲੀਆਂ, ਲੋਕ ਸਿਆਣਪਾਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਸਾਵਣ ਨਾ ਖੀਰਾਂ ਖਾਧੀਆਂ
ਤੂੰ ਕਿਉਂ ਜਨਮਿਓਂ ਅਪਰਾਧੀਆ।
ਸਾਉਣ ਮਹੀਨੇ ਦੀ ਪ੍ਰਮੁੱਖ ਖ਼ਾਸੀਅਤ ਚੜ੍ਹ ਚੜ੍ਹ ਆਉਂਦੇ ਤੇ ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸਾਉਂਦੇ ਬੱਦਲ, ਠੰਢੀਆਂ ਹਵਾਵਾਂ ਦੇ ਝੋਕੇ ਅਤੇ ਇੱਕ ਵੱਖਰੀ ਕਿਸਮ ਦਾ ਵਾਤਾਵਰਨ ਹੈ। ਬੱਦਲਾਂ ਅਤੇ ਸਾਉਣ ਮਹੀਨੇ ਦਾ ਗੂੜ੍ਹਾ ਸਬੰਧ ਹੈ। ਅਜਿਹਾ ਹੋਣ ਕਾਰਨ ਲੋਕ ਬੋਲੀਆਂ, ਟੱਪਿਆਂ ਵਿੱਚ ਸਾਉਣ ਨਾਲ ਬੱਦਲਾਂ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਆਇਆ ਸਾਉਣ ਮਹੀਨਾ
ਅੜੀਓ ਲੈ ਕੇ ਸਰਦ ਹਵਾਵਾਂ
ਪੇਕੇ ਘਰੋਂ ਆਈਆਂ ਝਾਂਜਰਾਂ
ਅੱਡੀ ਮਾਰ ਛਣਕਾਵਾਂ
ਖੱਟਾ ਡੋਰੀਆ ਉੱਡ ਉੱਡ ਜਾਵੇ
ਜਦ ਮੈਂ ਪੀਂਘ ਚੜ੍ਹਾਵਾਂ
ਸਾਉਣ ਦਿਆ ਬੱਦਲਾ ਵੇ
ਤੇਰਾ ਜਸ ਤੀਆਂ ਵਿੱਚ ਗਾਵਾਂ।
ਸਾਉਣ ਦੀਆਂ ਬਰਸਾਤਾਂ ਇਸ ਮਹੀਨੇ ਨੂੰ ਹੁਸੀਨ ਤੇ ਵਿਲੱਖਣ ਬਣਾਉਂਦੀਆਂ ਹਨ। ਅਜਿਹਾ ਹੋਣ ਕਾਰਨ ਟੱਪਿਆਂ ਵਿੱਚ ਸਾਉਣ ਦੇ ਬੱਦਲ ਨੂੰ ਵਰ੍ਹਨ ਲਈ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਸਾਉਣ ਦਿਆ ਬੱਦਲਾ ਵੇ
ਵਰ੍ਹ ਵਰ੍ਹ ਹੋ ਜਾ ਢੇਰ
ਸਾਉਣ ਮਹੀਨੇ ਦੌਰਾਨ ਮੀਂਹ ਅਕਸਰ ਕਾਲੀਆਂ ਘਟਾਵਾਂ ਨਾਲ ਅਚਾਨਕ ਬੜੀ ਤੇਜ਼ੀ ਨਾਲ ਵਰ੍ਹਨ ਲੱਗਦਾ ਹੈ ਅਤੇ ਅਜਿਹਾ ਹੋਣ ਕਾਰਨ ਲੋਕਾਂ ਦਾ ਇਸ ਨਾਲ ਭਿੱਜਣਾ ਆਮ ਜਿਹੀ ਗੱਲ ਹੁੰਦੀ ਹੈ। ਉਂਝ ਵੀ ਭਿੱਜ ਕੇ ਪੂਰਾ ਆਨੰਦ ਲਿਆ ਜਾਂਦਾ ਸੀ;
ਆਇਆ ਸਾਵਣ ਦਿਲ ਪਰਚਾਵਣ
ਝੜੀ ਲੱਗ ਗਈ ਭਾਰੀ
ਝੂਟੇ ਲੈੈਂਦੀ ਮਰੀਅਮ ਭਿੱਜ ਗਈ
ਨਾਲੇ ਰਾਮ ਪਿਆਰੀ।
ਸਾਉਣ ਦੀਆਂ ਬਰਸਾਤਾਂ ਜਿੱਥੇ ਜੇਠ-ਹਾੜ ਦੀ ਗਰਮੀ ਕਾਰਨ ਤਪਦੀ ਧਰਤੀ ਨੂੰ ਠਾਰਦੀਆਂ ਹਨ, ਉੱਥੇ ਗਰਮੀ ਤੇ ਖੁਸ਼ਕੀ ਕਾਰਨ ਝੰਬੀ ਬਨਸਪਤੀ ਨੂੰ ਲੋੜੀਂਦਾ ਪਾਣੀ ਪ੍ਰਦਾਨ ਕਰਕੇ ਹਰਾ ਭਰਾ ਬਣਾਉਂਦੀਆਂ ਹਨ;
ਸਾਵਣ ਵਣ ਹਰਿਆਵਲੇ
ਸੁੱਕੇ ਵੁੱਠੇ ਅੱਕੁ ਜਵਾਹਾ
ਸਾਉਣ ਮਹੀਨੇ ਚੜ੍ਹ ਚੜ੍ਹ ਆਉਂਦੀਆਂ ਘਟਾਵਾਂ ਨਿੱਕੀ ਨਿੱਕੀ ਕਣੀ ਦਾ ਮੀਂਹ ਵਰ੍ਹਾਉਂਦੀਆਂ ਹਨ। ਜਨ ਜੀਵਨ ਨੂੰ ਮਸਤ ਕਰਨ ਦੇ ਨਾਲ ਨਾਲ ਤਨ ਨੂੰ ਭਿਉਣ ਦਾ ਕੰਮ ਕਰਦੀਆਂ ਹਨ। ਕਿਸੇ ਲਈ ਇਹ ਧੁਰ ਰੂਹ ਤੱਕ ਆਪਣਾ ਅਸਰ ਕੁਝ ਇਸ ਤਰ੍ਹਾਂ ਵਿਖਾਉਂਦੀਆਂ ਹਨ;
ਭਿੱਜ ਗਈ ਰੂਹ ਮਿੱਤਰਾ
ਸਾਉਣ ਘਟਾਂ ਚੜ੍ਹ ਆਈਆਂ
ਸਾਉਣ ਮਹੀਨੇ ਦੀਆਂ ਬਰਸਾਤਾਂ ਨਾਲ ਬਨਸਪਤੀ ’ਤੇ ਨਿਖਾਰ ਆਉਂਦਾ ਹੈ। ਕੱਖ ਪਣਪਦੇ ਹਨ। ਮੱਝਾਂ ਗਾਵਾਂ ਰੱਜ ਰੱਜ ਘਾਹ ਖਾਂਦੀਆਂ ਹਨ;
ਸਾਉਣ ਮਹੀਨੇ ਘਾਹ ਹੋ ਗਿਆ
ਚਰਦੀਆਂ ਮੱਝੀਆਂ ਗਾਈਆਂ
ਸਾਉਣ ਮਹੀਨੇ ਲੱਗਦੀਆਂ ਤੀਆਂ ਵਿੱਚ ਕੁੜੀਆਂ ਪੇਕੇ ਪਿੰਡ ਦੇ ਪਿੱਪਲਾਂ ’ਤੇ ਪੀਂਘਾਂ ਪਾਉਂਦੀਆਂ ਹਨ। ਪਿੰਡ ਦੇ ਪਿੱਪਲਾਂ ਦਾ ਬਹੁਪੱਖੀ ਮਹੱਤਵ ਹੁੰਦਾ ਹੈੈ। ਅਜਿਹਾ ਹੋਣ ਕਾਰਨ ਲੋਕ ਬੋਲੀਆਂ ਵਿੱਚ ਸਾਉਣ ਮਹੀਨੇ ਦੇ ਨਾਲ ਇਸ ਦਾ ਵੱਖ ਵੱਖ ਰੂਪਾਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਪਿੱਪਲਾ ਵੇ ਪੇਕੇ ਪਿੰਡ ਦਿਆ
ਤੇਰੇ ’ਤੇ ਪੀਂਘਾਂ ਅਸੀਂ ਪਾਈਆਂ।
ਬਿਨ ਤੀਆਂ ਤੇਰੀ ਯਾਦ ਸਤਾਵੇ
ਛੱਡ ਪੇਕੇ ਪਿੰਡ ਆਈਆਂ।
ਸਾਉਣ ਮਹੀਨੇ ਅਸੀਂ ਬੁੱਲੇ ਲੁੱਟੇ
ਛਾਵਾਂ ਮਾਣਦੀਆਂ ਮੱਝਾਂ ਗਾਈਆਂ।
ਜਦੋਂ ਸਾਉਣ ਦੀਆਂ ਝੜੀਆਂ ਨਿੱਕੀ ਨਿੱਕੀ ਕਣੀ ਦਾ ਮੀਂਹ ਵਰ੍ਹਾਉਂਦੀਆਂ ਹਨ ਤਾਂ ਇਸ ਦਾ ਪ੍ਰਭਾਵ ਵਿਸ਼ਾਲ ਰੂਪ ਵਿੱਚ ਵਿਖਾਈ ਦਿੰਦਾ ਹੈ;
ਮਹੀਨਾ ਸੁਹਾਵਣਾ ਸਾਉਣ ਆ ਗਿਆ।
ਬੂੰਦਾ ਬਾਂਦੀ ਮੀਂਹ ਵਰ੍ਹਾਉਣ ਆ ਗਿਆ।
ਆ ਕੇ ਸਾਉਣ ਨੇ ਲਾਈਆਂ ਝੜੀਆਂ
ਸਾਰਿਆਂ ਨੂੰ ਉਹ ਨਹਾਉਣ ਆ ਗਿਆ।
ਭਾਵੇਂ ਸਾਉਣ ਦਾ ਮਹੀਨਾ ਆਪਣੀਆਂ ਬਰਸਾਤਾਂ ਕਾਰਨ ਪ੍ਰਸਿੱਧ ਹੈ। ਇਹ ਮਹੀਨਾ ਆਪਣੀਆਂ ਬਰਸਾਤਾਂ ਕਾਰਨ ਰੰਗੀਨ ਮੌਸਮ ਦੇੇ ਨਾਲ ਨਾਲ ਪੰਜਾਬ ਦੀ ਆਰਥਿਕਤਾ ਦਾ ਮੁੱਖ ਹਿੱਸਾ ਖੇਤੀਬਾੜੀ ਲਈ ਰੀੜ੍ਹ ਦੀ ਹੱਡੀ ਦਾ ਕੰਮ ਕਰਦਾ ਹੈ, ਪ੍ਰੰਤੂ ਕਈ ਵਾਰ ਬਰਸਾਤਾਂ ਦਾ ਇਹ ਮਹੀਨਾ ਵੀ ਮੀਂਹ ਤੋਂ ਸੱਖਣਾ ਰਹਿ ਜਾਂਦਾ ਹੈ। ਅਜਿਹੇ ਸਮੇਂ ਆਧੁਨਿਕ ਸੰਚਾਈ ਸਾਧਨਾਂ ਦੀ ਘਾਟ ਸਮੇਂ ਸੋਕੇ ਦੀ ਸਥਿਤੀ ਵਿੱਚ ਸਾਉਣੀ ਦੀਆਂ ਫ਼ਸਲਾਂ ਪ੍ਰਭਾਵਿਤ ਹੁੰਦੀਆਂ ਸਨ ਅਤੇ ਪਸ਼ੂਆਂ ਨੂੰ ਖਾਣ ਲਈ ਚਾਰੇ ਦੀ ਵੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਸੀ;
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਚੀਮਾਂ
ਸਾਉਣ ਮੀਂਹ ਨਾ ਪੈਂਦਾ ਸੁੱਕੀਆਂ ਵਗਣ ਜ਼ਮੀਨਾਂ
ਤੂੜੀ ਖਾਂਦੇ ਬਲਦ ਹਾਰ ਗਏ, ਗੱਭਰੂ ਗਿੱਝ ਗਏ ਫੀਮਾਂ
ਤੇਰੀ ਬੈਠਕ ਨੇ, ਪੱਟਿਆ ਕਬੂਤਰ ਚੀਨਾ
ਜਦੋਂ ਕਦੇ ਅਜਿਹੇ ਹਾਲਾਤ ਬਣ ਜਾਂਦੇ ਹਨ ਤਾਂ ਇਸ ਲਈ ਗੁੱਡੀਆਂ ਫੂਕੀਆਂ ਜਾਂਦੀਆਂ ਅਤੇ ਇਸ ਲਈ ਜ਼ਿੰਮੇਵਾਰ ਕਿਸੇ ਦਾ ਸਰਾਪ ਜਾਂ ਹੋਇਆ ਕੋਈ ਪਾਪ ਮੰਨਿਆ ਜਾਂਦਾ ਸੀ। ਇਸ ਪੱਖ ਦਾ ਲੋਕ ਬੋਲੀਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਧਾਈਆਂ ਧਾਈਆਂ ਧਾਈਆਂ
ਪਤਾ ਨਹੀਂ ਕਿਹੜੇ ਪਾਪ ਹੋ ਗਏ
ਵਿੱਚ ਸਾਉਣ ਦੇ ਨਾ ਚਾਰ ਕਣੀਆਂ ਪਾਈਆਂ
ਵੱਖ ਵੱਖ ਮਹੀਨਿਆਂ ਦੌਰਾਨ ਖਾਣ ਲਈ ਵੱਖ ਵੱਖ ਤਰ੍ਹਾਂ ਦੇ ਫ਼ਲ ਮਿਲਦੇ ਹਨ। ਸਾਉਣ ਮਹੀਨੇ ਜਾਮਣਾਂ ਅਤੇ ਕਦੇ ਪੰਜਾਬ ਵਿੱਚ ਬਹੁਤਾਤ ਵਿੱਚ ਮਿਲਦੇ ਵਣਾਂ ’ਤੇ ਲੱਗਦੀਆਂ ਪੀਲ੍ਹਾਂ ਖਾਣ ਨੂੰ ਮਿਲਦੀਆਂ ਸਨ;
ਜੇਠ ਹਾੜ ਵਿੱਚ ਅੰਬ ਵਧੇਰੇ
ਸਾਉਣ ਜਾਮਣੂ ਪੀਲ੍ਹਾਂ
ਸਾਉਣ ਜਿੱਥੇ ਮਨੁੱਖ ਨੂੰ ਝੂੂਮਣ ਲਾ ਦਿੰਦਾ ਹੈ, ਉੱਥੇ ਪਸ਼ੂ, ਪੰਛੀ ਵੀ ਸਾਉਣ ਦੇ ਸੁਹਾਵਣੇ ਮੌਸਮ ਦਾ ਆਨੰਦ ਲੈਂਦੇ ਹਨ। ਕੋਇਲਾਂ ਗਾਉਂਦੀਆਂ ਹਨ ਅਤੇ ਕਾਲੀਆਂ ਘਟਾਵਾਂ ਵਿੱਚੋਂ ਵਰ੍ਹਦੀਆਂ ਬਾਰੀਕ ਕਣੀਆਂ ਨਾਲ ਮੋਰ ਮਸਤੀ ਵਿੱਚ ਝੂਮਣ ਲੱਗਦੇ ਹਨ;
ਨਿੱਕੀਆਂ ਨਿੱਕੀਆਂ ਪੈਣ ਫੁਹਾਰਾਂ
ਧਰਤੀ ’ਤੇ ਆਈਆਂ ਬਹਾਰਾਂ
ਮੋਰ ਝੂਮਣ ਵਿੱਚ ਮਸਤੀ ਦੇ
ਵੇਖ ਕਾਲੇ ਨੀਲੇ ਬੱਦਲਾਂ ਦੀਆਂ ਡਾਰਾਂ
ਸਾਉਣ ਮਹੀਨੇੇ ਹੋਰਨਾਂ ਬਹੁਤ ਸਾਰੇ ਪੱਖਾਂ ਦੇ ਨਾਲ ਵਿਆਹੀਆਂ ਕੁੜੀਆਂ ਨੂੰ ਉਨ੍ਹਾਂ ਦੇ ਪੇਕਿਆਂ ਵੱਲੋਂ ਸੰਧਾਰਾ ਦੇਣ ਦਾ ਰਿਵਾਜ ਰਿਹਾ ਹੈ। ਇਸ ਵਿੱਚ ਕੱਪੜੇ, ਮੱਠੀਆਂ, ਬਿਸਕੁਟ, ਖਾਣ ਪੀਣ ਦਾ ਸਾਮਾਨ ਆਦਿ ਵਰਗੀਆਂ ਵਸਤੂਆਂ ਹੁੰਦੀਆਂ ਸਨ। ਅਜਿਹਾ ਕਰਨਾ ਕਦੇ ਔਰਤ ਦੇ ਸਹੁਰੇ ਘਰ ਮਾਣ ਸਨਾਮਨ ਲਈ ਜ਼ਰੂਰੀ ਮੰਨਿਆ ਜਾਂਦਾ ਸੀ। ਲੋਕ ਬੋਲੀਆਂ ਅਤੇ ਟੱਪਿਆਂ ਵਿੱਚ ਇਸ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਮਾਏਂ ਨੀਂ ਦੂਰ ਬੈਠੀਏ
ਧੀਆਂ ਕਿਉਂ ਦਿੱਤੀਆਂ ਦੂਰ
ਸਾਵਣ ਆਇਆ।
ਪੰਜ ਸੇਰ ਪਿੰਨੀਆਂ ਪਾ ਕੇ
ਵੀਰ ਮੇਰੇ ਨੂੰ ਤੋਰ
ਸਾਵਣ ਆਇਆ।
ਇਸ ਮਹੀਨੇ ਬਨਸਪਤੀ ’ਤੇ ਨਿਖਾਰ ਆਉਂਦਾ ਹੈ। ਪਾਣੀ ਭੰਡਾਰ ਕਰਨ ਦਾ ਮੁੱਖ ਸਰੋਤ ਟੋਭੇ ਛੱਪੜ ਸਾਉਣ ਮਹੀਨੇ ਦੀਆਂ ਬਰਸਾਤਾਂ ਨਾਲ ਨੱਕੋ ਨੱਕ ਭਰ ਜਾਂਦੇ ਹਨ। ਇਸ ਸਮੇਂ ਸਾਉਣੀ ਦੀਆਂ ਫ਼ਸਲਾਂ ਵੀ ਪੂਰੇ ਜੋਬਨ ’ਤੇ ਹੁੰਦੀਆਂ ਹਨ;
ਸਾਉਣ ਮਾਹ ਝੜੀਆਂ ਗਰਮੀ ਝਾੜ ਸੁੱਟੀ
ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ
ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ
ਨਦੀਆਂ ਨਾਲਿਆਂ ਜੂਹਾਂ ਹੰਘਾਲੀਆਂ ਨੇ
ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ
ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ
ਸਾਉਣ ਤੇ ਮਹਿੰਦੀ ਦਾ ਗੂੜ੍ਹਾ ਸਬੰਧ ਹੈ। ਤੀਆਂ ਤੋਂ ਪਹਿਲਾਂ ਕੁੜੀਆਂ ਮਹਿੰਦੀ ਲਗਾਉਂਦੀਆਂ ਹਨ। ਅਜੋਕੇ ਸਮੇਂ ਦੀਆਂ ਬਾਜ਼ਾਰ ਵਿੱਚ ਮਿਲਦੀ ਬਣੀ ਬਣਾਈ ਮਹਿੰਦੀ ਦੀ ਬਜਾਏ ਪਹਿਲਾਂ ਬਾਗ਼ਾਂ ਵਿੱਚੋਂ ਮਹਿੰਦੀ ਦੇ ਬੂਟੇ ਤੋਂ ਹਰੇ ਪੱਤੇ ਤੋੜ ਕੇ ਲਿਆਂਦੇ ਜਾਂਦੇੇ ਸਨ। ਲੋਕ ਟੱਪਿਆਂ ਅਤੇ ਬੋਲੀਆਂ ਵਿੱਚ ਇਸ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਮਹਿੰਦੀ ਤਾਂ ਪਾ ਦੇ ਮਾਏ ਸੁੱਕਣੀ
ਮਾਏ ਮੇਰੀਏ
ਮਹਿੰਦੀ ਦਾ ਰੰਗ ਨੀਂ ਉਦਾਸ
ਸਾਵਣ ਆਇਆ।
ਸਾਉਣ ਮਹੀਨੇ ਸਬੰਧੀ ਬਹੁਤ ਸਾਰੀਆਂ ਅਖਾਣਾਂ ਅਤੇ ਕਹਾਵਤਾਂ ਮਿਲਦੀਆਂ ਹਨ, ਜਿਹੜੀਆਂ ਇਸ ਮਹੀਨੇ ਦੇ ਵੱਖ ਵੱਖ ਪੱਖਾਂ ਨੂੰ ਬਿਆਨ ਕਰਦੀਆਂ ਹਨ;
ਸਾਵਣ ਸੁੱਤੀ, ਸਦਾ ਵਿਗੁੱਤੀ
***
ਸਾਵਣ ਦਾ ਸੌ, ਭਾਦਰੋਂ ਦਾ ਇੱਕ
ਜਿਹੜਾ ਲਾਹ ਦੇਵੇ ਸਿੱਕ
***
ਸਾਵਣ ਦੀ ਝੜੀ, ਕੋਠਾ ਛੱਡੇ ਨਾ ਕੜੀ
***
ਸਾਵਣ ਪੁੱਤਰ ਸਿਆਲ ਦਾ
***
ਸਾਵਣ ਮਾਹੇ ਦਾ ਪੁਰਾ ਉਹ ਵੀ ਬੁਰਾ
ਬੁੱਢੀ ਮੱਝ ਤੇ ਖੁੰਢਾ ਛੁਰਾ ਉਹ ਵੀ ਬੁੁਰਾ
***
ਸਾਵਣ ਵੱਸੇ ਨਿੱਤ ਨਿੱਤ ਭਾਦਰੋਂ ਦੇ ਦਿਨ ਚਾਰ,
ਅੱਸੂ ਮੰਗੇ ਮੇਘਲਾ ਮੂਰਖ ਜੱਟ ਗਵਾਰ।
ਲੋਕ ਸਿਆਣਪਾਂ ਲੋਕਾਂ ਦੀ ਜੀਵਨ ਜਾਚ, ਨਿੱਜੀ ਤਜਰਬਿਆਂ ਦਾ ਸਮੂਹ ਅਤੇ ਪੈਦਾਇਸ਼ ਹੁੰਦੇ ਹਨ। ਵੱਖ ਵੱਖ ਮਹੀਨਿਆਂ ਦੇ ਖਾਣ ਪਾਣ ਅਤੇੇ ਦੂਸਰੀਆਂ ਆਦਤਾਂ ਸਬੰਧੀ ਲੋਕ ਤਜਰਬਿਆਂ ਦੇ ਆਧਾਰ ’ਤੇ ਕਾਫ਼ੀ ਕੁਝ ਲੋਕ ਵਿਸ਼ਵਾਸਾਂ ਦਾ ਹਿੱਸਾ ਹਨ। ਇਸ ਦੇ ਪਿੱਛੇ ਵਿਗਿਆਨਕ ਕਾਰਨ ਹਨ। ਸਾਉਣ ਮਹੀਨੇ ਸਬੰਧੀ ਵੀ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਚੇਤੇ ਗੁੜ, ਵੈਸਾਖੇ ਤੇਲ
ਜੇਠੇ ਪੰਧ, ਹਾੜ ਬੇਲ
ਸਾਵਣ ਸਾਗ, ਨਾ ਭਾਦੋਂ ਦਹੀਂ
ਅੱਸੂ ਕਰੇਲਾ, ਨਾ ਕੱਤਕ ਮਹੀ।
ਕੁਝ ਇਸੇ ਤਰ੍ਹਾਂ ਹੀ ਦੂਸਰੀਆਂ ਕੁਝ ਲੋਕ ਸਿਆਣਪਾਂ ਵਿੱਚ ਮਹੀਨਿਆਂ ਸਬੰਧੀ ਕਾਫ਼ੀ ਕੁਝ ਪਿਰੋਇਆ ਮਿਲਦਾ ਹੈ। ਲੰਬੇ ਸਮੇਂ ਦੇ ਤਜਰਬਿਆਂ ਦੇ ਆਧਾਰ ’ਤੇ ਵੱਖ ਵੱਖ ਮਹੀਨਿਆਂ ਦੇੇ ਮੌਸਮ ਅਨੁਸਾਰ ਕੁਝ ਕੰਮਾਂ ਤੋਂ ਪ੍ਰਹੇਜ਼ ਅਤੇ ਕੁਝ ਕਰਨ ਲਈ ਕਾਫ਼ੀ ਕੁਝ ਇਨ੍ਹਾਂ ਲੋਕ ਸਿਆਣਪਾਂ ਦਾ ਹਿੱਸਾ ਹੈ। ਸਾਉਣ ਸਬੰਧੀ ਵੀ ਲੋਕ ਸਿਆਣਪਾਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਚੇੇਤ ਵਿਸਾਖ ਭਵੋਂ, ਜੇਠ ਹਾੜ ਸਵੋਂ।
ਸਾਉਣ ਭਾਦੋਂ ਨਹਾਵੋ, ਅੱਸੂ ਕੱਤੇ ਥੋੜ੍ਹਾ ਖਾਵੋ।
***
ਚੇਤ ਨਿੰਮ, ਵਿਸਾਖ ਭਾਤ।
ਜੇਠ ਹਾੜ ਸਵੇ ਦਿਨ ਰਾਤ।
ਸਾਵਣ ਹਰੜ, ਭਾਦਰੋਂ ਚਿੱਤਰਾ।
ਅੱਸੂ ਗੁੜ ਖਾਵੀਂ ਤੂੰ ਮਿੱਤਰਾ।
ਹੋਰਨਾਂ ਮਹੀਨਿਆਂ ਵਾਂਗ ਇਸ ਮਹੀਨੇ ਸਬੰਧੀ ਵੀ ਕਈ ਲੋਕ ਵਿਸ਼ਵਾਸ ਪ੍ਰਚੱਲਿਤ ਹਨ। ਇੱਕ ਵਿਸ਼ਵਾਸ ਅਨੁਸਾਰ ਇਸ ਮਹੀਨੇ ਘੋੜੀ ਦਾ ਸੂਣਾ ਮਾੜਾ ਮੰਨਿਆ ਜਾਂਦਾ ਰਿਹਾ ਹੈ। ਜੇਕਰ ਕੋਈ ਘੋੜੀ ਇਸ ਮਹੀਨੇ ਸੂਣ ਵਾਲੀ ਹੁੰਦੀ ਤਾਂ ਅਜਿਹੇ ਵਿਸ਼ਵਾਸ ਕਾਰਨ ਉਸ ਨੂੰ ਵੇਚ ਦਿੱਤਾ ਜਾਂਦਾ ਸੀ। ਅਜਿਹਾ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇਕਰ ਜੇਠ ਮਹੀਨੇ ਮੀਂਹ ਪੈ ਜਾਵੇ ਤਾਂ ਸਾਉਣ ਮਹੀਨੇ ਮੀਂਹ ਪੈਣ ਦੀ ਸੰਭਾਵਨਾ ਕਾਫ਼ੀ ਘੱਟ ਹੁੰਦੀ ਹੈ। ਸ਼ਾਇਦ ਅਜਿਹਾ ਹੋਣ ਦਾ ਵਿਗਿਆਨਕ ਕਾਰਨ ਮੌਸਮੀ ਹਵਾਵਾਂ, ਜਿਹੜੀਆਂ ਸਾਉਣ ਮਹੀਨੇ ਦੀਆਂ ਬਰਸਾਤਾਂ ਦਾ ਕਾਰਨ ਹੁੰਦੀਆਂ, ਉਨ੍ਹਾਂ ਲਈ ਅਨੁਕੂਲ ਵਾਤਾਵਰਨ ਪੈਦਾ ਨਾ ਹੋਣਾ ਹੋਵੇ;
ਜੇਠ ਮੀਂਹ ਪਿਆ
ਸਾਵਣ ਸੁੱਕਾ ਗਿਆ।
ਇਸ ਤਰ੍ਹਾਂ ਸਾਲ ਦੇ ਸਾਰੇ ਮਹੀਨਿਆਂ ਵਿੱਚੋਂ ਪ੍ਰਮੁੱਖ ਤੇ ਵਿਲੱਖਣ ਮਹੀਨੇ ਸਾਉਣ ਦਾ ਬਹੁਪੱਖੀ ਮਹੱਤਵ ਅਤੇ ਪਛਾਣ ਹੈ। ਇਸ ਮਹੀਨੇ ਚੜ੍ਹ ਚੜ੍ਹ ਆਉਂਦੀਆਂ ਕਾਲੀਆਂ ਘਟਾਵਾਂ ਜੇਠ-ਹਾੜ ਵਿੱਚ ਤਪਦੀ ਧਰਤੀ ਨੂੰ ਠੰਢਕ ਪਹੁੰਚਾ ਕੇ ਜੀਵ-ਜੰਤੂਆਂ ਨੂੰ ਰਾਹਤ ਪ੍ਰਦਾਨ ਕਰਦੀਆਂ ਹਨ। ਮੌਸਮ ਸੁਹਾਵਣਾ ਹੋਣ ਦੇੇ ਨਾਲ ਬਨਸਪਤੀ ਨਿੱਖਰਦੀ ਹੈ। ਖੇਤੀਬਾੜੀ ਪ੍ਰਧਾਨ ਖਿੱਤਾ ਹੋਣ ਕਾਰਨ ਖੇਤੀਬਾੜੀ ਲਈ ਇਨ੍ਹਾਂ ਬਰਸਾਤਾਂ ਦਾ ਖ਼ਾਸ ਮਹੱਤਵ ਹੈ। ਇਸ ਮਹੀਨੇ ਪੈਂਦੇ ਮੀਂਹ ਨਾਲ ਫ਼ਸਲਾਂ ਹਰੀਆਂ ਭਰੀਆਂ ਹੁੰਦੀਆਂ ਹਨ ਅਤੇ ਸਾਉਣੀ ਦੀਆਂ ਭਰਪੂਰ ਫ਼ਸਲਾਂ ਪੈਦਾ ਹੋਣ ਦੀ ਸੰਭਾਵਨਾ ਪੈਦਾ ਹੁੰਦੀ ਹੈ। ਇਸ ਦੇ ਉਲਟ ਇਸ ਮਹੀਨੇ ਮੀਂਹ ਨਾ ਪੈਣ ਦਾ ਅਸਰ ਆਰਥਿਕ ਰੂਪ ਵਿੱਚ ਸਪੱਸ਼ਟ ਵਿਖਾਈ ਦਿੰਦਾ ਹੈ।
ਸੰਪਰਕ: 81469-24800