ਇਤਿਹਾਸ ਵਿੱਚ ਸਿੱਖ ਇਸਤਰੀਆਂ ਦੀ ਭੂਮਿਕਾ
ਪ੍ਰੋ. ਇੰਦਰਜੀਤ ਕੌਰ
(ਪ੍ਰੋ. ਇੰਦਰਜੀਤ ਕੌਰ (1923-2022) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਅਤੇ ਸਟਾਫ ਸਿਲੈੱਕਸ਼ਨ ਕਮਿਸ਼ਨ, ਨਵੀਂ ਦਿੱਲੀ ਦੇ ਚੇਅਰਪਰਸਨ (ਮੁਖੀ) ਰਹੇ। ਉਨ੍ਹਾਂ ਨੂੰ ਜਿੱਥੇ ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚੋਂ ਪਹਿਲੇ ਇਸਤਰੀ ਮੁਖੀ ਹੋਣ ਦਾ ਮਾਣ ਹਾਸਲ ਹੈ, ਉੱਥੇ ਸਟਾਫ ਸਿਲੈੱਕਸ਼ਨ ਕਮਿਸ਼ਨ ਦੇ ਵੀ ਉਹ ਪਹਿਲੇ ਇਸਤਰੀ ਮੁਖੀ ਸਨ। ਇਹ ਲੇਖ ਉਨ੍ਹਾਂ ਦੇ ਪੁਰਾਣੇ ਦਸਤਾਵੇਜ਼ਾਂ ਵਿੱਚੋਂ ਲਿਆ ਗਿਆ ਹੈ ਜੋ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।)
ਕਿਸੇ ਸਮਾਜ ਦੇ ਸੱਭਿਆਚਾਰਕ ਤੇ ਅਧਿਆਤਮਿਕ ਪੱਧਰ ਨੂੰ ਸਬੰਧਤ ਸਮਾਜ ਵਿੱਚ ਇਸਤਰੀ ਦੇ ਸਥਾਨ ਤੋਂ ਪਛਾਣਿਆ ਜਾ ਸਕਦਾ ਹੈ। ਸਾਡੀ ਸੱਭਿਅਤਾ ਦੇ ਆਰੰਭਕ ਦੌਰ ਵਿੱਚ ਇਸਤਰੀ ਦਾ ਦਰਜਾ ਉੱਘੇ ਵਰਕਰ ਵਾਲਾ ਸੀ। ਵੈਦਿਕ ਯੁੱਗ ਵਿੱਚ ਇਸਤਰੀ ਦਾ ਸਥਾਨ ਬੜਾ ਉੱਚਾ ਸੀ। ਵਿਆਹ ਨੂੰ ਇੱਕ ਪਵਿੱਤਰ ਸੰਸਥਾ ਸਵੀਕਾਰ ਕੀਤਾ ਜਾਂਦਾ ਸੀ ਅਤੇ ਗ੍ਰਹਿਣੀ ਨੂੰ ਘਰ-ਬਾਰ ਦੀ ਮਾਲਕ ਸਮਝਿਆ ਜਾਂਦਾ ਸੀ। ਉਸ ਨੂੰ ‘ਸਹਿਧਰਮਨੀ’ ਆਖਿਆ ਜਾਂਦਾ ਸੀ ਤੇ ਕੋਈ ਵੀ ਧਾਰਮਿਕ ਰਸਮ ਇਸਤਰੀ ਨੂੰ ਸ਼ਾਮਲ ਕੀਤੇ ਬਿਨਾਂ ਨੇਪਰੇ ਨਹੀਂ ਸੀ ਚੜ੍ਹਦੀ। ਔਰਤਾਂ ਵਿੱਚ ਪਰਦੇ ਦਾ ਰਿਵਾਜ ਬਿਲਕੁਲ ਨਹੀਂ ਸੀ। ਉਨ੍ਹਾਂ ਨੂੰ ਆਪਣਾ ਵਰ ਚੁਣਨ ਦੀ ਖੁੱਲ੍ਹ ਸੀ। ਉਹ ਆਜ਼ਾਦੀ ਨਾਲ ਘੁੰਮਦੀਆਂ-ਫਿਰਦੀਆਂ ਅਤੇ ਮੇਲਿਆਂ, ਤਿਉਹਾਰਾਂ ਆਦਿ ਵਿੱਚ ਸ਼ਾਮਲ ਹੁੰਦੀਆਂ ਸਨ। ਵਿਧਵਾ-ਵਿਆਹ ਦਾ ਆਮ ਰਿਵਾਜ ਸੀ। ਇਸਤਰੀਆਂ ਦੇ ਵਿੱਦਿਆ ਪ੍ਰਾਪਤ ਕਰਨ ਜਾਂ ਅਧਿਆਤਮਿਕ ਗਿਆਨ ਗ੍ਰਹਿਣ ਕਰਨ ’ਤੇ ਕੋਈ ਪਾਬੰਦੀ ਨਹੀਂ ਸੀ।
ਰਿਗਵੇਦ ਵਿੱਚ ਕਈ ਇਸਤਰੀਆਂ ਰਿਸ਼ੀਆਂ ਦੇ ਨਾਂ ਮਿਲਦੇ ਹਨ, ਜਿਨ੍ਹਾਂ ਨੇ ਆਪਣੀ ਵਿਦਵਤਾ ਅਤੇ ਅਧਿਆਤਮਿਕ ਉੱਨਤੀ ਦੇ ਬਲ ’ਤੇ ਇਹ ਵਿਸ਼ੇਸ਼ ਪਦਵੀ ਪ੍ਰਾਪਤ ਕੀਤੀ ਸੀ। ਇਨ੍ਹਾਂ ਇਸਤਰੀ ਰਿਸ਼ੀਆਂ ਵਿੱਚੋਂ ਆਪਲਾ, ਵਿਸ਼ਵਵਾਰਾ, ਘੋਸਾ, ਲੋਪਾਮੁਦਰਾ ਤੇ ਨਿਵਾਵਰੀ ਦੇ ਨਾਂ ਪ੍ਰਸਿੱਧ ਹਨ, ਪਰ ਸਮੇਂ ਦੇ ਗੇੜ ਨਾਲ ਸਮਾਜ ਦੀਆਂ ਪਰੰਪਰਾਵਾਂ ਤੇ ਧਾਰਨਾਵਾਂ ਬਦਲਦੀਆਂ ਗਈਆਂ। ਹੌਲੀ-ਹੌਲੀ ਕਈ ਅਜਿਹੀਆਂ ਬੁਰਾਈਆਂ ਸਮਾਜਿਕ ਰਹਿਣੀ ਵਿੱਚ ਘਰ ਕਰ ਗਈਆਂ, ਜਿਨ੍ਹਾਂ ਕਾਰਨ ਇਸਤਰੀ ਦਾ ਸਥਾਨ ਨੀਵਾਂ ਹੁੰਦਾ ਗਿਆ। ਮੱਧ-ਕਾਲ ਵਿੱਚ ਇਸਤਰੀ ਦੀ ਦਸ਼ਾ ਕਾਫ਼ੀ ਮੰਦੀ ਹੋ ਗਈ। ਉਸ ਸਮੇਂ ਦੀ ਔਰਤ ਵਹਿਮਾਂ-ਭਰਮਾਂ ਦੇ ਜਾਲ ਵਿੱਚ ਜਕੜੀ ਹੋਈ ਪ੍ਰਤੀਤ ਹੁੰਦੀ ਹੈ। ਵਿਦੇਸ਼ੀ ਜਾਬਰਾਂ ਦੇ ਅੱਤਿਆਚਾਰੀ ਸ਼ਾਸਨ ਅਤੇ ਸਮਾਜਿਕ ਰੋਗ ਤੇ ਵਧ ਰਹੀਆਂ ਬੁਰਾਈਆਂ ਕਾਰਨ ਬਾਲ-ਵਿਆਹ, ਸਤੀ, ਪਰਦਾ ਵਰਗੀਆਂ ਕੁਰੀਤੀਆਂ ਹੋਰ ਵੀ ਵਧ ਗਈਆਂ ਅਤੇ ਜੰਮਦੀਆਂ ਧੀਆਂ ਦੇ ਗਲ ਘੁੱਟਣ ਦਾ ਕੁਕਰਮ ਵੀ ਆਮ ਹੋ ਗਿਆ।
ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਪ੍ਰਚੱਲਿਤ ਕੁਰੀਤੀਆਂ ਤੇ ਬੁਰਾਈਆਂ ਵਿਰੁੱਧ ਜਹਾਦ ਸ਼ੁਰੂ ਕੀਤਾ। ਇਸਤਰੀ ਦੀ ਦਰਦਨਾਕ ਦਸ਼ਾ ਵੱਲ ਵੀ ਉਨ੍ਹਾਂ ਦਾ ਧਿਆਨ ਗਿਆ। ਉਨ੍ਹਾਂ ਨੇ ਸਪੱਸ਼ਟ ਤੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਇਸਤਰੀ ਸਮਾਜ ਦਾ ਬੜਾ ਜ਼ਰੂਰੀ ਅੰਗ ਹੈ ਅਤੇ ਉਹ ਪੁਰਸ਼ ਦੇ ਜੀਵਨ ਨੂੰ ਉਸਾਰਨ ਤੇ ਉਭਾਰਨ ਵਿੱਚ ਕਈ ਪੱਖਾਂ ਤੋਂ ਬੜਾ ਪਵਿੱਤਰ ਤੇ ਮਹੱਤਵਪੂਰਨ ਹਿੱਸਾ ਪਾਉਂਦੀ ਹੈ। ਉਸ ਨੂੰ ਸਮਾਜ ਵਿੱਚ ਨੀਵਾਂ ਸਥਾਨ ਦੇਣਾ ਇੱਕ ਪਾਪ ਹੈ। ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਸਤੀ ਦੀ ਰਸਮ ਤੇ ਪਰਦੇ ਦੇ ਰਿਵਾਜ ਦਾ ਜ਼ੋਰਦਾਰ ਸ਼ਬਦਾਂ ਵਿੱਚ ਵਿਰੋਧ ਕੀਤਾ। ਬਾਕੀ ਗੁਰੂ ਸਾਹਿਬਾਨ ਨੇ ਵੀ ਇਹ ਪਰੰਪਰਾ ਕਾਇਮ ਰੱਖੀ ਅਤੇ ਇਸਤਰੀ ਨੂੰ ਸਮਾਜ ਵਿੱਚ ਆਦਰ ਵਾਲਾ ਸਥਾਨ ਦਿਵਾਉਣ ਲਈ ਯਤਨ ਜਾਰੀ ਰੱਖੇ। ਇਸ ਸਬੰਧ ਵਿੱਚ ਵਿਸ਼ੇਸ਼ ਮਹੱਤਤਾ ਵਾਲੀ ਕਾਰਵਾਈ ਇਹ ਸੀ ਕਿ ਬਿਨਾਂ ਕਿਸੇ ਸੰਕੋਚ ਜਾਂ ਪਾਬੰਦੀ ਦੇ ਇਸਤਰੀ ਨੂੰ ਸੰਗਤ ਵਿੱਚ ਸ਼ਾਮਲ ਹੋਣ ਦੇ ਪੂਰੇ ਅਧਿਕਾਰ ਦਿੱਤੇ ਗਏ। ਸਿੱਖ ਗੁਰੂਆਂ ਦਾ ਉਪਦੇਸ਼ ਇਸਤਰੀ, ਪੁਰਸ਼ ਦੋਹਾਂ ਲਈ ਸਾਂਝਾ ਤੇ ਸਾਵਾਂ ਹੈ। ਗੁਰਮਤਿ ਦੇ ਸਿਧਾਂਤਾਂ ਅਨੁਸਾਰ ਇਸਤਰੀ ਨੂੰ ਅਧਿਆਤਮਿਕ ਉੱਨਤੀ ਤੇ ਧਾਰਮਿਕ ਗਿਆਨ ਦਾ ਪੂਰਨ ਅਧਿਕਾਰ ਹੈ। ਔਰਤ ਤੇ ਮਰਦ ਦੀ ਬਰਾਬਰੀ ਦੇ ਇਨ੍ਹਾਂ ਬੁਨਿਆਦੀ ਅਸੂਲਾਂ ਸਦਕਾ ਹੀ ਸਿੱਖ ਇਸਤਰੀਆਂ ਇਤਿਹਾਸ ਵਿੱਚ ਉੱਘਾ ਤੇ ਮਹੱਤਵਪੂਰਨ ਰੋਲ ਅਦਾ ਕਰਨ ਵਿੱਚ ਸਫਲ ਹੋਈਆਂ ਹਨ।
ਗੁਰੂ ਕਾਲ ਵਿੱਚ ਪ੍ਰਤੱਖ ਕਾਰਨਾਂ ਕਰਕੇ ਸਿੱਖ ਇਸਤਰੀਆਂ ਦੀਆਂ ਕਾਰਵਾਈਆਂ ਧਾਰਮਿਕ ਤੇ ਸਮਾਜਿਕ ਖੇਤਰਾਂ ਤੱਕ ਹੀ ਸੀਮਤ ਰਹੀਆਂ। ਗੁਰੂ ਨਾਨਕ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਨੇ ਆਪਣੇ ਵੀਰ ਦੀ ਰੂਹਾਨੀ ਅਜ਼ਮਤ ਨੂੰ ਸਭ ਤੋਂ ਪਹਿਲਾਂ ਪਛਾਣਿਆ। ਬੇਬੇ ਜੀ ਨੇ ਹੀ ਅਧਿਆਤਮਿਕ ਸਾਧਨਾ ਦੇ ਕਠਨ ਮਾਰਗ ’ਤੇ ਚੱਲਣ ਸਮੇਂ ਗੁਰੂ ਸਾਹਿਬ ਦਾ ਉਤਸ਼ਾਹ ਵਧਾਇਆ। ਗੁਰੂ ਅਮਰਦਾਸ ਜੀ ਦੀ ਧਰਮ ਪਤਨੀ ਮਾਤਾ ਖੀਵੀ ਦੀ ਉਸਤੁਤ ਕਰਦਿਆਂ ਗੁਰੂ ਘਰ ਦੇ ਰਬਾਬੀ ਬਲਵੰਡ ਨੇ ਮਾਤਾ ਜੀ ਨੂੰ ਸੰਘਣੀ ਛਾਂ ਵਾਲੇ ਰੁੱਖ ਨਾਲ ਉਪਮਾ ਦਿੱਤੀ ਹੈ। ਗੁਰੂ ਅੰਗਦ ਜੀ ਦੀ ਸਪੁੱਤਰੀ ਬੀਬੀ ਅਮਰੋ ਗੁਰੂ ਅਮਰਦਾਸ ਜੀ ਤੇ ਭਤੀਜੇ ਨਾਲ ਵਿਆਹੀ ਹੋਈ ਸੀ। ਇਸੇ ਬੀਬੀ ਦੇ ਰਾਹੀਂ ਹੀ ਅਮਰਦਾਸ ਜੀ ਦਾ ਗੁਰੂ ਅੰਗਦ ਜੀ ਨਾਲ ਸਬੰਧ ਸਥਾਪਿਤ ਹੋਇਆ ਸੀ। ਗੁਰੂ ਅਮਰਦਾਸ ਜੀ ਦੀ ਗੁਣਵਾਨ ਸਪੁੱਤਰੀ ਬੀਬੀ ਭਾਨੀ ਸ਼ਰਧਾ ਤੇ ਨਿਮਰਤਾ ਵਿੱਚ ਆਪਣੀ ਮਿਸਾਲ ਆਪ ਹੀ ਸੀ। ਬੀਬੀ ਭਾਨੀ ਨੂੰ ਸ਼ਹੀਦਾਂ ਦੀ ਪੀੜ੍ਹੀ ਵਾਲੀ ਸਿੱਖੀ ਦੀ ਰੂਹਾਨੀ ਮਾਤਾ ਕਹਿ ਸਕਦੇ ਹਾਂ, ਇਨ੍ਹਾਂ ਦੀ ਅਸੰਤ ਵਿੱਚੋਂ ਸਿੱਖ ਪੰਥ ਨੂੰ ਕਈ ਮਹਾਨ ਨੇਤਾ ਮਿਲੇ। ਸੰਨ 1699 ਈਸਵੀ ਵਿੱਚ ਖ਼ਾਲਸੇ ਦੀ ਸਿਰਜਨਾ ਪਿੱਛੋਂ ਸਿੱਖ ਇਸਤਰੀਆਂ ਆਪਣੇ ਪਤੀਆਂ ਤੇ ਪੁੱਤਰਾਂ ਨੂੰ ਯੁੱਧ ਵਿੱਚ ਜਾਨਾਂ ਹੀਲਣ ਲਈ ਉਤਸ਼ਾਹਿਤ ਕਰਦੀਆਂ ਰਹੀਆਂ ਅਤੇ ਖ਼ੁਦ ਵੀ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਸਦਾ ਤਿਆਰ ਰਹੀਆਂ। ਇਸ ਕਾਲ ਦੀਆਂ ਵੀਰ ਸਿੱਖ ਇਸਤਰੀਆਂ ਵਿੱਚੋਂ ਮਾਤਾ ਗੁਜਰੀ ਤੇ ਮਾਈ ਭਾਗੋ ਦੇ ਨਾਮ ਖ਼ਾਸ ਵਰਣਨਯੋਗ ਹਨ।
ਮਾਈ ਭਾਗੋ ਬਹਾਦਰ ਸਿੱਖ ਇਸਤਰੀਆਂ ਦੀ ਸਿਰਮੌਰ ਗਿਣੀ ਜਾਂਦੀ ਹੈ। ਜਦੋਂ ਮਾਝੇ ਦੇ ਕੁਝ ਸਿੱਖ ਦਸਵੇਂ ਗੁਰੂ ਨੂੰ ਬੇਦਾਵਾ ਦੇ ਕੇ ਘਰੀਂ ਪੁੱਜੇ ਤਾਂ ਮਾਈ ਭਾਗੋ ਨੇ ਬੇਮਿਸਾਲ ਹੌਸਲੇ, ਦ੍ਰਿੜ੍ਹਤਾ ਤੇ ਬਹਾਦਰੀ ਦਾ ਸਬੂਤ ਦਿੱਤਾ। ਮਾਈ ਜੀ ਨੇ ਇਨ੍ਹਾਂ ਬੇਦਾਵਾ ਲਿਖਣ ਵਾਲਿਆਂ ਨੂੰ ਇਸ ਕਾਇਰਤਾ ਲਈ ਲਜਿਤ ਕਰਕੇ ਇਨ੍ਹਾਂ ਦੀ ਅਣਖ ਅਤੇ ਸਿੱਖੀ-ਸਿਦਕ ਭਾਵਨਾ ਮੁੜ ਸੁਰਜੀਤ ਕੀਤੀ। ਪਿੱਛੋਂ ਉਹ ਆਪ ਇਨ੍ਹਾਂ ਸਿੱਖਾਂ ਦੀ ਅਗਵਾਈ ਕਰਦੀ ਹੋਈ ਖਿਦਰਾਣੇ ਦੀ ਇਤਿਹਾਸਕ ਲੜਾਈ ਵਿੱਚ ਬੜੀ ਬਹਾਦਰੀ ਨਾਲ ਲੜੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੁਪਤਨੀ ਮਾਤਾ ਸਾਹਿਬ ਕੌਰ ਜੀ ਨਿਮਰਤਾ ਅਤੇ ਮਿਠਾਸ ਦੇ ਪੁੰਜ ਸਨ। ਦੱਸਿਆ ਜਾਂਦਾ ਹੈ ਕਿ ਜਦੋਂ ਦਸਮੇਸ਼ ਪਿਤਾ ਅੰਮ੍ਰਿਤ ਤਿਆਰ ਕਰ ਰਹੇ ਸਨ, ਮਾਤਾ ਜੀ ਨੇ ਵਿੱਚ ਕੁਝ ਪਤਾਸੇ ਪਾ ਦਿੱਤੇ, ਅਰਥਾਤ ਉਨ੍ਹਾਂ ਨੇ ਖ਼ਾਲਸੇ ਦੀ ਨਿਰਭੈਤਾ ਅਤੇ ਸੂਰਮਤਾ ਵਿੱਚ ਮਿਠਾਸ ਘੋਲ ਦਿੱਤੀ। ਬੰਦੇ ਬਹਾਦਰ ਦੀ ਸ਼ਹੀਦੀ ਪਿੱਛੋਂ ਮਾਤਾ ਸੁੰਦਰੀ ਜੀ ਨੇ ਪੰਥਕ ਕਾਰਜਾਂ ਵਿੱਚ ਬੜਾ ਉੱਘਾ ਹਿੱਸਾ ਪਾਇਆ। ਉਨ੍ਹਾਂ ਨੇ ਭਾਈ ਮਨੀ ਸਿੰਘ ਜੀ ਨੂੰ ਹਰਿਮੰਦਰ ਸਾਹਿਬ ਦਾ ਪ੍ਰਬੰਧਕ ਨਿਯੁਕਤ ਕੀਤਾ।
ਸਿੱਖ ਇਸਤਰੀਆਂ ਇਤਿਹਾਸ ਵਿੱਚ ਅਜਿਹਾ ਮਹੱਤਵਪੂਰਨ ਰੋਲ ਅਦਾ ਕਰਨ ਵਿੱਚ ਇਸ ਲਈ ਸਫਲ ਹੋਈਆਂ ਕਿ ਸਿੱਖ ਗੁਰੂਆਂ ਨੇ ਉਨ੍ਹਾਂ ਨੂੰ ਪਰੰਪਰਾਈ ਬੰਧਨਾਂ ਦੀ ਜਕੜ ਤੋਂ ਮੁਕਤ ਕਰਵਾ ਦਿੱਤਾ ਸੀ। ਗੁਰੂ ਸਾਹਿਬਾਨ ਦੀ ਸਿੱਖਿਆ ਤੇ ਸਿਧਾਂਤ ਬੜੇ ਉਦਾਰ ਤੇ ਸੁਤੰਤਰ ਸਨ, ਇਨ੍ਹਾਂ ਵਿੱਚ ਸੰਕੀਰਨਤਾ ਦਾ ਲੇਸ ਮਾਤਰ ਵੀ ਨਹੀਂ ਸੀ। ਗੁਰਮਤਿ ਵਿੱਚ ਇਸਤਰੀਆਂ ਨੂੰ ਅਧਿਆਤਮਿਕ ਤੇ ਸਮਾਜਿਕ ਪੱਖ ਤੋਂ ਪੁਰਸ਼ਾਂ ਨਾਲ ਪੂਰਨ ਸਮਾਨਤਾ ਦਾ ਦਰਜਾ ਦਿੱਤਾ ਗਿਆ ਹੈ। ਆਰੰਭਿਕ ਕਾਲ ਵਿੱਚ ਭਾਵੇਂ ਸਿੱਖ ਇਸਤਰੀਆਂ ਦਾ ਕਾਰਜ ਖੇਤਰ ਧਾਰਮਿਕ ਤੇ ਅਧਿਆਤਮਿਕ ਸਮੱਸਿਆਵਾਂ ਤੱਕ ਹੀ ਸੀਮਤ ਰਿਹਾ, ਪਰ ਸਮਾਂ ਬਦਲਣ ਨਾਲ ਨਵੇਂ ਹਾਲਾਤ ਵਿੱਚ ਉਹ ਦਲੇਰੀ, ਬਹਾਦਰੀ ਤੇ ਕੁਰਬਾਨੀ ਵਿੱਚ ਵੀ ਕਿਸੇ ਤੋਂ ਪਿੱਛੇ ਨਾ ਰਹੀਆਂ। ਜਦੋਂ ਅਠਾਰ੍ਹਵੀਂ ਸਦੀ ਵਿੱਚ ਸਿੱਖ ਮਿਸਲਾਂ ਨੇ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਆਪਣੀ ਰਾਜ ਸੱਤਾ ਸਥਾਪਿਤ ਕਰ ਲਈ ਤਾਂ ਮੌਕੇ ਅਨੁਸਾਰ ਕਈ ਸਿੱਖ ਇਸਤਰੀਆਂ ਨੇ ਯੋਧਿਆਂ, ਪ੍ਰਬੰਧਕਾਂ, ਸਿਆਸੀ ਸਲਾਹਕਾਰਾਂ, ਸਰਬ ਰਾਹਾਂ, ਸ਼ਾਸਕਾਂ ਆਦਿ ਦੇ ਰੂਪ ਵਿੱਚ ਕੰਮ ਕਰਦਿਆਂ ਆਪਣੀ ਯੋਗਤਾ ਦਾ ਪੂਰਾ ਪ੍ਰਮਾਣ ਦਿੱਤਾ ਅਤੇ ਆਪਣੇ ਅਦੁੱਤੀ ਕਾਰਨਾਮਿਆਂ ਨਾਲ ਵੱਡੇ-ਵੱਡੇ ਮਾਹਿਰਾਂ ਨੂੰ ਮਾਤ ਪਾ ਦਿੱਤਾ। ਕਈ ਸਿੱਖ ਇਸਤਰੀਆਂ ਨੇ ਦੁਸ਼ਮਣ ਦੇ ਵਿਰੁੱਧ ਯੁੱਧ ਖੇਤਰ ਵਿੱਚ ਸਿੱਖ ਸੈਨਾ ਦੀ ਅਗਵਾਈ ਕਰਦਿਆਂ ਬਹਾਦਰੀ ਦੇ ਜੌਹਰ ਵਿਖਾਏੇ।
ਪਟਿਆਲੇ ਦੇ ਰਾਜ ਘਰਾਣੇ ਵਿੱਚ ਖ਼ਾਸ ਕਰਕੇ ਬਹੁਤ ਸਾਰੀਆਂ ਮਹਾਨ ਇਸਤਰੀਆਂ ਹੋਈਆਂ ਹਨ, ਜੋ ਆਪਣੀ ਦਾਨਾਈ, ਦਲੇਰੀ ਤੇ ਕਾਰਜ ਕੁਸ਼ਲਤਾ ਕਾਰਨ ਇਤਿਹਾਸ ਵਿੱਚ ਆਪਣਾ ਨਾਂ ਅਮਰ ਕਰ ਗਈਆਂ ਹਨ। ਇਨ੍ਹਾਂ ਵਿੱਚੋਂ ਰਾਣੀ ਫਤਹਿ ਕੌਰ (ਜੋ ਮਾਈ ਫੱਤੋ ਕਰਕੇ ਪ੍ਰਸਿੱਧ ਸੀ), ਰਾਣੀ ਹੁਕਮਾਂ, ਰਾਣੀ ਖੇਮ ਕੌਰ, ਬੀਬੀ ਪ੍ਰਧਾਨ, ਰਾਣੀ ਰਾਜਿੰਦਰ ਕੌਰ (ਫਗਵਾੜੇ ਵਾਲੀ), ਰਾਣੀ ਸਾਹਿਬ ਕੌਰ ਤੇ ਰਾਣੀ ਆਸ ਕੌਰ ਪ੍ਰਸਿੱਧ ਹਨ। ਰਾਣੀ ਫਤਹਿ ਕੌਰ ਰਾਜਾ ਆਲਾ ਸਿੰਘ ਦੀ ਪਤਨੀ ਸੀ। ਇਸੇ ਦੀ ਸ਼ਖ਼ਸੀਅਤ ਵਿੱਚ ਠੰਢੇ ਸੁਭਾਅ ਤੇ ਰਾਜਨੀਤਕ ਯੋਗਤਾ ਦਾ ਬੜਾ ਸੁਖਾਵਾਂ ਸੁਮੇਲ ਸੀ। ਰਾਜਾ ਆਲਾ ਸਿੰਘ ਦੇ ਅਧੀਨ ਪਟਿਆਲਾ ਰਾਜ ਦੀ ਸਥਾਪਨਾ ਅਤੇ ਇਸ ਦੀ ਤੀਬਰ ਉੱਨਤੀ ਵਿੱਚ ਰਾਣੀ ਫਤਹਿ ਕੌਰ ਦਾ ਹੱਥ ਸੀ। ਰਾਣੀ ਹੁਕਮਾਂ ਆਪਣੇ ਪੋਤਰੇ ਸਾਹਿਬ ਸਿੰਘ ਦੀ ਨਾਬਾਲਗੀ ਦੇ ਸਮੇਂ ਰਾਜ-ਪ੍ਰਬੰਧ ਚਲਾਉਂਦੀ ਰਹੀ। ਇਸ ਰਾਣੀ ਦੇ ਚਲਾਣੇ ਪਿੱਛੋਂ, ਬੜੀ ਔਕੜ ਦੇ ਸਮੇਂ ਵਿੱਚ ਰਾਣੀ ਰਾਜਿੰਦਰ ਕੌਰ ਨੇ ਹਕੂਮਤ ਦੀ ਵਾਗ-ਡੋਰ ਸੰਭਾਲੀ, ਪਰ ਪਟਿਆਲੇ ਦੀ ਸਭ ਤੋਂ ਮਹਾਨ ਇਸਤਰੀ ਰਾਣੀ ਸਾਹਿਬ ਕੌਰ ਮੰਨੀ ਜਾਂਦੀ ਹੈ। ਉਸ ਨੇ ਕਈ ਮਹਾਨ ਸੰਕਟ ਵਾਲੀਆਂ ਸਥਿਤੀਆਂ ਵਿੱਚ ਪਟਿਆਲਾ ਰਾਜ ਨੂੰ ਬਚਾਇਆ। ਕਈ ਯੁੱਧਾਂ ਵਿੱਚ ਉਸ ਨੇ ਸੈਨਾ ਦੀ ਕਮਾਨ ਖ਼ੁਦ ਸੰਭਾਲੀ ਅਤੇ ਹਰ ਅਵਸਰ ’ਤੇ ਅਦੁੱਤੀ ਵੀਰਤਾ, ਦਲੇਰੀ ਤੇ ਜਾਨਬਾਜ਼ੀ ਵਾਲੇ ਕਰਤੱਬ ਵਿਖਾਏ। ਉਸ ਨੇ ਪਟਿਆਲੇ ਦੇ ਇਤਿਹਾਸ ਵਿੱਚ ਸਦਾ ਚਮਕਦੇ ਰਹਿਣ ਵਾਲੇ ਇੱਕ ਜੰਗ ਵਿੱਚ ਮਰਾਠਾ ਹਮਲਾਵਰਾਂ ਦੇ ਦੰਦ ਖੱਟੇ ਕੀਤੇ ਅਤੇ ਉਨ੍ਹਾਂ ਨੂੰ ਲੱਕ ਤੋੜਵੀਂ ਸ਼ਿਕਸਤ ਦਿੱਤੀ।
ਅਠਾਰ੍ਹਵੀਂ ਸਦੀ ਕੇ ਪਿਛਲੇ ਹਿੱਸੇ ਅਤੇ 19ਵੀਂ ਸਦੀ ਦੇ ਆਰੰਭ ਵਿੱਚ ਹੋਈਆਂ ਕੁਝ ਪ੍ਰਸਿੱਧ ਸਿੱਖ ਇਸਤਰੀਆਂ ਹਨ: ਨਾਭੇ ਵਾਲੀ ਮਾਈ ਦੇਸੋ, ਸ਼ੁਕਰਚੱਕੀਆਂ ਮਿਸਲ ਦੀਆਂ ਮਾਈ ਦੇਸਾਂ ਤੇ ਮਾਈ ਰਾਜ ਕੌਰ, ਅੰਬਾਲੇ ਦੀ ਰਾਣੀ ਦਿਆਲ ਕੌਰ, ਕਨ੍ਹਈਆ ਮਿਸਲ ਦੀ ਰਾਣੀ ਸਦਾ ਕੌਰ, ਭੰਗੀ ਮਿਸਲ ਦੀ ਮਾਈ ਸੁੱਖਾਂ, ਜੀਂਦ ਦੀ ਮਾਈ ਸਾਹਿਬ ਕੌਰ ਅਤੇ ਮਹਾਰਾਜਾ ਖੜਕ ਸਿੰਘ ਦੀ ਪਤਨੀ ਮਹਾਰਾਣੀ ਚੰਦ ਕੌਰ। ਮਾਈ ਦੇਸਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ, ਸਰਦਾਰ ਮਹਾਂ ਸਿੰਘ ਦੀ ਨਾਬਾਲਗੀ ਦੇ ਸਮੇਂ ਉਸ ਦੇ ਸਰਪ੍ਰਸਤ ਦੀ ਹੈਸੀਅਤ ਵਿੱਚ ਸ਼ਾਸਨ ਪ੍ਰਬੰਧ ਚਲਾਇਆ। ਉਸ ਨੇ ਗੁੱਜਰਾਂਵਾਲੇ ਦਾ ਕਿਲ੍ਹਾ ਮੁੜ ਬਣਵਾਇਆ ਜੋ ਅਹਿਮਦ ਸ਼ਾਹ ਅਬਦਾਲੀ ਨੇ ਢਾਹ ਦਿੱਤਾ ਸੀ। ਰਾਣੀ ਰਾਜ ਕੌਰ ਨੇ ਆਪਣੇ ਹੋਣਹਾਰ ਪੁੱਤਰ ਮਹਾਰਾਜਾ ਰਣਜੀਤ ਸਿੰਘ ਦੀ ਨਾਬਾਲਗੀ ਦੇ ਦਿਨਾਂ ਵਿੱਚ ਸ਼ੁਕਰਚੱਕੀਆਂ ਮਿਸਲ ਦਾ ਪੂਰਾ ਪ੍ਰਬੰਧ ਖ਼ੁਦ ਚਲਾਇਆ। ਕਨ੍ਹਈਆ ਮਿਸਲ ਦੀ ਮੁਖੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਸੱਸ, ਰਾਣੀ ਸਦਾ ਕੌਰ ਮਹਾਨ ਇਸਤਰੀ ਸੀ। ਉਸੇ ਦੀ ਬਹੁਮੁੱਲੀ ਸਹਾਇਤਾ ਨਾਲ 1799 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਲਾਹੌਰ ’ਤੇ ਕਬਜ਼ਾ ਕਰਨ ਵਿੱਚ ਸਫਲ ਹੋਇਆ। ਮਹਾਰਾਜਾ ਰਣਜੀਤ ਸਿੰਘ ਨੂੰ ਵਿਸ਼ਾਲ ਸਲਤਨਤ ਦਾ ਮਾਲਕ ਬਣਾਉਣ ਵਿੱਚ ਰਾਣੀ ਸਦਾ ਕੌਰ ਦਾ ਬੜਾ ਹੱਥ ਸੀ। ਮਹਾਰਾਣੀ ਚੰਦ ਕੌਰ ਨੂੰ ਮਾਣ ਪ੍ਰਾਪਤ ਹੈ ਕਿ ਖ਼ਾਲਸਾ ਸਲਤਨਤ ਉੱਤੇ ਆਪਣੇ ਨਾਂ ਹੇਠ ਰਾਜ ਕੀਤਾ।
ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ, ਰਾਣੀ ਜਿੰਦ ਕੌਰ (ਰਾਣੀ ਜਿੰਦਾਂ) ਸਿੱਖ ਇਤਿਹਾਸ ਦੀ ਇੱਕ ਹੋਰ ਪ੍ਰਸਿੱਧ ਇਸਤਰੀ ਹੋਈ ਹੈ। ਮਹਾਰਾਜਾ ਦਲੀਪ ਸਿੰਘ ਦੇ ਨਾਬਾਲਗ ਹੋਣ ਕਰਕੇ ਮਹਾਰਾਣੀ ਜਿੰਦ ਕੌਰ ਰਾਜ ਪ੍ਰਤੀਨਿਧ ਦੇ ਰੂਪ ਵਿੱਚ ਸ਼ਾਸਨ ਪ੍ਰਬੰਧ ਚਲਾਉਂਦੀ ਰਹੀ। ਸਿੱਖ ਰਾਜ ਦੇ ਖ਼ਤਮ ਹੋਣ ਜਾਣ ਪਿੱਛੋਂ ਸਿੱਖ ਇਸਤਰੀਆਂ ਨੇ ਲੋਕ ਅੰਦੋਲਨਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕੂਕਾ ਲਹਿਰ, ਗੁਰਦੁਆਰਾ ਸੁਧਾਰ ਅੰਦੋਲਨ ਅਤੇ ਪਿੱਛੋਂ ਸੁਤੰਤਰਤਾ ਸੰਗਰਾਮ ਵਿੱਚ ਸਿੱਖ ਇਸਤਰੀਆਂ ਨੇ ਪ੍ਰਸੰਸਾਜਨਕ ਹਿੱਸਾ ਪਾਇਆ। ਬੀਬੀ ਇੰਦ ਕੌਰ ਤੇ ਬੀਬੀ ਖੇਮ ਕੌਰ ਕੂਕਾ ਸੂਰਮਿਆਂ ਦੇ ਉਸ ਗਰੁੱਪ ਨਾਲ ਸਬੰਧਤ ਸਨ, ਜਿਸ ਨੇ 1872 ਵਿੱਚ ਮਾਲੇਰਕੋਟਲਾ ਉੱਤੇ ਹਮਲਾ ਕੀਤਾ ਸੀ।
ਪੰਜਾਬ ਦੀਆਂ ਜਿਨ੍ਹਾਂ ਬਹਾਦਰ ਇਸਤਰੀਆਂ ਨੇ ਕਈ ਰਾਸ਼ਟਰੀ ਅੰਦੋਲਨਾਂ ਵਿੱਚ ਹਿੱਸਾ ਲੈ ਕੇ ਦੇਸ਼ ਖ਼ਾਤਰ ਕੁਰਬਾਨੀਆਂ ਦਿੱਤੀਆਂ, ਉਨ੍ਹਾਂ ਵਿੱਚੋਂ ਕਪੂਰਥਲੇ ਦੇ ਰਾਜਾ ਹਰਨਾਮ ਸਿੰਘ ਦੀ ਸਪੁੱਤਰੀ ਰਾਜ ਕੁਮਾਰੀ ਅੰਮ੍ਰਿਤ ਕੌਰ, ਗੁਰਦਾਸਪੁਰ ਦੇ ਐਡਵੋਕੇਟ ਦੀ ਪਤਨੀ ਬੀਬੀ ਅਮਰ ਕੌਰ ਅਤੇ ਸਰਦਾਰ ਹੀਰਾ ਸਿੰਘ ਭੱਠਲ ਦੀ ਪਤਨੀ ਬੀਬੀ ਹਰਨਾਮ ਦੇ ਨਾਂ ਪ੍ਰਸਿੱਧ ਹਨ। ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਸਿੱਖ ਬੀਬੀਆਂ ਦਾ ਵਿਸ਼ੇਸ਼ ਸਥਾਨ ਹੈ, ਆਰੰਭ ਵਿੱਚ ਅਕਾਲ ਤਖ਼ਤ ਉਤੇ ਕਬਜ਼ਾ ਕਰਨ ਸਮੇਂ ਇੱਕ ਬੀਬੀ ਜੀ ਨੇ ਵਧ-ਚੜ੍ਹ ਕੇ ਹਿੱਸਾ ਪਾਇਆ। ਜੈਤੋ ਦੇ ਮੋਰਚੇ ਵਿੱਚ ਕਈ ਬੀਬੀਆਂ ਨੇ ਵਰ੍ਹਦੀਆਂ ਗੋਲੀਆਂ ਅੱਗੇ ਆਪਣੇ ਆਪ ਨੂੰ ਖੜ੍ਹਾ ਕੀਤਾ। ਜਿਨ੍ਹਾਂ ਬੀਬੀਆਂ ਨੇ ਆਜ਼ਾਦੀ ਦੇ ਸੰਗਰਾਮ ਵਿੱਚ ਆਪਣੇ ਜੀਵਨ ਸਾਥੀਆਂ ਨੂੰ ਪ੍ਰੇਰਨਾ ਦੇ ਬਲ ਨਾਲ ਉਭਾਰਿਆ, ਘਰ ਦੀ ਤੰਗੀ-ਤੁਰਸ਼ੀ ਵਿੱਚ ਗੁਜ਼ਾਰਾ ਕੀਤਾ, ਅੰਗਰੇਜ਼ਾਂ ਦੀ ਪੁਲੀਸ ਦੇ ਤਸੀਹੇ ਝੱਲੇ, ਉਨ੍ਹਾਂ ਦੀ ਬੇਧਿਆਨੇ ਕੀਤੀ ਗਈ ਕੁਰਬਾਨੀ ਨੂੰ ਅਸੀਂ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ, ਉਹ ਸਗੋਂ ਸਾਡੇ ਸਤਿਕਾਰ ਦੀਆਂ ਵਧੇਰੇ ਹੱਕਦਾਰ ਹਨ। ਆਜ਼ਾਦੀ ਸੰਗਰਾਮ ਵਿੱਚ ਅਮਰ ਕੌਰ, ਰਾਜਕੁਮਾਰੀ ਅੰਮ੍ਰਿਤ ਕੌਰ ਆਦਿ ਉੱਘੀਆਂ ਹਸਤੀਆਂ ਦੇ ਕੰਮ ਸਾਹਮਣੇ ਆਏ ਹਨ।
ਬੀਬੀ ਅਮਰ ਕੌਰ ਨੇ ਸੁਤੰਤਰਤਾ ਸੰਗਰਾਮ ਦੇ ਅਖੀਰੀ ਦਿਨਾਂ ਵਿੱਚ ਬੜਾ ਉੱਘਾ ਹਿੱਸਾ ਲਿਆ। ਉਸ ਨੇ ਬੜੀ ਦਲੇਰੀ ਨਾਲ 9 ਅਕਤੂਬਰ, 1942 ਨੂੰ ਗੁਰਦਾਸਪੁਰ ਜੇਲ੍ਹ ਦੀ ਬਿਲਡਿੰਗ ਉਤੇ ਕੌਮੀ ਝੰਡਾ ਚੜ੍ਹਾ ਦਿੱਤਾ, ਜਿਸ ਲਈ ਉਸ ਨੂੰ 16 ਮਹੀਨੇ ਕੈਦ ਦੀ ਸਜ਼ਾ ਹੋਈ। ਬੀਬੀ ਹਰਨਾਮ ਕੌਰ ਸਿਵਲ ਨਾਫੁਰਮਾਨੀ ਲਹਿਰ ਵਿੱਚ ਆਪਣੇ ਪਤੀ ਨਾਲ ਗ੍ਰਿਫ਼ਤਾਰ ਹੋਈ। ਸੁਤੰਤਰਤਾ ਪਿੱਛੋਂ ਦੇ ਸਮੇਂ ਵਿੱਚ ਵੀ ਸਿੱਖ ਇਸਤਰੀਆਂ ਦੇ ਕਾਰਨਾਮੇ ਕੋਈ ਘੱਟ ਮਹੱਤਤਾ ਵਾਲੇ ਨਹੀਂ। ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲਾਏ ਗਏ ਮੋਰਚਿਆਂ ਵਿੱਚ ਉਨ੍ਹਾਂ ਨੇ ਮਰਦਾਂ ਦੇ ਬਰਾਬਰ ਕੁਰਬਾਨੀਆਂ ਦਿੱਤੀਆਂ। ਰਾਜਨੀਤਕ ਸਮੱਸਿਆਵਾਂ, ਪ੍ਰਬੰਧਕੀ ਕਾਰਜਾਂ, ਸਮਾਜ ਸੁਧਾਰ ਦੇ ਪ੍ਰੋਗਰਾਮਾਂ, ਸਿੱਖਿਆ, ਕਲਾ, ਸਾਹਿਤ ਆਦਿ ਦੇ ਖੇਤਰਾਂ ਵਿੱਚ ਉਨ੍ਹਾਂ ਨੇ ਬਹੁਮੁੱਲਾ ਕੰਮ ਕੀਤਾ ਹੈ ਤੇ ਹੁਣ ਕਰ ਵੀ ਕਰ ਰਹੀਆਂ ਹਨ।
ਅਜਿਹੀਆਂ ਸ਼ਾਨਦਾਰ ਪਰੰਪਰਾਵਾਂ ਦੇ ਕਾਰਨ ਨਿਰਸੰਦੇਹ ਅਸੀਂ ਆਸ ਕਰ ਸਕਦੇ ਹਾਂ ਕਿ ਸਾਡੀਆਂ ਧੀਆਂ-ਭੈਣਾਂ ਦਾ ਭਵਿੱਖ ਹੋਰ ਵੀ ਵਧੇਰੇ ਸ਼ਾਨਦਾਰ ਹੋਵੇਗਾ। ਉਹ ਆਪਣੇ ਗੌਰਵਮਈ ਇਤਿਹਾਸ ਤੇ ਪਰੰਪਰਾ ਨੂੰ ਮੁੱਖ ਰੱਖ ਕੇ, ਉੱਨਤ ਹੋ ਰਹੇ ਮੁਲਕ ਤੇ ਕੌਮ ਦੀ ਸਰਬਾਂਗੀ ਉਸਾਰੀ ਵਿੱਚ ਵਧ-ਚੜ੍ਹ ਕੇ ਭਾਈਵਾਲ ਬਣਨਗੀਆਂ।