ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੀਤਕਾਰੀ ਦਾ ਉੱਘਾ ਹਸਤਾਖ਼ਰ ਭੱਟੀ ਭੜੀ ਵਾਲਾ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਭੱਟੀ ਵਿੱਚ ਪਿਤਾ ਹਰਨੇਕ ਸਿੰਘ ਤੇ ਮਾਤਾ ਸਵਰਨ ਕੌਰ ਦੇ ਘਰ ਜਨਮਿਆ ਜਸਵਿੰਦਰ ਉਰਫ਼ ਭੱਟੀ ਭੜੀ ਵਾਲਾ ਪੰਜਾਬੀ ਗੀਤਕਾਰੀ ਦਾ ਵਿਲੱਖਣ ਸਿਰਨਾਵਾਂ ਹੈ। ਉਸ ਦੀ ਪਛਾਣ ‘ਰੱਬ ਵਰਗਾ ਸੀ ਤੇਰਾ ਯਾਰ ਵੈਰਨੇ’ ਗੀਤ ਕਰਕੇ ਵਧੇਰੇ...
Advertisement

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਭੱਟੀ ਵਿੱਚ ਪਿਤਾ ਹਰਨੇਕ ਸਿੰਘ ਤੇ ਮਾਤਾ ਸਵਰਨ ਕੌਰ ਦੇ ਘਰ ਜਨਮਿਆ ਜਸਵਿੰਦਰ ਉਰਫ਼ ਭੱਟੀ ਭੜੀ ਵਾਲਾ ਪੰਜਾਬੀ ਗੀਤਕਾਰੀ ਦਾ ਵਿਲੱਖਣ ਸਿਰਨਾਵਾਂ ਹੈ। ਉਸ ਦੀ ਪਛਾਣ ‘ਰੱਬ ਵਰਗਾ ਸੀ ਤੇਰਾ ਯਾਰ ਵੈਰਨੇ’ ਗੀਤ ਕਰਕੇ ਵਧੇਰੇ ਬਣੀ ਹੋਈ ਹੈ।

ਜਦੋਂ ਭੱਟੀ ਏ. ਐੱਸ. ਕਾਲਜ ਖੰਨੇ ਪੜ੍ਹ ਰਿਹਾ ਸੀ ਤਾਂ ਉਸ ਦਾ ਪਹਿਲਾ ਗੀਤ ‘ਰੋਂਦੀ ਚਮਕੌਰ ਦੀ ਗੜ੍ਹੀ ਧਾਹਾਂ ਮਾਰ ਖੁਦਾ ਦੇ ਅੱਗੇ’ ਗਾਇਕ ਲਾਭ ਜੰਜੂਆ ਦੀ ਆਵਾਜ਼ ਵਿੱਚ ਟੈਕਸਲਾ ਕੰਪਨੀ ਨੇ ਰਿਕਾਰਡ ਕੀਤਾ ਸੀ। ਇੱਥੇ ਪੜ੍ਹਦਿਆਂ ਉਸ ਦੀ ਮੁਲਾਕਾਤ ਗਾਇਕ ਕੇਸਰ ਮਣਕੀ ਨਾਲ ਹੋਈ। ਮਣਕੀ ਦੀ ਕੈਸੇਟ ‘ਯਾਦਾਂ ਦੇ ਖਿਡੌਣੇ’ ਵਿੱਚ ‘ਮਿੰਨੀ-ਮਿੰਨੀ ਗਿਰਦੀ ਬੂਰ ਵੇ’ ਅਤੇ ‘ਅੱਜ ਫਿੱਕੀਆਂ ਪੈ ਗਈਆਂ ਬੁੱਢੇ ਬੋਹੜ ਦੀਆਂ ਛਾਵਾਂ’ ਦੋ ਗੀਤ ਰਿਕਾਰਡ ਹੋਏ। ਸੰਗੀਤ ਸਮਰਾਟ ਚਰਨਜੀਤ ਆਹੂਜਾ ਦੇ ਸੰਗੀਤ ਵਿੱਚ ਦੁਰਗੇ ਰੰਗੀਲੇ ਦੀ ਕੈਸੇਟ ‘ਨੂਰ ਤੇਰੇ ਨੈਣਾਂ ਦਾ’ ਜਦੋਂ ਮਾਰਕੀਟ ਵਿੱਚ ਆਈ ਤਾਂ ਉਸ ਵਿਚਲੇ ਗੀਤਾਂ ‘ਮੇਰੀ ਮੜ੍ਹੀ ’ਤੇ ਦੀਵਾ ਧਰ ਜਾਈਂ’ ਅਤੇ ‘ਅਸੀਂ ਜਿੱਤ ਕੇ ਮੁਕੱਦਮਾ ਪਿਆਰ ਦਾ’ ਐਨੇ ਮਕਬੂਲ ਹੋ ਗਏ ਕਿ ਭੱਟੀ ਗੀਤਕਾਰੀ ਦੀ ਪੌੜੀ ਦੇ ਸਿਖਰਲੇ ਡੰਡੇ ’ਤੇ ਜਾ ਬੈਠਿਆ ਤੇ ਉਸ ਨੂੰ ਵੱਡੀ ਪਛਾਣ ਮਿਲੀ।

Advertisement

ਪਿਛਲੇ ਕਈ ਦਹਾਕਿਆਂ ਤੋਂ ਭੱਟੀ ਭੜੀ ਵਾਲਾ ਇਸ ਖੇਤਰ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ। ਉਸ ਦੇ ਕਈ ਗੀਤ ਬੇਹੱਦ ਮਕਬੂਲ ਹੋਏ, ਜਿਵੇਂ ‘ਤੂੰ ਇਸ਼ਕੇ ਦਾ ਕੇਸ ਹਾਰ ਗਈ’, ‘ਰੱਬ ਵਰਗਾ ਸੀ ਤੇਰਾ ਯਾਰ ਵੈਰਨੇ’, ‘ਬਾਪੂ ਤੇਰਾ ਗੁਜ਼ਰ ਗਿਆ’ (ਦੁਰਗਾ ਰੰਗੀਲਾ), ‘ਮੇਲਾ ਵੇਖਦੀਏ ਮੁਟਿਆਰੇ’ (ਸਰਬਜੀਤ ਚੀਮਾ), ‘ਇੱਕ ਤੇਰੇ ਠੁਮਕੇ ਨੇ’ (ਮਾਸਟਰ ਸਲੀਮ), ‘ਯਾਦਾਂ ਤੇਰੀਆਂ’ (ਬਿੱਲ ਸਿੰਘ), ‘ਦਿਲ ਮਿਲਿਆਂ ਦੇ ਮੇਲੇ’ (ਕੁਲਦੀਪ ਮਾਣਕ), ‘ਛੱਡ ਆਇਆ ਪ੍ਰਦੇਸਾਂ ਨੂੰ’ (ਸੁਰਿੰਦਰ ਛਿੰਦਾ), ‘ਆਓ ਜੀ ਆਇਆਂ ਨੂੰ’ (ਹਰਭਜਨ ਸ਼ੇਰਾ), ‘ਮੁਆਫ ਕਰੀਂ ਤੈਨੂੰ ਮਿਲਣ ਸੋਹਣਿਆ’ (ਰਣਜੀਤ ਮਣੀ), ‘ਸਹੁਰਿਆਂ ਦੀ ਮੁੰਦੀ’ (ਮਨਿੰਦਰ ਮੰਗਾ), ‘ਟਾਈਮ-ਟਾਈਮ ਦੀ ਗੱਲ’ (ਸੁਨੀਤਾ ਭੱਟੀ), ‘ਚੁੰਨੀ ਲੈ ਦੇ ਸੱਤ ਰੰਗ ਦੀ’ (ਅਮਰ ਨੂਰੀ), ‘ਤੈਨੂੰ ਲਾਣੇਦਾਰ ਦਿਲ ਦਾ ਬਣਾਈ ਬੈਠੀ ਆ’ (ਕਮਲਜੀਤ ਨੂਰੀ), ‘ਬਾਜ਼ੀ ਜਿੱਤ ਕੇ ਗਿਆ ਰਾਂਝਾ ਹਾਰ ਵੇ’ (ਜਸਪਿੰਦਰ ਨਰੂਲਾ), ‘ਜੇ ਸਿੱਖ ਨੂੰ ਸਿੱਖ ਨਾ ਮਾਰੇ-ਸਿੱਖ ਕੌਮ ਕਦੇ ਨਾ ਹਾਰੇ’ (ਸੁਖਜਿੰਦਰ ਸ਼ਿੰਦਾ), ‘ਮੈਂ ਵੀ ਜੁੱਤੀ ਨੂੰ ਲਵਾ ਲਏ ਘੁੰਗਰੂ’ (ਰਾਖੀ ਹੁੰਦਲ), ‘ਜਿਨ੍ਹਾਂ ਤੂੰ ਭੁਲਾਏਂਗੀ ਓਨਾ ਯਾਦ ਆਵਾਂਗਾ’ (ਮਰਾਤਬ ਅਲੀ ਪਾਕਿਸਤਾਨ) ਅਤੇ ‘ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ’ (ਹਰਦੀਪ ਸਿੰਘ) ਆਦਿ।

ਇਨ੍ਹਾਂ ਤੋਂ ਬਿਨਾਂ ਉਸ ਦੇ ਗੀਤਾਂ ਨੂੰ ਸਰਦੂਲ ਸਿਕੰਦਰ, ਗੁਰਲੇਜ਼ ਅਖ਼ਤਰ, ਸ਼ਿਵਜੋਤ, ਮੰਨਤ ਨੂਰ, ਮਨਪ੍ਰੀਤ ਅਖ਼ਤਰ, ਅਖ਼ਤਰ ਅਲੀ ਮਤੋਈ, ਨਿਰਮਲ ਸਿੱਧੂ, ਸੁੱਖੀ ਬਰਾੜ, ਭਿੰਦਾ ਜੱਟ, ਭੁਪਿੰਦਰ ਕੌਰ ਮੋਹਾਲੀ, ਨਸੀਬੋ ਲਾਲ ਪਾਕਿਸਤਾਨ, ਗੁਰਮੇਜਰ ਗੁਰਨਾ, ਭੁਪਿੰਦਰ ਬੱਬਲ, ਗੁਰਪਾਲ ਸੂਰਾਪੁਰੀ, ਮਿਸ ਨੀਲਮ, ਬੂਟਾ ਮੁਹੰਮਦ, ਮਦਨ ਸ਼ੌਂਕੀ, ਮੇਜਰ ਸਿੰਘ ਸੁਨਾਮ, ਸੁਚੇਤ ਬਾਲਾ, ਕਰਮਜੀਤ ਅਨਮੋਲ, ਰਾਜਦੀਪ ਲਾਲੀ ਆਸਟਰੇਲੀਆ, ਮੰਗਲ ਸਿੰਘ ਯੂ.ਕੇ, ਮਨਜੀਤ ਰੂਪੋਵਾਲੀਆ ਆਦਿ ਨੇ ਆਪਣੀਆਂ ਆਵਾਜ਼ਾਂ ਵਿੱਚ ਰਿਕਾਰਡ ਕਰਵਾਇਆ ਹੈ। ਉਹ ਦੋ ਕਿਤਾਬਾਂ ‘ਪਿੰਡ ਦੀਆਂ ਗਲੀਆਂ’ ਅਤੇ ‘ਪੰਜਾਬੀ ਜਿੰਦਾਬਾਦ’ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਸ਼ਾਲਾ! ਉਹ ਇਸ ਤਰ੍ਹਾਂ ਹੀ ਪੰਜਾਬੀ ਗੀਤਕਾਰੀ ਦੇ ਅੰਬਰ ’ਤੇ ਛਾਇਆ ਰਹੇ।

ਸੰਪਰਕ: 94631-28483

Advertisement