ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤੂੰਬੇ ਅਲਗੋਜ਼ੇ ਦੀ ਗਾਇਕੀ ਦੀ ਨਵੀਂ ਸੁਰ ਮੰਡੇਰ ਭਰਾ

ਪੰਜਾਬ ਦੀਆਂ ਲੋਕ ਗਾਇਨ ਵੰਨਗੀਆਂ ਵਿੱਚ ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ਸਨਮਾਨਯੋਗ ਸਥਾਨ ਰਿਹਾ ਹੈ। ਕਦੇ ਇਸ ਦੀ ਪੂਰੀ ਚੜ੍ਹਤ ਸੀ। ਮੇਲਿਆਂ-ਮੁਸਾਹਿਬਆਂ, ਡੇਰਿਆਂ-ਦਰਗਾਹਾਂ ਅਤੇ ਸੱਥਾਂ-ਪਰ੍ਹਿਆਂ ਵਿੱਚ ਆਮ ਹੀ ਇਨ੍ਹਾਂ ਦੇ ਅਖਾੜੇ ਲੱਗਦੇ ਸਨ। ਲੋਕ ਆਪਣੇ ਮੁੰਡਿਆਂ ਦੇ ਵਿਆਹ-ਮੰਗਣਿਆਂ ਦੀਆਂ ਤਾਰੀਕਾਂ...
Advertisement

ਪੰਜਾਬ ਦੀਆਂ ਲੋਕ ਗਾਇਨ ਵੰਨਗੀਆਂ ਵਿੱਚ ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ਸਨਮਾਨਯੋਗ ਸਥਾਨ ਰਿਹਾ ਹੈ। ਕਦੇ ਇਸ ਦੀ ਪੂਰੀ ਚੜ੍ਹਤ ਸੀ। ਮੇਲਿਆਂ-ਮੁਸਾਹਿਬਆਂ, ਡੇਰਿਆਂ-ਦਰਗਾਹਾਂ ਅਤੇ ਸੱਥਾਂ-ਪਰ੍ਹਿਆਂ ਵਿੱਚ ਆਮ ਹੀ ਇਨ੍ਹਾਂ ਦੇ ਅਖਾੜੇ ਲੱਗਦੇ ਸਨ। ਲੋਕ ਆਪਣੇ ਮੁੰਡਿਆਂ ਦੇ ਵਿਆਹ-ਮੰਗਣਿਆਂ ਦੀਆਂ ਤਾਰੀਕਾਂ ਇਨ੍ਹਾਂ ਤੋਂ ਪੁੱਛਕੇ ਰੱਖਦੇ ਸਨ। ਮਨੋਰੰਜਨ ਦੇ ਆਧੁਨਿਕ ਸਾਧਨਾਂ ਦੇ ਆਉਣ ਨਾਲ ਹੌਲੀ ਹੌਲੀ ਇਸ ਗਾਇਕੀ ਦਾ ਘੇਰਾ ਸੁੰਗੜਦਾ ਗਿਆ। ਹੁਣ ਕੇਵਲ ਗਿਣਤੀ ਦੇ ਜੁੱਟ ਹੀ ਇਸ ਖੇਤਰ ਵਿੱਚ ਕੰਮ ਕਰ ਰਹੇ ਹਨ। ਤਸੱਲੀ ਵਾਲੀ ਗੱਲ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਕੁਝ ਨੌਜਵਾਨ ਗਾਇਕਾਂ ਨੇ ਇਸ ਗਾਇਕੀ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਹੈ। ਉਨ੍ਹਾਂ ਨੂੰ ਦਰਸ਼ਕਾਂ/ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਵਿੱਚੋਂ ਹੀ ਇੱਕ ਜੁੱਟ ਹੈ ਜਸਕੰਵਰ ਸਿੰਘ ਅਤੇ ਨਵਕੰਵਰ ਸਿੰਘ ਮੰਡੇਰ ਭਰਾਵਾਂ ਦਾ ਜੋ ਇਸ ਗਾਇਕੀ ਵਿੱਚ ਨਵੀਆਂ ਪੈੜਾਂ ਪਾ ਰਹੇ ਹਨ।

ਜਸਕੰਵਰ ਅਤੇ ਨਵਕੰਵਰ ਦਾ ਜਨਮ ਕ੍ਰਮਵਾਰ 11 ਫਰਵਰੀ 2002 ਅਤੇ 24 ਸਤੰਬਰ 2005 ਨੂੰ ਲੁਧਿਆਣਾ ਜ਼ਿਲ੍ਹੇ ਦੇ ਇਤਿਹਾਸਕ ਅਤੇ ਮੇਲੇ ਕਾਰਨ ਪ੍ਰਸਿੱਧੀ ਪ੍ਰਾਪਤ ਪਿੰਡ ਜਰਗ ਵਿਖੇ ਨਵਜੋਤ ਸਿੰਘ ਮੰਡੇਰ ਅਤੇ ਜਸਬੀਰ ਕੌਰ ਦੇ ਘਰ ਹੋਇਆ। ਇਨ੍ਹਾਂ ਦੇ ਦਾਦਾ ਮਰਹੂਮ ਹਰਦੇਵ ਸਿੰਘ ਸਰਪੰਚ ਖੁਦ ਲੋਕ ਸੰਗੀਤ ਦੇ ਰਸੀਏ ਸਨ। ਉਨ੍ਹਾਂ ਨੇ ਜਸਕੰਵਰ ਦੇ ਜਨਮ ਦੀ ਖ਼ੁਸ਼ੀ ਵਿੱਚ ਪਿੰਡ ਦੇ ਦਰਵਾਜ਼ੇ ਪ੍ਰਸਿੱਧ ਢਾਡੀ ਵਲਾਇਤ ਖਾਨ ਗੋਸਲਾਂ ਦਾ ਅਖਾੜਾ ਲਗਵਾਇਆ ਸੀ। ਇਸ ਸਮੇਂ ਮੈਨੂੰ ਵੀ ਉਨ੍ਹਾਂ ਨੇ ਆਪਣੀ ਖ਼ੁਸ਼ੀ ਵਿੱਚ ਸ਼ਾਮਲ ਕੀਤਾ ਸੀ। ਹਰਦੇਵ ਸਿੰਘ ਦੀ ਪ੍ਰੇਰਨਾ ਸਦਕਾ ਹੀ ਨਵਜੋਤ ਸਿੰਘ ਨੇ ਢਾਡੀ ਗਾਇਕੀ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਅਤੇ ਬਤੌਰ ਸਾਰੰਗੀ ਵਾਦਕ ਪ੍ਰਸਿੱਧੀ ਪ੍ਰਾਪਤ ਕੀਤੀ। ਨਵਜੋਤ ਸਿੰਘ ਪਿਛਲੇ ਤਿੰਨ ਦਹਾਕਿਆਂ ਤੋਂ ਲੋਕ ਸੰਗੀਤ ਦੇ ਖੇਤਰ ਵਿੱਚ ਸਰਗਰਮ ਹੈ। ਇਸ ਪ੍ਰਕਾਰ ਜਸਕੰਵਰ ਅਤੇ ਨਵਕੰਵਰ ਨੂੰ ਗੁੜ੍ਹਤੀ ਹੀ ਸੰਗੀਤ ਦੀ ਮਿਲੀ। ਦੋਵਾਂ ਭਰਾਵਾਂ ਨੇ ਰਾਜਾ ਜਗਦੇਵ ਮਾਡਲ ਸਕੂਲ, ਜਰਗ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੀਤੀ। ਇਲਾਕੇ ਦਾ ਇਹ ਪ੍ਰਸਿੱਧ ਸਕੂਲ ਮੰਡੇਰ ਪਰਿਵਾਰ ਵੱਲੋਂ ਹੀ ਚਲਾਇਆ ਜਾ ਰਿਹਾ ਹੈ। ਸਕੂਲ ਸਮੇਂ ਦੌਰਾਨ ਹੀ ਦੋਵੇਂ ਭਰਾ ਆਪਣੇ ਪਿਤਾ ਨਵਜੋਤ ਸਿੰਘ ਦੀ ਅਗਵਾਈ ਅਧੀਨ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲੱਗ ਗਏ ਸਨ। ਇਨ੍ਹਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਵੱਖ-ਵੱਖ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਜਸਕੰਵਰ ਨੇ ਬੀਐੱਸ.ਸੀ. ਐਗਰੀਕਲਚਰ ਦੀ ਡਿਗਰੀ ਹਾਸਲ ਕੀਤੀ। ਅੱਜਕੱਲ੍ਹ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਐਗਰੋ ਬਿਜ਼ਨਸ ਦੀ ਮਾਸਟਰ ਡਿਗਰੀ ਕਰ ਰਿਹਾ ਹੈ। ਨਵਕੰਵਰ ਏ.ਐੱਸ. ਕਾਲਜ ਖੰਨਾ ਵਿਖੇ ਬੀ. ਏ. ਭਾਗ ਤੀਜਾ ਦਾ ਵਿਦਿਆਰਥੀ ਹੈ। ਇੱਥੇ ਉਸ ਨੇ ਕਲੀ ਗਾਇਨ, ਵਾਰ ਗਾਇਨ, ਕਵੀਸ਼ਰੀ, ਸ਼ਬਦ ਗਾਇਨ, ਲੋਕ ਸਾਜ਼ ਵਾਦਨ ਆਦਿ ਮੁਕਾਬਲਿਆਂ ਵਿੱਚ ਭਾਗ ਲੈ ਕੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਕਲੀ ਗਾਇਨ ਵਿੱਚ ਯੂਨੀਵਰਸਿਟੀ ਪੱਧਰ ’ਤੇ ਗੋਲਡ ਮੈਡਲ ਅਤੇ ਵਾਰ ਗਾਇਨ ਵਿੱਚ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ। ਉਹ ਪੰਜਾਬ ਯੂਨੀਵਰਸਿਟੀ ਦਾ ਕਲਰ ਹੋਲਡਰ ਹੈ। ਇਸੇ ਤਰ੍ਹਾਂ ਜਸਕੰਵਰ ਨੇ ਅੰਤਰ ਯੂਨੀਵਰਸਿਟੀ ਪੱਧਰ ’ਤੇ ਕਵੀਸ਼ਰੀ ਵਿੱਚ ਦੂਜਾ ਅਤੇ ਵਾਰ ਗਾਇਨ ਵਿੱਚ ਤੀਜਾ ਸਥਾਨ ਹਾਸਲ ਕੀਤਾ।

Advertisement

ਕਰੋਨਾ ਕਾਲ ਦੌਰਾਨ ਦੋਵੇਂ ਭਰਾਵਾਂ ਨੇ ਤੂੰਬੇ ਨਾਲ ਇੱਕ ਗੀਤ ਗਾ ਕੇ ਨੈੱਟ ’ਤੇ ਪਾ ਦਿੱਤਾ। ਇਸ ਨੂੰ ਦਰਸ਼ਕਾਂ/ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲਿਆ। ਕੈਨੇਡਾ ਵਸਦੇ ਨੌਜਵਾਨ ਰਾਗੀ (ਤੂੰਬੇ ਅਲਗੋਜ਼ੇ ਵਾਲੇ ਗਾਇਕ) ਕਰਨਵੀਰ ਕਲੇਰ ਨੇ ਹੌਸਲਾ ਅਫ਼ਜਾਈ ਕੀਤੀ। ਇਸ ਤਰ੍ਹਾਂ ਇਨ੍ਹਾਂ ਦਾ ਹੌਸਲਾ ਵਧ ਗਿਆ। ਕਰਨਵੀਰ ਨੇ ਹੀ ਇਨ੍ਹਾਂ ਨੂੰ ਇਸ ਗਾਇਕੀ ਦੇ ਮੁੱਢਲੇ ਸਬਕ ਪੜ੍ਹਾਏ। ਇਸ ਦੇ ਨਾਲ ਨਾਲ ਪਿਤਾ ਨਵਜੋਤ ਸਿੰਘ ਵੱਲੋਂ ਵੀ ਲਗਾਤਾਰ ਅਭਿਆਸ ਕਰਵਾਇਆ ਜਾਂਦਾ, ਕਿਉਂਕਿ ਉਨ੍ਹਾਂ ਦੇ ਢਾਡੀ ਜੁੱਟ ਵੱਲੋਂ ਵੀ ਤੂੰਬੇ ਵਾਲੇ ਰਾਗੀਆਂ ਦੀਆਂ ਕੁਝ ਰਚਨਾਵਾਂ ਗਾਈਆਂ ਜਾਣ ਲੱਗ ਪਈਆਂ ਸਨ। ਜਰਗ ਦੇ ਮੇਲੇ ’ਤੇ ਦੋਵੇਂ ਭਰਾਵਾਂ ਨੇ ਪਹਿਲੀ ਵਾਰ ਅਖਾੜੇ ਵਿੱਚ ਪ੍ਰਵੇਸ਼ ਕੀਤਾ। ਇਸ ਤਰ੍ਹਾਂ ਇਨ੍ਹਾਂ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋ ਗਿਆ। ਕਰਨਵੀਰ ਤੋਂ ਇਲਾਵਾ ਇਨ੍ਹਾਂ ਨੇ ਇਸ ਗਾਇਕੀ ਦੇ ਪ੍ਰੌਢ ਰਾਗੀ ਸ਼ਾਦੀ ਖਾਂ ਮਾਲੇਰਕੋਟਲਾ ਤੋਂ ਇਸ ਗਾਇਕੀ ਦੇ ਹੋਰ ਗੁਰ ਸਿੱਖੇ। ਇਸ ਦੇ ਨਾਲ ਨਾਲ ਇਨ੍ਹਾਂ ਨੇ ਸਮੇਂ ਸਮੇਂ ’ਤੇ ਕਈ ਹੋਰ ਰਾਗੀਆਂ ਤੋਂ ਵੀ ਜਾਣਕਾਰੀ ਹਾਸਲ ਕੀਤੀ, ਜਿਨ੍ਹਾਂ ਵਿੱਚ ਪਾਲਾ ਰਾਗੀ ਮਾਣਕਪੁਰ ਸ਼ਰੀਫ, ਚੂਹੜ ਖਾਂ ਚੋਟੀਆਂ, ਗੁਰਤੇਜ ਸਿੰਘ ਸੋਹੀਆਂ ਆਦਿ ਸ਼ਾਮਲ ਹਨ।

2022 ਤੋਂ ਜਸਕੰਵਰ ਹੁਰੀਂ ਪੱਕੇ ਤੌਰ ’ਤੇ ਇਸ ਗਾਇਕੀ ਨਾਲ ਜੁੜ ਗਏ। ਸ਼ੁਰੂ ਤੋਂ ਹੀ ਜਸਕੰਵਰ ਬਤੌਰ ਆਗੂ ਇਸ ਜੁੱਟ ਦੀ ਅਗਵਾਈ ਕਰ ਰਿਹਾ ਹੈ। ਨਵਕੰਵਰ ਤੂੰਬਾ ਵਾਦਕ ਵਜੋਂ ਸਾਥ ਦੇ ਰਿਹਾ ਹੈ। ਤੀਜਾ ਸਾਥੀ ਨੌਜਵਾਨ ਜੋੜੀ ਵਾਦਕ ਹੈ ਮਨਿੰਦਰ ਸਿੰਘ ਮਨੀ ਗੋਸਲਾਂ ਵਾਲਾ। ਮਨੀ ਨੂੰ ਇਹ ਕਲਾ ਵਿਰਾਸਤ ਵਿੱਚੋਂ ਮਿਲੀ। ਉਸ ਦਾ ਦਾਦਾ ਮਲਾਗਰ ਸਿੰਘ ਇੱਕ ਵਧੀਆ ਜੋੜੀ ਵਾਦਕ ਸੀ। ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਮਨਿੰਦਰ ਦੋ ਸਾਲ ਘਰ ਬੈਠਾ ਰਿਹਾ। ਉਹਦੇ ਦਾਦੇ ਦੀਆਂ ਤਿੰਨ ਜੋੜੀਆਂ ਘਰ ਪਈਆਂ ਸਨ। ਉਨ੍ਹਾਂ ਵਿੱਚ ਫੂਕਾਂ ਮਾਰਦਿਆਂ ਮਾਰਦਿਆਂ ਉਸ ਦੇ ਅੰਦਰ ਇਸ ਕਲਾ ਨੂੰ ਸਿੱਖਣ ਦੀ ਇੱਛਾ ਪੈਦਾ ਹੋ ਗਈ। ਇਸ ਕਲਾ ਦੇ ਮਾਹਰ ਪਾਲੀ ਖਾਦਮ ਤੋਂ ਉਸ ਨੇ ਅਗਵਾਈ ਲੈਣੀ ਸ਼ੁਰੂ ਕਰ ਦਿੱਤੀ। ਉਹ ਵੀ ਯੂਨੀਵਰਸਿਟੀ ਦਾ ਕਲਰ ਹੋਲਡਰ ਹੈ।

ਜਸਕੰਵਰ ਹੁਰਾਂ ਦਾ ਜੁੱਟ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਆਪਣੀਆਂ ਪੇਸ਼ਕਾਰੀਆਂ ਦੇ ਰਿਹਾ ਹੈ। ਅਸਲ ਵਿੱਚ ਇਨ੍ਹਾਂ ਦੀ ਰਹਿਨੁਮਾਈ ਖ਼ੁਦ ਨਵਜੋਤ ਸਿੰਘ ਮੰਡੇਰ ਕਰ ਰਿਹਾ ਹੈ। ਪ੍ਰੋਗਰਾਮਾਂ ਵਿੱਚ ਇਹ ਦੋਵੇਂ ਗਾਇਨ ਵੰਨਗੀਆਂ ਢਾਡੀ ਗਾਇਕੀ ਅਤੇ ਤੂੰਬੇ ਜੋੜੀ ਦੀ ਗਾਇਕੀ ਪੇਸ਼ ਕਰਦੇ ਹਨ। ਢਾਡੀ ਗਾਇਨ ਸਮੇਂ ਨਵਜੋਤ ਦਾ ਸਾਥ, ਮਨਪ੍ਰੀਤ ਸਿੰਘ ਘੁੰਗਰਾਲੀ, ਜਸਕੰਵਰ ਅਤੇ ਨਵਕੰਵਰ ਦਿੰਦੇ ਹਨ। ਇਸੇ ਤਰ੍ਹਾਂ ਤੂੰਬੇ ਜੋੜੀ ਦੀ ਪੇਸ਼ਕਾਰੀ ਵੇਲੇ ਮਨਪ੍ਰੀਤ ਬਤੌਰ ਢੱਡ ਵਾਦਕ ਜਸਕੰਵਰ ਹੁਰਾਂ ਦਾ ਸਾਥ ਨਿਭਾਉਂਦਾ ਹੈ। ਇਸ ਤਰ੍ਹਾਂ ਨਵਜੋਤ ਹੁਰਾਂ ਵੱਲੋਂ ਇਹ ਇੱਕ ਨਿਵੇਕਲੀ ਪਿਰਤ ਪਾਈ ਜਾ ਰਹੀ ਹੈ। ਨੌਜਵਾਨ ਸਰੋਤਾ ਪੀੜ੍ਹੀ, ਪੁਰਾਣੀ ਪੀੜ੍ਹੀ ਅਤੇ ਖ਼ਾਸ ਤੌਰ ’ਤੇ ਔਰਤ ਵਰਗ ਵੱਲੋਂ ਵੀ ਇਨ੍ਹਾਂ ਦੀ ਗਾਇਕੀ ਦਾ ਆਨੰਦ ਮਾਣਿਆ ਜਾਂਦਾ ਹੈ। ਗਾਇਕੀ ਦੇ ਨਾਲ ਨਾਲ ਇਸ ਜੁੱਟ ਦੀ ਪ੍ਰਭਾਵਸ਼ਾਲੀ ਦਿੱਖ ਸੋਨੇ ’ਤੇ ਸੁਹਾਗੇ ਦਾ ਕੰਮ ਕਰਦੀ ਹੈ। ਪੇਸ਼ਕਾਰੀ ਸਮੇਂ ਇਨ੍ਹਾਂ ਦੇ ਢੁੱਕਵੇਂ ਐਕਸ਼ਨ ਦਰਸ਼ਕਾਂ/ਸਰੋਤਿਆਂ ਨੂੰ ਕੀਲ ਲੈਂਦੇ ਹਨ। ਆਪਣੇ ਪ੍ਰੋਗਰਾਮਾਂ ਵਿੱਚ ਇਹ ਸਮੇਂ ਦੀ ਮੰਗ ਅਨੁਸਾਰ ਢੁੱਕਵੀਆਂ ਰਚਨਾਵਾਂ ਪੇਸ਼ ਕਰਦੇ ਹਨ।

ਵੱਖ ਵੱਖ ਚੈਨਲਾਂ ਵੱਲੋਂ ਪ੍ਰਸਾਰਿਤ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹੁੰਦੀਆਂ ਮੰਡੇਰ ਭਰਾਵਾਂ ਦੀਆਂ ਪੇਸ਼ਕਾਰੀਆਂ ਨੂੰ ਦੇਖ ਕੇ ਕੁਝ ਸੂਝਵਾਨ ਲੋਕਾਂ ਨੇ ਇਸ ਸੱਚੀ ਸੁੱਚੀ ਗਾਇਕੀ ਨੂੰ ਭਰਪੂਰ ਹੁੰਗਾਰਾ ਦਿੱਤਾ ਹੈ। ਕਈਆਂ ਨੇ ਪਹਿਲ ਕਰਕੇ ਆਪਣੇ ਬੱਚਿਆਂ ਦੇ ਵਿਆਹਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਇਨ੍ਹਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ। ਦੇਖਾ ਦੇਖੀ ਇਹ ਰੁਝਾਨ ਵਧਦਾ ਗਿਆ। ਲੰਘੇ ਸੀਜ਼ਨ ਵਿੱਚ ਇਨ੍ਹਾਂ ਨੇ ਵਿਆਹਾਂ ਦੇ ਪੰਜਾਹ ਦੇ ਲਗਭਗ ਪ੍ਰੋਗਰਾਮ ਕੀਤੇ। ਇਨ੍ਹਾਂ ਦੇ ਜੁੱਟ ਤੋਂ ਇਲਾਵਾ ਲੋਕ ਢਾਡੀ ਅਤੇ ਤੂੰਬੇ ਜੋੜੀ ਵਾਲੇ ਦੂਜੇ ਜੁੱਟਾਂ ਨੂੰ ਵੀ ਲੋਕਾਂ ਨੇ ਆਪਣੇ ਪ੍ਰੋਗਰਾਮਾਂ ਵਿੱਚ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਪੰਜਾਬੀਆਂ ਲਈ ਸ਼ੁਭ ਸ਼ਗਨ ਹੈ।

ਮੰਡੇਰ ਭਰਾਵਾਂ ਦੇ ਜੁੱਟ ਵੱਲੋਂ ਗਾਏ ਜਾਂਦੇ ‘ਰੰਗਾਂ’ ਵਿੱਚੋਂ ਕੁਝ ਇਸ ਪ੍ਰਕਾਰ ਹਨ;

*ਸਮਝ ਕਰੀਂ ਅਣਜਾਣਾ, ਨਾ ਪੀ ਭੰਗ ਕਟੋਰੀ ਨੂੰ।

ਜਿਸਦਾ ਨੀਲਾ ਬਾਣਾ, ਯਾਦ ਕਰ ਨੰਦ ਕਿਸ਼ੋਰੀ ਨੂੰ।

ਓਸ ਬਿਨਾਂ ਨਹੀਂ ਸਰਨਾ ਪੁੱਛ ਲੈ ਵੇਦ ਕੁਰਾਨਾਂ ’ਤੇ।

ਹੁਸਨ, ਜਵਾਨੀ, ਮਾਪੇ ਮਿਲਦੇ ਨਾ ਦੁਕਾਨਾਂ ’ਤੇ।

*ਕੰਨੀਂ ਮੁੰਦਰਾਂ ਸੁਨਹਿਰੀ ਗਲ਼ ਗਾਨੀ

ਭਾਬੋ ਨੀਂ ਇੱਕ ਜੋਗੀ ਆ ਗਿਆ।

ਜੁਲਫ਼ਾਂ ਕਾਲੀਆਂ ਤੇ ਅੱਖ ਮਸਤਾਨੀ

ਭਾਬੋ ਨੀਂ ਇੱਕ ਜੋਗੀ ਆ ਗਿਆ।

*ਹਾਏ ਓ ਰੱਬਾ ਸੋਹਣਿਆਂ ਨੂੰ ਛੇਤੀ ਕਿਉਂ ਨ੍ਹੀਂ ਮੇਲਦਾ।

ਗੁਲ ਹੋਜੂ ਗਾ ਦੀਵਾ ਮੇਰੀ ਜ਼ਿੰਦਗੀ ਦੇ ਖੇਲ ਦਾ।

*ਮੀਂਹ ਵਰਸੇ ਬਿਜਲੀ ਕੜਕੇ

ਭਿੱਜ ਗਈਆਂ ਨਣਾਨੇ ਪੂਣੀਆਂ।

ਨਾਲੇ ਬਾਹਰੇ ਭਿੱਜਗੇ ਚਰਖੇ

ਭਿੱਜ ਗਈਆਂ ਨਣਾਨੇ ਪੂਣੀਆਂ।

*ਮੇਰਾ ਮਾਸ ਮੱਛੀਓ ਨਾ ਖਾਇਓ

ਨੀਂ ਮੈਂ ਆਂ ਸੋਹਣੀ ਮਹੀਂਵਾਲ ਦੀ।

ਤੁਸੀਂ ਭੁੱਲ ਕੇ ਨਾ ਕਹਿਰ ਕਮਾਇਓ

ਨੀਂ ਮੈਂ ਆਂ ਸੋਹਣੀ ਮਹੀਂਵਾਲ ਦੀ।

*ਜੇ ਤੂੰ ਅੱਖੀਆਂ ਦੇ ਸਾਹਮਣੇ ਨ੍ਹੀਂ ਰਹਿਣਾ

ਮਾਹੀ ਵੇ ਸਾਡਾ ਦਿਲ ਮੋੜਦੇ।

ਸਾਡਾ ਨਿੱਕਾ ਜਿਹਾ ਮੰਨਣਾ ਨ੍ਹੀਂ ਕਹਿਣਾ

ਮਾਹੀ ਵੇ ਸਾਡਾ ਦਿਲ ਮੋੜਦੇ।

*ਧੀਆਂ ਹੁੰਦੀਆਂ ਨੇ ਦੌਲਤਾਂ ਬਿਗਾਨੀਆਂ

ਵੇ ਹੱਸ ਹੱਸ ਤੋਰ ਬਾਬਲਾ।

ਤੇਰੇ ਮਹਿਲਾਂ ਨੂੰ ਮੈਂ ਛੱਡ ਅੱਜ ਜਾਨੀਆਂ

ਵੇ ਹੱਸ ਹੱਸ ਤੋਰ ਬਾਬਲਾ।

ਜਸਕੰਵਰ ਅਤੇ ਉਸ ਦੇ ਸਾਥੀ ਆਪਣੇ ਪਿਤਾ ਨਵਜੋਤ ਸਿੰਘ ਮੰਡੇਰ ਦੀ ਅਗਵਾਈ ਵਿੱਚ ਪੰਜਾਬੀ ਲੋਕ ਸੰਗੀਤ ਦੀ ਉਸ ਵਿਰਾਸਤ ਨੂੰ ਸਾਂਭਣ ਲਈ ਯਤਨਸ਼ੀਲ ਹਨ, ਜਿਸ ਦਾ ਇੱਕ ਸ਼ਾਨਾਂ ਮੱਤਾ ਇਤਿਹਾਸ ਹੈ। ਪੰਜਾਬੀਆਂ ਨੂੰ ਇਨ੍ਹਾਂ ਤੋਂ ਵੱਡੀਆਂ ਆਸਾਂ ਹਨ।

ਸੰਪਰਕ : 84271-00341

Advertisement
Show comments