ਉਮਰ ਦੇ ਘਾਲੇ-ਮਾਲੇ ਨਾਲ ਖਿਡਾਰੀਆਂ ਦਾ ਟੁੱਟਦਾ ਮਨੋਬਲ
ਭਾਰਤ ਵਿੱਚ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਹਰ ਸਾਲ ਜ਼ੋਨ ਪੱਧਰ, ਜ਼ਿਲ੍ਹਾ ਪੱਧਰ, ਰਾਜ ਪੱਧਰ ਅਤੇ ਨੈਸ਼ਨਲ ਪੱਧਰ ਦੀਆਂ ਸਕੂਲ ਖੇਡਾਂ ਦੇ ਮੁਕਾਬਲੇ ਵੱਖ-ਵੱਖ ਉਮਰ ਵਰਗਾਂ ਜਿਵੇਂ ਅੰਡਰ 11 ਸਾਲ, ਅੰਡਰ 14 ਸਾਲ, ਅੰਡਰ 17 ਸਾਲ ਅਤੇ ਅੰਡਰ 19 ਸਾਲ ਵਿਚਕਾਰ ਕਰਵਾਏ ਜਾਂਦੇ ਹਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਇਹ ਮੁਕਾਬਲੇ ਕਹਿਣ ਨੂੰ ਤਾਂ ਵੱਖ-ਵੱਖ ਉਮਰ ਵਰਗਾਂ ਦੇ ਹੋ ਰਹੇ ਹੁੰਦੇ ਹਨ, ਪਰ ਅਸਲੀਅਤ ਵਿੱਚ ਬਹੁਤੀਆਂ ਟੀਮਾਂ ਦੇ ਖਿਡਾਰੀ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਆਪਣੀ ਉਮਰ ਦੇ ਜਾਅਲੀ ਸਰਟੀਫਿਕੇਟ ਤਿਆਰ ਕਰਵਾ ਲੈਂਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਖਿਡਾਰੀਆਂ ਦੀ ਉਮਰ ਅਸਲੀ ਨਾਲੋਂ ਕਈ ਕਈ ਸਾਲ ਘੱਟ ਲਿਖੀ ਹੁੰਦੀ ਹੈ। ਜਿਸ ਖਿਡਾਰੀ ਕੋਲ ਉਮਰ ਦਾ ਸਰਟੀਫਿਕੇਟ ਹੁੰਦਾ ਹੈ ਤਾਂ ਉਸ ਸਬੂਤ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਉਸ ਖਿਡਾਰੀ ਨੂੰ ਕਿਸੇ ਵੀ ਤਰੀਕੇ ਨਾਲ ਖੇਡਣ ਤੋਂ ਰੋਕਿਆ ਨਹੀਂ ਜਾ ਸਕਦਾ। ਜਿਸ ਕਰਕੇ ਸਹੀ ਉਮਰ ਵਾਲੇ ਖਿਡਾਰੀਆਂ ਦਾ ਹੱਕ ਮਾਰਿਆ ਜਾਂਦਾ ਹੈ ਅਤੇ ਇੱਕ ਪਾਸੜ ਮੁਕਾਬਲੇ ਵੇਖਣ ਨੂੰ ਮਿਲਦੇ ਹਨ।
ਜੇਕਰ ਖੇਡ ਦੀ ਅਸਲ ਭਾਵਨਾ ਨੂੰ ਬਰਕਰਾਰ ਰੱਖਣਾ ਅਤੇ ਨਵੇਂ ਉੱਭਰਦੇ ਖਿਡਾਰੀਆਂ ਨੂੰ ਲੰਬੇ ਸਮੇਂ ਤੱਕ ਖੇਡਾਂ ਨਾਲ ਜੋੜ ਕੇ ਰੱਖਣਾ ਹੈ ਤਾਂ ਇਸ ਗੱਲ ਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਖਿਡਾਰੀ ਆਪਣੇ ਉਮਰ ਵਰਗ ਵਿੱਚ ਹੀ ਮੁਕਾਬਲਾ ਕਰਨ। ਕੋਈ ਵੀ ਵੱਡੀ ਉਮਰ ਦਾ ਖਿਡਾਰੀ ਉਮਰ ਦੀ ਹੇਰਾਫੇਰੀ ਕਰਕੇ ਹੇਠਲੇ ਉਮਰ ਗਰੁੱਪ ਵਿੱਚ ਨਾ ਖੇਡੇ। ਇਸ ਲਈ ਖਿਡਾਰੀਆਂ ਦੀ ਅਸਲ ਉਮਰ ਜਾਣਨ ਲਈ ਮੈਡੀਕਲ ਟੈਸਟ ਕਰਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਖਿਡਾਰੀਆਂ ਨੂੰ ਆਪਣੀ ਉਮਰ ਅਨੁਸਾਰ ਆਪਣੇ ਬਰਾਬਰ ਦੇ ਖਿਡਾਰੀ ਮਿਲਣਗੇ ਅਤੇ ਉਨ੍ਹਾਂ ਵਿਚਕਾਰ ਸਿਹਤਮੰਦ ਮੁਕਾਬਲੇ ਵੇਖਣ ਨੂੰ ਮਿਲਣਗੇ।
ਜਿਸ ਤਰ੍ਹਾਂ ਡੋਪ ਟੈਸਟ ਕਰਕੇ ਪਾਬੰਦੀਸ਼ੁਦਾ ਤਾਕਤ ਵਧਾਊ ਦਵਾਈਆਂ ਦੀ ਵਰਤੋਂ ਕਰਨ ਦਾ ਪਤਾ ਲਗਾਇਆ ਜਾਂਦਾ ਹੈ, ਉਸ ਤਰਜ਼ ’ਤੇ ਖਿਡਾਰੀਆਂ ਦੀ ਅਸਲ ਉਮਰ ਦਾ ਪਤਾ ਲਗਾਉਣ ਲਈ ਮੈਡੀਕਲ ਟੈਸਟ ਵੀ ਕਰਨਾ ਚਾਹੀਦਾ ਹੈ। ਕਿਉਂਕਿ ਕਈ ਵਿਅਕਤੀ ਵੱਡੀ ਉਮਰ ਦੇ ਖਿਡਾਰੀਆਂ ਨੂੰ ਘੱਟ ਉਮਰ ਵਰਗ ਵਿੱਚ ਖਿਡਾਉਣ ਲਈ ਮਿਲੀਭੁਗਤ ਕਰਕੇ ਉਮਰ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਲੈਂਦੇ ਹਨ, ਪਰ ਇਸ ਟੈਸਟ ਵਿੱਚ ਵੀ ਇਮਾਨਦਾਰੀ ਜ਼ਰੂਰੀ ਹੈ। ਉਮਰ ਦੀ ਇਸ ਹੇਰਾਫੇਰੀ ਵਿੱਚ ਖਿਡਾਰੀ, ਕੋਚ, ਸਕੂਲ, ਖੇਡ ਫੈਡਰੇਸ਼ਨਾਂ ਤੇ ਮਾਪੇ ਬਰਾਬਰ ਦੇ ਜ਼ਿੰਮੇਵਾਰ ਹੁੰਦੇ ਹਨ।
ਇਸ ਵਰਤਾਰੇ ਕਾਰਨ ਜਿੱਥੇ ਨਵੇਂ ਉੱਭਰਦੇ ਖਿਡਾਰੀਆਂ ਦਾ ਮਨੋਬਲ ਟੁੱਟਦਾ ਹੈ, ਉੱਥੇ ਨਾਲ ਹੀ ਘੱਟ ਉਮਰ ਦੇ ਸਬੂਤ ਤਿਆਰ ਕਰਵਾ ਕੇ ਖੇਡਣ ਵਾਲੇ ਵੱਡੀ ਉਮਰ ਦੇ ਖਿਡਾਰੀਆਂ ਦੀ ਖੇਡ ਦਾ ਪੱਧਰ ਵੀ ਨਹੀਂ ਵਧਦਾ। ਕਿਉਂਕਿ ਆਪਣੇ ਤੋਂ ਕਮਜ਼ੋਰ ਖਿਡਾਰੀਆਂ ਨਾਲ ਖੇਡਣ ਕਰਕੇ ਉਨ੍ਹਾਂ ਨੂੰ ਬਰਾਬਰ ਦਾ ਮੁਕਾਬਲਾ ਨਹੀਂ ਮਿਲਦਾ ਜਿਸ ਕਾਰਨ ਉਨ੍ਹਾਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਦੀ ਗੁੰਜਾਇਸ਼ ਹੌਲੀ ਹੌਲੀ ਖ਼ਤਮ ਹੋ ਜਾਂਦੀ ਹੈ।
ਜਦੋਂ ਸਕੂਲ ਨੈਸ਼ਨਲ ਸਕੂਲ ਖੇਡਾਂ ਹੁੰਦੀਆਂ ਹਨ ਤਾਂ ਉਸ ਸਮੇਂ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। ਮੇਜ਼ਬਾਨ ਪ੍ਰਾਂਤ ਵੱਲੋਂ ਹਰ ਤਰੀਕੇ ਨਾਲ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਪਹਿਲਾ ਸਥਾਨ ਆਪਣੇ ਕੋਲ ਹੀ ਰੱਖਣ। ਇਸ ਲਈ ਭਾਵੇਂ ਕੋਈ ਵੀ ਢੰਗ ਤਰੀਕਾ ਵਰਤਣਾ ਪਵੇ, ਉਹ ਜ਼ਰੂਰ ਵਰਤਦੇ ਹਨ। 2024-25 ਸੈਸ਼ਨ ਵਿੱਚ ਉੱਤਰ ਪ੍ਰਦੇਸ਼ ਦੇ ਸ਼ਹਿਰ ਵਾਰਾਨਸੀ ਵਿਖੇ 68ਵੀਆਂ ਨੈਸ਼ਨਲ ਸਕੂਲ ਖੇਡਾਂ ਵਾਲੀਬਾਲ ਅੰਡਰ 14 ਸਾਲ (ਲੜਕੇ) ਦੇ ਮੁਕਾਬਲੇ ਵੇਖਣ ਦਾ ਮੌਕਾ ਮਿਲਿਆ। ਉੱਥੇ ਇਹ ਲੱਗ ਹੀ ਨਹੀਂ ਰਿਹਾ ਸੀ ਕਿ ਖੇਡਣ ਵਾਲੇ ਇਹ ਬੱਚੇ 14 ਸਾਲ ਤੋਂ ਘੱਟ ਉਮਰ ਵਰਗ ਦੇ ਹੋਣਗੇ। ਪਹਿਲੀ ਨਜ਼ਰੇ ਵੇਖਣ ਨੂੰ ਉਹ ਕਾਲਜ ਦੇ ਵਿਦਿਆਰਥੀ ਲੱਗ ਰਹੇ ਸਨ। ਉਨ੍ਹਾਂ ਦੇ ਖੇਡਣ ਦੇ ਤੌਰ-ਤਰੀਕਿਆਂ ਤੋਂ ਇਹ ਲੱਗਦਾ ਸੀ ਕਿ ਜਿਵੇਂ ਕੋਈ ਅੰਤਰ ਕਾਲਜ ਟੂਰਨਾਮੈਂਟ ਚੱਲ ਰਿਹਾ ਹੋਵੇ। ਉਨ੍ਹਾਂ ਨੂੰ ਵੇਖ ਕੇ ਇਹ ਜਾਪਦਾ ਸੀ ਜਿਵੇਂ ਉਹ ਪੇਸ਼ੇਵਰ ਖਿਡਾਰੀ ਹੋਣ। ਮੇਜ਼ਬਾਨ ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਤੋਂ ਇਲਾਵਾ ਹੋਰ ਵੀ ਕੁਝ ਰਾਜਾਂ ਦੇ ਖਿਡਾਰੀ ਅੰਡਰ 14 ਸਾਲ ਗਰੁੱਪ ਦੇ ਨਾ ਹੋ ਕੇ ਵੱਡੀ ਉਮਰ ਦੇ ਲੱਗ ਰਹੇ ਸਨ। ਉਨ੍ਹਾਂ ਦੀਆਂ ਮਾਸਪੇਸ਼ੀਆਂ ਅਤੇ ਚਿਹਰਾ ਵੇਖ ਕੇ ਕਿਸੇ ਪਾਸੇ ਤੋਂ ਵੀ ਉਹ 14 ਸਾਲ ਤੋਂ ਘੱਟ ਉਮਰ ਦੇ ਨਹੀਂ ਲੱਗ ਰਹੇ ਸਨ। ਖ਼ਾਸ ਕਰਕੇ ਉੱਤਰ ਪ੍ਰਦੇਸ਼ ਦੀ ਟੀਮ ਦਾ ਤਾਂ ਪੂਰੇ ਦਾ ਪੂਰਾ ਪਲੇਇੰਗ ਸੈੱਟ ਹੀ ਪਰਿਪੱਕ ਉਮਰ ਦੇ ਖਿਡਾਰੀਆਂ ਦਾ ਲੱਗ ਰਿਹਾ ਸੀ। ਉੱਤਰ ਪ੍ਰਦੇਸ਼ ਦੇ ਖਿਡਾਰੀ ਆਪਣੇ ਲੀਗ ਮੈਚਾਂ ਦੌਰਾਨ ਜਾਣਬੁੱਝ ਕੇ ਆਪਣੀ ਪੂਰੀ ਸਮਰੱਥਾ ਨਾਲ ਨਾ ਖੇਡ ਕੇ ਇਹ ਕੋਸ਼ਿਸ਼ ਕਰਦੇ ਸਨ ਕਿ ਵਿਰੋਧੀ ਟੀਮ ਨੂੰ ਵੱਡੇ ਅੰਕਾਂ ਦੇ ਫ਼ਰਕ ਨਾਲ ਨਾ ਹਰਾਇਆ ਜਾਵੇ ਤਾਂ ਕਿ ਇਹ ਪ੍ਰਭਾਵ ਸਿਰਜਿਆ ਜਾ ਸਕੇ ਕਿ ਦੋਵੇਂ ਟੀਮਾਂ ਵਿਚਕਾਰ ਵਧੀਆ ਮੁਕਾਬਲਾ ਹੋ ਰਿਹਾ ਹੈ। ਇਸ 14 ਸਾਲ ਤੋਂ ਘੱਟ ਉਮਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਯੂਪੀ ਦੀ ਟੀਮ ਨੇ ਰਾਜਸਥਾਨ ਨੂੰ ਹਰਾ ਕੇ ਸੋਨੇ ਦਾ ਤਗ਼ਮਾ ਜਿੱਤਿਆ ਸੀ। ਇਸ ਗੱਲ ਦੀ ਪੁਸ਼ਟੀ ਕਰਨ ਲਈ ਤੁਸੀਂ ਯੂ-ਟਿਊਬ ’ਤੇ ਜਾ ਕੇ ਇਸ ਮੈਚ ਦਾ ਵੀਡਿਓ ਵੇਖ ਕੇ ਆਪਣੀ ਤਸੱਲੀ ਕਰ ਸਕਦੇ ਹੋ। ਮੈਚ ਵੇਖ ਕੇ ਤੁਸੀਂ ਖ਼ੁਦ ਹੀ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਕੀ ਸੱਚਮੁਚ ਇਨ੍ਹਾਂ ਦੋਵੇਂ ਟੀਮਾਂ ਦੇ ਖਿਡਾਰੀ 14 ਸਾਲ ਤੋਂ ਘੱਟ ਉਮਰ ਦੇ ਹਨ ਜਾਂ ਵੱਡੀ ਉਮਰ ਦੇ।
ਭਾਰਤ ਦੀਆਂ ਟੀਮਾਂ ਜੋ ਅੰਤਰ ਰਾਸ਼ਟਰੀ ਪੱਧਰ ’ਤੇ ਖੇਡਣ ਜਾਂਦੀਆਂ ਹਨ, ਜਦੋਂ ਤੱਕ ਉਹ ਜੂਨੀਅਰ ਵਰਗ ਵਿੱਚ ਖੇਡਦੀਆਂ ਹਨ ਤਾਂ ਮੈਡਲ ਜਿੱਤ ਕੇ ਮੁੜਦੀਆਂ ਹਨ, ਪਰ ਜਦੋਂ ਸੀਨੀਅਰ ਵਰਗ ਵਿੱਚ ਮੁਕਾਬਲੇ ਹੁੰਦੇ ਹਨ ਤਾਂ ਉਹ ਵਿਰੋਧੀ ਦੇਸ਼ਾਂ ਦੀਆਂ ਟੀਮਾਂ ਖਿਲਾਫ਼ ਠੁੱਸ ਹੋ ਜਾਂਦੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਵੀ ਇਹ ਹੀ ਹੈ ਕਿ ਵੱਡੀ ਉਮਰ ਦੇ ਖਿਡਾਰੀ ਉਮਰ ਦੇ ਗ਼ਲਤ ਦਸਤਾਵੇਜ਼ ਤਿਆਰ ਕਰਕੇ ਘੱਟ ਉਮਰ ਵਰਗਾਂ ਵਿੱਚ ਖੇਡ ਕੇ ਆਪਣੀ ਉੱਚਤਮ ਸਮਰੱਥਾ ’ਤੇ ਪਹੁੰਚਣ ਤੋਂ ਪਹਿਲਾਂ ਹੀ ਨਿਘਾਰ ਵੱਲ ਜਾਣੇ ਸ਼ੁਰੂ ਹੋ ਜਾਂਦੇ ਹਨ।
ਇਸ ਨੂੰ ਸਾਡੇ ਦੇਸ਼ ਦਾ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਹਰ ਖੇਡ ਵਿੱਚ ਇਹ ਮਾੜਾ ਵਰਤਾਰਾ ਵਾਪਰ ਰਿਹਾ ਹੈ। ਭਾਰਤ ਸਰਕਾਰ ਦੇ ਖੇਡ ਮੰਤਰਾਲੇ ਨੂੰ ਇਨ੍ਹਾਂ ਗੱਲਾਂ ਦਾ ਜ਼ਰੂਰ ਨੋਟਿਸ ਲੈਣਾ ਚਾਹੀਦਾ ਹੈ। ਇੱਕ ਖਿਡਾਰੀ ਜਿਹੜਾ ਸਾਰਾ ਸਾਲ ਇਸ ਉਮੀਦ ਨਾਲ ਮਿਹਨਤ ਕਰਦਾ ਹੈ ਕਿ ਉਹ ਆਪਣੀ ਮਿੱਥੀ ਹੋਈ ਮੰਜ਼ਿਲ ’ਤੇ ਜ਼ਰੂਰ ਪਹੁੰਚੇਗਾ, ਪਰ ਖੇਡਾਂ ਵਿੱਚ ਚੱਲ ਰਹੇ ਮਾੜੇ ਵਰਤਾਰਿਆਂ ਕਾਰਨ ਉਸ ਦੀਆਂ ਇੱਛਾਵਾਂ ਧਰੀਆਂ-ਧਰਾਈਆਂ ਹੀ ਰਹਿ ਜਾਂਦੀਆਂ ਹਨ।
ਸਖ਼ਤ ਮਿਹਨਤਾਂ ਕਰਕੇ ਅੱਗੇ ਆਏ 14 ਸਾਲ ਤੋਂ ਘੱਟ ਉਮਰ ਦੇ ਖਿਡਾਰੀ (ਜੋ ਆਪਣੇ ਉਮਰ ਵਰਗ ਵਿੱਚ ਪਿੰਡੇ ’ਤੇ ਮਿੱਟੀ ਵੀ ਨਹੀਂ ਸੀ ਲੱਗਣ ਦਿੰਦੇ) ਨੂੰ ਜ਼ੋਨ, ਜ਼ਿਲ੍ਹਾ, ਰਾਜ ਜਾਂ ਨੈਸ਼ਨਲ ਸਕੂਲ ਖੇਡਾਂ ਵਿੱਚ ਜਦੋਂ ਉਮਰ ਦੀ ਹੇਰਾਫੇਰੀ ਕਰਕੇ ਘੱਟ ਉਮਰ ਗਰੁੱਪ ਵਿੱਚ ਖੇਡ ਰਹੇ ਵੱਡੀ ਉਮਰ ਦੇ ਖਿਡਾਰੀਆਂ ਨਾਲ ਖੇਡਣ ਲਈ ਮਜਬੂਰ ਹੋਣਾ ਪੈਂਦਾ ਹੈ ਤਾਂ ਸਹੀ ਖਿਡਾਰੀਆਂ ਦੇ ਮਨ ਦੀਆਂ ਸੱਧਰਾਂ ਦਮ ਤੋੜਨ ਲੱਗਦੀਆਂ ਹਨ ਅਤੇ ਉਹ ਦੁਖੀ ਹੋ ਕੇ ਖੇਡ ਤੋਂ ਦੂਰ ਹੋ ਜਾਂਦੇ ਹਨ। ਕੇਂਦਰ ਸਰਕਾਰ ਵੱਲੋਂ ਖੇਡਾਂ ਵਿੱਚ ਉਮਰ ਦੀ ਜਾਅਲਸਾਜ਼ੀ ਕਰਨ ਤੋਂ ਰੋਕਣ ਲਈ 2010 ਵਿੱਚ ਭਾਵੇਂ ਨੈਸ਼ਨਲ ਕੋਡ ਅਗੇਂਸਟ ਏਜ਼ ਇਨ ਸਪੋਰਟਸ (NCAAS) ਬਣਿਆ ਹੋਇਆ ਹੈ, ਪਰ ਫਿਰ ਵੀ ਇਹ ਜਾਅਲਸਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ।
ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਅਨੁਸਾਰ ਅੰਡਰ 11 ਵਿੱਚ ਤੀਜੀ ਤੋਂ ਪੰਜਵੀਂ, ਅੰਡਰ 14 ਵਿੱਚ 6ਵੀਂ ਤੋਂ 12ਵੀਂ, ਅੰਡਰ 17 ਵਿੱਚ 6ਵੀਂ ਤੋਂ 12ਵੀਂ ਅਤੇ ਅੰਡਰ 19 ਵਿੱਚ 6ਵੀਂ ਤੋਂ 12ਵੀਂ ਵਿੱਚ ਪੜ੍ਹਦੇ ਖਿਡਾਰੀ ਹਿੱਸਾ ਲੈ ਸਕਦੇ ਹਨ, ਪਰ ਇਹ ਨੀਤੀ ਖਿਡਾਰੀਆਂ ਨਾਲ ਸਹੀ ਨਿਆਂ ਨਹੀਂ ਕਰਦੀ। ਇਸ ਲਈ ਅੰਡਰ 14 ਵਿੱਚ ਸਿਰਫ਼ 6ਵੀਂ ਤੋਂ 8ਵੀਂ, ਅੰਡਰ 17 ਵਿੱਚ ਸਿਰਫ਼ 9ਵੀਂ ਤੇ 10ਵੀਂ ਅਤੇ ਅੰਡਰ 19 ਵਿੱਚ ਸਿਰਫ਼ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਹੀ ਭਾਗ ਲੈਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਕਿਉਂਕਿ ਉਮਰ ਦੇ ਜਾਅਲੀ ਦਸਤਾਵੇਜ਼ ਬਣਾ ਕੇ ਖਿਡਾਰੀ ਹੇਠਲੇ ਵਰਗ ਵਿੱਚ ਹੀ ਖੇਡਦੇ ਹਨ ਜਿਸ ਕਾਰਨ ਸਾਰੇ ਵਰਗਾਂ ਵਿੱਚ ਸਿਹਤਮੰਦ ਮੁਕਾਬਲੇ ਹੋਣ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ। ਜਦਕਿ ਐੱਸਜੀਐੱਫਆਈ ਦੀ ਖੇਡ ਨੀਤੀ ਅਨੁਸਾਰ ਹੋ ਰਹੇ ਮੁਕਾਬਲਿਆਂ ਵਿੱਚ ਹੁਣ ਅੰਡਰ 17 ਵਿੱਚ ਹੀ ਜ਼ਿਆਦਾਤਰ ਖਿਡਾਰੀ ਭਾਗ ਲੈਂਦੇ ਹਨ ਅਤੇ ਅੰਡਰ 19 ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਸਕੂਲ ਦੀ ਪੜ੍ਹਾਈ ਖ਼ਤਮ ਹੋ ਜਾਂਦੀ ਹੈ।
ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਵਸ (29 ਅਗਸਤ) ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹਰ ਸਾਲ ਇਸ ਦਿਨ ਸਰਕਾਰਾਂ ਵੱਲੋਂ ਵੱਡੇ ਸਮਾਗਮ ਕਰਕੇ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਰਕਾਰਾਂ ਦੇ ਨੁਮਾਇੰਦੇ ਖੇਡਾਂ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਕਿੰਨੀ ਗੰਭੀਰਤਾ ਨਾਲ ਕੰਮ ਕਰ ਰਹੇ ਹਨ, ਪਰ ਅਸਲੀਅਤ ਵਿੱਚ ਜ਼ਮੀਨੀ ਪੱਧਰ ’ਤੇ ਹਾਲਾਤ ਕੁਝ ਹੋਰ ਹਨ। ਭਾਰਤ ਵੱਲੋਂ 1936 ਦੀਆਂ ਓਲੰਪਿਕ ਖੇਡਾਂ ਕਰਵਾਉਣ ਲਈ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ, ਇਸ ਨੂੰ ਚੰਗਾ ਕਦਮ ਕਿਹਾ ਜਾ ਸਕਦਾ ਹੈ, ਪਰ ਓਲੰਪਿਕ ਖੇਡਾਂ ਕਰਵਾਉਣ ਤੋਂ ਪਹਿਲਾਂ ਭਾਰਤ ਦੇ ਖੇਡ ਢਾਂਚੇ ਵਿਚਲੀਆਂ ਊਣਤਾਈਆਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਖੇਡਾਂ ਦੌਰਾਨ ਹੁੰਦੀਆਂ ਹੇਰਾਫੇਰੀਆਂ ਨੂੰ ਰੋਕਣ ਲਈ ਭਾਵੇਂ ਕਾਨੂੰਨ ਬਣੇ ਹੋਏ ਹਨ, ਪਰ ਉਨ੍ਹਾਂ ਨੂੰ ਸਖ਼ਤੀ ਅਤੇ ਇਮਾਨਦਾਰੀ ਨਾਲ ਲਾਗੂ ਕਰਨ ਦੀ ਲੋੜ ਹੈ। ਵੱਡੇ ਰਾਜਾਂ ਅਤੇ ਰਾਜਨੀਤਕ ਲੋਕਾਂ ਦਾ ਖੇਡ ਫੈਡਰੇਸ਼ਨਾਂ ਉੱਤੇ ਬਣਾਇਆ ਹੋਇਆ ਦਬਦਬਾ ਖ਼ਤਮ ਕਰਕੇ ਖੇਡ ਫੈਡਰੇਸ਼ਨ ਵਿੱਚ ਆਪਣੇ ਸਮੇਂ ਦੇ ਵਧੀਆ ਖਿਡਾਰੀ ਰਹਿ ਚੁੱਕੇ ਲੋਕਾਂ ਨੂੰ ਪ੍ਰਤੀਨਿਧਤਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਇੱਕ ਖਿਡਾਰੀ ਹੋਣ ਦੇ ਨਾਂ ’ਤੇ ਆਉਂਦੀਆਂ ਦਿੱਕਤਾਂ ਨੂੰ ਆਸਾਨੀ ਨਾਲ ਹੱਲ ਕਰ ਸਕਣ।
ਸੰਪਰਕ: 94178-30981