ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੱਸੂ ਆਸਾਂ ਦਾ ਮਹੀਨਾ...

ਪੰਜਾਬ ਵਿੱਚ ਅੱਸੂ ਤੇ ਕੱਤਕ ਦੀ ਰੁੱਤ ਨੂੰ ‘ਨਾ ਠੰਢੇ ਨਾ ਤੱਤੇ’ ਖੁੱਲ੍ਹੀ ਬਹਾਰ ਵਾਲੀ ਰੁੱਤ ਕਿਹਾ ਗਿਆ ਹੈ। ਇਸ ਮਹੀਨੇ ਹਨੇਰੇ ਪੱਖ ਦੇ 15 ਸ਼ਰਾਧ ਹੁੰਦੇ ਹਨ, ਜਿਸ ਦੌਰਾਨ ਲੋਕ ਆਪਣੇ ਪਿੱਤਰਾਂ ਦੀ ਯਾਦ ਵਿੱਚ ਭੋਜਨ ਛਕਾਉਂਦੇ ਹਨ। ਸ਼ਰਾਧਾਂ...
Advertisement

ਪੰਜਾਬ ਵਿੱਚ ਅੱਸੂ ਤੇ ਕੱਤਕ ਦੀ ਰੁੱਤ ਨੂੰ ‘ਨਾ ਠੰਢੇ ਨਾ ਤੱਤੇ’ ਖੁੱਲ੍ਹੀ ਬਹਾਰ ਵਾਲੀ ਰੁੱਤ ਕਿਹਾ ਗਿਆ ਹੈ। ਇਸ ਮਹੀਨੇ ਹਨੇਰੇ ਪੱਖ ਦੇ 15 ਸ਼ਰਾਧ ਹੁੰਦੇ ਹਨ, ਜਿਸ ਦੌਰਾਨ ਲੋਕ ਆਪਣੇ ਪਿੱਤਰਾਂ ਦੀ ਯਾਦ ਵਿੱਚ ਭੋਜਨ ਛਕਾਉਂਦੇ ਹਨ। ਸ਼ਰਾਧਾਂ ਤੋਂ ਬਾਅਦ ਨਰਾਤੇ ਆਉਣ ਨਾਲ ਇਨ੍ਹਾਂ ਦਿਨਾਂ ’ਚ ਵੱਖੋ ਵੱਖਰੇ ਸਮਾਜਿਕ, ਧਾਰਮਿਕ ਕਾਰਜ ਰਚਾਉਣ ਲਈ ਬੜੇ ਪਵਿੱਤਰ ਮੰਨੇ ਜਾਂਦੇ ਹਨ। ਅੱਸੂ ਦੇ ਮਹੀਨੇ ਸ਼ੁਭ ਕਾਰਜਾਂ ਦੀ ਆਰੰਭਤਾ ਹੋਣ ਕਰਕੇ ਇਸ ਨੂੰ ਆਸਾਂ ਦਾ ਮਹੀਨਾ ਕਿਹਾ ਜਾਂਦਾ ਹੈ।

ਦਰਅਸਲ, ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਜਦੋਂ ਗੁੱਗਾ ਨੌਵੀਂ ਮੌਕੇ ਪੈਂਦੀਆਂ ਛਿੰਝਾਂ ’ਚ ਦੂਰ ਦੁਰਾਡਿਓਂ ਢੋਲਾਂ ਦੀ ਆਵਾਜ਼ ਕੰਨਾਂ ’ਚ ਪੈਣ ਲੱਗ ਪਵੇ ਤਾਂ ਲੰਮੇ ਸਮੇਂ ਤੋਂ ਗਰਮੀ ਦੇ ਥਪੇੜਿਆਂ, ਪਿੰਡਾ ਲੂੰਹਦੀਆਂ ਦੁਪਹਿਰਾਂ, ਹੁੰਮਸ ਤੇ ਵੱਟ ਨਾਲ ਤਰੇਲੋ ਤਰੇਲੀ ਹੋਈ ਜ਼ਿੰਦਗੀ ਨੂੰ ਆਸ ਬੱਝਣੀ ਸ਼ੁਰੂ ਹੋ ਜਾਂਦੀ ਹੈ ਕਿ ਜ਼ਿੰਦਗੀ ਨੂੰ ਸਕੂਨ ਤੇ ਚੌਗਿਰਦੇ ਨੂੰ ਟਿਕਾਅ ਦੇਣ ਵਾਲਾ ਅੱਸੂ ਮਹੀਨਾ ਲੋਕਾਈ ਦੇ ਦਰਾਂ ਮੂਹਰੇ ਆ ਖਲੌਣ ਵਾਲਾ ਹੈ। ਅੱਸੂ ਸ਼ੁਰੂ ਹੋਣ ਮੌਕੇ ਚੋਆਂ, ਨਦੀਆਂ, ਦਰਿਆਵਾਂ ਤੇ ਛੱਪੜਾਂ ਦੇ ਕੰਢੇ ਕਾਹੀਆਂ ਨੂੰ ਪਏ ਚਿੱਟੇ ਬੁੱਬਲ ਵੀ ਇੱਕ ਤਰ੍ਹਾਂ ਨਾਲ ਰੁੱਤ ਬਦਲੀ ਦੇ ਸੁਨੇਹੇ ਨਾਲ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਹੁਣ ਮਿੱਠੀ ਤੇ ਨਿਆਰੀ ਰੁੱਤ ਸ਼ੁਰੂ ਹੋਣ ਦਾ ਸਮਾਂ ਆ ਰਿਹਾ ਹੈ। ਅੱਸੂ ਦੀ ਸੰਗਰਾਂਦ ਨੂੰ ਤਾਂ ਧਰਵਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਜ਼ਿੰਦਗੀ ‘‘ਅੱਸੂ ਮਾਹ ਦੇ ਰੰਗ ਨਿਰਾਲੇ, ਦਿਨੇ ਧੁੱਪਾਂ ਤੇ ਰਾਤੀਂ ਪਾਲੇ’’ ਵਾਲੇ ਕੁਦਰਤੀ ਵਰਤਾਰੇ ’ਚ ਪਹੁੰਚ ਗਈ ਏ। ਉੱਤਰੀ ਭਾਰਤ ਦਾ ਮੌਸਮੀ ਚੱਕਰ ਅੱਸੂ ਕੱਤਕ ਦੇ ਪੜਾਅ ਤੱਕ ਪਹੁੰਚ ਕੇ ਭੂਗੋਲਿਕ ਚੌਗਿਰਦੇ ਨੂੰ ਨਿਵੇਕਲੀਆਂ ਛੋਹਾਂ ਦੇਣ ਲੱਗਦਾ ਹੈ। ਮੀਂਹ ਮੁੱਕ ਜਾਂਦੇ ਹਨ ਤੇ ਕੁਦਰਤ ਮਿੱਟੀ-ਘੱਟੇ, ਮੀਂਹ-ਹਨ੍ਹੇਰੀ ਤੇ ਝੱਖੜਾਂ ਦੀ ਮਾਰ ਤੋਂ ਮੁਕਤ ਹੋ ਕੇ ਨਿੱਖਰੀ ਨਿੱਖਰੀ ਤੇ ਟਿਕਾਅ ਵਾਲੀ ਅਵਸਥਾ ’ਚ ਆ ਜਾਂਦੀ ਹੈ। ਨਿੱਖਰੇ ਹੋਏ ਨੀਲੇ ਆਸਮਾਨ ’ਤੇ ਸਵੇਰੇ ਸ਼ਾਮ ਚੜ੍ਹਦੇ ਤੇ ਢਲਦੇ ਸੂਰਜ ਦੇ ਸੁਰਖ਼ ਰੰਗਾਂ ’ਚ ਉਡਾਰੀਆਂ ਮਾਰਦੇ ਪੰਛੀ ਪਰਿੰਦਿਆਂ ਦੀ ਰੌਣਕ, ਟੋਭਿਆਂ ਤੇ ਢਾਬਾਂ ਦੇ ਨਿੱਤਰੇ ਹੋਏ ਪਾਣੀਆਂ ’ਚ ਚਾਨਣੀ ਰਾਤ ਨੂੰ ਝਾਤੀਆਂ ਮਾਰਦੇ ਚੰਨ ਦੇ ਮਿਜ਼ਾਜ ਨੂੰ ਤੱਕਣਾ ਤੇ ਮਾਨਣਾ ਰੂਹ ਨੂੰ ਸਕੂਨ ਦੇਣ ਵਾਲਾ ਤਜਰਬਾ ਹੁੰਦਾ ਹੈ। ਰਾਤ ਵੇਲੇ ਟਿਕੀ ਹੋਈ ਕਾਇਨਾਤ ’ਚ ਛੋਟੀਆਂ ਛੋਟੀਆਂ ਰੋਸ਼ਨੀਆਂ ਦੀ ਜਗਮਗਾਹਟ ਨਾਲ ਆਪਣੀ ਹਾਜ਼ਰੀ ਲਵਾ ਰਹੇ ਤਾਰਿਆਂ ਦੀ ਡਲਕ ਅੰਬਰ ਵੱਲ ਨੂੰ ਝਾਤ ਮਾਰਨ ਵਾਲੇ ਹਰ ਸ਼ਖ਼ਸ ਨੂੰ ਆਪਣੇ ਵੱਲ ਖਿੱਚਦੀ ਪ੍ਰਤੀਤ ਹੋਣ ਲੱਗਦੀ ਹੈ। ਇਸ ਮਹੀਨੇ ਰਾਤ ਨੂੰ ਹਲਕਾ ਹਲਕਾ ਪਾਲਾ ਹੋਣ ਨਾਲ ਤਰੇਲ ਪੈਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਇਨ੍ਹਾਂ ਦਿਨਾਂ ਦੀਆਂ ਪ੍ਰਭਾਤਾਂ ਪਹਿਲਾਂ ਨਾਲੋਂ ਵੱਧ ਨਿੱਖਰੀਆਂ ਤੇ ਤਾਜ਼ਗੀ ਦਾ ਸੁਨੇਹਾ ਦਿੰਦੀਆਂ ਜਾਪਣ ਲੱਗਦੀਆਂ ਹਨ। ਅੱਸੂ ਮਹੀਨੇ ’ਚ ਹੀ ਲੋਕਾਂ ਵੱਲੋਂ ਆਪਣੇ ਵਡੇਰਿਆਂ ਦੀ ਯਾਦ ’ਚ ਸ਼ਰਾਧ ਕਰਾਉਣ ਦਾ ਸਿਲਸਿਲੇ ਵਾਰੇ ਸਾਡੇ ਲੋਕ ਗੀਤਾਂ ’ਚ ਵੀ ਅੰਕਿਤ ਹੋਇਆ ਮਿਲਦਾ ਹੈ : ‘ਅੱਸੂ ਦੇ ਮਹੀਨੇ ਜੀ, ਸ਼ਰਾਧ ਮਸਾਂ ਆਏ, ਨਿੱਖਰੀਆਂ ਰਾਤਾਂ, ਲੋਹੜੇ ਤਾਰਿਆਂ ਨੇ ਪਾਏ।’’

Advertisement

ਮੌਸਮ ਦੀ ਬਦਲਦੀ ਤੋਰ ਸਾਹਮਣੇ ਪੱਛਮ ਦੀ ਗੁੱਠ ’ਚੋਂ ਰੁਮਕਦੀਆਂ ਹਵਾਵਾਂ ਆਉਣ ਵਾਲੇ ਸਿਆਲ ਦਾ ਸੁਨੇਹਾ ਦਿੰਦੀਆਂ ਬਿਰਖਾਂ ਦੇ ਪੱਤਰਾਂ ਨਾਲ ਅਠਖੇਲੀਆਂ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਪਿਛਲੇ ਕਈ ਮਹੀਨਿਆਂ ਤੋਂ ਤੇਜ਼ ਤਪਸ਼ ਤੇ ਅਤਿ ਦੀ ਗਰਮੀ ਦਾ ਸੁਨੇਹਾ ਦੇਣ ਵਾਲਾ ਸੂਰਜ ਇਨ੍ਹੀਂ ਦਿਨੀਂ ਪ੍ਰਭਾਤਾਂ ਤੇ ਆਥਣ ਵੇਲੇ ਹਲਕੀ ਠੰਢਕ ਦੇ ਸੁਨੇਹੇ ਦਿੰਦਾ ਚੜ੍ਹਨ ਤੇ ਅਸਤ ਹੋਣ ਲੱਗਿਆ ਦੋਵੇਂ ਦਿਸ਼ਾਵਾਂ ’ਚ ਲਾਲੀਆਂ ਦੇ ਰੰਗ ਗੂੜ੍ਹੇ ਕਰਦਾ ਦਿਖਾਈ ਦਿੰਦਾ ਹੈ। ਤਿੰਨ-ਚਾਰ ਦਹਾਕੇ ਪਹਿਲਾਂ ਹੀ ਪੰਜਾਬ ਦੀ ਪੇਂਡੂ ਰਸਾਤਲ ’ਚ ਅੱਸੂ ਕੱਤਕ ਦੇ ਦਿਨਾਂ ’ਚ ਹੀ ਪਿੰਡਾਂ ਦੀਆਂ ਭੱਠੀਆਂ ’ਤੇ ਚੰਗੀ ਰੌਣਕ ਲੱਗਿਆ ਕਰਦੀ ਸੀ। ਪਿੰਡਾਂ ਦੇ ਨਿਆਣਿਆਂ ਵੱਲੋਂ ਇਨ੍ਹੀਂ ਦਿਨੀਂ ਦਾਣੇ ਭੁੰਨਣ ਵਾਲੀਆਂ ਮਾਈਆਂ ਕੋਲੋ ਖਿੱਲਾਂ ਤੇ ਮੁਰਮਰੇ ਭੁੰਨਾ ਭੁੰਨਾ ਕੇ ਚੱਬਦਿਆਂ ਮੌਸਮੀ ਰਹਿਮਤਾਂ ਦਾ ਆਨੰਦ ਮਾਣਿਆ ਜਾਂਦਾ ਸੀ। ਛੱਲੀਆਂ ਦੇ ਗਿੱਲੇ ਦਾਣਿਆਂ ਤੋਂ ਮੁਰਮਰੇ ਤੇ ਪੂਰੀ ਤਰ੍ਹਾਂ ਪੱਕਿਆਂ ਦੀਆਂ ਖਿੱਲਾਂ ਬਣਦੀਆਂ ਸਨ। ਇਨ੍ਹੀਂ ਦਿਨੀਂ ਲੋਕ ਸੱਥਾਂ ’ਚ ਗੱਪਸ਼ੱਪ ਲਾਉਂਦੇੇ, ਆਥਣ ਨੂੰ ਖੇਤੀਬਾੜੀ ਦੇ ਕੰਮ ਨਿਪਟਾਉਂਦੇ ਹੋਏ ਭੱਠੀਆਂ ਤੋਂ ਦਾਣੇ ਭੁੰਨਾ ਭੁੰਨਾ ਕੇ ਮੂੰਹ ਦਾ ਸੁਆਦ ਕਰਾਰਾ ਕਰਿਆ ਕਰਦੇ, ਨਾਲ ਨਾਲ ਪਿੰਡ ’ਚ ਵਾਪਰੀ ਕੋਈ ਵੀ ਘਟਨਾ ਜਾਂ ਹਾਦਸਾ ਹੱਟੀ ਭੱਠੀ ’ਤੇ ਬੈਠਣ ਵਾਲਿਆਂ ਲਈ ਚੁੰਝ ਚਰਚਾ ਦਾ ਵਿਸ਼ਾ ਬਣ ਜਾਇਆ ਕਰਦੀ ਸੀ। ਝੋਨਾ ਪੰਜਾਬ ’ਚ ਸਾਉਣੀ ਦੀ ਮੁੱਖ ਫ਼ਸਲ ਬਣਨ ਤੋਂ ਪਹਿਲਾਂ ਅੱਸੂ-ਕੱਤਕ ਦੇ ਮਹੀਨਿਆਂ ’ਚ ਬਰਸਾਤੀ ਮੀਹਾਂ ਨਾਲ ਪੱਕੀਆਂ ਛੱਲੀਆਂ ਪੀਲੇ ਰੰਗ ਦੀ ਭਾਅ ਮਾਰਦੀਆਂ ਕਿਸਾਨ ਦੇ ਵਿਹੜਿਆਂ ਤੱਕ ਪਹੁੰਚ ਕਿਸਾਨ ਪਰਿਵਾਰਾਂ ਦੇ ਜੀਆਂ ਦੀਆਂ ਉਮੀਦਾਂ ਦੇ ਰੰਗ ਗੂੜ੍ਹੇ ਕਰ ਦਿੰਦੀਆਂ ਸਨ। ਇਸ ਰੁੱਤ ’ਚ ਗਵਾਰੇ ਨੂੰ ਫਲੀਆਂ ਪੈ ਜਾਂਦੀਆਂ ਤੇ ਇਹ ਫਲੀਆਂ ਵਾਲਾ ਹਰਾ ਚਾਰਾ ਦੁਧਾਰੂ ਪਸ਼ੁੂਆਂ ਲਈ ਲਾਹੇਵੰਦ ਮੰਨਿਆ ਜਾਂਦਾ ਸੀ। ਬਾਜਰੇ ਦੇ ਸਿੱਟੇ ਅਨਾਜ ਨਾਲ ਭਰੇ ਹੁੰਦੇ ਤੇ ਅਗਲੀ ਰੁੱਤ ਲਈ ਬਾਜਰੇ ਦਾ ਬੀਜ ਤਿਆਰ ਕਰਨ ਲਈ ਇਨ੍ਹਾਂ ਮਹੀਨਿਆਂ ਵਿੱਚ ਬਾਜਰੇ ਦੇ ਸਿੱਟੇ ਡੁੰਗ ਡੁੰਗ ਕੇ ਸੰਭਾਲੇ ਜਾਂਦੇ ਸਨ। ਗਿਆਨੀ ਦਿੱਤ ਸਿੰਘ ਨੇ ਆਪਣੀ ਇੱਕ ਕਵਿਤਾ ਵਿੱਚ ਅੱਸੂ ਨੂੰ ਆਸਾਂ ਦਾ ਮਹੀਨਾ ਆਖਦਿਆਂ ਲਿਖਿਆ ਹੈ:

ਅੱਸੂ ਆਸਾਂ ਦਾ ਮਹੀਨਾ, ਇੰਜ ਛੜੀਦਾ ਹੋ ਚੀਨਾਂ, ਅਸੀਂ ਬੱਕਲੀਆਂ ਧਰੀਆਂ, ਪੱਟ ਚੁੂਪੀਆਂ ਵੀ ਚਰ੍ਹੀਆਂ

ਸਾਡੇ ਖੇਤੀ ਸਿੱਟੇ ਪੱਕੇ, ਤੇ ਕਪਾਹ ਪਈ ਹੱਸੇ, ਮੱਕੀਆਂ ਨੇ ਕੱਢੇ ਬਾਬੂ, ਹੋਇਆ ਜੋਬਨ ਬੇਕਾਬੂ

ਕਿਸਾਨੀ ਨਾਲ ਸਬੰਧਿਤ ਪਰਿਵਾਰਾਂ ਦੇ ਘਰ ਸਾਉਣੀ ਦੀ ਫ਼ਸਲ ਆਉਣ ਦਾ ਚਾਅ ਤੇ ਫਿਰ ਖਾਲੀ ਹੋਏ ਖੇਤਾਂ ਵਿੱਚ ਥੋੜ੍ਹੇ ਸਮੇਂ ਬਾਅਦ ਹਾੜੀ ਦੀ ਤਿਆਰੀ ਦਾ ਰੁਝੇਵਾਂ ਕੰਮਾਂ ਤੇ ਕਬੀਲਦਾਰੀ ਨਾਲ ਝੰਬ ਹੋਈ ਲੋਕਾਂ ਦੀ ਜ਼ਿੰਦਗੀ ਲਈ ਨਵੀਆਂ ਉਮੀਦਾਂ ਤੇ ਉਤਸ਼ਾਹ ਦਾ ਸਬੱਬ ਹੁੰਦਾ ਸੀ। ਓਦਾਂ ਵੀ ਅੱਸੂ ਤੋਂ ਬਾਅਦ ਅਗਲੇ ਕੱਤਕ ਦੇ ਮਹੀਨੇ ਦੇਸ਼ ਦੇ ਮੁੱਖ ਤਿਉਹਾਰ ਦੁਸਹਿਰਾ, ਕਰਵਾਚੌਥ ਤੇ ਦੀਵਾਲੀ ਅਗਲੇ ਦਿਨਾਂ ਵਿੱਚ ਹੋਣ ਕਰਕੇ ਆਲਾ ਦੁਆਲਾ ਚਾਅਵਾਂ ਤੇ ਖ਼ੁਸ਼ੀਆਂ ’ਚ ਰੰਗਿਆ ਨਜ਼ਰ ਆਉਂਦਾ ਹੈ। ਭਲੇ ਵੇਲਿਆਂ ’ਚ ਤਾਂ ਨਰਾਤਿਆਂ ਦੇ ਦਿਨਾਂ ਵਿੱਚ ਲੋਕਾਂ ਦੇ ਸਕੇ ਸਬੰਧੀਆਂ ’ਚ ਕੁੜੀਆਂ-ਮੁੰਡਿਆਂ ਦੇ ਰੱਖੇ ਵਿਆਹਾਂ ਦੀਆਂ ਕਨਸੋਆਂ ਹੀ ਤਿਉਹਾਰੀ ਮੌਸਮ ਵਿੱਚ ਵਿਆਹਾਂ ਦੀਆਂ ਰੌਣਕਾਂ ਨੂੰ ਹੋਰ ਚਾਰ ਚੰਨ ਲਾ ਦਿੰਦੀਆਂ ਸਨ। ਹੁਣ ਵੀ ਇਨ੍ਹਾਂ ਦਿਨਾਂ ’ਚ ਮੌਸਮ ਸਾਫ਼ ਤੇ ਸੁਹਾਵਣਾ ਹੋਣ ਕਰਕੇ ਵਿਆਹ ਸ਼ਾਦੀ ਲਈ ਚੋਣ ਅੱਸੂ ਦੇ ਮਹੀਨੇ ਦੀ ਹੀ ਕੀਤੀ ਜਾਂਦੀ ਹੈ। ਅੱਸੂ ਵਿੱਚ ਨਾ ਬਹੁਤੀ ਗਰਮੀ ਤੇ ਨਾ ਹੀ ਬਹੁਤੀ ਸਰਦੀ ਹੋਣ ਕਰਕੇ ਇਹ ਰੁੱਤ ਠੰਢੀ ਤੇ ਮਿੱਠੀ ਹੋਣ ਕਰਕੇ ਸਾਰੇ ਪ੍ਰਬੰਧ ਕਰਨੇ ਸੌਖੇ ਹੁੰਦੇ ਹਨ ਤੇ ਨਾਲ ਹੀ ਵਿਆਹ ਸ਼ਾਦੀਆਂ ਮੌਕੇ ਹੁੰਦੇ ਸ਼ਗਨ ਵਿਹਾਰ ਦੀਆਂ ਖ਼ੁਸ਼ੀਆਂ ਤੇ ਰੌਣਕਾਂ ਨੂੰ ਸਹਿਜੇ ਹੀ ਮਾਣਿਆ ਜਾ ਸਕਦਾ ਹੈ। ਪੰਜਾਬੀ ਲੋਕ ਗੀਤਾਂ ’ਚ ਵਿਆਹੀ ਜਾਣੀ ਵਾਲੀ ਮੁਟਿਆਰ ਵੱਲੋਂ ਵੀ ਉਸ ਦਾ ਵਿਆਹ ਅੱਸੂ ਮਹੀਨੇ ਕਰਨ ਦੀ ਇੱਛਾ ਪ੍ਰਗਟ ਕੀਤੀ ਦੇਖੀ ਜਾ ਸਕਦੀ ਹੈ:

ਮੈਂ ਤੈਨੂੰ ਬਾਬਲ ਆਖਦੀ, ਮੇਰਾ ਅੱਸੂ ਦਾ ਕਾਜ ਰਚਾ, ਬਾਬਲ ਤੇਰਾ ਪੁੰਨ ਹੋਵੇ

ਤੇਰਾ ਭੱਤ ਨਾ ਬੁੱਸੇ, ਤੇਰਾ ਗੋਤ ਨਾ ਰੁੱਸੇ, ਤੇਰਾ ਦਹੀਂ ਨਾ ਫਿੱਟਿਆ ਜਾਊ ਵੇ, ਮੈਂ ਤੈਨੂੰ ਬਾਬਲ ਆਖਦੀ

ਇਸ ਤਰ੍ਹਾਂ ਪੰਜਾਬ ’ਚ ਅੱਸੂ ਦਾ ਮਹੀਨਾ ਆਉਣ ਨਾਲ ਵਿਆਹ ਸ਼ਾਦੀਆਂ ਦਾ ਜ਼ੋਰ ਪੈ ਜਾਂਦਾ ਹੈ ਤੇ ਲੋਕਾਂ ਵੱਲੋਂ ਇਨ੍ਹਾਂ ਕਾਰਜਾਂ ਦੀਆਂ ਤਿਆਰੀਆਂ ਪੂਰੇ ਜ਼ੋਰ ਨਾਲ ਆਰੰਭੀਆਂ ਜਾਂਦੀਆਂ ਹਨ। ਇਨ੍ਹਾਂ ਤਿਆਰੀਆਂ ਨਾਲ ਬਾਜ਼ਾਰਾਂ ’ਚ ਪਿਛਲੇ ਕਈ ਮਹੀਨਿਆਂ ਦੀ ਰੌਣਕ ਪੱਖੋਂ ਆਈ ਖੜੋਤ ਇੱਕ ਤਰ੍ਹਾਂ ਨਾਲ ਖ਼ਤਮ ਹੋਣ ਲੱਗਦੀ ਹੈ। ਅੱਸੂ ’ਚ ਆਏ ਸ਼ਰਾਧ ਤੇ ਉਨ੍ਹਾਂ ਪਿੱਛੋਂ ਨਰਾਤੇ ਆਉਣ ਨਾਲ ਦੁਸਹਿਰਾ, ਦੀਵਾਲੀ ਤੇ ਕਰਵਾਚੌਥ ਵਰਗੇ ਤਿਉਹਾਰਾਂ ਦੀ ਲੜੀ ਆਰੰਭ ਹੋਣ ਲੱਗਦੀ ਹੈ। ਮੌਸਮ ਬਦਲਣ ਵਾਲੀ ਇਸ ਰੁੱਤ ਦੇ ਆਉਣ ਨਾਲ ਪੰਜਾਬ ਦੇ ਪਿੰਡਾਂ ’ਚ ਕਿਸਾਨ ਦੁਸਹਿਰੇ ਦੀਆਂ ਰੌਣਕਾਂ ਮਾਣਦੇ ਆਪਣੇ ਖੇਤਾਂ ’ਚ ਸਰ੍ਹੋਂ, ਬਰਸੀਮ, ਅਲਸੀ, ਸੌਂਫ, ਮੇਥੀ, ਪਾਲਕ, ਧਨੀਆਂ, ਮਟਰ ਵਰਗੀਆਂ ਹਰੀਆਂ ਸਬਜ਼ੀਆਂ ਦੀ ਕਾਸ਼ਤ ਕਰ ਦਿੰਦੇ ਹਨ ਤੇ ਥੋੜ੍ਹੇ ਚਿਰ ਬਾਅਦ ਤਿਆਰ ਹੋਈਆਂ ਇਹ ਸਬਜ਼ੀਆਂ ਲੰਮੇ ਸਮੇਂ ਤੋਂ ਹਰੀ ਸਬਜ਼ੀ ਲਈ ਤਰਸ ਰਹੀ ਰੂਹ ਨੂੰ ਤ੍ਰਿਪਤ ਕਰਨ ’ਚ ਸਹਾਈ ਹੁੰਦੀਆਂ ਹਨ। ਸਰਦੀ ਦੀ ਨਿਆਰੀ ਰੁੱਤ ’ਚ ਹੀ ਪੰਜਾਬੀਆਂ ਦੀ ਮਨਭਾਉਂਦੀ ਖੁਰਾਕ ਸਰ੍ਹੋਂ ਦਾ ਸਾਗ ਤੇ ਮੱਕੀ ਦੇ ਢੋਡੇ ਛਕਣ ਦਾ ਸੁਆਦਲਾ ਸਮਾਂ ਵੀ ਅੱਸੂ ਮਹੀਨੇ ਦੀ ਆਮਦ ਤੋਂ ਬਾਅਦ ਸ਼ੁਰੂ ਹੋਣਾ ਹੁੰਦਾ ਹੈ। ਅੱਸੂ ਦੀ ਆਮਦ ਨਾਲ ਹੀ ਅਗਲੇ ਦਿਨਾਂ ਵਿੱਚ ਠੰਢ ਸ਼ੁਰੂ ਹੋਣ ਨਾਲ ਲਵੇਰੇ ਪਸ਼ੁੂਆਂ ਤੇ ਹੋਰ ਮਾਲ ਡੰਗਰ ਨੂੰ ਬਰਾਂਡਿਆਂ ਜਾਂ ਢਾਰਿਆਂ ਵਿੱਚ ਬੰਨ੍ਹਣ ਲਈ ਕਿਸਾਨ ਪਰਿਵਾਰ ਨੂੰ ਉਚੇਚੀ ਤਿਆਰੀ ਕਰਨੀ ਪੈਂਦੀ ਹੈ। ਸਿਆਲ ਦੀਆਂ ਠੰਢੀਆਂ ਹਵਾਵਾਂ ਦੀ ਮਾਲ ਡੰਗਰ ਨੂੰ ਬਚਾਉਣ ਲਈ ਕਿਸਾਨ ਪਰਿਵਾਰ ਇਸ ਮਹੀਨੇ ਦੀ ਆਮਦ ਨਾਲ ਅੜਿਕੇ ਤੇ ਬੋਰੀਆਂ ਨਾਲ ਆਪਣਾ ਜੁਗਾੜ ਕਰਨਾ ਸ਼ੁਰੂ ਕਰ ਦਿੰਦੇ ਹਨ। ਸਰਦ ਰੁੱਤ ਵਿੱਚ ਲੰਮਾਂ ਸਮਾਂ ਚੱਲਣ ਵਾਲੇ ਹਰੇ ਚਾਰੇ ਬਰਸੀਮ, ਸੇਂਜੀ ਤੇ ਜਵੀ ਆਦਿ ਦੀ ਤਿਆਰੀ ਲਈ ਤਾਂ ਕਿਸਾਨ ਕਾਮਿਆਂ ਨੂੰ ਕਈ ਕਈ ਦਿਨ ਲਾ ਕੇ ਤਿਆਰੀ ਕਰਨੀ ਪੈਂਦੀ ਹੈ।

ਕਈ ਵਾਰੀ ਅੱਸੂ ਮਹੀਨੇ ’ਚ ਹੋਈ ਬਾਰਿਸ਼ ਸਾਉਣੀ ਦੀ ਤਿਆਰ ਹੋਈ ਫ਼ਸਲ ਨੂੰ ਫਾਇਦਾ ਦੇਣ ਦੀ ਬਜਾਏ ਨੁਕਸਾਨ ਵੀ ਕਰ ਦਿੰਦੀ ਹੈ, ਜਿਸ ਕਰਕੇ ਇਸ ਮਹੀਨੇ ਸਬੰਧੀ ਇਹ ਧਾਰਨਾ ਵੀ ਪ੍ਰਚੱਲਿਤ ਰਹੀ ਹੈ :

ਅੱਸੂ ਵਲੀਆ, ਰਿੱਧੀ ਖੀਰ ਤੇ ਬਣ ਗਿਆ ਦਲੀਆ।

ਰੁੱਤ ਬਦਲਣ ਵਾਲੇ ਇਸ ਮਹੀਨੇ ਦੇ ਆਉਣ ਨਾਲ ਬੀਤੇ ਸਮਿਆਂ ’ਚ ਸੁਆਣੀਆਂ ਵੱਲੋਂ ਆਉਂਦੇ ਸਿਆਲ ਦੀ ਠੰਢ ਤੋਂ ਬਚਣ ਲਈ ਖੇਸੀਆਂ, ਖੇਸ, ਰਜਾਈਆਂ, ਤਲਾਈਆਂ ਬਣਾਉਣ ਤੇ ਨਗੰਦਣ ਦਾ ਕਾਰਜ ਵੀ ਸ਼ੁਰੂ ਹੋ ਜਾਇਆ ਕਰਦਾ ਸੀ। ਜਿਨ੍ਹਾਂ ਘਰਾਂ ’ਚ ਕੁੜੀਆਂ ਦੇ ਵਿਆਹ ਰਚਾਉਣ ਵਰਗੇ ਸ਼ੁਭ ਕਾਰਜਾਂ ਦੇ ਦਿਨ ਮਿੱਥੇ ਗਏ ਹੁੰਦੇ, ਉਨ੍ਹਾਂ ਘਰਾਂ ਦੀਆਂ ਸੁਆਣੀਆਂ ਵਿਆਂਦੜ ਕੁੜੀ ਦੇ ਦਾਜ ਲਈ ਨਵੇਂ ਬਿਸਤਰਿਆਂ ਦੀ ਤਿਆਰੀ ਕਰਨ ਲਈ ਵਿਹੜੇ ਦੀਆਂ ਉੱਦਮੀ ਔਰਤਾਂ ਨਾਲ ਸ਼ਹਿਰ ਰੂੰ ਪਿੰਜਾਉਣ ਜਾਣ ਲਈ ਉਚੇਚ ਕਰਿਆ ਕਰਦੀਆਂ ਸਨ। ਅੱਜਕੱਲ੍ਹ ਬਾਜ਼ਾਰੋਂ ਸਭ ਕੁਝ ਬਣਿਆ ਬਣਾਇਆ ਮਿਲ ਜਾਣ ਕਰਕੇ ਇਸ ਤਰ੍ਹਾਂ ਦਾ ਰੁਝੇਵਾਂ ਘਟਦਾ ਜਾ ਰਿਹਾ ਹੈ।

ਅੱਸੂ ਵਿੱਚ ਖੇਤਾਂ ’ਚ ਬੀਜਿਆ ਬਰਸੀਮ ਤੇ ਸਰ੍ਹੋਂ ਆਉਂਦੇ ਦਿਨਾਂ ’ਚ ਤਿਆਰ ਹੋਣਾ ਹੁੰਦਾ ਹੈ ਤੇ ਫਿਰ ਕੋਸੀ ਕੋਸੀ ਧੁੱਪ ’ਚ ਜਵਾਨ ਹੋਈ ਸਰ੍ਹੋਂ ਦੀਆਂ ਗੰਦਲਾਂ ਨੂੰ ਰੀਝਾਂ ਨਾਲ ਤੋੜ ਤੋੜ ਸਾਗ ਤਿਆਰ ਕਰਨਾ ਪੇਂਡੂ ਸੁਆਣੀਆਂ ਲਈ ਰੀਝ ਵਾਲਾ ਕੰਮ ਹੁੰਦਾ ਹੈ। ਅੱਸੂ ਮਹੀਨੇ ਦੀ ਆਮਦ ਸਰਦੀਆਂ ਦੇ ਦਿਨਾਂ ’ਚ ਖਿੜਨ ਵਾਲੇ ਫੁੱਲਾਂ ਦੇ ਹੁਸਨ ਦੇ ਨਜ਼ਾਰਿਆਂ ਨੂੰ ਮਾਨਣ ਦੀ ਦਸਤਕ ਵੀ ਦਿੰਦੀ ਹੈ ਕਿਉਂਕਿ ਕੱਤਕ-ਮੱਘਰ ’ਚ ਖਿੜਨ ਵਾਲੇ ਗੇਂਦੇ, ਗੁਲਾਬ ਤੇ ਗੁਲਦਾਉਦੀਆਂ ਨੂੰ ਲਾਉਣ ਤੇ ਸੰਭਾਲਣ ਦਾ ਸਿਲਸਿਲਾ ਇਸ ਮਹੀਨੇ ਤੋਂ ਹੀ ਸ਼ੁਰੂ ਹੋਣਾ ਹੁੰਦਾ ਹੈ।

ਇਸ ਤਰ੍ਹਾਂ ਪੰਜਾਬ ਦੇ ਮੌਸਮੀ ਚੱਕਰ ’ਚ ਅੱਸੂ ਮਹੀਨੇ ਦੀ ਆਮਦ ਰੁੱਤ ਬਦਲੀ ਦੇ ਸੁਨੇਹੇ ਦੇ ਨਾਲ ਨਾਲ ਗਰਮੀ ਦੇ ਥਪੇੜਿਆਂ, ਲੂਆਂ ਦੀ ਸਖ਼ਤੀ ਤੇ ਬਰਸਾਤਾਂ ਦੀ ਭਾਰੀ ਹੁੰਮਸ ਤੋਂ ਛੁਟਕਾਰਾ ਦਿਵਾਉਣ ਅਤੇ ਮੇਲੇ ਤੇ ਤਿਉਹਾਰਾਂ ਦੀ ਆਮਦ ਦਾ ਸੁਨੇਹਾ ਲੈੇ ਕੇ ਆਉਂਦੀ ਹੋਈ ਜ਼ਿੰਦਗੀ ’ਚ ਨਵੇਂ ਚਾਅਵਾਂ ਤੇ ਜੋਸ਼ ਦਾ ਸੰਚਾਰ ਵੀ ਕਰਦੀ ਹੈ। ਬੇਹਿਸਾਬੇ ਤੇ ਬੇਤਰਤੀਬੇ ਵਿਕਾਸ ਦੀ ਦੌੜ ਦੀ ਤਾਂਘ ’ਚ ਬੰਦਿਆਂ ਵੱਲੋਂ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਤੇ ਕੁਦਰਤੀ ਸੋਮਿਆਂ ਦੇ ਖਾਤਮੇ ਦੀ ਰੁਚੀ ਨਾਲ ਧਰਤੀ ’ਤੇ ਘੁੱਗ ਵਸਦੀ ਜ਼ਿੰਦਗੀ ਤੇ ਮੌਸਮੀ ਨਿਆਮਤਾਂ ਦੇ ਸੁਭਾਅ ’ਚ ਤੇਜ਼ੀ ਨਾਲ ਤਬਦੀਲੀ ਹੋਣ ਲੱਗੀ ਹੈ, ਜਿਸ ਨਾਲ ਮੌਸਮਾਂ ਤੇ ਰੁੱਤਾਂ ਨਾਲ ਜੁੜੇ ਹਾਂ ਪੱਖੀ ਸਰੋਕਾਰ ਖ਼ਤਮ ਹੁੰਦੇ ਜਾ ਰਹੇ ਹਨ। ਜ਼ਿੰਦਗੀ ਵਿੱਚ ਮਸ਼ੀਨੀਕਰਨ ਦੇ ਵਧ ਰਹੇ ਦਖਲ ਅਤੇ ਤਿਉਹਾਰਾਂ ਤੇ ਸਮਾਜਿਕ ਕਾਰਜਾਂ ਮੌਕੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੀ ਹੋੜ ਨਾਲ ਜਿੱਥੇ ਜ਼ਿੰਦਗੀ ਨੂੰ ਖ਼ੁਸ਼ੀ ਤੇ ਸਕੂਨ ਦੇਣ ਵਾਲੇ ਸਰੋਕਾਰਾਂ ਦਾ ਤੇਜ਼ੀ ਨਾਲ ਵਪਾਰੀਕਰਨ ਹੋ ਰਿਹਾ ਹੈ, ਨਾਲ ਹੀ ਖ਼ੁਸ਼ੀਆਂ ਮੌਕੇ ਸ਼ੁੱਧ ਰੂਪ ਵਿੱਚ ਮਿਲਣ ਵਾਲੀਆਂ ਮਠਿਆਈਆਂ ਤੇ ਹੋਰ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟ ਨੇ ਵੀ ਮੇਲਿਆਂ ਤਿਉਹਾਰਾਂ ਮੌਕੇ ਮਨਾਉਣ ਵਾਲੀਆਂ ਖ਼ੁਸ਼ੀਆਂ ਦੇ ਰੰਗ ਫਿੱਕੇ ਪਾ ਦਿੱਤੇ ਹਨ। ਮਸ਼ੀਨੀ ਤੇ ਪਦਾਰਥਕ ਯੁੱਗ ’ਚ ਤੇਜ਼ ਤਰਾਰ ਤੇ ਸਵੈ ਕੇਂਦਰਿਤ ਹੋ ਰਹੇ ਮਨੁੱਖ ਵੱਲੋਂ ਜ਼ਿੰਦਗੀ ਦੀ ਹਰ ਹਸਰਤ ਤੇ ਚਾਅ ਦੇ ਕੀਤੇ ਜਾ ਰਹੇ ਵਪਾਰੀਕਰਨ ਨੇ ਰੁੱਤਾਂ ਤੇ ਮੌਸਮਾਂ ਦੀ ਤੋਰ ਨਾਲ ਜ਼ਿੰਦਗੀ ਦੀਆਂ ਛੋਟੀਆਂ ਛੋਟੀਆ ਖ਼ੁਸ਼ੀਆਂ ਦੀ ਅਹਿਮੀਅਤ ਵੀ ਘਟਾ ਦਿੱਤੀ ਹੈ।

ਸੰਪਰਕ: 7087787700

Advertisement
Show comments