ਖਿੱਦੋ ਖੂੰਡੀ ਤੇ ਬਾਂਦਰ ਕਿੱਲੇ ਤੋਂ ਵੀ ਮੂੰਹ ਮੋੜਿਆ
ਪੰਜਾਬ ਦੀਆਂ ਵਿਰਾਸਤੀ ਖੇਡਾਂ ਇਤਿਹਾਸ ਦੇ ਸਫ਼ਿਆਂ ’ਚ ਗੁੰਮ ਹੋ ਚੁੱਕੀਆਂ ਹਨ। ਕਦੇ ਖਿੱਦੋ ਖੂੰਡੀ, ਬਾਂਦਰ ਕਿੱਲਾ, ਲੁਕਣ ਮੀਚੀ, ਘੋੜਾ ਕਬੱਡੀ, ਕਬੱਡੀ ਮਲੱਕਾ, ਬੰਟੇ, ਲਾਟੂ, ਅਖਰੋਟ, ਛੂ ਛਪੀਕਾ, ਪਿੱਠੂ ਗਰਮ, ਕਿੱਕਲੀ ਆਦਿ ਪੰਜਾਬ ਦੀਆਂ ਪ੍ਰਮੁੱਖ ਵਿਰਾਸਤੀ ਖੇਡਾਂ ਹੁੰਦੀਆਂ ਸਨ। ਜੋ ਮਨੋਰੰਜਨ ਦੇ ਨਾਲ ਨਾਲ ਸਰੀਰਕ ਕਸਰਤ ਤੇ ਤੰਦਰੁਸਤੀ ਲਈ ਚੰਗੀਆਂ ਮੰਨੀਆਂ ਜਾਂਦੀਆਂ ਸਨ, ਪਰ ਹੌਲੀ ਹੌਲੀ ਸਮੇਂ ਦੇ ਨਾਲ ਇਹ ਖੇਡਾਂ ਖ਼ਤਮ ਹੁੰਦੀਆਂ ਗਈਆਂ। ਇਨ੍ਹਾਂ ਵਿੱਚੋਂ ਇੱਥੇ ਖਿੱਦੋ ਖੁੰਡੀ ਤੇ ਬਾਂਦਰ ਕਿੱਲਾ ਬਾਰੇ ਗੱਲ ਕਰਾਂਗੇ।
ਖਿੱਦੋ ਖੂੰਡੀ ਅਜਿਹੀ ਰਵਾਇਤੀ ਖੇਡ ਸੀ ਜੋ ਅੱਜ ਦੀ ਹਾਕੀ ਵਾਂਗ ਖੇਡੀ ਜਾਂਦੀ ਸੀ। ਉਨ੍ਹਾਂ ਸਮਿਆਂ ’ਚ ਪੈਸੇ ਦੀ ਬਹੁਤਾਤ ਨਾ ਹੋਣ ਕਰਕੇ ਮੁਫ਼ਤ ਵਾਲੀਆਂ ਜਾਂ ਫਿਰ ਸਸਤੀਆਂ ਤੇ ਘੱਟ ਖ਼ਰਚ ਵਾਲੀਆਂ ਰਵਾਇਤੀ ਖੇਡਾਂ ਹੀ ਮਸ਼ਹੂਰ ਹੋਇਆ ਕਰਦੀਆਂ ਸਨ, ਜਿਨ੍ਹਾਂ ’ਚ ਖਿੱਦੋ ਖੂੰਡੀ ਵੀ ਇੱਕ ਪ੍ਰਸਿੱਧ ਰਵਾਇਤੀ ਖੇਡ ਸੀ।
ਇਸ ਵਿੱਚ ਕਿੱਕਰ ਜਾਂ ਤੂਤ ਦੀ ਥੋੜ੍ਹੀ ਮੋਟੀ ਟਾਹਣੀ ਜੋ ਮੁੜੀ ਹੋਈ ਹੁੰਦੀ ਸੀ, ਉਸ ਨੂੰ ਦਰੱਖਤ ਤੋਂ ਵੱਢ ਕੇ ਉਸ ਦੀ ਖੂੰਡੀ ਬਣਾ ਲਈ ਜਾਂਦੀ ਸੀ ਤੇ ਉਹ ਖੂੰਡੀ ਅੱਜ ਦੀ ਹਾਕੀ ਵਾਂਗ ਸਟਿੱਕ ਬਣ ਜਾਂਦੀ ਸੀ। ਫਿਰ ਘਰ ’ਚੋਂ ਕੁਝ ਲੀਰਾਂ ਜਾਂ ਕੋਈ ਪੁਰਾਣਾ ਕੱਪੜਾ ਲੈ ਕੇ ਉਸ ਨੂੰ ਗੋਲ ਕਰਕੇ ਲਪੇਟ ਲਿਆ ਜਾਂਦਾ। ਫਿਰ ਉਸ ’ਤੇ ਕੱਸ ਕੇ ਹੋਰ ਲੀਰਾਂ ਲਪੇਟ ਲਈਆਂ ਜਾਂਦੀਆਂ ਤੇ ਉਸ ਨੂੰ ਗੇਂਦ ਵਾਂਗ ਗੋਲ ਕਰ ਕਰ ਲਿਆ ਜਾਂਦਾ। ਇਸ ਨੂੰ ਖਿੱਦੋ ਆਖਿਆ ਜਾਂਦਾ ਸੀ। ਉਹ ਅੱਜ ਦੀ ਗੇਂਦ ਵਾਂਗ ਗੋਲ ਬਣ ਜਾਂਦੀ। ਕਈ ਵਾਰ ਖਿੱਦੋ ’ਤੇ ਸਾਈਕਲ ਦੀ ਪਾਟੀ ਹੋਈ ਟਾਇਰ ਦੀ ਟਿਊਬ ਨੂੰ ਛੋਟੇ ਛੋਟੇ ਪੀਸ ਕੱਟ ਕੇ ਉਸ ਲੀਰਾਂ ਦੀ ਬਣਾਈ ਹੋਈ ਖਿੱਦੋ ਉੱਤੇ ਚੜ੍ਹਾ ਦਿੱਤੀ ਜਾਂਦੀ, ਜਿਸ ਨਾਲ ਉਹ ਮਜ਼ਬੂਤ ਬਣ ਜਾਂਦੀ ਸੀ।
ਪੈਸੇ ਦੀ ਘਾਟ ਕਾਰਨ ਬਾਜ਼ਾਰੋਂ ਮੁੱਲ ਦੀ ਗੇਂਦ ਲੈਣੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਸੀ। ਇਸੇ ਕਰਕੇ ਲੀਰਾਂ ਦੀ ਖਿੱਦੋ ਬਣਾ ਲਈ ਜਾਂਦੀ ਜੋ ਮੁਫ਼ਤੋ ਮੁਫ਼ਤ ਗੇਂਦ ਤਿਆਰ ਹੋ ਜਾਂਦੀ। ਉਸ ਪਿੱਛੋਂ ਬਰਾਬਰ ਬਰਾਬਰ ਆੜੇ ਵੰਡ ਲਏ ਜਾਂਦੇ ਤੇ ਅੱਜ ਦੀ ਹਾਕੀ ਦੇ ਗੋਲਾਂ ਵਾਂਗ ਗੋਲ ਬਣਾ ਲਏ ਜਾਂਦੇ, ਭਾਵ ਦੋ ਇੱਟਾਂ ਰੱਖ ਕੇ ਨਿਸ਼ਾਨਦੇਹੀ ਕਰ ਦਿੱਤੀ ਜਾਂਦੀ ਜਾਂ ਫਿਰ ਗੋਲ ਕਰਨ ਲਈ ਕੋਈ ਹੋਰ ਨਿਸ਼ਾਨੀ ਲਾ ਲਈ ਜਾਂਦੀ। ਜਿੱਥੇ ਖਿੱਦੋ ਸੁੱਟ ਕੇ ਗੋਲ ਕਰਨਾ ਹੁੰਦਾ ਸੀ। ਉਨ੍ਹਾਂ ਸਮਿਆਂ ’ਚ ਅੱਜ ਵਾਂਗ ਖੁੱਲ੍ਹੇ ਗਰਾਊਂਡ ਨਹੀਂ ਹੁੰਦੇ ਸਨ ਤੇ ਸੜਕਾਂ ਵੀ ਪੱਕੀਆਂ ਨਹੀਂ ਹੁੰਦੀਆਂ ਸਨ। ਇਸ ਲਈ ਕੱਚੇ ਰਾਹਾਂ (ਰਸਤਿਆਂ) ਉੱਤੇ ਹੀ ਇਹ ਖੇਡ, ਖੇਡ ਲਈ ਜਾਂਦੀ ਸੀ ਜਾਂ ਫਿਰ ਪਿੰਡ ਜਾਂ ਸ਼ਹਿਰ ਅੰਦਰ ਕਿਸੇ ਸਰਕਾਰੀ ਬੇਆਬਾਦ ਪਈ ਜਗ੍ਹਾ ਉੱਤੇ ਖਿੱਦੋ ਖੂੰਡੀ ਖੇਡੀ ਜਾਂਦੀ।
ਖੁੱਲ੍ਹੀ ਜਗ੍ਹਾ ਜਾਂ ਕਿਸੇ ਰਸਤੇ ਵਿੱਚ ਹੀ ਸੈਂਟਰ ’ਚ ਖਿੱਦੋ ਰੱਖ ਕੇ ਖੇਡ ਸ਼ੁਰੂ ਕੀਤੀ ਜਾਂਦੀ। ਮੈਂ ਖ਼ੁਦ ਬਚਪਨ ’ਚ ਬੜੀ ਵਾਰ ਇਸ ਖੇਡ ਦਾ ਆਨੰਦ ਮਾਣਿਆ ਹੈ। ਜਦੋਂ ਖੇਡਣਾ ਤਾਂ ਕੱਚੀ ਥਾਂ ਹੋਣ ਕਰਕੇ ਖੇਡ ਦੇ ਵਕਤ ਪੂਰੀ ਧੂੜ ਉੱਠਣੀ ਤੇ ਧੂੜ ’ਚ ਕਈ ਵਾਰ ਦੋਵਾਂ ਪਾਸਿਆਂ ਵੱਲੋਂ ਖੇਡਣ ਵਾਲੇ ਖਿਡਾਰੀਆਂ ਦੀਆਂ ਖੂੰਡੀਆਂ ਆਪਸ ’ਚ ਫਸ ਜਾਇਆ ਕਰਨੀਆਂ ਤੇ ਦੂਜੇ ਨੇ ਝਕਾਨੀ ਦੇ ਕੇ ਗੋਲ ਕਰ ਆਇਆ ਕਰਨਾ। ਖੇਡਦੇ ਵਕਤ ਪੂਰਾ ਹੁਸ਼ਿਆਰ ਤੇ ਚੁਸਤ ਰਹਿਣਾ ਪੈਂਦਾ ਸੀ ਤਾਂ ਹੀ ਖੂੰਡੀ ਨਾਲ ਖਿੱਦੋ ਨੂੰ ਗੋਲ ’ਚ ਸੁੱਟ ਸਕਦੇ ਸੀ। ਕਈ ਵਾਰ ਤਾਂ ਖੇਡਦੇ ਸਮੇਂ ਉਹ ਲੀਰਾਂ ਦੀ ਬਣੀ ਖਿੱਦੋ ਖੁੱਲ੍ਹ ਜਾਂਦੀ ਤੇ ਫਿਰ ਖੇਡ ਰੋਕ ਕੇ ਉਸ ਨੂੰ ਦੁਬਾਰਾ ਘੁੱਟ ਕੇ ਬੰਨ੍ਹਿਆ ਜਾਂਦਾ ਸੀ। ਹਾਕੀ ਵਾਂਗ ਹੀ ਇਸ ਖੇਡ ’ਚ ਵੀ ਜੋ ਟੀਮ ਸਭ ਤੋਂ ਵੱਧ ਗੋਲ ਕਰਦੀ, ਉਹ ਜੇਤੂ ਮੰਨੀ ਜਾਂਦੀ ਸੀ।
ਇਹ ਖੇਡ ਬੜੀ ਫੁਰਤੀਲੀ ਤੇ ਝਕਾਨੀ ਦੇ ਕੇ ਖੇਡੀ ਜਾਣ ਵਾਲੀ ਖੇਡ ਹੁੰਦੀ ਸੀ, ਜੋ ਨੌਜਵਾਨਾਂ ਨੂੰ ਚੁਸਤ ਦਰੁਸਤ ਤੇ ਫੁਰਤੀਲਾ ਬਣਾਉਣ ’ਚ ਵੱਡਾ ਰੋਲ ਅਦਾ ਕਰਦੀ ਸੀ, ਪਰ ਸਮਾਂ ਬਦਲਣ ਨਾਲ ਇਹ ਰਵਾਇਤੀ ਖੇਡ ਵੀ ਲੋਪ ਹੁੰਦੀ ਚਲੀ ਗਈ ਤੇ ਹੋਰਨਾਂ ਰਵਾਇਤੀ ਖੇਡਾਂ ਦੀ ਤਰ੍ਹਾਂ ਇਸ ਖੇਡ ਦੇ ਯੁੱਗ ਦਾ ਵੀ ਅੰਤ ਹੋ ਗਿਆ ਜਾਂ ਇਹ ਆਖ ਲਵੋ ਕਿ ਲੋਕਾਂ ਕੋਲ ਪੈਸਾ ਆ ਜਾਣ ਕਰਕੇ ਹੁਣ ਖਿੱਦੋ ਖੂੰਡੀ ਦੀ ਜਗ੍ਹਾ ਹਾਕੀ ਨੇ ਲੈ ਲਈ।
ਦੋ-ਤਿੰਨ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਰਵਾਇਤੀ ਖੇਡਾਂ ’ਚੋਂ ਬਾਂਦਰ ਕਿੱਲਾ ਨੌਜਵਾਨਾਂ ਦੀ ਮਨਪਸੰਦ ਖੇਡ ਹੋਇਆ ਕਰਦੀ ਸੀ। ਉਦੋਂ ਮੋਬਾਈਲ ਦਾ ਨਾਮੋ ਨਿਸ਼ਾਨ ਨਹੀਂ ਸੀ ਤੇ ਰਵਾਇਤੀ ਖੇਡਾਂ ਹੀ ਮੁੱਖ ਹੋਇਆ ਕਰਦੀਆਂ ਸਨ। ਨਾ ਹੀ ਉਨ੍ਹਾਂ ਵਕਤਾਂ ’ਚ ਲੋਕਾਂ ਕੋਲ ਅੱਜ ਵਾਂਗ ਜ਼ਿਆਦਾ ਪੈਸਾ ਹੁੰਦਾ ਸੀ, ਜਿਸ ਵਜ੍ਹਾ ਕਰਕੇ ਮੁਫ਼ਤ ਵਾਲੀਆਂ ਖੇਡਾਂ ਹੀ ਖੇਡੀਆਂ ਜਾਂਦੀਆਂ ਸਨ। ਬਾਂਦਰ ਕਿੱਲਾ ਬਹੁਤ ਫੁਰਤੀਲੀ ਕਿਸਮ ਦੀ ਖੇਡ ਹੁੰਦੀ ਸੀ, ਜਿਸ ਵਿੱਚ ਧਰਤੀ ਉੱਤੇ ਇੱਕ ਕਿੱਲ ਗੱਡ ਲਿਆ ਜਾਂਦਾ ਤੇ ਉਸ ਨੂੰ ਇੱਕ ਲੰਬੀ ਰੱਸੀ ਬੰਨ੍ਹ ਲਈ ਜਾਂਦੀ। ਫਿਰ ਸਾਰੇ ਜਣੇ ਆਪਣੇ ਆਪਣੇ ਪੈਰਾਂ ’ਚ ਪਾਈਆਂ ਜੁੱਤੀਆਂ ਲਾਹ ਕੇ ਉਸ ਕਿੱਲੇ ਦੁਆਲੇ ਰੱਖ ਦਿੰਦੇ। ਇਸ ਖੇਡ ’ਚ ਖਿਡਾਰੀਆਂ ਦੀ ਕੋਈ ਗਿਣਤੀ ਨਹੀਂ ਹੁੰਦੀ ਸੀ ਸਗੋਂ 8-10 ਜਣੇ ਜਾਂ ਇਸ ਤੋਂ ਵੱਧ ਵੀ ਹੁੰਦੇ ਤਾਂ ਖੇਡ ’ਚ ਹਿੱਸਾ ਲੈ ਸਕਦੇ ਸਨ। ਫਿਰ ਇੱਕ ਜਣਾ ਜਿਸ ਦੀ ਵਾਰੀ ਬੱਝਦੀ, ਉਹ ਉਸ ਰੱਸੀ ਨੂੰ ਫੜਦਾ ਤੇ ਦੂਸਰਿਆਂ ਨੂੰ ਰੱਸੀ ਫੜੇ ਬੰਦੇ ਨੂੰ ਭੁਲੇਖਾ ਜਾਂ ਝਕਾਨੀ ਦੇ ਕੇ ਬਾਂਦਰ ਵਾਂਗ ਟਪੂਸੀ ਮਾਰਦੇ ਹੋਏ ਇੱਕ ਇੱਕ ਕਰਕੇ ਉਹ ਜੁੱਤੀਆਂ ਚੁੱਕਣੀਆਂ ਹੁੰਦੀਆਂ। ਇਸੇ ਕਰਕੇ ਇਸ ਖੇਡ ਦਾ ਨਾਮ ਬਾਂਦਰ ਕਿੱਲਾ ਰੱਖਿਆ ਹੋਇਆ ਸੀ।
ਜੇ ਜੁੱਤੀ ਚੁੱਕਦੇ ਵਕਤ ਰੱਸੀ ਫੜੀ ਬੰਦਾ ਜੁੱਤੀ ਚੁੱਕਣ ਵਾਲੇ ਨੂੰ ਛੂਹ ਦਿੰਦਾ ਤਾਂ ਫਿਰ ਉਸ ਨੂੰ ਰੱਸੀ ਫੜ ਵਾਰੀ ਦੇਣੀ ਪੈਂਦੀ। ਰੱਸੀ ਫੜਿਆ ਬੰਦਾ ਜਿੱਥੇ ਤੱਕ ਰੱਸੀ ਜਾਂਦੀ ਹੁੰਦੀ, ਉੱਥੇ ਤੱਕ ਹੀ ਦੂਸਰੇ ਬੰਦਿਆਂ ਨੂੰ ਛੂਹ ਸਕਦਾ ਸੀ। ਉਹ ਰੱਸੀ ਨੂੰ ਛੱਡ ਨਹੀਂ ਸਕਦਾ ਸੀ। ਆਸੇ ਪਾਸੇ ਖਲੋਤੇ ਪਹਿਲਾਂ ਇੱਕ ਜੁੱਤੀ ਔਖੇ ਸੌਖੇ ਚੁੱਕ ਲੈਂਦੇ, ਫਿਰ ਉਸ ਜੁੱਤੀ ਨੂੰ ਪੂਰੇ ਜ਼ੋਰ ਨਾਲ ਉਹ ਇਕੱਠੀਆਂ ਹੋਈਆਂ ਜੁੱਤੀਆਂ ਉੱਤੇ ਮਾਰ ਕੇ ਉਨ੍ਹਾਂ ਇਕੱਠੀਆਂ ਪਈਆਂ ਜੁੱਤੀਆਂ ਨੂੰ ਖਿਲਾਰਨ ਦੀ ਕੋਸ਼ਿਸ਼ ਕਰਦੇ ਤਾਂ ਜੋ ਉਨ੍ਹਾਂ ਨੂੰ ਚੁੱਕਣ ’ਚ ਆਸਾਨੀ ਹੋ ਸਕੇ। ਇਸ ਤਰ੍ਹਾਂ ਹੌਲੀ ਹੌਲੀ ਕਰਕੇ ਇੱਕ ਇੱਕ ਜੁੱਤੀ ਘਟਦੀ ਜਾਂਦੀ ਤੇ ਜਦੋਂ ਸਾਰੀਆਂ ਜੁੱਤੀਆਂ ਚੁੱਕੀਆਂ ਜਾਂਦੀਆਂ ਤਾਂ ਰੱਸੀ ਫੜੇ ਬੰਦੇ ਨੇ ਦੱਸੀ ਹੋਈ ਥਾਂ ਉੱਤੇ ਜੋ ਕੁਝ ਦੂਰੀ ’ਤੇ ਤੈਅ ਕੀਤੀ ਹੁੰਦੀ ਸੀ, ਉਸ ਥਾਂ ’ਤੇ ਜਾ ਕੇ ਹੱਥ ਲਾਉਣਾ ਹੁੰਦਾ ਸੀ ਤੇ ਜਦੋਂ ਉਹ ਹੱਥ ਲਾਉਣ ਭੱਜਦਾ ਤਾਂ ਦੂਜੇ ਖਿਡਾਰੀ ਉਸ ਦੇ ਮਗਰ ਭੱਜਦੇ ਹੋਏ, ਉਸ ਉੱਤੇ ਜੁੱਤੀਆਂ ਦੀ ਬਰਸਾਤ ਕਰਦੇ ਭਾਵ ਉਸ ਦੇ ਮਗਰ ਭੱਜਦੇ ਹੋਏ ਉਸ ਨੂੰ ਜੁੱਤੀਆਂ ਮਾਰਦੇ ਜਾਂਦੇ, ਜਿੰਨਾ ਸਮਾਂ ਉਹ ਦੱਸੀ ਜਗ੍ਹਾ ’ਤੇ ਨਾ ਪਹੁੰਚ ਜਾਂਦਾ। ਇਸ ਤਰ੍ਹਾਂ ਇਹ ਖੇਡ ਬੇਹੱਦ ਰੋਚਕ ਤੇ ਫੁਰਤੀਲੀ ਹੁੰਦੀ ਸੀ।
ਇਸ ਖੇਡ ਉੱਤੇ ਕੋਈ ਖ਼ਰਚ ਵੀ ਨਹੀਂ ਹੁੰਦਾ ਸੀ। ਜਦੋਂਕਿ ਇਹ ਖੇਡ ਚੰਗਾ ਮਨੋਰੰਜਨ ਕਰਦੀ ਤੇ ਇਸ ਨਾਲ ਸਰੀਰਕ ਕਸਰਤ ਵੀ ਹੋ ਜਾਂਦੀ ਸੀ। ਅੱਜ ਉਕਤ ਦੋਵੇਂ ਖੇਡਾਂ ਲੋਪ ਹੋ ਚੁੱਕੀਆਂ ਹਨ ਤੇ ਇਨ੍ਹਾਂ ਵਿਰਾਸਤੀ ਖੇਡਾਂ ਦੀ ਥਾਂ ਮੋਬਾਈਲ ’ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਨੇ ਲੈ ਲਈ ਹੈ। ਲੋੜ ਹੈ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਮੁੜ ਸੁਰਜੀਤ ਕਰਨ ਦੀ ਤਾਂ ਜੋ ਸਾਡੇ ਬੱਚੇ ਵਿਰਸੇ ਨਾਲ ਜੁੜ ਕੇ ਸਰੀਰ ਨੂੰ ਤੰਦਰੁਸਤ ਰੱਖ ਸਕਣ।
ਸੰਪਰਕ: 76967-54669