ਚਿੜੀ ਦੀ ਕਰਾਮਾਤ
ਸੁਹਾਵਣੀ ਰੁੱਤ ਹੋਣ ਕਰਕੇ ਅਸਮਾਨ ਸਾਫ਼ ਅਤੇ ਠੰਢੀ ਠੰਢੀ ਹਵਾ ਦੇ ਰੁਮਕਦੇ ਬੁੱਲਿਆਂ ਨਾਲ ਹਰ ਵਿਅਕਤੀ ਨੂੰ ਖ਼ੁਸ਼ੀ ਮਿਲ ਰਹੀ ਸੀ। ਬਰਸਾਤ ਦਾ ਮੌਸਮ ਲੰਘ ਗਿਆ ਤੇ ਰੁੱਤ ਬਦਲ ਗਈ। ਫ਼ਸਲਾਂ ਵੀ ਪੂਰੇ ਜੋਬਨ ’ਤੇ ਸਨ। ਖੇਤਾਂ ਵਿੱਚ ਕਪਾਹ ਤੇ ਨਰਮੇ ਦੇ ਫੁੱਟ ਖਿੜੇ ਹੋਏ ਇੰਜ ਲੱਗ ਰਹੇ ਸਨ ਜਿਵੇਂ ਉਹ ਹੱਸ ਰਹੇ ਹੋਣ। ਉੱਧਰ ਝੋਨੇ ਦੇ ਖੇਤਾਂ ਵਿੱਚੋਂ ਬਾਸਮਤੀ ਦੀ ਮਹਿਕ ਸਭ ਦੇ ਮਨ ਨੂੰ ਭਾਉਂਦੀ ਸੀ। ਇਨ੍ਹਾਂ ਦਿਨਾਂ ਵਿੱਚ ਤਿਉਹਾਰ ਹੋਣ ਕਰਕੇ ਇਸ ਨੂੰ ਤਿਉਹਾਰਾਂ ਦੀ ਰੁੱਤ ਵੀ ਕਿਹਾ ਜਾਂਦਾ ਹੈ। ਦੀਵਾਲੀ ਨੇੜੇ ਹੋਣ ਕਰਕੇ ਬੱਚਿਆਂ ਨੂੰ ਚਾਅ ਚੜ੍ਹਿਆ ਹੋਇਆ ਸੀ। ਇਸ ਲਈ ਉਹ ਆਪਣੇ ਸਾਥੀਆਂ ਨਾਲ ਦੀਵਾਲੀ ਵੇਲੇ ਲਿਆਉਣ ਵਾਲੀਆਂ ਚੀਜ਼ਾਂ ਦੀਆਂ ਗੱਲਾਂ ਕਰਦੇ।
ਇੱਕ ਦਿਨ ਵਰੁਣ, ਨੀਰਜ, ਸਾਜਨ, ਸੂਰਜ ਅਤੇ ਗੌਰਵ ਸਾਰੇ ਹੀ ਆਪਣੇ ਸਾਥੀਆਂ ਨਾਲ ਸ਼ਾਮ ਨੂੰ ਪਾਰਕ ਵਿੱਚ ਖੇਡਣ ਲਈ ਇਕੱਠੇ ਹੋਏ ਤਾਂ ਉਹ ਖੇਡਣ ਦੀ ਬਜਾਏ ਇਕੱਠੇ ਬੈਠ ਕੇ ਗੱਲਾਂ ਕਰਨ ਲੱਗੇ। ਸਭ ਤੋਂ ਪਹਿਲਾਂ ਨੀਰਜ ਨੇ ਸਾਰਿਆਂ ਨੂੰ ਪੁੱਛਿਆ, ‘‘ਅੱਛਾ, ਸਭ ਤੋਂ ਪਹਿਲਾਂ ਸਾਰੇ ਇਹ ਦੱਸੋ ਕਿ ਦੀਵਾਲੀ ਵੇਲੇ ਕੌਣ, ਕਿੰਨੇ ਕਿੰਨੇ ਦੇ ਪਟਾਕੇ ਖਰੀਦੇਗਾ?’’
‘‘ਜਿੰਨੇ ਘਰਦਿਆਂ ਨੇ ਪੈਸੇ ਦਿੱਤੇ। ਬੰਬ, ਆਤਿਸ਼ਬਾਜ਼ੀ ਅਤੇ ਜੋ ਵੀ ਪਸੰਦ ਆਇਆ।’’ ਸਾਜਨ ਬੋਲਿਆ
ਇਸ ਤਰ੍ਹਾਂ ਸਾਰਿਆਂ ਨੇ ਵੱਧ ਤੋਂ ਵੱਧ ਬੰਬ ਪਟਾਕੇ ਖ਼ਰੀਦਣ ਦੀ ਗੱਲ ਕੀਤੀ, ਪਰ ਸੂਰਜ ਚੁੱਪ ਸੀ।
‘‘ਸੂਰਜ, ਤੂੰ ਨ੍ਹੀਂ ਪਟਾਕੇ ਲੈਂਦਾ?’’
‘‘ਨਹੀਂ ਮੈਂ ਨ੍ਹੀਂ ਪਟਾਕੇ ਚਲਾਉਣੇ।’’
‘‘ਕੁਝ ਨ੍ਹੀਂ ਹੁੰਦਾ, ਕੁਝ ਨ੍ਹੀਂ ਹੁੰਦਾ। ਐਵੇਂ ਨ੍ਹੀਂ ਡਰੀ ਦਾ ਹੁੰਦਾ।’’ ਨੀਰਜ ਨੇ ਕਿਹਾ
‘‘ਮੈਂ ਡਰਦਾ ਤਾਂ ਨ੍ਹੀਂ।’’ ਸੂਰਜ ਬੋਲਿਆ
‘‘ਕਿ ਘਰ ਦੇ ਪੈਸੇ ਨ੍ਹੀਂ ਦਿੰਦੇ?’’
‘‘ਘਰ ਦੇ ਪੈਸੇ ਵੀ ਦੇਣਗੇ। ਉਨ੍ਹਾਂ ਨੇ ਕਿਹਾ ਹੈ ਜੋ ਮਰਜ਼ੀ ਲੈ ਲਵੋ।’’
‘‘ਮਸਾਂ ਤਾਂ ਦੀਵਾਲੀ ਆਉਂਦੀ ਐ, ਪਟਾਕੇ ਚਲਾਈਂ।’’
‘‘ਨਹੀਂ ਯਾਰ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪਟਾਕੇ ਚਲਾਉਣ ਦੇ ਕਿੰਨੇ ਨੁਕਸਾਨ ਨੇ। ਜੇ ਕਿਸੇ ਦੇ ਅੱਖ-ਮੂੰਹ ਵਿੱਚ ਵੱਜ ਜਾਵੇ ਤਾਂ ਸਾਰੀ ਉਮਰ ਦਾ ਦੁੱਖ।’’
‘‘ਉਏ ਮੂਰਖਾ, ਮੈਂ ਤਾਂ ਅੱਜ ਤੱਕ ਪਟਾਕੇ ਚਲਾਉਣ ਨਾਲ ਕੋਈ ਮਰਿਆ ਦੇਖਿਆ ਨ੍ਹੀਂ।’’
‘‘ਤੁਸੀਂ ਸੁਣਿਆ ਤਾਂ ਸਾਰਿਆਂ ਨੇ ਹੋਵੇਗਾ?’’
‘‘ਕੀ ਸੁਣਿਆ ਹੋਵੇਗਾ?’’
‘‘ਕਿ ਬੰਬਾਂ ਦੇ ਖੜਕੇ ਨਾਲ ਕਈ ਵਾਰ ਕੰਨ ਵੀ ਬੋਲ਼ੇ ਹੋ ਜਾਂਦੇ ਨੇ।’’
ਸੂਰਜ ਦੀ ਗੱਲ ਸੁਣ ਕੇ ਸਾਰੇ ਹੱਸਣ ਲੱਗੇ, ਪਰ ਉਸ ਉੱਤੇ ਕੋਈ ਅਸਰ ਨਾ ਹੋਇਆ। ਉਹ ਆਪਣੀ ਗੱਲ ਉੱਤੇ ਕਾਇਮ ਸੀ।
‘‘ਪਿਛਲੇ ਸਾਲ ਅਖ਼ਬਾਰ ਵਿੱਚ ਖ਼ਬਰ ਆਈ ਸੀ ਕਿ ਇੱਕ 40 ਸਾਲ ਦੇ ਵਿਅਕਤੀ ਦੀ ਅੱਖ ਵਿੱਚ ਬੰਬ ਵੱਜਣ ਨਾਲ ਉਸ ਦੀ ਇੱਕ ਅੱਖ ਚਲੀ ਗਈ ਸੀ।’’
ਸੂਰਜ ਦੀ ਗੱਲ ਸੁਣ ਕੇ ਸਾਰੇ ਇੱਕ ਵਾਰ ਫਿਰ ਸੋਚਣ ਲੱਗੇ।
‘‘ਨਾਲੇ ਆਪਾਂ ਹਰ ਰੋਜ਼ ਪੜ੍ਹਦੇ ਹਾਂ ਕਿ ਪਟਾਕੇ ਚਲਾਉਣ ਨਾਲ ਕਿੰਨਾ ਪ੍ਰਦੂਸ਼ਣ ਫੈਲਦਾ ਹੈ।’’ ਸੂਰਜ ਬੋਲਿਆ।
‘‘ਐਂ ਤਾਂ ਪ੍ਰਦੂਸ਼ਣ ਹੋਰਾਂ ਚੀਜ਼ਾਂ ਨਾਲ ਵੀ ਵੱਧ ਫੈਲਦਾ ਹੈ।’’ ਸਾਜਨ ਨੇ ਕਿਹਾ।
‘‘ਇਸ ਦਾ ਮਤਲਬ ਕਿ ਤੁਸੀਂ ਬਾਜ਼ਾਰ ਦੀ ਮਠਿਆਈ ਵੀ ਨ੍ਹੀਂ ਲਿਆਉਂਦੇ।’’ ਗੌਰਵ ਬੋਲਿਆ।
‘‘ਹਾਂ, ਬਿਲਕੁਲ ਨਹੀਂ ਲਿਆਉਂਦੇ।’’
‘‘ਫਿਰ ਤੁਹਾਡੀ ਕਿਹੜੀ ਦੀਵਾਲੀ ਐ?’’ ਵਰੁਣ ਬੋਲਿਆ।
‘‘ਅਸੀਂ ਬਾਜ਼ਾਰ ਦੀ ਮਿਠਾਈ ਇਸ ਲਈ ਨਹੀਂ ਲਿਆਉਂਦੇ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਮਿਲਾਵਟ ਵਾਲੀ ਮਿਠਾਈ ਮਿਲਦੀ ਐ। ਅਸੀਂ ਅਤੇ ਸਾਡੇ ਗੁਆਂਢੀ ਸਾਰੇ ਮਿਲ ਕੇ ਘਰ ਵਿੱਚ ਸਾਮਾਨ ਲਿਆ ਕੇ, ਹਲਵਾਈ ਨੂੰ ਘਰ ਬਿਠਾ ਕੇ ਮਠਿਆਈਆਂ ਤਿਆਰ ਕਰਵਾਵਾਂਗੇ। ਨਾਲੇ ਆਪ ਖਾਵਾਂਗੇ ਨਾਲੇ ਰਿਸ਼ਤੇਦਾਰੀਆਂ ਵਿੱਚ ਦੇਵਾਂਗੇ।’’ ਸੂਰਜ ਦੀ ਗੱਲ ਸੁਣ ਕੇ ਸਾਰੇ ਹੈਰਾਨ ਰਹਿ ਗਏ।
‘‘ਮੁੱਲ ਦੀਆਂ ਮਠਿਆਈਆਂ ਖਾਣ ਨਾਲ ਤਾਂ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ।’’ ਨੀਰਜ ਨੇ ਕਿਹਾ ਤੇ ਸਾਰੇ ਇਸ ਗੱਲ ’ਤੇ ਸਹਿਮਤ ਹੋ ਗਏ।
‘‘ਸੂਰਜ ਤੂੰ ਸੱਚੀ ਗੱਲ ਦੱਸ ਕਿ ਤੂੰ ਬਿਲਕੁਲ ਵੀ ਪਟਾਖੇ ਨ੍ਹੀਂ ਲਿਆਉਂਦਾ?’’
‘‘ਨਹੀਂ ਬਿਲਕੁਲ ਨਹੀਂ। ਪੱਕੀ ਗੱਲ ਐ।’’
‘‘ਕਿਤੇ ਅਸੀਂ ਤੇਰੇ ਪਿੱਛੇ ਲੱਗ ਕੇ ਨਾ ਲਈਏ।’’
‘‘ਮੈਂ ਬਿਲਕੁਲ ਨਹੀਂ ਲਿਆਉਂਦਾ। ਮੈਂ ਵਾਅਦਾ ਕਰਦਾ ਹਾਂ।’’
‘‘ਅਸੀਂ ਵੀ ਨਹੀਂ ਲਿਆਉਂਦੇ ਤੇ ਨਾ ਹੀ ਚਲਾਈਏ। ਅਸੀਂ ਵੀ ਘਰ ਹੀ ਮਿਠਾਈ ਬਣਵਾਵਾਂਗੇ।’’ ਸਾਜਨ ਬੋਲਿਆ।
‘‘ਜੋ ਪੈਸੇ ਤੈਨੂੰ ਦੀਵਾਲੀ ’ਤੇ ਮਿਲਣਗੇ ਉਸ ਦਾ ਕੀ ਲੈ ਕੇ ਆਵੇਂਗਾ?’’
‘‘ਮੈਂ ਆਪਣੇ ਪੈਸੇ ਜੋੜ ਕੇ ਕੋਈ ਵਧੀਆ ਚੀਜ਼ ਲੈ ਕੇ ਆਵਾਂਗਾ, ਪਰ ਅਜੇ ਨਹੀਂ ਫਿਰ।’’
‘‘ਬਹੁਤ ਵਧੀਆ ਗੱਲ ਹੈ।’’ ਸਾਰੇ ਬੋਲੇ।
‘‘ਚਲੋ ਕੋਈ ਗਾਣਾ ਸੁਣਾਓ ਤੇ ਫਿਰ ਘਰ ਚੱਲਾਂਗੇ।’’
‘‘ਪਹਿਲਾਂ ਸੂਰਜ ਸੁਣਾਏਗਾ।’’ ਸਾਜਨ ਬੋਲਿਆ।
‘‘ਯਾਰ, ਵੈਸੇ ਤਾਂ ਮੈਨੂੰ ਕੋਈ ਗਾਣਾ ਆਉਂਦਾ ਨ੍ਹੀਂ, ਪਰ ਅਸੀਂ ਆਪਣੇ ਘਰ ਵਿੱਚ ਚਿੜੀ ਲਿਆਂਦੀ ਹੈ। ਉਹ ਚਾਬੀ ’ਤੇ ਵੀ ਚੱਲਦੀ ਹੈ ਅਤੇ ਬਿਜਲੀ ’ਤੇ ਵੀ। ਉਹ ਇੱਕ ਗੀਤ ਗਾਉਂਦੀ ਐ।’’
‘‘ਅੱਛਾ? ਕਿੱਥੋਂ ਲਿਆਂਦੀ ਐ?’’
‘‘ਮੇਰੇ ਭੂਆ ਜੀ ਆਏ ਸੀ ਚੰਡੀਗੜ੍ਹ ਤੋਂ।’’
‘‘ਕਿਹੋ ਜਿਹਾ ਗੀਤ ਗਾਉਂਦੀ ਹੈ ਚਿੜੀ?’’
‘‘ਗੀਤ ਤਾਂ ਵਧੀਐ। ਮੈਂ ਉਹੀ ਸੁਣਾ ਦਿੰਨਾ।’’
‘‘ਚੱਲ ਸੁਣਾ!’’
ਸੂਰਜ ਗੀਤ ਗਾਉਣ ਲੱਗਦਾ ਹੈ।
ਚਿੜੀ ਚੂਕ ਕੇ ਆਖਦੀ
ਸੁਣ ਲਓ ਮੇਰੀ ਚੂਕ।
ਦੀਵੇ ਬਾਲ ਕੇ ਮਨਾ ਦੀਵਾਲੀ
ਐਵੇਂ ਬਾਰੂਦ ਨਾ ਫੂਕ।
ਗੰਧਲੇ ਵਾਤਾਵਰਨ ਵਿੱਚ
ਸਾਹ ਲੈਣਾ ਨਹੀਂ ਸੌਖਾ।
ਘੜੀ ਪਲ ਦੀ ਕੀ ਖੁਸ਼ੀ
ਜੇ ਫਿਰ ਹੋ ਜਾਵੇ ਔਖਾ।
ਸਰ੍ਹੋਂ ਦੇ ਤੇਲ ਦੇ ਦੀਵੇ ਬਾਲੋ
ਬੂਹੇ ਲਓ ਸਜਾਅ।
ਗਾ ਕੇ ਗੀਤ ਪਿਆਰ ਦੇ
ਆਪਣਾ ਮਨ ਪਰਚਾਅ।
‘‘ਹੂੰਅ! ਹੁਣ ਪਤਾ ਲੱਗਿਆ ਕਿ ਸੂਰਜ ਪਟਾਕੇ ਕਿਉਂ ਨਹੀਂ ਚਲਾਉਂਦਾ। ਇਹ ਤਾਂ ਚਿੜੀ ਦੀ ਕਰਾਮਾਤ ਹੈ।’’
‘‘ਯਾਰ, ਗੱਲ ਤਾਂ ਚਿੜੀ ਦੀ ਠੀਕ ਐ।’’ ਨੀਰਜ ਨੇ ਕਿਹਾ ਤਾਂ ਸਾਰਿਆਂ ਨੇ ਉਸ ਦੀ ਹਾਂ ਵਿੱਚ ਹਾਂ ਮਿਲਾਈ।
‘‘ਬਸ ਏਡਾ ਕੁ ਐ ਇਹ ਗੀਤ?’’
‘‘ਨਹੀਂ ਦੋ ਲਾਈਨਾਂ ਹੋਰ ਨੇ।’’
‘‘ਉਹ ਵੀ ਸੁਣਾ ਦੇ...।’’
ਸ਼ੀਤਲ ਧਰਤੀ ਸ਼ੀਤਲ ਹਵਾ
ਤਨ ਮਨ ਦੇਵੇ ਠਾਰ।
ਆਓ ਇਸ ਹਵਾ ਵਿੱਚ
ਲੁੱਟੀਏ ਮੌਜ ਬਹਾਰ।
ਸੂਰਜ ਤੋਂ ਆਖਰੀ ਬੰਦ ਸੁਣ ਕੇ ਸਾਰੇ ਖੁਸ਼ ਹੋਏ ਤੇ ਕਹਿਣ ਲੱਗੇ, ‘‘ਦੇਖੀ ਚਿੜੀ ਦੀ ਕਰਾਮਾਤ।’’
‘‘ਹਾਂ! ਅਸੀਂ ਚਿੜੀ ਦੀ ਗੱਲ ’ਤੇ ਅਮਲ ਕਰਾਂਗੇ ਤੇ ਹੋਰਾਂ ਨੂੰ ਵੀ ਸਮਝਾਵਾਂਗੇ।’’ ਵਰੁਣ ਨੇ ਕਿਹਾ ਤੇ ਸਾਰੇ ਖੁਸ਼ ਹੋ ਕੇ ਆਪਣੇ ਘਰਾਂ ਨੂੰ ਤੁਰ ਪਏ।
ਸੰਪਰਕ: 94178-40323