ਤਿੰਨ ਸਤਰਾਂ ਦਾ ਜਾਦੂ
ਹਾਇਕੂ ਅਜਿਹੀ ਜਪਾਨੀ ਕਾਵਿ-ਵਿਧਾ ਹੈ ਜਿਸ ਨੂੰ ਸੰਸਾਰ-ਸਾਹਿਤ ’ਚ ਸਭ ਤੋਂ ਨਿੱਕੀ ਕਵਿਤਾ ਵਜੋਂ ਜਾਣਿਆ ਜਾਂਦਾ ਹੈ। ਸ਼ਾਇਦ ਹੀ ਕੋਈ ਅਜਿਹਾ ਜਪਾਨੀ ਹੋਵੇ ਜਿਸ ਨੇ ਕਦੇ ਕੋਈ ਹਾਇਕੂ ਨਾ ਲਿਖਿਆ ਜਾਂ ਪੜ੍ਹਿਆ ਹੋਵੇ। ਹੁਣ ਇਸ ਨੂੰ ਦੁਨੀਆ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਨੇ ਆਪਣੀ ਕਾਵਿ-ਵਿਧਾ ਬਣਾ ਲਿਆ ਹੈ।
ਸਰਲਤਾ, ਸਹਿਜਤਾ ਤੇ ਸੰਜਮਤਾ ਹਾਇਕੂ ਦਾ ਵਿਸ਼ੇਸ਼ ਗੁਣ ਹੈ। ਹਾਇਕੂ ਕੈਮਰੇ ਵਾਂਗ ਸ਼ਬਦਾਂ ਨਾਲ ਖਿੱਚੀ ਫੋਟੋ ਹੁੰਦਾ ਹੈ, ਜਿਸ ਵਿੱਚ ਕੁਦਰਤ ਅਤੇ ਆਪਣੇ ਆਲੇ-ਦੁਆਲੇ ਨੂੰ ਜਿਵੇਂ ਦੇਖਿਆ ਜਾਂਦਾ ਹੈ, ਉਵੇਂ ਹੀ ਬਿਨਾਂ ਕਿਸੇ ਪ੍ਰਤੀਕਿਰਿਆ ਦੇ ਲਿਖਿਆ ਜਾਂਦਾ ਹੈ। ਮੈਂ ਖਾਲੀ ਖੇਤ ’ਚ ਖੜ੍ਹਾ ਡਰਨਾ ਦੇਖਦਾ ਹਾਂ;
ਮੁੱਛਾਂ ਮਰੋੜੇ
ਡਰਨਾ ਅਜੇ ਵੀ
ਖੇਤ ਖਾਲੀ
ਇਹ ਹਾਇਕੂ ਜਦੋਂ ਪਾਠਕਾਂ ਨਾਲ ਸਾਂਝਾ ਕਰਦਾ ਹਾਂ ਤਾ ਇੱਕ ਮਿੱਤਰ ਇਸ ਨੂੰ ਜੱਟ ਮਨੋਵਿਗਿਆਨ ਨਾਲ ਜੋੜਦਾ ਆਖਦਾ ਹੈ ਕਿ ਉਹ ਖਾਲੀ ਖੇਤ ਹੋਣ ਦੇ ਬਾਵਜੂਦ ਮੁੱਛਾਂ ਮਰੋੜ ਰਿਹਾ ਹੈ। ਜਦੋਂ ਕਿ ਇੱਕ ਹੋਰ ਦੋਸਤ ਡਰਨੇ ਨੂੰ ਮਨੁੱਖ ਨਾਲੋਂ ਵਧੇਰੇ ਸੰਵੇਦਨਸ਼ੀਲ ਦੱਸਦਾ ਹੈ ਕਿ ਡਰਨਾ ਇਸ ਲਈ ਮੁੱਛਾਂ ਮਰੋੜ ਰਿਹਾ ਹੈ ਕਿ ਕੁਝ ਦਿਨਾਂ ਨੂੰ ਮੁੜ ਨਵੀਂ ਫ਼ਸਲ ਬੀਜੀ ਜਾਵੇਗੀ ਤੇ ਉਹ ਉਸ ਦੀ ਰਾਖੀ ਕਰੇਗਾ। ਸੋ ਹਾਇਕੂ ਸਰਲ ਹੋ ਕੇ ਬਹੁ-ਦਿਸ਼ਾਵੀ ਤੇ ਬਹੁ-ਅਰਥੀ ਹੁੰਦਾ ਹੈ;
ਪੁੱਤਾਂ ਕੱਢੀ ਕੰਧ
ਬੇਬੇ ਬਾਪੂ ਦਾ
ਲੰਮਾ ਹੋ ਗਿਆ ਪੰਧ। (ਗੁਰਿੰਦਰਜੀਤ ਸਿੰਘ)
***
ਪਿੰਡੋਂ ਫੋਨ ਆਇਆ
ਭਤੀਜਾ ਬੋਲੇ
ਪਿੱਛੇ ਚਿੜੀਆਂ ਚਹਿਕਣ। (ਅੰਬਰੀਸ਼)
***
ਬੱਚੇ ਨੂੰ ਬੁਖਾਰ
ਬੂਹਾ, ਖਿੜਕੀ, ਪਰਦੇ
ਸਾਰਾ ਘਰ ਬਿਮਾਰ। (ਬਲਜੀਤਪਾਲ ਸਿੰਘ)
ਪੰਜਾਬੀ ਵਿੱਚ ਬਹੁਤ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਨੇ ‘ਪੂਰਬੀ ਪੰਜਾਬੀ ਕਵਿਤਾ’ ਵਿੱਚ ਹਾਇਕੂ ਦੀ ਸਿਆਣ ਕਰਵਾਈ। ਫਿਰ ਜਪਾਨ ਰਹਿੰਦੇ ਪੰਜਾਬੀ ਕਵੀ ਪਰਮਿੰਦਰ ਸੋਢੀ ਨੇ ‘ਜਪਾਨੀ ਹਾਇਕੂ ਸ਼ਾਇਰੀ’ ਨਾਂ ਦੀ ਕਿਤਾਬ ਨਾਲ ਹਾਇਕੂ ਸਬੰਧੀ ਮੁੱਢਲੀ ਜਾਣਕਾਰੀ ਦਿੰਦਿਆਂ ਜਪਾਨੀ ਹਾਇਕੂ ਨੂੰ ਪੰਜਾਬੀ ਵਿੱਚ ਪੇਸ਼ ਕੀਤਾ। ਇਸ ਕਿਤਾਬ ਤੋਂ ਪ੍ਰੇਰਿਤ ਹੋ ਕੇ ਕੈਨੇਡਾ ਵਾਸੀ ਸ਼ਾਇਰ ਅਮਰਜੀਤ ਸਾਥੀ ਪੂਰੀ ਤਰ੍ਹਾਂ ਇਸ ਵਿਧਾ ਨਾਲ ਜੁੜ ਗਿਆ, ਜਿਸ ਨੇ ਇੰਟਰਨੈੱਟ ’ਤੇ ਹਾਇਕੂ ਪੰਜਾਬੀ ਨਾਂ ਦਾ ਬਲਾਗ ਸ਼ੁਰੂ ਕੀਤਾ ਤੇ ਪੰਜਾਬੀ ਦਾ ਪਹਿਲਾ ਹਾਇਕੂ-ਸੰਗ੍ਰਹਿ ‘ਨਿਮਖ’ ਪ੍ਰਕਾਸ਼ਿਤ ਕੀਤਾ। ਬਲਾਗ ਵਿੱਚ ਸਥਾਪਤ ਕਵੀ ਅਮਰਜੀਤ ਚੰਦਨ, ਅਜਮੇਰ ਰੋਡੇ, ਅੰਬਰੀਸ਼, ਦੇਵਨੀਤ ਤੋਂ ਇਲਾਵਾ ਕਈ ਅਜਿਹੇ ਸ਼ਾਇਰਾਂ ਦੇ ਹਾਇਕੂ ਵੀ ਪੜ੍ਹੇ ਜਾ ਸਕਦੇ ਹਨ, ਜਿਨ੍ਹਾਂ ਨੇ ਆਪਣਾ ਸਾਹਿਤਕ ਜੀਵਨ ਇਸੇ ਵਿਧਾ ਨਾਲ ਸ਼ੁਰੂ ਕੀਤਾ।
ਅੱਗ ਲਾ ਰਿਹਾ ਮਾਲੀ
ਪੱਤਿਆਂ ਦੇ ਢੇਰ ਨੂੰ
ਬੂਟਿਆਂ ਦੇ ਸਾਹਮਣੇ। (ਹਰਸ਼ਪਿੰਦਰ ਪੂਨੀਆ)
ਤਿੰਨ ਸਤਰਾਂ ਵਿੱਚ ਲਿਖਿਆ ਜਾਂਦਾ ਹਾਇਕੂ ਸੰਸਾਰ-ਸਾਹਿਤ ਦੀ ਸਭ ਤੋਂ ਨਿੱਕੀ ਕਾਵਿ-ਸਿਨਫ ਹੈ। ਹੁਣ-ਖਿਣ ਨੂੰ ਪੇਸ਼ ਕਰਦਾ ਹਾਇਕੂ ਆਕਾਰ ਪੱਖੋਂ ਭਾਵੇਂ ਕਣ ਜਿੱਡਾ ਹੀ ਹੈ, ਪਰ ਅਰਥਾਂ ਪੱਖੋਂ ਪੂਰੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ। ਭੱਜ-ਦੌੜ ਦੇ ਸਮੇਂ ਵਿੱਚ ਹਾਇਕੂ ਰਾਹੀਂ ਅਸੀਂ ਦੋ ਘੜੀਆਂ ਰੁਕ ਸਕਦੇ ਹਾਂ। ਸ਼ਾਂਤ ਹੋ ਕੇ ਆਪਣੇ ਜੀਵਨ ਦਾ ਆਨੰਦ ਲੈ ਸਕਦੇ ਹਾਂ। ਬਾਸ਼ੋ ਦਾ ਕਥਨ ਹੈ, ‘‘ਹਾਇਕੂ ਇੱਕ ਪਲ ਦਾ ਵਰਤਾਰਾ ਹੈ, ਹੁਣੇ ਜੋ ਇਸੇ ਜਗ੍ਹਾ ਵਾਪਰ ਰਿਹਾ ਹੈ।’’ ਦਵਿੰਦਰ ਪੂਨੀਆ ਦੇ ਹਾਇਕੂ-ਸੰਗ੍ਰਹਿ ‘ਕਣੀਆਂ’ ਵਿਚਲਾ ਹਾਇਕੂ ਇਸ ਦੇ ਆਕਾਰ ਤੇ ਸਮੱਰਥਾ ਨੂੰ ਦਰਸਾਉਂਦਾ ਹੈ;
ਤਿੰਨ ਸਤਰਾਂ
ਮੁੱਕੀਆਂ
ਹਾਇਕੂ ਨਹੀਂ
ਹਾਇਕੂ ਪੰਜਾਬੀ ਵਿੱਚ ਲਿਖਿਆ ਜਾ ਰਿਹਾ ਹੈ ਤੇ ਪਾਠਕ ਤੇ ਲੇਖਕ ਇਸ ਨੂੰ ਖੁੱਲ੍ਹੇ ਦਿਲ ਨਾਲ ਪ੍ਰਵਾਨ ਕਰ ਰਹੇ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਇਸ ਨੂੰ ਪੰਜਾਬੀ ਸੁਭਾਅ ’ਚ ਢਾਲ ਲਿਆ ਗਿਆ ਹੈ। ਇਹਦੀਆਂ ਛੋਟੀਆਂ ਛੋਟੀਆਂ ਤਿੰਨ ਸਤਰਾਂ ਸਾਡੇ ਸੱਭਿਆਚਾਰ, ਰਹਿਣ-ਸਹਿਣ ਨੂੰ ਗਹਿਰੇ ਅਰਥਾਂ ਵਿੱਚ ਦਰਸਾ ਰਹੀਆਂ ਹਨ;
ਝਾੜੂ ਪੱਗ ’ਚੋਂ ਤੂੜੀ
ਬਚੇ-ਖੁਚੇ ਵਾਲਾਂ ਦੀ
ਬਾਪੂ ਬੰਨ੍ਹੇ ਜੂੜੀ। (ਅਮਰਜੀਤ ਸਾਥੀ)
***
ਇੱਕੋ ਛਾਬਿਉਂ ਆਈ
ਮੇਰੀ ਤੇ ਡੱਬੂ ਦੀ ਰੋਟੀ
ਬੇਬੇ ਦੀ ਪਕਾਈ। (ਗੁਰਮੀਤ ਸੰਧੂ)
***
ਮਾਂ ਬਾਪ ਦੀ ਮੰਜੀ
ਕੋਠੀ ਮਹਿਲਾਂ ਜਿੱਡੀ
ਥਾਂ ਦੀ ਕਿੰਨੀ ਤੰਗੀ। (ਦਰਬਾਰਾ ਸਿੰਘ)
***
ਸਾਵਣ ਆਇਆ
ਧਰਤ ਕੁੜੀ ਨੇ ਸਿਰ ’ਤੇ
ਬੱਦਲ ਮਟਕਾ ਚਾਇਆ। (ਜਸਵੰਤ ਜ਼ਫ਼ਰ)
***
ਕੋਠੇ ਚੜ੍ਹ ਕੇ ਦੇਖਿਆ
ਮੰਦਰ ਟਾਵਰ ਚਾਰੋਂ ਤਰਫ਼
ਰੁੱਖ ਕੋਈ ਕੋਈ। (ਪਰਾਗ ਰਾਜ ਸਿੰਗਲਾ)
ਕੁਦਰਤ ਤੇ ਹਾਇਕੂ ਦਾ ਬਹੁਤ ਨੇੜੇ ਦਾ ਰਿਸ਼ਤਾ ਹੈ, ਭਾਵੇਂ ਅਸੀਂ ਪੰਜਾਬੀ ਜਪਾਨੀਆਂ ਜਿਹੇ ਸੂਖਮ ਸੁਭਾਅ ਵਾਲੇ ਨਹੀਂ, ਫਿਰ ਵੀ ਰੁੱਤਾਂ ਦੀ ਤਿੱਖੀ ਤਬਦੀਲੀ ਤੇ ਫ਼ਸਲੀ ਚੱਕਰ ਸਾਡੀ ਕਵਿਤਾ ਦਾ ਹਿੱਸਾ ਰਿਹਾ ਹੈ। ਹਾਇਕੂ ਵਿੱਚ ਵੀ ਕਵੀਆਂ ਨੇ ਕੁਦਰਤ ਨੂੰ ਕਈ ਭਾਂਤਾਂ ਤੋਂ ਦੇਖਿਆ ਹੈ;
ਪਤਝੜ ਦਾ ਭੋਗ
ਰੱਖ ਸਵੇਰੇ ਵੰਡਦੇ
ਪੱਤਿਆਂ ਦਾ ਪ੍ਰਸ਼ਾਦ। (ਕੁਲਦੀਪ ਸਿੰਘ ਦੀਪ)
***
ਛੋਟਾ ਛੋਟਾ ਘਾਹ
ਨਿੱਕੇ ਫੁੱਲ
ਮੱਝਾਂ ਚਰਦੀਆਂ। (ਮਹਾਂਦੇਵ ਸਿੰਘ)
***
ਕੱਚੀ ਮਿੱਟੀ
ਚੁੱਲ੍ਹਾ ਬਣਾਵੇ ਮਾਂ
ਉੱਤੇ ਚਿੜੀਆਂ। (ਅਕਬਰ ਸਿੰਘ)
ਹਾਇਕੂ ਵਿੱਚ ਮਨੁੱਖੀ ਸੁਭਾਅ ਦੇ ਸਾਰੇ ਰੰਗਾਂ ਨੂੰ ਦੇਖਿਆ ਜਾ ਸਕਦਾ ਹੈ। ਖੁਸ਼ੀ, ਗ਼ਮੀ, ਉਦਾਸੀ, ਜਸ਼ਨ, ਖੂਬੀ, ਕਮੀ, ਪਿਆਰ, ਨਫ਼ਰਤ, ਵੈਰਾਗ, ਹੌਲ, ਚੁੱਪ ਸੁਬੋਲ ਇਸ ਵਿਧਾ ਦੇ ਵਿਸ਼ੇ ਤਾਂ ਹਨ ਹੀ, ਸਗੋਂ ਪੰਜਾਬੀ ਸਮਾਜ ਦੀਆਂ ਕੁਰੀਤੀਆਂ ਨੂੰ ਵੀ ਰੂਪਮਾਨ ਕੀਤਾ ਜਾਂਦਾ ਹੈ;
ਰੋਕ ਨਾ ਸਕਿਆ
ਕੜੇ ਵਾਲਾ ਹੱਥ
ਭਰੂਣ ਹੱਤਿਆ। (ਹਰਜੀਤ ਜਨੋਹਾ)
***
ਪ੍ਰਦੂਸ਼ਣ
ਚਿਮਨੀ ਨੇ ਲਿਖਿਆ
ਧੂੰਏ ਨਾਲ। (ਦਵਿੰਦਰ ਪੂਨੀਆ)
ਹਾਇਕੂ ਸਹਿਜ ਮਤੇ, ਰੁਕ ਰੁਕ ਕੇ, ਚੁੱਪ-ਚੁੱਪ ਪੜ੍ਹਨ ਵਾਲੀ ਕਾਵਿ-ਵਿਧਾ ਹੈ ਜੋ ਮਨੁੱਖ ਨੂੰ ਜਿਉਣਾ ਸਿਖਾਉਂਦੀ ਹੈ-ਖੁਸ਼ੀ ਤੇ ਗ਼ਮੀ ਦੇ ਸਮੁੰਦਰ ’ਚ ਤਾਰੀਆਂ ਲਾਉਣਾ ਸਿਖਾਉਂਦੀ ਹੈ। ਇਸ ਵਿਧਾ ਨੂੰ ਲੰਮੀ ਕਹਾਣੀ ਲਿਖਣ ਵਾਲੇ ਕਹਾਣੀਕਾਰ ਵਰਿਆਮ ਸੰਧੂ ਵੀ ਲਿਖ ਰਹੇ ਹਨ। ਪੜ੍ਹਦੇ ਹਾਂ ਉਨ੍ਹਾਂ ਦਾ ਹਾਇਕੂ;
ਲੰਘਿਆ ਜਾਏ ਜਲੂਸ
ਚੌਕ ’ਚ ਗੱਡਿਆ ਬੁੱਤ
ਪੈਰ ਨਾ ਹਿੱਲਣ
ਹਾਇਕੂ ਨੂੰ ਦੁਨੀਆ ਭਰ ਦੇ ਬੱਚੇ ਵੀ ਲਿਖ ਰਹੇ ਹਨ। ਬੱਚਿਆਂ ਕੋਲ ਸੁਭਾਵਿਕ ਹੀ ਹਾਇਕੂ ਅੱਖ ਹੁੰਦੀ ਹੈ। ਉਹ ਆਪਣੇ ਆਲੇ-ਦੁਆਲੇ ਦੀ ਹਰ ਸ਼ੈਅ ਸਿਰਫ਼ ਦੇਖ ਕੇ ਹੀ ਸਬਰ ਨਹੀਂ ਕਰਦੇ, ਸਗੋਂ ਉਸ ਨੂੰ ਛੋਹ ਕੇ, ਰੱਖ ਕੇ, ਸੁੰਘ ਕੇ, ਛੇੜ ਕੇ, ਢਾਹ ਕੇ, ਮੁੜ ਬਣਾ ਕੇ ਹੀ ਦਮ ਲੈਂਦੇ ਹਨ।
ਇਹੋ ਪ੍ਰਮੁੱਖ ਨੁਕਤਾ ਹਾਇਕੂ ਦਾ ਹੈ। ਦੇਖਦੇ ਹਾਂ ਕੁਝ ਪੰਜਾਬੀ ਬੱਚਿਆਂ ਦੇ ਹਾਇਕੂ;
ਮੇਰੀ ਮਾਂ
ਮਟਰ ਕੱਢੇ
ਹਰੇ ਹਰੇ ਮੋਤੀ। (ਹਰਪ੍ਰੀਤ ਸਿੰਘ)
***
ਨਹੀਂ ਜਾਣਾ ਸਕੂਲ
ਪ੍ਰੀਖਿਆ ਹੈ ਅੱਜ
ਨਿੱਕੀ ਜਿਹੀ ਤਾਂ ਹਾਂ। (ਸਨੋਅ ਸਾਦਗੀ)
***
ਚਾਰ ਅੱਖਾਂ
ਦੋ ਮੇਰੀਆਂ
ਦੋ ਕੱਚ ਦੀਆਂ। (ਸਿਫਤੀ)
ਹਾਇਕੂ ਪੜ੍ਹਨ ਤੇ ਲਿਖਣ ਦਾ ਅਭਿਆਸ ਨਿਰੀ-ਪੁਰੀ ਸਾਹਿਤਕ ਰਚਨਾ ਕਰਨਾ ਹੀ ਨਹੀਂ, ਸਗੋਂ ਜੀਵਨ-ਜਾਚ ਹੈ। ਹਾਇਕੂ ਮਨੁੱਖ ਦੇ ਅੰਦਰ ਵੱਲ ਖੁੱਲ੍ਹਦੀ ਬਾਰੀ ਹੈ, ਜਿਸ ਰਾਹੀਂ ਬੰਦਾ ਕੁਦਰਤ ਦੇ ਅਨੰਤ ਰੰਗਾਂ ਨੂੰ ਜਾਣ-ਮਾਣ ਸਕਦਾ ਹੈ। ਕਈ ਵਰ੍ਹੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਵਿੱਚ ਹਾਇਕੂ ਕਾਨਫਰੰਸ ’ਚ ਪ੍ਰੋਫੈਸਰ ਦਰਬਾਰਾ ਸਿੰਘ ਦੀ ਹਾਇਕੂ-ਪੁਸਤਕ ‘ਪਲ ਛਿਣ’ ਅਤੇ ਗੁਰਮੀਤ ਸੰਧੂ ਦੀ ‘ਖਿਵਣ’ ਰਿਲੀਜ਼ ਕੀਤੀ ਗਈ। ਇਸ ਮੌਕੇ ਅਮਰੀਕੀ ਹਾਈਜਨ ਜੌਨ ਬਰਾਂਡੀ ਦੀ ਹਾਇਕੂ ਕਿਤਾਬ ‘ਨੀਲਾ ਆਕਾਸ਼ ਗੂੰਜ ਰਿਹਾ ਹੈ’ ਵੀ ਪਾਠਕਾਂ ਦੇ ਸਨਮੁੱਖ ਕੀਤੀ ਗਈ। ਇਸ ਪੁਸਤਕ ਦਾ ਅਨੁਵਾਦ ਅਮਰਜੀਤ ਸਾਥੀ ਨੇ ਬਹੁਤ ਹੀ ਖੂਬਸੂਰਰਤ ਢੰਗ ਨਾਲ ਕੀਤਾ ਹੈ।
ਇਸ ਨਵੀਂ ਕਾਵਿ-ਵਿਧਾ ਨੂੰ ਸਭ ਵੱਲੋਂ ਉਤਸ਼ਾਹ ਨਾਲ ਸਵੀਕਾਰਿਆ ਜਾ ਰਿਹਾ ਹੈ, ਜਿਸ ਨੂੰ ਕਵੀ ਚੰਦਨ ਹਾਇਕੂਆਂ ਦਾ ਮੀਂਹ ਆਖਦਾ ਹੈ। ਆਲੇ-ਦੁਆਲੇ ਦੀ ਹਰਿਆਲੀ ਲਈ ਇਹ ਮੀਂਹ ਬਹੁਤ ਜ਼ਰੂਰੀ ਹੈ। ਤੁਸੀਂ ਵੀ ਇਸ ਮੀਂਹ ਹੇਠਾਂ ਨਹਾ ਸਕਦੇ ਹੋ। ਤਿੰਨ ਸਤਰਾਂ ਦੇ ਜਾਦੂ ਦਾ ਆਨੰਦ ਮਾਣ ਸਕਦੇ ਹੋ।
ਸੰਪਰਕ : 98723-75898
