ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੱਘਰ ਮਾਰ ਮੁਕਾਇਆ ਮੈਨੂੰ...

ਮੱਘਰ ਮਾਹ ਦੇਸੀ ਮਹੀਨੇ ਦਾ ਨੌਵਾਂ ਤੇ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਅੱਧ ਨਵੰਬਰ ਤੋਂ ਸ਼ੁਰੂ ਹੋ ਕੇ ਅੱਧ ਦਸੰਬਰ ਤੱਕ ਦਾ ਹੁੰਦਾ ਹੈ। ਇਸ ਤੋਂ ਪਹਿਲਾ ਆਇਆ ਕੱਤਕ ਮਾਹ ਤੇਜ਼ੀ ਨਾਲ ਸਿਆਲੂ ਰੁੱਤਾਂ ਵੱਲ ਵਧਣ ਤੇ ਮੌਸਮੀ ਤਬਦੀਲੀ ਦੀ...
Advertisement

ਮੱਘਰ ਮਾਹ ਦੇਸੀ ਮਹੀਨੇ ਦਾ ਨੌਵਾਂ ਤੇ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਅੱਧ ਨਵੰਬਰ ਤੋਂ ਸ਼ੁਰੂ ਹੋ ਕੇ ਅੱਧ ਦਸੰਬਰ ਤੱਕ ਦਾ ਹੁੰਦਾ ਹੈ। ਇਸ ਤੋਂ ਪਹਿਲਾ ਆਇਆ ਕੱਤਕ ਮਾਹ ਤੇਜ਼ੀ ਨਾਲ ਸਿਆਲੂ ਰੁੱਤਾਂ ਵੱਲ ਵਧਣ ਤੇ ਮੌਸਮੀ ਤਬਦੀਲੀ ਦੀ ਆਗਾਜ਼ ਦਾ ਸੁਨੇਹਾ ਮਿੰਨੀਆਂ-ਮਿੰਨੀਆਂ ਠੰਢੀਆਂ ਹੋਈਆਂ ਦਿਨ ਤੇ ਰਾਤਾਂ ਨਾਲ ਦੇ ਜਾਂਦਾ ਹੈ। ਮੱਘਰ ਮਾਹ ਸਿਆਲ ਰੁੱਤ ਦੀਆਂ ਸ਼ੀਤ ਲਹਿਰਾਂ, ਦਿਨ-ਰਾਤ ਪੈਂਦੀਆਂ ਧੁੰਦਾਂ ਦੇ ਨਾਲ-ਨਾਲ ਪਹਿਲੇ ਪਹਿਰ ਫੁੱਲ-ਬੂਟਿਆਂ ’ਤੇ ਪਈ ਤਰੇਲ ਦੇ ਖੂਬਸੂਰਤ ਦ੍ਰਿਸ਼ ਆਪਣੇ ਨਾਲ ਲੈ ਆਉਂਦਾ ਹੈ।

ਮੱਘਰ ਮਾਹ ਦੀਆਂ ਠੰਢੀਆਂ ਤੇ ਲੰਮੇਰੀਆਂ ਰਾਤਾਂ ਮਨੁੱਖੀ ਮਨ ’ਚ ਪ੍ਰਭੂ ਪ੍ਰੇਮ ਦਾ ਬੀਜ ਪੁੰਗਰਨ ਤੇ ਉਸ ਸਾਹਿਬ, ਹਰੀ, ਪ੍ਰਭੂ ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ ਤੇ ਇਹ ਰੂਹਾਨੀ ਨਜ਼ਾਰੇ ਮਨੁੱਖੀ ਮਨ ਨੂੰ ਮੋਹ ਲੈਂਦੇ ਹਨ। ਮੱਘਰ ਮਾਹ ਦੇ ਇਹ ਨਜ਼ਾਰੇ ਉਹ ਮਨੁੱਖ ਹੀ ਮਹਿਸੂਸ ਕਰ ਸਕਦਾ ਹੈ ਜੋ ਇਨ੍ਹਾਂ ਠੰਢੀਆਂ-ਮਿੱਠੀਆਂ ਰਾਤਾਂ ’ਚ ਪ੍ਰਭੂ ਸਿਮਰਨ ’ਚ ਲੀਨ ਹੋਇਆ ਹੋਵੇ। ਮੱਘਰ ਮਾਹ ਮਨੁੱਖੀ ਮਨ ਦਾ ਅੰਦਰੋਂ ਮਘਣ ਤੇ ਪ੍ਰਭੂ ਮਿਲਾਪ ਦਾ ਮਹੀਨਾ ਮੰਨਿਆ ਜਾਂਦਾ ਹੈ। ਮੱਘਰ ਮਾਹ ਨੂੰ ਆਧਾਰ ਬਣਾ ਕੇ ਬਾਰਹਮਾਹ ਤੁਖਾਰੀ ਰਾਗ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ;

Advertisement

ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ॥

ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ ॥

ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ ॥

ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ ॥

ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ ॥

ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ ॥

ਭਾਵ ਮੱਘਰ ਦਾ ਮਹੀਨਾ ਉਨ੍ਹਾਂ ਨੂੰ ਭਾਉਂਦਾ ਹੈ ਜਿਸ ਜੀਵ-ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਆ ਵੱਸਦਾ ਹੈ। ਪ੍ਰਭੂ-ਪਤੀ ਗੁਣਵਾਨ ਜੀਵ-ਇਸਤਰੀ ਨੂੰ ਪਿਆਰਾ ਲੱਗਦਾ ਹੈ ਜੋ ਉਸ ਦੇ ਗੁਣ ਯਾਦ ਕਰਦੀ ਰਹਿੰਦੀ ਹੈ। ਉਹ ਪ੍ਰਭੂ-ਪਤੀ, ਸਿਰਜਣਹਾਰ ਹੀ ਜੋ ਚਤੁਰ ਹੈ, ਸਿਆਣਾ ਹੈ ਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸ ਤੋਂ ਬਿਨਾਂ ਸਾਰਾ ਜਗਤ ਤਾਂ ਨਾਸ਼ਵਾਨ ਹੈ। ਜਿਸ ਅੰਦਰ ਨਾਮ ਰੂਪੀ ਸ਼ਬਦ ਦਾ ਟਿਕਾਅ ਹੋ ਜਾਂਦਾ ਹੈ, ਉਸ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਸਭ ਚੰਗਾ ਲੱਗਣ ਲੱਗ ਪੈਂਦਾ ਹੈ। ਪ੍ਰਭੂ- ਪਤੀ ਦੀ ਸਿਫ਼ਤ-ਸਾਲਾਹ ਦੇ ਗੀਤ ਸੁਣ ਸੁਣ ਕੇ ਪ੍ਰਭੂ ਦੇ ਨਾਮ ਵਿੱਚ ਲੀਨ ਹੋ ਕੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਹੇ ਨਾਨਕ! ਉਹ ਜੀਵ-ਇਸਤਰੀ ਪ੍ਰਭੂ-ਪਤੀ ਨੂੰ ਪਿਆਰੀ ਹੋ ਜਾਂਦੀ ਹੈ ਅਤੇ ਉਹ ਆਪਣਾ ਆਪ ਪਿਆਰੇ ਪ੍ਰਭੂ-ਪਤੀ ਅੱਗੇ ਭੇਟ ਕਰਦੀ ਹੈ।

ਮੱਘਰ ਮਾਹ ਨੂੰ ਵਿਚਰਦਿਆਂ ਕੰਤ ਮਹੇਲੀ ਬਾਰਹਮਾਹ ’ਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਫਰਮਾਉਂਦੇ ਹਨ;

ਰੋਂਦਿਆਂ ਮੱਘਰ ਆ ਪਹੁੰਚਾ, ਰੁੱਤਾਂ ਠੰਢੀਆਂ ਆਈਆਂ

ਭ੍ਰਾਏ ਲੇਫ ਤੁਲਾਈਆਂ, ਕੰਤਾਂ ਵਾਲੀਆਂ ਸਹੀਆਂ।

ਢੱਠੀ ਕੂੰਜ ਜਿਉਂ ਡਾਰੋਂ, ਆਪਣੇ ਕੰਤੋਂ ਵਿਛੁੰਨੀ

ਲੁੱਛਾਂ ਤੜਫਾਂ ਤੇ ਲੁੱਛਾਂ, ਕੂਕਾਂ ਕੂਕ ਕੁਰਲਈਆਂ।

ਭਾਈ ਸਾਹਿਬ ਜੀ ਨਾਮ ਸਿਮਰਨ ਰਾਹੀਂ ਪ੍ਰਭੂ ਪਤੀ ਦੇ ਮਿਲਾਪ ਦੀ ਗੱਲ ਕਰਦਿਆਂ ਆਖਦੇ ਹਨ ਕਿ ਪ੍ਰਭੂ ਪਤੀ ਦੇ ਮਿਲਾਪ ਦੀ ਤਾਂਘ ’ਚ ਵਿਛੋੜੇ ’ਚ ਰੋਂਦਿਆਂ ਠੰਢੀਆਂ ਰੁੱਤਾਂ ਦਾ ਮਹੀਨਾ ਮੱਘਰ ਆ ਗਿਆ। ਜਿਨ੍ਹਾਂ ਜੀਵ ਆਤਮਾਵਾਂ ਨੇ ਆਪਣੇ ਮਨ ਰੂਪੀ ਲੇਫ ਤਲਾਈਆਂ ਨਾਮ ਸਿਮਰਨ ਨਾਲ ਭਰ ਲਏ, ਉਹ ਪ੍ਰਭੂ ਪਤੀ ਵਾਲੀਆਂ ਹੋ ਗਈਆਂ। ਜਿਨ੍ਹਾਂ ਆਪਣੇ ਮਨ ਨੂੰ ਪ੍ਰਭੂ ਪਤੀ ਦੇ ਸਿਮਰਨ ’ਚ ਇਕਾਗਰ ਨਹੀਂ ਕੀਤਾ, ਉਨ੍ਹਾਂ ਦਾ ਮਨ ਇਉਂ ਮਹਿਸੂਸ ਕਰਦਾ ਹੈ ਜਿਵੇਂ ਕੂੰਜ ਜੋ ਕਿ ਇੱਕ ਪੰਛੀ ਹੈ ਆਪਣੇ ਸਾਥੀਆਂ ਦੇ ਝੁੰਡ ਨਾਲੋਂ ਵੱਖ ਹੋ ਜਾਂਦੀ ਹੈ ਤੇ ਉਹ ਇਸ ਵਿਛੋੜੇ ਨੂੰ ਨਾ ਸਹਾਰਦੀ ਹੋਈ ਤੜਫ਼ਦੀ ਹੈ, ਕੁਰਲਾਉਂਦੀ ਹੈ, ਇਸੇ ਤਰ੍ਹਾਂ ਜੀਵ ਆਤਮਾਵਾਂ ਵੀ ਆਪਣੇ ਪ੍ਰਭੂ ਪਤੀ ਦੇ ਮਿਲਾਪ ’ਚ ਤੇ ਵਿਛੋੜੇ ’ਚ ਕੁਰਲਾਉਂਦੀਆਂ ਹਨ। ਇਹ ਉਹ ਹੀ ਮੱਘਰ ਮਾਹ ਹੈ ਜਿਸ ਵਿੱਚ ਉੱਚ ਕੋਟੀ ਦੇ ਵਿਦਵਾਨ, ਪੰਜਾਬੀ ਕਵੀ ਅਤੇ ਪੰਜਾਬੀ ਸਾਹਿਤ ਦੇ ਮੋਢੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਜਨਮ ਦਿਵਸ ਆਉਂਦਾ ਹੈ ਜੋ ਕਿ ਦੇਸੀ ਮਾਹ ਅਨੁਸਾਰ 20 ਮੱਘਰ ਬਣਦਾ ਹੈ ਅਤੇ ਅੰਗਰੇਜ਼ੀ ਮਹੀਨੇ ਅਨੁਸਾਰ 5 ਦਸੰਬਰ ਬਣਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕਵਿਤਾ ਅਤੇ ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ, ਜੀਵਨੀਆਂ, ਸਾਖੀਆਂ ਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ ਸੀ।

ਕੁਦਰਤ ਕਈ ਰੰਗ ਵਟਾਉਂਦੀ ਹੈ ਤੇ ਇਸ ਕੁਦਰਤ ਦੀ ਕਾਇਨਾਤ ’ਚ ਵਿਚਰਦਿਆਂ ਮਨੁੱਖ ਇਨ੍ਹਾਂ ਰੰਗਾ ਦਾ ਅਨੰਦ ਮਾਣਦਾ ਹੈ। ਮੱਘਰ ਮਾਹ ਆਪਣੇ ਨਾਲ ਮੌਸਮੀ ਤਬਦੀਲੀ ਲਿਆ ਕੇ ਮਨੁੱਖੀ ਮਨ ’ਚ ਵੀ ਤਬਦੀਲੀ ਲਿਆਉਣ ਦਾ ਕੰਮ ਕਰਦਾ ਹੈ। ਇਸ ਮਹੀਨੇ ’ਚ ਆਈ ਮੌਸਮੀ ਤਬਦੀਲੀ ਕਾਰਨ ਹੋਈਆਂ ਠੰਢੀਆਂ ਰਾਤਾਂ ਪ੍ਰਭੂ ਪ੍ਰੇਮ ’ਚ ਭਿੱਜੀਆਂ ਰੂਹਾਂ, ਪ੍ਰਭੂ ਭਗਤੀ ਦੇ ਰੰਗ ’ਚ ਰੰਗੀਆਂ ਜਾਂਦੀਆਂ ਹਨ। ਮੱਘਰ ਮਾਹ ਦੀ ਸਰਦ ਰੁੱਤ ’ਚ ਜਦੋਂ ਸਰਘੀ ਵੇਲੇ ਸੂਰਜ ਦੀ ਟਿੱਕੀ ਆਪਣੀ ਲਾਲੀ ਨਾਲ ਇਸ ਕੁਦਰਤ ਦੀ ਕਾਇਨਾਤ ’ਚ ਹਾਜ਼ਰੀ ਲਵਾਉਂਦੀ ਹੈ ਤਾਂ ਚਹੁੰ ਪਾਸੀ ਕਾਇਨਾਤ ਰੰਗ ਖਿਡਾਉਂਦੀ ਨਜ਼ਰੀ ਪੈਂਦੀ ਹੈ। ਮੱਘਰ ਮਾਹ ’ਚ ਸਾਉਣੀ ਦੀਆਂ ਫ਼ਸਲਾਂ ਜਿਵੇਂ ਝੋਨਾ, ਕਪਾਹ, ਨਰਮਾ, ਮੱਕੀ, ਬਾਜਰਾ ਆਦਿ ਵਾਢੀ ਮਗਰੋਂ ਫ਼ਸਲ ਦੀ ਸਾਂਭ ਸੰਭਾਲ ਮਗਰੋਂ ਕਿਸਾਨ ਖਾਲੀ ਹੋਏ ਖੇਤਾਂ ਨੂੰ ਮੁੜ ਹਰਿਆ-ਭਰਿਆ ਕਰਨ ਲਈ ਹਾੜ੍ਹੀ ਦੀਆਂ ਫ਼ਸਲਾਂ ਜਿਵੇਂ ਕਣਕ, ਜੌਂ, ਛੋਲੇ, ਸਰ੍ਹੋਂ ਦੀ ਬੀਜਾਈ ਆਦਿ ਲਈ ਮੱਘਰ ਮਾਹ ਦੇ ਚੜ੍ਹਦੇ ਹੀ ਤਿਆਰੀ ਕਰਨਾ ਸ਼ੁਰੂ ਕਰ ਦਿੰਦਾ ਹੈ। ਸੱਚ ਜਾਣਿਓ ਖਾਲੀ ਹੋਏ ਖੇਤਾਂ ’ਚ ਜਦੋਂ ਸੂਰਜ ਦੀ ਪਹਿਲੀ ਕਿਰਨ ਧਰਤੀ ਦੀ ਹਿੱਕ ’ਤੇ ਪੈਂਦੀ ਹੈ ਤਾਂ ਇਉਂ ਜਾਪਦਾ ਹੈ ਕਿ ਉਹ ਸੂਰਜ ਦੀ ਕਿਰਨ ਧਰਤੀ ਦੀ ਹਿੱਕ ’ਚ ਲੁਕੇ ਬੀਜਾਂ ਨੂੰ ਪੁੰਗਰਨ ਦਾ ਗੁਰ ਦੱਸਦੀ ਹੋਵੇ। ਮੱਘਰ ’ਚ ਕੋਈ ਜ਼ਿਆਦਾ ਤਿੱਥ-ਤਿਉਹਾਰ ਤਾਂ ਨਹੀਂ ਆਉਂਦੇ, ਪ੍ਰੰਤੂ ਪੰਜਾਬ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ’ਚ ਮਾਹੌਲ ਤਿਉਹਾਰਾਂ ਵਰਗਾ ਹੀ ਰਹਿੰਦਾ ਹੈ ਕਿਉਂਕਿ ਇਸ ਸਿਆਲੂ ਰੁੱਤ ’ਚ ਆਇਆ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਦਾ ਕਈ-ਕਈ ਦਿਨ ਆਂਢ-ਗੁਆਂਢ ’ਚ ਆਦਾਨ-ਪ੍ਰਦਾਨ ਚੱਲਦਾ ਰਹਿੰਦਾ ਹੈ। ਸਿਆਲੂ ਰੁੱਤ ਮੱਘਰ ਮਾਹ ਦੇ ਪਾਲੇ ਤੋਂ ਬਚਣ ਲਈ ਜਿੱਥੇ ਤੁਹਾਨੂੰ ਆਮ ਲੋਕੀਂ ਲੋਈ, ਖੇਸੀ ਦੀ ਬੁੱਕਲ ਮਾਰੀ ਨਜ਼ਰ ਆਉਣਗੇ, ਉੱਥੇ ਹੀ ਧੂਣੀਆਂ ਧੁਖਾਈਂ ਬੈਠੇ ਅੱਗ ਸੇਕਦੇ ਵੀ ਨਜ਼ਰ ਆਉਣਗੇ। ਕਹਿੰਦੇ ਹਨ ਕਿ ਰੁੱਤ-ਰੁੱਤ ਦਾ ਮੇਵਾ ਹੁੰਦਾ ਹੈ। ਮੱਘਰ ਮਾਹ ਦੀ ਸਰਦ ਰੁੱਤ ਦਾ ਮੇਵਾ ਮੂੰਗਫਲੀ ਨੂੰ ਮੰਨਿਆ ਗਿਆ ਹੈ। ਇਹ ਇਸ ਰੁੱਤੇ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਦਾ ਕੰਮ ਕਰਦੀ ਹੈ। ਸਿਆਲੂ ਰੁੱਤ ਚੜ੍ਹਦੇ ਹੀ ਘਰ ਦੀਆਂ ਸੁਆਣੀਆਂ ਦੇ ਕਾਰਜ ਵੀ ਵਧ ਜਾਂਦੇ ਸਨ ਜਿਵੇਂ ਸਿਆਲੂ ਰੁੱਤ ’ਚ ਦੇਸੀ ਘਿਓ ਨਾਲ ਬਣਾਈਆਂ ਅਲਸੀ, ਵੇਸਣ, ਖੋਏ ਆਦਿ ਦੀਆਂ ਪਿੰਨੀਆਂ ਤੇ ਗੁੜ, ਸ਼ੱਕਰ, ਮੱਕੀ ਅਤੇ ਬਾਜਰੇ ਦੀ ਸਾਂਭ ਸੰਭਾਲ ਆਦਿ ’ਚ ਰੁੱਝੀਆਂ ਰਹਿੰਦੀਆਂ ਹਨ। ਕੋਸੀ-ਕੋਸੀ ਧੁੱਪ ਦੇ ਛੋਟੇ-ਛੋਟੇ ਦਿਨ ਤੇ ਸੀਤ ਲਹਿਰ ਦੀਆਂ ਸ਼ਾਮਾਂ ਮਗਰੋਂ ਮੱਘਰ ਮਾਹ ਦੀਆਂ ਲੰਬੀਆਂ ਰਾਤਾਂ ਅਤੇ ਵਿਛੋੜੇ ਨੂੰ ਬਿਆਨਦਿਆਂ ਬਾਰਹਮਾਹ ’ਚ ਹਿਦਾਇਤਉਲਾ ਸਾਹਿਬ ਫਰਮਾਉਂਦੇ ਹਨ;

ਮੱਘਰ ਮਾਰ ਮੁਕਾਇਆ ਮੈਨੂੰ ਹੱਡ ਵਿਛੋੜੇ ਗਾਲੇ ਨੀਂ।

ਸਾਡੀ ਵੱਲੋਂ ਕਿਉਂ ਚਿੱਤ ਚਾਯਾ ਓਸ ਪੀਆ ਮਤਵਾਲੇ ਨੀਂ।

ਅੱਗੇ ਰਾਤ ਕਹਿਰ ਦੀ ਲੰਮੀ ਉੱਤੋਂ ਪੈ ਗਏ ਪਾਲੇ ਨੀਂ।

ਜਾਨੀ ਕੋਲ ਹਿਦਾਯਤ ਨਾਹੀਂ ਲਾਵਾਂ ਅੱਗ ਸਿਆਲੇ ਨੀਂ।

ਸੰਪਰਕ: 98550-10005

Advertisement
Show comments