ਕਾਲੇ ਦੌਰ ਦਾ ਹਨੇਰਾ ਦਿਖਾਉਂਦਾ ‘1984 ਦਾ ਬੱਲਬ’
ਪੰਜਾਬੀ ਲਘੂ ਫਿਲਮ ‘1984 ਦਾ ਬੱਲਬ’ ਯੂ ਟਿਊਬ ’ਤੇ ਹਾਲ ਹੀ ਵਿੱਚ ਰਿਲੀਜ਼ ਹੋਈ ਅਜਿਹੀ ਫਿਲਮ ਹੈ ਜਿਸ ਦਾ ਵਿਸ਼ਾ ਪੰਜਾਬ ਦੇ ਕਾਲੇ ਦੌਰ ਨਾਲ ਵਾਬਸਤਾ ਹੈ। ਇਹ ਫਿਲਮ ਅਤੀਤ ਵਿੱਚ ਪੰਜਾਬ ਦੇ ਲੋਕਾਂ ਨਾਲ ਹੋਈਆਂ ਧੱਕੇਸ਼ਾਹੀਆਂ, ਬੇਇਨਸਾਫੀਆਂ ਅਤੇ ਪੁਲਿਸੀਆ ਜ਼ਬਰ ਨੂੰ ਬਹੁਤ ਹੀ ਸੂਖਮਤਾਂ ਅਤੇ ਮਾਰਮਿਕ ਢੰਗ ਨਾਲ ਪੇਸ਼ ਕਰਦੀ ਹੈ। ਇਹ ਇੱਕ ਅਜਿਹੀ ਕਹਾਣੀ ਨੂੰ ਬਿਆਨ ਕਰਦੀ ਹੈ ਜਿਸ ਵਿੱਚ ਪੰਜਾਬ ਦੇ ਲੋਕਾਂ ਦਾ ਦੁੱਖ ਹੈ, ਵਿਯੋਗ ਹੈ ਅਤੇ ਨਾਲ ਹੀ ਮਜ਼ਲੂਮਾਂ ’ਤੇ ਜ਼ੁਲਮ ਕਰਨ ਵਾਲਿਆਂ ਦਾ ਜ਼ਾਲਿਮ ਚਿਹਰਾ ਵੀ ਹੈ। ਫਿਲਮ ਅਜਿਹੇ ਮਾਹੌਲ ਨੂੰ ਸਿਰਜਣ ਵਿੱਚ ਕਾਮਯਾਬੀ ਹਾਸਲ ਕਰਦੀ ਹੈ ਜੋ ਯਥਾਰਥਵਾਦ ਦੀ ਭਾਵਨਾ ਨੂੰ ਪੂਰੀ ਤਰ੍ਹਾਂ ਉਜਾਗਰ ਕਰਦਾ ਹੈ।
ਗਨਵ ਰਿਕਾਰਡਜ਼ ਅਤੇ ਗਗਨਦੀਪ ਸਿੰਘ ਡਾਂਗ ਦੀ ਪੇਸ਼ਕਸ਼ ਇਸ ਫਿਲਮ ਦੇ ਨਿਰਮਾਤਾ ਨਵਪ੍ਰੀਤ ਕੌਰ ਹਨ ਅਤੇ ਨਿਰਦੇਸ਼ਨ ਦਿੱਤਾ ਹੈ ਰਾਜਦੀਪ ਸਿੰਘ ਬਰਾੜ ਨੇ ਜਿਸ ਨੇ ਇਸ ਫਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਵੀ ਲਿਖੇ ਹਨ। ਅਮਨ ਮਹਿਮੀ ਦੀ ਸਿਨੇਮੈਟੋਗ੍ਰਾਫੀ ਨਾਲ ਸਜੀ ਫਿਲਮ ਦਾ ਸਹਿ ਨਿਰਦੇਸ਼ਨ ਪ੍ਰਭਜੋਤ ਸਿੰਘ ਬਰਾੜ ਨੇ ਕੀਤਾ ਹੈ। ਫਿਲਮ ਦੇ ਮੁੱਖ ਅਦਾਕਾਰਾਂ ਵਿੱਚ ਰਾਜਦੀਪ ਸਿੰਘ ਬਰਾੜ, ਬਾਲ ਕ੍ਰਿਸ਼ਨ ਬਾਲਾ ਜੀ, ਧਰਮਿੰਦਰ ਕੌਰ, ਗੁਰਵਿੰਦਰ ਸ਼ਰਮਾ, ਨਵੀਰ ਚਾਹਲ, ਪ੍ਰਭਜੋਤ ਸਿੰਘ ਬਰਾੜ, ਮਨਦੀਪ ਮਸੌਣ ਆਦਿ ਪ੍ਰਮੁੱਖ ਹਨ।
ਫਿਲਮ ਦੀ ਕਹਾਣੀ ਇੱਕ ਬਜ਼ੁਰਗ ਜੋੜੇ ਅਤੇ ਪੁਲੀਸ ਦੇ ਆਲੇ ਦੁਆਲੇ ਘੁੰਮਦੀ ਦਿਖਾਈ ਗਈ ਹੈ। ਬਜ਼ੁਰਗ ਜੋੜੇ ਦੇ ਨੂੰਹ-ਪੁੱਤ ਮਰ ਚੁੱਕੇ ਹਨ ਤੇ ਇਕਲੌਤਾ ਪੋਤਾ ਸੀਰਾ ਹੀ ਉਨ੍ਹਾਂ ਦੇ ਜੀਵਨ ਦਾ ਸਹਾਰਾ ਹੈ। 1980 ਦੇ ਦਹਾਕੇ ਦਾ ਇਹ ਉਹ ਸਮਾਂ ਸੀ ਜਦੋਂ ਦਿਨ ਤਾਂ ਕਿਸੇ ਤਰ੍ਹਾਂ ਲੰਘ ਜਾਂਦਾ ਸੀ, ਪਰ ਰਾਤ ਦੇ ਹਨੇਰਿਆਂ ਵਿੱਚ ਮੌਤ ਵਰਗਾ ਸੰਨਾਟਾ ਪਸਰਿਆ ਰਹਿੰਦਾ ਸੀ। ਦਹਿਸ਼ਤ ਦੇ ਮਾਹੌਲ ਕਰਕੇ ਪਿੰਡਾਂ ’ਚ ਵਸਦੇ ਲੋਕਾਂ ਦੇ ਰਾਤਾਂ ਨੂੰ ਸਾਹ ਸੂਤੇ ਰਹਿੰਦੇ ਸਨ। ਘਰ ਦੇ ਬਾਹਰ ਲੱਗੇ ਬਲਬ ਜੇ ਕਿਤੇ ਜਗਦੇ ਰਹਿ ਜਾਂਦੇ ਤਾਂ ਖਾੜਕੂ ਸਿੰਘ ਉਨ੍ਹਾਂ ਨੂੰ ਬੁਝਾਉਣ ਦਾ ਕਹਿ ਜਾਂਦੇ। ਜੇ ਕਿਤੇ ਉਹ ਬਲਬ ਨਾ ਜਗਾਉਂਦੇ ਤਾਂ ਪੁਲੀਸ ਆ ਕੇ ਤੰਗ ਕਰਨ ਲੱਗ ਪੈਂਦੀ।
ਇਸ ਤਰ੍ਹਾਂ ਹੀ ਦਿਨ ਲੰਘਦੇ ਗਏ ਅਤੇ ਬਜ਼ੁਰਗ ਜੋੜੇ ਦਾ ਪੋਤਾ ਸੀਰਾ ਜਵਾਨ ਹੋ ਗਿਆ। ਉੱਧਰ ਪੁਲੀਸ ਵਾਲਿਆਂ ਦਾ ਪੰਜਾਬ ਦੇ ਨੌਜਵਾਨਾਂ ’ਤੇ ਕਹਿਰ ਵਧਦਾ ਗਿਆ। ਪੁਲੀਸ ਚੌਂਕੀਆਂ ਵਿੱਚ ਸਿਪਾਹੀ ਤੋਂ ਲੈ ਕੇ ਵੱਡੇ ਅਹੁਦਿਆਂ ’ਤੇ ਬੈਠੇ ਪੁਲਸੀਏ ਤਰੱਕੀਆਂ ਲੈਣ ਲਈ ਨੌਜਵਾਨਾਂ ਦਾ ਸ਼ਿਕਾਰ ਖੇਡਣ ਦੀਆਂ ਵਿਉਂਤਾਂ ਬਣਾਉਣ ਲੱਗੇ। ਪੁਲੀਸ ਮਹਿਕਮੇ ਵਿੱਚ ਸਿੱਖ ਨੌਜਵਾਨਾਂ ਦੇ ਝੂਠੇ ਸੱਚੇ ਮੁਕਾਬਲੇ ਕਰ ਕੇ ਤਰੱਕੀਆਂ ਲੈਣ ਦੀ ਅੰਨ੍ਹੀ ਦੌੜ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਕਈ ਬੇਗੁਨਾਹ ਨੌਜਵਾਨਾਂ ਦੀ ਝੂਠੇ ਮੁਕਾਬਲਿਆਂ ਵਿੱਚ ਮਰਨ ਦੀ ਗਿਣਤੀ ਵਧਣ ਲੱਗੀ।
ਥਾਣੇਦਾਰ ਸਵਰਨ ਸਿੰਘ ਦਾ ਜੂਨੀਅਰ ਸਿਪਾਹੀ ਕੁਲਦੀਪ ਸਿੰਘ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰਕੇ ਤਰੱਕੀਆਂ ਲੈ ਕੇ ਥਾਣੇਦਾਰ ਦਾ ਅਹੁਦਾ ਹਾਸਲ ਕਰ ਲੈਂਦਾ ਹੈ ਜਿਸ ਕਰਕੇ ਥਾਣੇਦਾਰ ਸਵਰਨ ਸਿੰਘ ਦੇ ਅੰਦਰ ਈਰਖਾ ਦੀ ਭਾਵਨਾ ਵਧਣ ਲੱਗਦੀ ਹੈ ਤੇ ਉਹ ਵੀ ਬੇਗੁਨਾਹਾਂ ਨੂੰ ਮਾਰਨ ਦੀ ਇਸ ਖ਼ਤਰਨਾਕ ਦੌੜ ਵਿੱਚ ਸ਼ਾਮਲ ਹੋਣ ਲਈ ਉਤਾਵਲਾ ਹੋਣ ਲੱਗਦਾ ਹੈ।
ਅਹੁਦਿਆਂ ਦੀ ਇਸ ਦੌੜ ਵਿੱਚ ਮਨੁੱਖਤਾ ਦਾ ਕਿਵੇਂ ਕਤਲ ਹੁੰਦਾ ਹੈ, ਕਿਵੇਂ ਪੁਲੀਸ ਆਪਣੇ ਹੀ ਲੋਕਾਂ ਨੂੰ ਕਿਵੇਂ ਮਾਰਦੀ ਹੈ, ਫਿਲਮ ਵਿੱਚ ਇਹ ਬਾਖ਼ੂਬੀ ਦਿਖਾਇਆ ਗਿਆ ਹੈ। ਫਿਲਮ ਦੇ ਮੁੱਖ ਕਿਰਦਾਰ ਬਜ਼ੁਰਗ ਨਿਰੰਜਨ ਸਿੰਘ ਨਾਲ ਅਜਿਹਾ ਕੀ ਵਾਪਰਦਾ ਹੈ ਕਿ ਉਹ ਆਪਣੇ ਘਰ ਦੇ ਬੂਹੇ ਦੇ ਬਾਹਰ ਲੱਗਾ ਬਲਬ ਤੋੜ ਦਿੰਦਾ ਹੈ ਅਤੇ ਅਗਾਂਹ ਚੱਲ ਕੇ ਫਿਲਮ ਦੀ ਕਹਾਣੀ ਇੱਕ ਨਵਾਂ ਹੀ ਮੋੜ ਲੈ ਲੈਂਦੀ ਹੈ, ਜਿਸ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਪਵੇਗੀ।
ਇਹ ਫਿਲਮ ਬੀਤੇ ਵੇਲਿਆਂ ਸਬੰਧੀ ਇੱਕ ਸਾਂਭਣਯੋਗ ਦਸਤਾਵੇਜ਼ ਹੈ ਜਿਸ ਵਿੱਚ 1980ਵਿਆਂ ਦੇ ਦਹਾਕੇ ਦੇ ਪੁਲੀਸ ਮੁਲਾਜ਼ਮਾਂ ਦੀ ਮਾਨਸਿਕਤਾ ਬਿਆਨ ਕੀਤੀ ਗਈ ਹੈ। ਬਿਹਤਰੀਨ ਨਿਰਦੇਸ਼ਨ ਅਤੇ ਵਧੀਆ ਕਹਾਣੀ ’ਤੇ ਬਣੀ ਇਹ ਵਧੀਆ ਫਿਲਮ ਹੈ। ਫਿਲਮ ਦੇ ਹਰੇਕ ਅਦਾਕਾਰ ਦੀ ਸੁਭਾਵਿਕ ਅਦਾਕਾਰੀ ਫਿਲਮ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ।
ਸੰਪਰਕ: 94646-28857