ਪੱਤੇ ਝਾੜਦੀ ਰੁੱਤ ਦੇ ਜਲਵੇ...
‘ਪੰਜਾਬੀ ਲੋਕ ਗੀਤ’ ਪੁਸਤਕ ਮੁਤਾਬਿਕ ਭਾਰਤ ਵਿੱਚ ਮੁੱਖ ਰੂਪ ਵਿੱਚ ਚਾਰ ਰੁੱਤਾਂ ’ਚੋਂ ਬਸੰਤ ਦਾ ਸੁਭਾਅ ਸਰਘੀ ਵੇਲੇ ਨਾਲ, ਗਰਮੀ ਦਾ ਸਿਖਰ ਦੁਪਹਿਰ ਨਾਲ, ਪਤਝੜ ਦਾ ਆਥਣ ਨਾਲ ਤੇ ਸਿਆਲ ਦਾ ਰਾਤ ਨਾਲ ਮੇਲ ਖਾਂਦਾ ਹੈ। ਪੰਜਾਬ ਵਿੱਚ ਆਮ ਤੌਰ ’ਤੇ ਮੱਘਰ ਮਹੀਨੇ ਦੇ ਆਗਮਨ ਨਾਲ ਦਰੱਖਤਾਂ ਤੋਂ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ। ਮੱਘਰ ਦਾ ਮਹੀਨਾ ਸਿਆਲ ਦੇ ਆਗਮਨ ਦੀ ਸੂਚਨਾ ਦਿੰਦਾ ਹੈ। ਦਿਨ ਛੋਟੇ ਹੋ ਜਾਂਦੇ ਹਨ ਤੇ ਰਾਤਾਂ ਲੰਮੀਆਂ। ਆਕਾਸ਼ ਦਾ ਰੰਗ ਨਿੱਖਰਿਆ ਹੋਇਆ ਨੀਲਾ ਹੋ ਜਾਂਦਾ ਹੈ ਤੇ ਹਵਾ ਚੂੰਢੀਆਂ ਭਰਨ ਲੱਗ ਜਾਂਦੀ ਹੈ। ਸਿਆਲ ਦੀ ਚੜ੍ਹਤ ਤੋਂ ਡਰਦੇ ਖੂੰਜੇ ਤੇ ਘੁਰਨੇ ਤਲਾਸ਼ ਕਰਨ ਲੱਗ ਜਾਂਦੇ ਹਨ।
ਇਸ ਰੁੱਤ ਵਿੱਚ ਅਸਮਾਨ ਕਾਲੀ ਨੀਲੀ ਭਾਅ ਮਾਰਦਾ ਹੈ ਤੇ ਉਸ ਉੱਤੇ ਬੱਦਲਾਂ ਦੀ ਇੱਕ ਟਾਕੀ ਵੀ ਨਹੀਂ ਹੁੰਦੀ। ਪਹਾੜਾਂ ਵੱਲੋਂ ਠੱਕਾ ਚੱਲਦਾ ਹੈ। ਕੀ ਮਨੁੱਖ, ਕੀ ਪਸ਼ੁੂ, ਸਭ ਘਰਾਂ ਤੇ ਢਾਰਿਆਂ ਦਾ ਨਿੱਘ ਭਾਲਦੇ ਹਨ। ਸਰਦੀ ਦਾ ਜ਼ੋਰ ਵਧਦਾ ਜਾਂਦਾ ਹੈ, ਕਚਨਾਰਾਂ ਦੇ ਪੱਤਰ ਝੜਦੇ ਹਨ ਤੇ ਉਨ੍ਹਾਂ ਦੀਆਂ ਟਾਹਣੀਆਂ ਨੰਗੀਆਂ ਬੁੱਢੀਆਂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਇਹ ਸਾਰਾ ਕੁਦਰਤੀ ਭੂਗੋਲਿਕ ਵਰਤਾਰਾ ਇਹ ਸੰਕੇਤ ਦਿੰਦਾ ਨਜ਼ਰ ਆਉਂਦਾ ਹੈ ਕਿ ਉੱਤਰੀ ਭਾਰਤ ਦੇ ਖਿੱਤੇ ਵਿੱਚ ਵੱਸਣ ਵਾਲੀ ਲੋਕਾਈ ਤੇ ਬਨਸਪਤੀ ਹੁਣ ਰੁੱਤਾਂ ਦੇ ਆਥਣ ਜਾਨੀ ਕਿ ਪੱਤਝੜ ਦੇ ਪੜਾਅ ਵਿੱਚ ਪ੍ਰਵੇਸ਼ ਕਰ ਚੁੱਕੀ ਹੈ।
ਗਰਮੀ ਤੋਂ ਸਰਦੀ ਵੱਲ ਨੂੰ ਲੈ ਕੇ ਜਾਣ ਵਾਲੀ ਇਹ ਰੁੱਤ ਸਾਲ ਦੇ ਬਾਕੀ ਮੌਸਮਾਂ ਨਾਲੋਂ ਵੱਖਰੀ ਤੇ ਨਿਵੇਕਲੇ ਰੰਗਾਂ ਦੀ ਮਾਲਕ ਹੋਣ ਕਰਕੇ ਕੁਦਰਤ ਨੂੰ ਮਾਣਨ ਤੇ ਵਾਚਣ ਵਾਲੇ ਹਰ ਸ਼ਖ਼ਸ ਦਾ ਧਿਆਨ ਆਪਣੇ ਵੱਲ ਮੱਲੋ ਮੱਲੀ ਖਿੱਚ ਲੈਂਦੀ ਹੈ। ਪੱਤਝੜ ਦੇ ਸ਼ੁੁਰੂਆਤੀ ਸਮੇਂ ਦੌਰਾਨ ਖੁੱਲ੍ਹੇ ਨੀਲੇ ਅਸਮਾਨ ਹੇਠ ਆਉਂਦੇ ਸਿਆਲ ਦਾ ਸੁਨੇਹਾ ਦੇ ਰਹੀਆਂ ਤਾਜ਼ੀਆਂ ਤੇ ਸ਼ੁੱਧ ਹਵਾਵਾਂ ਮਨੁੱਖੀ ਸਰੀਰ ਤੇ ਮਨ ਵਿੱਚ ਨਵੀਂ ਤਾਜ਼ਗੀ ਤੇ ਉਤਸ਼ਾਹ ਦਾ ਸੰਚਾਰ ਕਰਦੀਆਂ ਮਹਿਸੂਸ ਹੁੰਦੀਆਂ ਹਨ। ਇਸ ਮੌਕੇ ਦਰੱਖਤਾਂ ਦੇ ਹਰੇ ਕਚੂਰ ਪੱਤਿਆਂ ਦੇ ਪੀਲੇ, ਭੂੁਰੇ ਤੇ ਸੁਨਹਿਰੇ ਰੰਗਾਂ ’ਚ ਬਦਲਣ ਦਾ ਮੰਜ਼ਰ ਸਾਲ ਦਾ ਬੇਸ਼ਕੀਮਤੀ ਤੇ ਵਿਲੱਖਣ ਭੂਗੋਲਿਕ ਵਰਤਾਰਾ ਹੋ ਨਿੱਬੜਦਾ ਹੈ। ਇਸ ਰੁੱਤ ਤੱਕ ਪਹੁੰਚਣ ਲਈ ਮਨੁੱਖਾਂ, ਜੀਵ ਜੰਤੂਆਂ ਤੇ ਬਨਸਪਤੀ ਨੂੰ ਮੌਸਮਾਂ ਦੇ ਕਈ ਤਰ੍ਹਾਂ ਦੇ ਰੰਗਾਂ ਤੇ ਰੁੱਖਾਂ ਦੇ ਪੜਾਅ ਪਾਰ ਕਰਨੇ ਪੈਂਦੇ ਹਨ ਜਿਹਦੇ ਵਿੱਚ ਹਾੜ-ਜੇਠ ਦੀਆਂ ਲੋਆਂ ਤੇ ਗਰਮ ਹਵਾਵਾਂ, ਸਾਉਣ ਦੀਆਂ ਮੀਂਹ ਹਨੇਰੀਆਂ, ਭਾਦੋਂ ਦੇ ਵੱਟ ਤੇ ਹੁੰਮਸ ਆਦਿ ਸ਼ਾਮਿਲ ਹੁੰਦੇ ਹਨ। ਦਰੱਖਤਾਂ ਦੇ ਪੱਤਿਆਂ ਵੱਲੋਂ ਆਪਣਾ ਰੰਗ ਤੇ ਵੇਸ ਬਦਲਣ ਵਾਲਾ ਵਰਤਾਰਾ ਅੱਗੇ ਸ਼ੁਰੂ ਹੋਣ ਜਾ ਰਹੇ ਸਰਦ ਤੇ ਕਕਰੀਲੇ ਮੌਸਮ ਦਾ ਸੁਨੇਹਾ ਵੀ ਹੁੰਦਾ ਹੈ। ਫਿਰ ਵੀ ਬਦਲਦੀ ਰੁੱਤ ਦਾ ਇਹ ਮੌਸਮੀ ਚੱਕਰ ਮਨ ਨੂੰ ਟਿਕਾਅ ਤੇ ਮਾਨਸਿਕ ਤਸੱਲੀ ਦੇਣ ਵਾਲਾ ਹੋ ਨਿੱਬੜਦਾ ਹੈ। ਨੀਲੇ ਅਸਮਾਨ ਹੇਠ ਬੱਲਬ ਦੀ ਲੋਅ ਵਰਗੀ ਚਮਕਦੀ ਸੁਨਹਿਰੀ ਧੁੱਪ ਤੇ ਲੰਮੇ ਹੋ ਰਹੇ ਪਰਛਾਵਿਆਂ ਸੰਗ ਜ਼ਿੰਦਗੀ ਲਈ ਕੁਝ ਨਵਾਂ ਕਰਨ ਦਾ ਖ਼ਿਆਲ ਮਨ ’ਚ ਅੰਗੜਾਈ ਲੈਂਦਾ ਰਹਿੰਦਾ ਹੈ। ਪੱਤਝੜ ਦੀ ਆਮਦ ਮੌਕੇ ਕੱਤਕ ਮੱਘਰ ਦੇ ਮਹੀਨੇ ਹੋਣ ਕਰਕੇ ਨੀਲੇ ਆਕਾਸ਼ ਵੱਲੋਂ ਧਰਤੀ ਵੱਲ ਨੂੰ ਚਮਕਦੀ ਸੂਰਜ ਦੀ ਧੁੱਪ ਸਰੀਰ ਲਈ ਕਿਸੇ ਦੇ ਕਸ਼ਟ ਦਾ ਸਬੱਬ ਬਣਨ ਦੀ ਬਜਾਏ ਸਰੀਰ ਲਈ ਮੱਠਾ ਮੱਠਾ ਨਿੱਘ ਦਿੰਦੀ ਪ੍ਰਤੀਤ ਹੋਣ ਲੱਗਦੀ ਹੈ।
ਪੱਤਝੜ ਦੀ ਰੁੱਤ ਅਸਲ ਵਿੱਚ ਮੌਸਮੀ ਬਦਲਾਅ ਦਾ ਸੰਕੇਤ ਕਰਨ ਵਾਲੀ ਹੀ ਨਹੀਂ ਬਲਕਿ ਰੁੱਖਾਂ, ਬਿਰਖ-ਬੂਟਿਆਂ ਨੂੰ ਉਦਾਸ ਕਰ ਦੇਣ ਵਾਲੀ ਰੁੱਤ ਵੀ ਹੈ। ਇਹ ਰੁੁੱਤ ਕੁਦਰਤ ਦੇ ਭੂਗੋਲਿਕ ਰੰਗਾਂ ਦੀ ਬਾਤ ਪਾਉਣ ਦੇ ਨਾਲ ਨਾਲ ਜ਼ਿੰਦਗੀ ਦੀ ਨਾਸ਼ਵਾਨਤਾ ਤੇ ਗਤੀਸ਼ੀਲਤਾ ਜਿਹੇ ਦਾਰਸ਼ਨਿਕ ਪੱਖਾਂ ਦੀ ਵਿਆਖਿਆ ਕਰਦੀ ਨਜ਼ਰ ਵੀ ਆਉਂਦੀ ਹੈ। ਇਸ ਰੁੱਤੇ ਰੁੱਖਾਂ ਦੀਆਂ ਟਾਹਣੀਆਂ ਨਾਲ ਲੰਮੇ ਸਮੇਂ ਤੋਂ ਸਾਥ ਨਿਭਾ ਰਹੇ ਤੇ ਵਗਦੀਆਂ ਹਵਾਵਾਂ ਨਾਲ ਹੁੰਗਾਰੇ ਭਰਨ ਵਾਲੇ ਹਰੇ ਕਚੂਰ ਪੱਤਰਾਂ ਨੂੰ ਟਾਹਣੀਆਂ ਤੋਂ ਜੁਦਾ ਹੋ ਕੇ ਰਾਹਾਂ ’ਚ ਰੁਲਦੇ ਤੇ ਪੌਣਾਂ ਨਾਲ ਭਟਕਦੇ ਵੀ ਦੇਖਿਆ ਜਾ ਸਕਦਾ ਹੈ। ਬਰਸਾਤ ਦੀ ਰੁੱਤ ਲੰਘ ਜਾਣ ਤੋਂ ਬਾਅਦ ਜਦੋਂ ਕੁਦਰਤ ਆਪਣਾ ਰੰਗ ਬਦਲਣ ਦੇ ਆਹਰ ’ਚ ਹੁੰਦੀ ਹੈ ਤਾਂ ਪੱਛਮ ਦੀ ਗੁੱਠ ’ਚੋਂ ਮੜ੍ਹਕਵੀਂ ਟੋਰ ਤੁਰਦੀਆਂ ਸਰਦ ਤੇ ਚੰਚਲ ਹਵਾਵਾਂ ਜ਼ਿੰਦਗੀ ਦੇ ਆਖਰੀ ਪੜਾਅ ’ਚ ਪਹੁੰਚੇ ਪੱਤਿਆਂ ਨੂੰ ਵੀ ਆਪਣੇ ਨਾਲ ਤੋਰਨ ਦਾ ਆਹਰ ਕਰਦੀਆਂ ਹਨ। ਟਾਹਣੀਆਂ ਨਾਲੋਂ ਜੁਦਾ ਹੋਏ ਪੱਤਰ ਇਨ੍ਹਾਂ ਚੰਚਲ ਹਵਾਵਾਂ ਨਾਲ ਲੰਮਾਂ ਪੰਧ ਤਾਂ ਨਹੀਂ ਤੈਅ ਕਰ ਪਾਉਂਦੇ, ਪਰ ਬਿਰਖਾਂ ਨਾਲੋਂ ਜੁਦਾ ਹੋ ਕੇ ਰਾਹਾਂ ’ਚ ਰੁਲਣ ਲਈ ਜ਼ਰੂਰ ਮਜਬੂਰ ਹੋ ਜਾਂਦੇ ਹਨ।
ਮੈਦਾਨੀ ਇਲਾਕਿਆਂ ’ਚ ਗਰਮੀ ਦਾ ਜ਼ੋਰ ਘਟਣ ਨਾਲ ਹੀ ਦਿਨ ਬਦਿਨ ਵਧ ਰਹੀ ਠੰਢ ਤੇ ਵਗਦੀਆਂ ਸਰਦ ਹਵਾਵਾਂ ਨਾਲ ਰੁੱਖ ਪੱਤਰ ਵਿਹੂਣੇ ਹੋ ਕੇ ਕਕਰੀਲੇ ਮੌਸਮਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦੇ ਹਨ। ਰੁੱਖਾਂ ਵੱਲੋਂ ਵੀ ਰੁੱਤ ਬਦਲੀ ਦੇ ਇਸ ਆਲਮ ਵਿੱਚ ਵੱਡਾ ਹੌਸਲਾ ਕਰਕੇ ਮੌਸਮਾਂ ਦੀ ਬੇਰੁਖੀ ਨੂੰ ਮਾਣਨਾ ਆਪਣੀ ਕਿਸਮਤ ਮੰਨ ਲਿਆ ਜਾਂਦਾ ਹੈ। ਉਦਾਸੀ ਦੇ ਆਲਮ ’ਚ ਰੁੱਖ ਪੱਤਿਆਂ ਤੋਂ ਬਿਨਾਂ ਆਪਣੀ ਤਨਹਾਈ ਤੇ ਵਿਯੋਗ ਨਾਲ ਸੰਵਾਦ ਰਚਾਉਂਦੇ ਚੰਗੇ ਦਿਨਾਂ ਦੀ ਆਸ ਨਾਲ ਅਗਲੇ ਦੋ-ਤਿੰਨ ਮਹੀਨਿਆਂ ਦੇ ਕਈ ਪਹਿਰ ਧਰਤੀ ਮਾਂ ਦੇ ਸੀਨੇ ’ਤੇ ਅਡੋਲ ਤੇ ਸ਼ਾਂਤ ਖੜ੍ਹੇ ਰੱਬ ਦੀ ਰਜ਼ਾ ’ਚ ਰਾਜ਼ੀ ਰਹਿਣ ਦੇ ਰਹੱਸ ਨੂੰ ਸਮਝਾਉਂਦੇ ਜਾਪਦੇ ਹਨ। ਪੰਜਾਬ ਦੇ ਭੂਗੋਲਿਕ ਚੌਗਿਰਦੇ ਦਾ ਇਹ ਕੁਦਰਤੀ ਵਰਤਾਰਾ ਜੀਵਨ ’ਚ ਪਰਿਵਰਤਨ ਅਤੇ ਨਾਸ਼ਵਾਨਤਾ ਦੇ ਫ਼ਲਸਫੇ਼ ਨੂੰ ਵੀ ਬੜੀ ਸਹਿਜਤਾ ਨਾਲ ਸਿਖਾ ਜਾਂਦਾ ਹੈ।
ਕਿਸੇ ਵੇਲੇ ਚਾਨਣੀਆਂ ਰਾਤਾਂ ਨਾਲ ਸੰਵਾਦ ਰਚਾਉਣ ਵਾਲੇ, ਚੰਗੇ ਮੌਸਮਾਂ ’ਚ ਪੰਛੀ ਪਰਿੰਦਿਆਂ ਦੀਆਂ ਡਾਰਾਂ ਦੀ ਗੁਟਰਗੂੰ ’ਚ ਹੁੰਗਾਰੇ ਭਰਦੇ ਤੇ ਰੁਮਕਦੀਆਂ ਹਵਾਵਾਂ ਨਾਲ ਬਹਿਸ ਕਰਨ ਵਾਲੇ ਰੁੱਖਾਂ ਦੀਆਂ ਟੀਸੀਆਂ ’ਤੇ ਆਪਣੀ ਕਿਸਮ ਦੀ ਬਾਦਸ਼ਾਹਤ ਦੇ ਰੰਗ ਮਾਣਨ ਵਾਲੇ ਹਰੇ ਭਰੇ ਕਚੂਰ ਪੱਤਿਆਂ ਨੇ ਕਦੇ ਆਪਣੀ ਅਜਿਹੀ ਹੋਣੀ ਵਾਰੇ ਸ਼ਾਇਦ ਸੋਚਿਆ ਨਹੀਂ ਹੁੰਦਾ ਕਿ ਇੱਕ ਅਜਿਹੀ ਰੁੱਤ ਵੀ ਆਉਣ ਵਾਲੀ ਹੈ ਜਦੋਂ ਸਭ ਕੁਝ ਛੱਡ ਛੁਡਾ ਰਾਹਾਂ ਦੀ ਮਿੱਟੀ ਨਾਲ ਮਿੱਟੀ ਹੋ ਜਾਣਾ ਸਮੇਂ ਦੀ ਲੋੜ ਬਣ ਜਾਂਦੀ ਹੈ। ਪੰਜਾਬੀ ਲੇਖਕ ਡਾ. ਸਾਂਵਲ ਧਾਮੀ ਦੀ ਇੱਕ ਗ਼ਜ਼ਲ ’ਚ ਇਸ ਵਰਤਾਰੇ ਨੂੰ ਦਰਸਾਉਂਦੀਆਂ ਬੜੀਆਂ ਖ਼ੂਬਸੂਰਤ ਸਤਰਾਂ ਹਨ;
ਪੱਤਿਆਂ ਨੂੰ ਕੇਰ ਵੀ, ਹੋਈ ਜੇ ਰੂਹ ਨਾ ਰਾਜ਼ੀ,
ਪੱਤਿਆਂ ਨੂੰ ਪੌਣ ਤਾਂ ਹੀ ਮਿੱਟੀ ’ਚ ਰੋਲਦੀ ਹੈ
ਕਬਰਾਂ ਕੁਰੇਦਦੀ ਹੈ, ਮੜ੍ਹੀਆਂ ਫਰੋਲਦੀ ਹੈ,
ਪਾਗਲ ਇਹ ਜ਼ਿੰਦਗਾਨੀ, ਮੋਇਆਂ ਨੂੰ ਟੋਲਦੀ ਹੈ
ਪੱਤਝੜ ਦੀ ਰੁੱਤੇ ਬਿਰਖਾਂ ਤੋਂ ਵਿਦਾਇਗੀ ਲੈਣ ਵਾਲੇ ਇਹ ਉਹੀ ਹਰੇ ਭਰੇ ਪੱਤੇ ਹੁੰਦੇ ਹਨ ਜਿਨ੍ਹਾਂ ਕਦੇ ਜੇਠ-ਹਾੜ ਦੇ ਤਪਦੇ ਪੈਂਡਿਆਂ ’ਚ ਧੁੱਪ ’ਚ ਸੜਦੇ ਰਾਹਗੀਰਾਂ ਨੂੰ ਠੰਢੀਆਂ ਛਾਵਾਂ ਦਾ ਸੁੱਖ ਦੇਣ ਦੀ ਪਰਉਪਕਾਰ ਭੂਮਿਕਾ ਨਿਭਾਈ ਹੁੰਦੀ ਹੈ। ਰੁੱਖਾਂ ਦੀਆਂ ਟਾਹਣੀਆਂ ਦੀਆਂ ਟੀਸੀਆਂ ਦੀ ਬਜਾਏ ਰਾਹਾਂ ’ਚ ਰੁਲਣ ਵਾਲੇ ਇਨ੍ਹਾਂ ਪੱਤਿਆਂ ਨੇ ਹੀ ਕਈ ਮੌਸਮਾਂ ’ਚ ਰਾਤ ਦੇ ਪਹਿਰਾਂ ’ਚ ਰੁੱਖਾਂ ’ਤੇ ਬਸੇਰਾ ਕਰਨ ਆਏ ਪੰਛੀ ਪਰਿੰਦਿਆਂ ਨੂੰ ਕਲਾਵੇ ’ਚ ਲੈ ਲੈ ਦੁੱਖ ਸਾਂਝੇ ਕਰਦਿਆਂ ਹਮੇਸ਼ਾਂ ਚੜ੍ਹਦੀ ਕਲਾ ’ਚ ਰਹਿਣ, ਉੱਚੀਆਂ ਤੇ ਲੰਮੀਆਂ ਉਡਾਰੀਆਂ ਮਾਰਨ ਦੇ ਮਸ਼ਵਰਿਆਂ ’ਚ ਹੁੰਗਾਰਾ ਭਰਿਆ ਹੁੰਦਾ ਹੈ। ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਪਹੁੰਚ ਚੁੱਕੇ ਇਨ੍ਹਾਂ ਪੱਤਿਆਂ ਨੇ ਹੀ ਕਦੇ ਪੰਛੀ ਪੰਖੇਰੂਆਂ ਨੂੰ ਤਿੱਖੜ ਦੁਪਹਿਰਾਂ ਤੇ ਬਾਅਦ ’ਚ ਬਰਸਾਤੀ ਚੱਕਰਵਾਤਾਂ ਤੋਂ ਬਚਾਉਣ ਲਈ ਵੱਡਾ ਆਸਰਾ ਦਿੱਤਾ ਹੁੰਦਾ ਹੈ। ਪੱਤਰਾਂ ਨੂੰ ਝਾੜਨ ਵਾਲੀ ਰੁੱਤੇੇ ਹੀ ਟਾਹਣੀਆਂ ਤੋਂ ਜੁਦਾ ਹੋ ਰਹੇ ਪੱਤਿਆਂ ਨੇ ਆਪਣੀ ਮਸਤਾਨੀ ਤੋਰ ਤੁਰ ਰਹੀਆਂ ਹਵਾਵਾਂ ਨਾਲ ਕਦੇ ਬਹਿਸ ਨਹੀਂ ਕੀਤੀ ਕਿਉਂਕਿ ਹੁਣ ਉਨ੍ਹਾਂ ਕੋਲ ਹਵਾਵਾਂ ਦੀ ਟੋਰ ਨਾਲ ਬਹਿਸ ਕਰਨ ਦਾ ਨਹੀਂ, ਸਗੋਂ ਹੁਣ ਉਨ੍ਹਾਂ ਦਾ ਦੁਨੀਆ ਤੋਂ ਤੁਰ ਜਾਣ ਦਾ ਸਮਾਂ ਆ ਗਿਆ ਹੁੰਦਾ ਹੈ। ਬਿਰਖਾਂ ਤੋਂ ਰੁਖ਼ਸਤੀ ਲੈਣ ਵਾਲੇ ਆਪਣੀ ਆਉਧ ਹੰਢਾ ਚੁੱਕੇ ਪੀਲੇ ਤੇ ਭੂਰੇ ਪੱਤਿਆਂ ਨੇ ਪੱਤਝੜ ਤੋਂ ਬਾਅਦ ਆਉਣ ਵਾਲੀ ਬਸੰਤ ਬਹਾਰ ਦੀ ਰੁੱਤੇ ਫੁੱਟਣ ਵਾਲੀਆਂ ਨਵੀਆਂ ਕਰੂੰਬਲਾਂ ਲਈ ਜਗ੍ਹਾ ਛੱਡਣੀ ਹੁੰਦੀ ਹੈ।
ਸਰਦ ਰੁੱਤ ’ਚ ਕੋਹ ਕੋਹ ਲੰਮੀਆਂ ਹੋਈਆਂ ਚਾਨਣੀਆਂ ਰਾਤਾਂ ਵੀ ਕਕਰੀਲੇ ਮੌਸਮਾਂ ਦਾ ਸਾਥ ਨਿਭਾਉਂਦੀਆਂ ਬਿਰਖ ਬੂਟਿਆਂ ਦੇ ਸਿਦਕ ਤੇ ਸਬਰ ਨੂੰ ਪਰਖਦੀਆਂ ਜਾਪਦੀਆਂ ਹਨ। ਪੱਤਝੜ ਦੀ ਵਿਯੋਗੀ ਤੇ ਉਦਾਸੀ ਰੁੱਤੇ ਬਰਫ਼ੀਲੀਆਂ ਹਵਾਵਾਂ ਦੇ ਸਤਾਏ ਪੰਛੀ ਤੇ ਪਰਿੰਦੇ ਪੱਤਹੀਣ ਹੋਏ ਰੁੱਖਾਂ ’ਤੇ ਰਾਤ ਕੱਟਣ ਦਾ ਹੌਸਲਾ ਨਹੀਂ ਕਰਦੇ, ਉਨ੍ਹਾਂ ਨੂੰ ਆਪਣੇ ਬਸੇਰੇ ਲਈ ਵੀ ਕੋਈ ਬਦਲਵਾਂ ਪ੍ਰਬੰਧ ਕਰਨਾ ਪੈਂਦਾ ਹੈ। ਫਿਰ ਵੀ ਸਰਦ ਹਵਾਵਾਂ, ਕੱਕਰ ਕੋਰਿਆਂ ਨੂੰ ਬਰਦਾਸ਼ਤ ਕਰਕੇ ਆਪਣੀ ਹੋਂਦ ਲਈ ਜੱਦੋ ਜਹਿਦ ਕਰਨ ਵਾਲੇ ਬਿਰਖ ਬੂਟਿਆਂ ਦੇ ਸਿਦਕ ਤੇ ਸਬਰ ਨੂੰ ਸਲਾਮ ਕਰਨਾ ਬਣਦਾ ਹੈ ਜੋ ਪੱਤਿਆਂ ਤੋਂ ਵਗੈਰ ਵੀ ਕਕਰੀਲੇ ਪਹੁਫੁਟਾਲਿਆਂ ’ਚੋਂ ਝਾਤੀਆਂ ਮਾਰਦੇ ਸੂਰਜ ਅਤੇ ਬਰਫ਼ਾਂ ਲੱਦੀਆਂ ਹਵਾਵਾਂ ਸਾਹਵੇਂ ਸੁੰਗੜਦੀ ਜ਼ਿੰਦਗੀ ਦੇ ਕੌਤਕ ਨੂੰ ਦੇਖਦੇ ਭਲੇ ਦਿਨਾਂ ਦਾ ਇੰਤਜ਼ਾਰ ਕਰਦੇ ਹਨ। ਸ਼ਾਇਰ ਸੁਰਜੀਤ ਪਾਤਰ ਨੇ ਪੱਤਝੜ ਦੀ ਰੁੱਤੇ ਵੀ ਉਮੀਦ ਤੇ ਹੌਸਲੇ ਦੀ ਵਕਾਲਤ ਕਰਦਿਆਂ ਲਿਖਿਆ ਹੈ;
ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
ਭਾਵੇਂ ਪੱਤਝੜ ਰੁੱਖਾਂ, ਬਿਰਖ-ਬੂਟਿਆਂ ਤੇ ਹਰੀ ਭਰੀ ਬਨਸਪਤੀ ਨੂੰ ਉਦਾਸੀ, ਚੁੱਪ ਤੇ ਤਨਹਾਈ ਬਖ਼ਸ਼ਣ ਵਾਲੀ ਰੁੱਤ ਹੈ, ਪਰ ਇਹ ਰੁੱਤ ਦੁਨੀਆ ’ਤੇ ਕੁਦਰਤ ਦੇ ਵੱਖ ਵੱਖ ਰੰਗ ਮਾਣਨ ਵਾਲੇ ਇਨਸਾਨਾਂ ਲਈ ਇੱਕ ਸੁਨੇਹਾ ਵੀ ਲੈ ਕੇ ਆਉਂਦੀ ਹੈ ਕਿ ਜ਼ਿੰਦਗੀ ਮਹਿਜ਼ ਫੁੱਲਾਂ ਤੇ ਖੁਸ਼ਬੋਆਂ ਦਾ ਪੈਗ਼ਾਮ ਦਿੰਦੀਆਂ ਬਹਾਰਾਂ ਦਾ ਹੀ ਗੁਲਦਸਤਾ ਨਹੀਂ ਹੁੰਦੀ। ਇਨਸਾਨ ਦੀ ਜ਼ਿੰਦਗੀ ਵਿੱਚ ਵੀ ਕਈ ਵਾਰ ਪੱਤਝੜ ਦੀ ਉਦਾਸੀ ਤੇ ਵਿਯੋਗ ਦੇ ਫਿੱਕੇ ਰੰਗ ਬੰਦੇ ਦੀਆਂ ਖਹਾਇਸ਼ਾਂ ਤੇ ਚਾਹਤਾਂ ਦੀ ਚਾਸ਼ਣੀ ਨੂੰ ਫਿੱਕੀ ਕਰਨ ਦੀ ਕੋਸ਼ਿਸ਼ ਕਰ ਜਾਂਦੇ ਹਨ। ਇਨਸਾਨ ਪੱਤਝੜ ਦੀ ਰੁੱਤੇ ਆਪਣੀ ਜ਼ਿੰਦਗੀ ਦੀ ਬਾਦਸ਼ਾਹੀ ਤੋਂ ਰੁਖ਼ਸਤੀ ਤੇ ਆਪਣੀ ਹਸਤੀ ਦੀ ਅਸਲੀਅਤ ਮੰਨ ਲੈਣ ਵਾਲੇ ਬਿਰਖ ਬੂਟਿਆਂ ਦੇ ਪੱਤਿਆਂ ਤੋਂ ਜ਼ਿੰਦਗੀ ਦੀ ਨਾਸ਼ਵਾਨਤਾ ਤੇ ਗਤੀਸ਼ੀਲਤਾ ਦੇ ਗੁੱਝੇ ਭੇਦਾਂ ਦੇ ਸਬਕ ਬੜੀ ਸਜਿਹਤਾ ਨਾਲ ਸਿੱਖ ਸਕਦਾ ਹੈ। ਇੱਥੇ ਇਹ ਧਿਆਨ ਦੇਣਾ ਵੀ ਬਣਦਾ ਹੈ ਕਿ ਜ਼ਿੰਦਗੀ ਦੀ ਤੇਜ਼ ਦੌੜਦੀ ਗੱਡੀ ਨੂੰ ਹਮੇਸ਼ਾਂ ਸਿੱਧੇ ਤੇ ਸਰਪਟ ਰਾਹਾਂ ਦਾ ਮਿਲ ਜਾਣਾ ਹੀ ਹਮੇਸ਼ਾਂ ਬੰਦੇ ਦੀ ਤਕਦੀਰ ਵਿੱਚ ਲਿਖਿਆ ਨਹੀਂ ਹੋ ਸਕਦਾ। ਔਕੜਾਂ ਤੇ ਮੁਸੀਬਤਾਂ ਕਿਤੇ ਵੀ ਬੰਦੇ ਦਾ ਰਾਹ ਰੋਕ ਸਕਦੀਆਂ ਨੇ ਤੇ ਆਪਣੀ ਮੰਜ਼ਿਲ ’ਤੇ ਉਹੀ ਪਹੁੰਚ ਸਕਦਾ ਹੈ, ਜਿਸਨੂੰ ਮੁਸੀਬਤਾਂ ਨਾਲ ਸੰਵਾਦ ਰਚਾਉਣ ਦੀ ਜਾਚ ਹੋਵੇ।
ਬੰਦੇ ਦੇ ਹੌਸਲੇ ਤੇ ਹੁਨਰ ਦੀ ਪਰਖ ਹਮੇਸ਼ਾਂ ਦੁੱਖ ਤੇ ਮੁਸੀਬਤ ਵੇਲੇ ਹੀ ਹੁੰਦੀ ਹੈ। ਬਿਰਖਾਂ ਦੇ ਪੱਤਰਾਂ ਦੀ ਬਾਦਸ਼ਾਹੀ ਦੇ ਦੌਰ ਮੌਕੇ ਪੰਛੀ, ਪਰਿੰਦਿਆਂ ਤੇ ਮਨੁੱਖਾਂ ਵੱਲੋਂ ਤਿੱਖੜ ਦੁਪਹਿਰਾਂ ’ਚ ਇਨ੍ਹਾਂ ਦੀਆਂ ਠੰਢੀਆਂ ਛਾਵਾਂ ਨੂੰ ਮਾਣਨ ਦੀ ਤਾਂਘ ਵੀ ਦੁਨੀਆ ਦੀ ਸੁੱਖਾਂ ਵੇਲੇ ਨੇੜੇ ਹੋਣ ਦੀ ਫਿਤਰਤ ਨੂੰ ਦਰਸਾ ਜਾਂਦਾ ਹੈ। ਬੰਦੇ ਦੀ ਜ਼ਿੰਦਗੀ ਦਾ ਇਹ ਵੀ ਪਰਖਿਆ ਸੱਚ ਹੈ ਕਿ ਸੁੱਖ ਦਾ ਸਮਾਂ ਲੰਘਦਿਆਂ ਵਰ੍ਹੇ ਤੇ ਮਹੀਨਿਆਂ ਦਾ ਵੀ ਪਤਾ ਨਹੀਂ ਲੱਗਦਾ ਤੇ ਦੁੱਖ ਦੀ ਇੱਕ ਘੜੀ ਵੀ ਲੰਘਾਉਣੀ ਔਖੀ ਹੋ ਜਾਂਦੀ ਹੈ। ਪੱਤਝੜ ਦੀ ਰੁੱਤ ਦਾ ਇਹ ਕੁਦਰਤੀ ਵਰਤਾਰਾ ਇਹ ਸੁਨੇਹਾ ਵੀ ਦਿੰਦਾ ਹੈ ਕਿ ਮਨੁੱਖੀ ਜੀਵਨ ਕੇਵਲ ਬਹਾਰਾਂ ਦੀਆਂ ਖੁਮਾਰੀਆਂ ਦੇ ਸਰੂਰ ਦਾ ਹੀ ਨਾਂ ਨਹੀਂ ਹੁੰਦਾ ਸਗੋਂ ਕਈ ਵਾਰ ਉਦਾਸੀਆਂ ਤੇ ਖਾਮੋਸ਼ੀਆਂ ਦੇ ਰੰਗ ਜ਼ਿੰਦਗੀ ਦੇ ਚਾਵਾਂ ਨੂੰ ਫਿੱਕੇ ਕਰਕੇ ਨਿਰਾਸ਼ ਤੇ ਬੇਆਸ ਕਰ ਦਿੰਦੇ ਹਨ। ਪੱਤਝੜ ਇਹ ਵੀ ਸੁਨੇਹਾ ਦਿੰਦੀ ਹੈ ਕਿ ਜ਼ਿੰਦਗੀ ਦੀਆਂ ਚਾਨਣੀਆਂ ਰਾਤਾਂ ਦੀ ਮੜ੍ਹਕਵੀਂ ਟੋਰ ਦੇ ਨਾਲ ਨਾਲ ਹਨੇਰ ਭਰੀਆਂ ਰਾਤਾਂ ਦਾ ਅਣਕਿਆਸਾ ਖੌਫ਼ ਵੀ ਸ਼ੁਮਾਰ ਹੁੰਦਾ ਹੈ।
ਇਸ ਰੁੱਤੇ ਸਾਇਬੇਰੀਆ ਦੀਆਂ ਬਰਫ਼ਾਂ ਤੋਂ ਨਿੱਘ ਦੀ ਤਲਾਸ਼ ’ਚ ਹਜ਼ਾਰਾਂ ਮੀਲ ਔਖੀਆਂ ਘਾਟੀਆਂ ਦਾ ਸਫ਼ਰ ਕਰਕੇ ਉੱਤਰੀ ਭਾਰਤ ਦੇ ਮੈਦਾਨਾਂ ਦੇ ਦਰਿਆਵਾ ਤੇ ਡੈਮਾਂ ਦੇ ਕੰਢੇ ਆਪਣੀ ਮੌਜ ’ਚ ਚਹਿਕਦੇ ਤੇ ਅਠਖੇਲੀਆਂ ਕਰਦੇ ਪਰਵਾਸੀ ਪਰਿੰਦੇ ਵੀ ਇਹ ਸੁਨੇਹਾ ਦਿੰਦੇ ਹਨ ਕਿ ਨਿੱਘ ਦਾ ਸੁੱਖ ਤਲਾਸ਼ਣ ਤੇ ਆਪਣੀ ਹੋਂਦ ਬਚਾਉਣ ਲਈ ਔਖੀਆਂ ਤੇ ਬਰਫ਼ੀਲੀਆਂ ਘਾਟੀਆਂ ਦਾ ਜਾਨ ਮਾਰਨ ਵਾਲਾ ਸਫ਼ਰ ਵੀ ਸਮੇਂ ਦੀ ਲੋੜ ਹੁੰਦਾ ਹੈ। ਪੱਤਝੜ ਜ਼ਿੰਦਗੀ ’ਚ ਪਰਿਵਰਤਨ ਤੇ ਪੁਰਾਣਿਆਂ ਦੀ ਥਾਂ ਨਵਿਆਂ ਦੀ ਆਮਦ ਲਈ ਪੁਰਾਣਿਆਂ ਦੇ ਰੁਖ਼ਸਤ ਹੋਣ ਦੀ ਲਾਜ਼ਮੀ ਸ਼ਰਤ ਤੋਂ ਵੀ ਜਾਣੂ ਕਰਵਾਉਂਦੀ ਹੈ। ਪੰਜਾਬੀ ਲੋਕ ਧਾਰਾ ’ਚ ਵੀ ਪੱਤਝੜ ਦੀ ਆਮਦ ਮੌਕੇ ਪੁਰਾਣਿਆਂ ਦੇ ਤੁਰ ਜਾਣ ਦੇ ਵਰਤਾਰੇ ਨੂੰ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ;
ਪਿੱਪਲ ਦਿਆ ਪੱਤਿਆ ਵੇ ਕੇਹੀ ਖੜ ਖੜ ਲਾਈ ਆ
ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਆ।
ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਕੁਦਰਤ ਨੇ ਇਨਸਾਨ ਨੂੰ ਜ਼ਿੰਦਗੀ ’ਚ ਮਾਣਨ ਲਈ ਬੜੇ ਬਚਿੱਤਰ ਤੇ ਸ਼ਾਹਕਾਰ ਰੰਗਾਂ ਦੀ ਸਿਰਜਣਾ ਕੀਤੀ ਹੈ। ਇਨਸਾਨ ਨੂੰ ਵੀ ਕੁਦਰਤ ਦੀਆਂ ਬਖ਼ਸ਼ੀਆਂ ਰਹਿਮਤਾਂ ਨੂੰ ਮਾਣਨ ਦਾ ਬਲ ਸਿੱਖਣ ਦੇ ਨਾਲ ਨਾਲ ਕੁਦਰਤ ਨਾਲ ਨੇੜਤਾ ਤੇ ਸਦੀਵੀ ਪਿਆਰ ਕਰਨ ਦਾ ਚੱਜ ਅਚਾਰ ਸਿੱਖਣਾ ਚਾਹੀਦਾ ਹੈ। ਪੱਤਝੜ ਤੋਂ ਇਹ ਸੁਨੇਹਾ ਵੀ ਲਿਆ ਜਾ ਸਕਦਾ ਹੈ ਕਿ ਸਮਾਂ ਆਉਣ ਤੇ ਵੇਲਾ ਵਿਹਾ ਚੁੱਕੇ ਸਮਾਜ ਦੇ ਸਰਵਪੱਖੀ ਵਿਕਾਸ ’ਚ ਰੁਕਾਵਟ ਪਾਉਣ ਵਾਲੇ ਰੀਤੀ ਰਿਵਾਜਾਂ, ਵਿਚਾਰਾਂ, ਨੀਤੀਆਂ ਨੂੰ ਅਲਵਿਦਾ ਆਖ ਦੇਣਾ ਚਾਹੀਦਾ ਹੈ ਤਾਂ ਜੋ ਨਵੇਂ ਵਿਚਾਰਾਂ ਨਵੀਆਂ ਦਿਸ਼ਾਵਾਂ, ਦਿਸਹੱਦਿਆਂ ਤੇ ਰਸਤਿਆਂ ਨੂੰ ਖੁਸ਼ਆਮਦੀਦ ਕਿਹਾ ਜਾ ਸਕੇ। ਜਿਵੇਂ ਬਿਰਖ ਬੂਟਿਆਂ ਦੀ ਤੰਦਰੁਸਤੀ ਤੇ ਲੰਮੀ ਉਮਰ ਲਈ ਪੁਰਾਣੇ ਤੇ ਸੁੱਕ ਚੁੱਕੇ ਪੱਤਿਆਂ ਦਾ ਰੁਖ਼ਸਤ ਹੋਣਾ ਜ਼ਰੂਰੀ ਹੁੰਦਾ ਹੈ, ਠੀਕ ਉਸੇ ਤਰ੍ਹਾਂ ਸਮਾਜ ਨੂੰ ਸਹੀ ਸੇਧ ਨਾ ਦੇ ਸਕਣ ਦਿਸ਼ਾਹੀਣ ਤੇ ਬੇਅਰਥ ਫ਼ਲਸਫ਼ਿਆਂ, ਸੁਆਰਥੀ ਤੇ ਮੌਕਾਪ੍ਰਸਤ ਲੋਕਾਂ ਨੂੰ ਅਲਵਿਦਾ ਕਹਿਣਾ ਵੀ ਸਮੇਂ ਦੀ ਸਖ਼ਤ ਲੋੜ ਹੁੰਦੀ ਹੈ।
ਸੰਪਰਕ: 70877-87700
