ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰ ਗੀਤਾਂ ਦਾ ਅਮਰ ਗਾਇਕ ਕਰਨੈਲ ਗਿੱਲ

ਸੰਗੀਤ ਦਾ ਨਾਤਾ ਮਨੁੱਖੀ ਰੂਹ ਨਾਲ ਜੁਗਾਂ ਜੁਗੰਤਰਾਂ ਤੋਂ ਤੁਰਿਆ ਆ ਰਿਹਾ ਹੈ। ਸਮੇਂ ਦੇ ਬਦਲਣ ਨਾਲ ਇਹ ਵਿਧਾ ਵੀ ਕਲਾਤਮਿਕ ਅੰਗੜਾਈਆਂ ਲੈਂਦੀ ਰਹੀ ਹੈ। ਦੋਗਾਣਾ ਸੱਭਿਆਚਾਰ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ ਹੈ। ਮਨੁੱਖੀ ਭਾਵਾਂ ਦੀ ਖਿੱਚ ਦੇ ਵਿੱਚੋਂ...
Advertisement

ਸੰਗੀਤ ਦਾ ਨਾਤਾ ਮਨੁੱਖੀ ਰੂਹ ਨਾਲ ਜੁਗਾਂ ਜੁਗੰਤਰਾਂ ਤੋਂ ਤੁਰਿਆ ਆ ਰਿਹਾ ਹੈ। ਸਮੇਂ ਦੇ ਬਦਲਣ ਨਾਲ ਇਹ ਵਿਧਾ ਵੀ ਕਲਾਤਮਿਕ ਅੰਗੜਾਈਆਂ ਲੈਂਦੀ ਰਹੀ ਹੈ। ਦੋਗਾਣਾ ਸੱਭਿਆਚਾਰ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ ਹੈ। ਮਨੁੱਖੀ ਭਾਵਾਂ ਦੀ ਖਿੱਚ ਦੇ ਵਿੱਚੋਂ ਹੀ ਇਹ ਵੰਨਗੀ ਪੈਦਾ ਹੋਈ ਹੈ। ਰਚਨਹਾਰੇ ਨੇ ਨਰ ਤੇ ਮਾਦਾ ਦੇ ਅੰਦਰ ਸਮਾਜ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਇੱਕ ਦੂਜੇ ਵਿੱਚ ਖਿੱਚ ਦਾ ਜਜ਼ਬਾ ਬਣਾਈ ਰੱਖਿਆ। ਇਸ ਖਿੱਚ ਦੀ ਪੂਰਤੀ ਲਈ ਮਰਦਾਂ ਦੀ ਜੁੰਡਲੀ ਕਿਸੇ ਅਣਦਾੜ੍ਹੀਏ ਮੁੰਡੇ ਦੇ ਜਨਾਨਾ ਕੱਪੜੇ ਪਹਿਨਾ ਦਿੰਦੀ ਸੀ।

ਫਿਰ ਜਦੋਂ ਇਹ ਵਿਧਾ ਪੰਜਾਬੀ ਦੇ ਸਿਰਮੌਰ ਕਲਾਕਾਰ ਚਾਂਦੀ ਰਾਮ ਚਾਂਦੀ ਦੇ ਦੌਰ ਵਿੱਚ ਦਾਖਲ ਹੋਈ ਤਾਂ ਉਸ ਨੇ ਸ਼ਾਂਤੀ ਦੇਵੀ ਨੂੰ ਪ੍ਰਤੱਖ ਤੌਰ ’ਤੇ ਮੰਚ ’ਤੇ ਲਿਆਂਦਾ। ਔਰਤ ਦੀ ਮੰਚ ’ਤੇ ਆਮਦ ਵੀ ਚਾਂਦੀ ਰਾਮ ਦੀ ਚੜ੍ਹਤ ਦਾ ਇੱਕ ਛੁਪਿਆ ਹੋਇਆ ਕਾਰਨ ਸੀ। ਔਰਤ ਦੇ ਸਟੇਜ ’ਤੇ ਆਉਣ ਨਾਲ ਚਾਰੇ ਪਾਸੇ ਚਾਂਦੀ ਰਾਮ ਚਾਂਦੀ ਰਾਮ ਹੋ ਗਈ। ਉਸ ਵੱਲੋਂ ਗਾਏ ਗੀਤ ਲੋਕਾਂ ਲਈ ਬੇਸ਼ਕੀਮਤੀ ਸੌਗਾਤ ਬਣ ਗਏ। ਬਸ ਫਿਰ ਕੀ ਸੀ, ਦੋ-ਗਾਣਾ ਕਲਚਰ ਨੂੰ ਭਰਵਾਂ ਹੁੰਗਾਰਾ ਮਿਲਣ ਕਰਕੇ ਦੋ-ਗਾਣਾ ਕਲਚਰ ਵਿੱਚ ਧੜਾ-ਧੜ ਦੋ-ਗਾਣਾ ਜੋੜੀਆਂ ਪ੍ਰਵੇਸ਼ ਕਰ ਗਈਆਂ। ਜਗਤ ਸਿੰਘ ਜੱਗਾ, ਨਰਿੰਦਰ ਬੀਬਾ ਆਦਿ ਇਸ ਪਿੜ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਏ। ਜਸਵੰਤ ਭੰਵਰਾ ਨੇ ਨਵੇਂ ਨਵੇਂ ਬੂਟੇ ਲਾਏ। ਗੀਤਕਾਰ ਗੁਰਦੇਵ ਸਿੰਘ ਮਾਨ ਵੀ ਇਸ ਖੇਤਰ ਵਿੱਚ ਖ਼ੂਬ ਸਰਗਰਮ ਰਿਹਾ। ਹਰਚਰਨ ਗਰੇਵਾਲ ਨੇ ਵੀ ਗੁਰਦੇਵ ਸਿੰਘ ਮਾਨ ਨੂੰ ਆਪਣਾ ਉਸਤਾਦ ਧਾਰਿਆ ਅਤੇ ਹਰਚਰਨ ਸਿੰਘ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਪਿੰਡ ਜਮਾਲਪੁਰ ਦਾ ਨੌਜੁਆਨ ਕਰਨੈਲ ਗਿੱਲ, ਹਰਚਰਨ ਸਿੰਘ ਗਰੇਵਾਲ ਦਾ ਸ਼ਾਗਿਰਦ ਬਣਿਆ, ਜਿਸ ਨੇ ਦੋ-ਗਾਣਾ ਖੇਤਰ ਵਿੱਚ ਕੁਝ ਇਤਿਹਾਸਕ ਪੈੜਾਂ ਪਾਈਆਂ। ਕਰਨੈਲ ਗਿੱਲ ਦੇ ਗਾਏ ਹੋਏ ਗੀਤ ਅੱਜ ਵੀ ਬਹੁਤ ਦਿਲਚਸਪੀ ਨਾਲ ਸੁਣੇ ਜਾਂਦੇ ਹਨ। ‘ਲੱਡੂ ਖਾ ਕੇ ਤੁਰਦੀ ਬਣੀ’ ਗੁਰਨਾਮ ਗਾਮੀ ਦਾ ਲਿਖਿਆ ਹੋਇਆ ਗੀਤ ਅੱਜ ਵੀ ਲੋਕ ਬਹੁਤ ਉਤਸ਼ਾਹ ਨਾਲ ਸੁਣਦੇ ਹਨ।

Advertisement

ਕਰਨੈਲ ਸਿੰਘ ਗਿੱਲ ਦਾ ਜਨਮ 13 ਫਰਵਰੀ 1942 ਨੂੰ ਪਿਤਾ ਮੇਹਰ ਸਿੰਘ ਗਿੱਲ ਤੇ ਮਾਤਾ ਗੁਰਦਿਆਲ ਕੌਰ ਦੇ ਘਰ 259 ਚੱਕ ਗੁਰੂਸਰ (ਲਾਇਲਪੁਰ) ਪਾਕਿਸਤਾਨ ਵਿੱਚ ਹੋਇਆ। ਦੇਸ਼ ਦੀ ਵੰਡ ਦੌਰਾਨ ਇਹ ਪਰਿਵਾਰ ਜਮਾਲਪੁਰ (ਲੁਧਿਆਣੇ) ਆ ਗਿਆ। ਪਾਕਿਸਤਾਨ ਵਿੱਚ ਇਸ ਪਰਿਵਾਰ ਦਾ ਸ਼ਰਾਬ ਦੀ ਠੇਕੇਦਾਰੀ ਵਿੱਚ ਪੂਰਾ ਨਾਮ ਸੀ। ਦੇਸ਼ ਦੀ ਵੰਡ ਤੋਂ ਬਾਅਦ ਇਨ੍ਹਾਂ ਨੂੰ ਜਮਾਲਪੁਰ ਵਿੱਚ ਜ਼ਮੀਨ ਅਲਾਟ ਹੋ ਗਈ। ਇਹ ਪਰਿਵਾਰ ਫਿਰ ਇੱਥੇ ਹੀ ਟਿਕ ਗਿਆ। ਕਰਨੈਲ ਗਿੱਲ ਦਸਵੀਂ ਪਾਸ ਕਰਨ ਤੋਂ ਬਾਅਦ ਖੇਡਾਂ ਦੇ ਖੇਤਰ ਵਿੱਚ ਆਪਣਾ ਨਾਮ ਕਮਾਉਣਾ ਚਾਹੁੰਦਾ ਸੀ, ਪਰ ਖੇਡਾਂ ਦੇ ਨਾਲ ਨਾਲ ਉਸ ਨੂੰ ਥੋੜ੍ਹਾ ਬਹੁਤਾ ਗਾਉਣ ਦਾ ਵੀ ਸ਼ੌਕ ਸੀ। ਮੁਕੱਦਰ ਮਨੁੱਖ ਨੂੰ ਕਿਸ ਖੇਤਰ ਵੱਲ ਖਿੱਚ ਕੇ ਲੈ ਜਾਵੇ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਕਰਨੈਲ ਗਿੱਲ ਨਾਲ ਵਾਪਰਿਆ। ਉਹ ਇੱਕ ਨਾਮਵਰ ਖਿਡਾਰੀ ਬਣਨਾ ਚਾਹੁੰਦਾ ਸੀ, ਪਰ ਕਿਸਮਤ ਨੇ ਉਸ ਨੂੰ ਸਟੇਜਾਂ ਦਾ ਸ਼ਿੰਗਾਰ ਬਣਾਇਆ।

ਹਰ ਸਫਲ ਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਪ੍ਰੇਰਨਾ-ਸਰੋਤ ਜ਼ਰੂਰ ਹੁੰਦਾ ਹੈ। ਕਰਨੈਲ ਗਿੱਲ ਦੀ ਜ਼ਿੰਦਗੀ ਵਿੱਚ ਉਸ ਦਾ ਪ੍ਰੇਰਨਾ ਸਰੋਤ ਉਸ ਦਾ ਸੀਰੀ ਗਿਆਨ ਸਿੰਘ ਬਣਿਆ ਜੋ ਖ਼ੁਦ ਵੀ ਥੋੜ੍ਹਾ ਬਹੁਤਾ ਗਾ ਲੈਂਦਾ ਸੀ। ਉਸ ਨੇ ਕਰਨੈਲ ਗਿੱਲ ਨੂੰ ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਪ੍ਰਸੰਗ ਮੂੰਹ-ਜ਼ੁਬਾਨੀ ਯਾਦ ਕਰਵਾ ਦਿੱਤਾ। ਉਹੀ ਪ੍ਰਸੰਗ ਕਰਨੈਲ ਸਿੰਘ ਨੇ ਗੁਰਦੁਆਰੇ ਗੁਰਪੁਰਬ ਦੇ ਸਮੇਂ ਗਾ ਦਿੱਤਾ, ਜਿਸ ਦੀ ਲੋਕਾਂ ਵਿੱਚ ਬਹੁਤ ਚਰਚਾ ਹੋਈ। ਸਨਮਾਨ ਦੇ ਤੌਰ ’ਤੇ ਲੋਕਾਂ ਨੇ ਉਸ ਨੂੰ ਪੈਸੇ ਵੀ ਦਿੱਤੇ। ਬਸ ਇੱਥੋਂ ਹੀ ਉਸ ਦੀ ਗੱਡੀ ਰੁੜ੍ਹ ਪਈ। ਕਰਨੈਲ ਗਿੱਲ ਸੰਗੀਤ ਦਾ ਸੁਰ-ਤਾਲ ਸਿੱਖਣ ਲਈ ਜਸਵੰਤ ਭੰਵਰਾ ਦੇ ਚਰਨੀਂ ਜਾ ਲੱਗਿਆ। ਹਸੂੰ-ਹਸੂੰ ਕਰਦੇ ਚਿਹਰੇ ਵਾਲੇ ਅਤੇ ਮੱਧਰੇ ਜਿਹੇ ਕੱਦ ਦੇ ਇਸ ਸ਼ੌਕੀਨ ਗੱਭਰੂ ਨੂੰ ਜਸਵੰਤ ਭੰਵਰੇ ਨੇ ਅਜਿਹੀ ਥਾਪੀ ਦਿੱਤੀ ਕਿ ਇਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦਿਨਾਂ ਵਿੱਚ ਇਸ ਦੇ ਪਿੰਡ ਦੇ ਨੌਜੁਆਨ ਹਰਚਰਨ ਗਰੇਵਾਲ ਦੀ ਬਹੁਤ ਚੜ੍ਹਾਈ ਸੀ। ਕਰਨੈਲ ਗਿੱਲ ਨੇ ਆਪਣੇ ਭਵਿੱਖ ਨੂੰ ਦੇਖਦਿਆਂ ਹਰਚਰਨ ਗਰੇਵਾਲ ਨੂੰ ਆਪਣਾ ਗੁਰੂ ਧਾਰ ਲਿਆ।

ਕਰਨੈਲ ਗਿੱਲ ਦੀ ਉੱਭਰਦੀ ਰੁਚੀ ਨੂੰ ਦੇਖਦਿਆਂ ਹਰਚਰਨ ਗਰੇਵਾਲ ਨੇ ਉਸ ਨੂੰ 1962 ਵਿੱਚ ਲੋਕ ਸੰਪਰਕ ਵਿਭਾਗ ਵਿੱਚ ਭਰਤੀ ਕਰ ਲਿਆ। ਉਸ ਨੇ 1970 ਤੱਕ ਇਹ ਨੌਕਰੀ ਕੀਤੀ। ਸ਼ੁਰੂ-ਸ਼ੁਰੂ ਵਿੱਚ ਕਰਨੈਲ ਗਿੱਲ ਦਾ ਝੁਕਾਅ ਧਾਰਮਿਕ ਗੀਤਾਂ ਵੱਲ ਸੀ। ਉਸ ਦੇ ਗਾਏ ਧਾਰਮਿਕ ਗੀਤ ਅੱਜ ਵੀ ਹਰ ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਬਹੁਤ ਸਤਿਕਾਰ ਨਾਲ ਗਾਏ ਜਾਂਦੇ ਹਨ। ਉਸ ਨੇ ਸੱਠ ਦੇ ਕਰੀਬ ਧਾਰਮਿਕ ਗੀਤ ਗਾਏ ਹਨ ਜੋ ਸਾਰੇ ਹੀ ਬਹੁਤ ਪ੍ਰਚੱਲਿਤ ਹੋਏ। ਇਨ੍ਹਾਂ ਵਿੱਚੋਂ ‘ਇਹ ਕੀਹਨੇ ਕੈਦ ਕਰੇ, ਬੱਚੇ ਸਰਦਾਰ ਕੁੜੇ’, ‘ਤੂੰ ਇਹ ਕੀ ਖੇਡ ਰਚਾਇਆ, ਤੇਰੀਆਂ ਤੂੰ ਜਾਣੇ’, ‘ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ’, ‘ਨਾਨਕੀ ਦਾ ਵੀਰ ਰਿਹਾ ਮੱਝੀਆਂ ਨੂੰ ਚਾਰ ਨੀਂ’, ‘ਪੁੱਤਰ ਕੌਮ ਤੋਂ ਵਾਰ ਤੇ’, ‘ਕਰ ਜੋੜਾ-ਜੋੜਾ’, ‘ਹੌਲੀ ਹੌਲੀ ਚੱਲ ਓਏ ਤੂੰ ਸਰਸਾ ਦਿਆ ਪਾਣੀਆਂ’ ਆਦਿ ਗੀਤ ਵਰਣਨਯੋਗ ਹਨ। ਇਨ੍ਹਾਂ ਗੀਤਾਂ ਨਾਲ ਕਰਨੈਲ ਗਿੱਲ ਦਾ ਧਾਰਮਿਕ ਖੇਤਰ ਵਿੱਚ ਸਿਰ ਬਹੁਤ ਉੱਚਾ ਹੋਇਆ।

ਇਸੇ ਤਰ੍ਹਾਂ ਉਸ ਨੇ ਚੁਤਾਲੀ ਦੇ ਲਗਭਗ ਸੋਲੋ ਗੀਤ ਗਾਏ ਸਨ, ਜਿਨ੍ਹਾਂ ਵਿੱਚੋਂ ‘ਗੱਡੀ ਚੜ੍ਹਦੀ ਭੰਨਾ ਲਏ ਗੋਡੇ, ਨੀਂ ਚਾਅ ਮੁਕਲਾਵੇ ਦਾ’ ਉਸ ਦਾ ਸਭ ਤੋਂ ਪਹਿਲਾ ਗੀਤ ਸੀ ਜੋ 1964 ਵਿੱਚ ਰਿਕਾਰਡ ਹੋਇਆ। ਉਸ ਤੋਂ ਬਾਅਦ ‘ਅੰਬੀਆਂ ਨੂੰ ਤਰਸੇਂਗੀ ਨੀਂ ਤੂੰ ਛੱਡ ਕੇ ਦੇਸ਼ ਬਿਗਾਨਾ’ 1965 ਵਿੱਚ ਰਿਕਾਰਡ ਹੋਇਆ। ਇਸੇ ਤਰ੍ਹਾਂ ‘ਤੇਰੀ ਮਾਂ ਦੇ ਲਾਡਲੇ ਜਾਏ, ਤੈਨੂੰ ਤੀਆਂ ਨੂੰ ਲੈਣ ਨਾ ਆਏ, ਨੀਂ ਬਹੁਤਿਆਂ ਭਰਾਵਾਂ ਵਾਲੀਏ’ 1966 ਵਿੱਚ ਰਿਕਾਰਡ ਹੋਇਆ। ਇਹ ਗੀਤ ਸਮਾਜਿਕ ਤੌਰ ’ਤੇ ਲੋਕਾਂ ਵਿੱਚ ਲੋਕ-ਗੀਤ ਬਣ ਕੇ ਵਿਚਰਿਆ। ਇਸ ਤਰ੍ਹਾਂ ਉਸ ਦੇ ਸੋਲੋ ਗੀਤਾਂ ਵਿੱਚ ‘ਜੈਤੋ ਦਾ ਕਿਲ੍ਹਾ ਦਿਖਾਦੂੰ, ਜੇ ਕੱਢੀ ਮਾਂ ਦੀ ਗਾਲ੍ਹ’, ‘ਜੱਗ ਜਿਉਣ ਵੱਡੀਆਂ ਭਰਜਾਈਆਂ, ਪਾਣੀ ਮੰਗੇ ਦੁੱਧ ਦਿੰਦੀਆਂ’, ‘ਲੱਡੂਆਂ ਨੇ ਤੂੰ ਪੱਟਤੀ ਤੇਰੀ ਤੋਰ ਪੱਟਿਆ ਪਟਵਾਰੀ’, ‘ਸਾਹਿਬਾਂ ਪਾਉਂਦੀ ਕੀਰਨੇ ਲੋਕੋ ਬਹਿ ਮਿਰਜ਼ੇ ਦੇ ਕੋਲ’ ਆਦਿ ਬਹੁਤ ਮਕਬੂਲ ਹੋਏ।

ਦੋ-ਗਾਣਾ ਕਲਚਰ ਵਿੱਚ ਵੀ ਕਰਨੈਲ ਗਿੱਲ ਦੀ ਝੰਡੀ ਰਹੀ ਹੈ। ਉਸ ਦਾ ਪਹਿਲਾ ਦੋ-ਗਾਣਾ ਨਰਿੰਦਰ ਬੀਬਾ ਨਾਲ 1967 ਵਿੱਚ ‘ਮੇਰਾ ਲੈਣ ਦਰੌਜਾ ਪੰਜ ਭਾਦੋਂ ਨੂੰ ਆਈਂ ਵੇ’ ਅਤੇ ਸਵਰਨ ਲਤਾ ਨਾਲ ‘ਘੋੜਾ ਆਰ ਨੂੰ ਵੇ, ਘੋੜਾ ਪਾਰ ਨੂੰ ਵੇ, ਪੇਕੀਂ ਛੱਡੀਏ ਨਾ ਨਾਰ ਮੁਟਿਆਰ ਨੂੰ ਵੇ’ ਰਿਕਾਰਡ ਹੋਏ। ਉਸ ਤੋਂ ਬਾਅਦ ਉਸ ਦੇ ਦੋਗਾਣਿਆਂ ਦੀ ਝੜੀ ਲੱਗ ਗਈ। ਨਰਿੰਦਰ ਬੀਬਾ ਨਾਲ ਉਸ ਦੇ ਗਾਏ ਹੋਏ ਕੁਝ ਚਰਚਿਤ ਗੀਤ ‘ਸੁਣੋ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ’, ‘ਕੀਹਨੇ ਤੈਨੂੰ ਭਰੀ ਚੁਕਾਈ ਕੀਹਨੇ ਵੱਢੇ ਪੱਠੇ, ਝੂਠ ਨਾ ਬੋਲੀਂ ਨੀਂ ਸੂਰਜ ਲੱਗਦੈ ਮੱਥੇ’, ‘ਘੁੰਡ ਚੁੱਕਦੇ ਭਾਬੀ, ਪੰਜਾਂ ਦਾ ਫੜ ਲੈ ਨੋਟ ਨੀਂ’, ‘ਮੈਨੂੰ ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ’, ‘ਲੱਡੂ ਖਾ ਕੇ ਤੁਰਦੀ ਬਣੀ’ ਆਦਿ ਅੱਜ ਵੀ ਬੜੇ ਚਾਅ ਨਾਲ ਸੁਣੇ ਜਾਂਦੇ ਹਨ। ਰਣਜੀਤ ਕੌਰ ਨਾਲ ਦੋ ਗੀਤ ਰਿਕਾਰਡ ਹੋਏ ‘ਕੀ ਲੱਗਦੇ ਸੰਤੀਏ ਤੇਰੇ, ਜਿਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ’, ‘ਛਿਟੀਆਂ ਦੀ ਅੱਗ ਨਾ ਬਲੇ, ਫੂਕਾਂ ਮਾਰੇ ਨੀਂ ਲਿਆਓ ਛੜਾ ਫੜ ਕੇ’।

ਇਸ ਤੋਂ ਇਲਾਵਾ ਉਸ ਦੇ ਜੋ ਗੀਤ ਜ਼ਿਆਦਾ ਮਕਬੂਲ ਹੋਏ ਉਹ ਹਨ ਜਗਮੋਹਣ ਕੌਰ ਨਾਲ ‘ਨੀਂ ਮੈਂ ਨੱਢੀਆਂ ਕੁਆਰੀਆਂ ਦੇ ਸ਼ੌਕ ਪੂਰਦਾ’, ਮੋਹਣੀ ਨਰੂਲਾ ਨਾਲ ‘ਤੇਰੇ ਚਿੱਟਿਆਂ ਦੰਦਾਂ ਦਾ ਹਾਸਾ ਨੀਂ ਲੈ ਗਿਆ ਮੇਰੀ ਜਿੰਦ ਕੱਢ ਕੇ’, ਸਵਰਨ ਲਤਾ ਨਾਲ ‘ਆ ਵੇ ਦਿਓਰਾ, ਬਹਿ ਵੇ ਦਿਓਰਾ, ਬਹਿ ਕੇ ਭਰੀਂ ਹੁੰਗਾਰਾ’, ਸੁਰਿੰਦਰ ਕੌਰ ਨਾਲ ‘ਪਊਏ ਰੱਖਦੀ ਘੂੰਘਰੂਆਂ ਵਾਲੇ, ਜਦੋਂ ਦੀ ਤੂੰ ਹੋ ਗਈ ਸਾਧਣੀ’, ‘ਇੱਕ ਪਾਸੇ ਆਹ ਬੋਤਲ ਪਈ ਆ, ਦੂਜੇ ਪਾਸੇ ਮੈਂ ਵੇ, ਹੁਣ ਤੂੰ ਤੇ ਮੈਂ ਵੀ ਦੋ ਵੇ, ਜਿਵੇਂ ਚੰਦ ਸੂਰਜ ਦੀ ਲੋਅ ਵੇ’, ਪ੍ਰੀਤੀ ਬਾਲਾ ਨਾਲ ‘ਛੜਾ ਦਿੱਲੀਓਂ ਮਸ਼ੀਨ ਲਿਆਇਆ, ਨੀਂ ਚੰਦ ਕੁਰ ਵਿੱਚ ਬੋਲਦੀ’ ਆਦਿ ਗੀਤ ਬਹੁਤ ਮਕਬੂਲ ਹੋਏ। ਕਰਨੈਲ ਗਿੱਲ ਨੇ ਕੁੱਲ ਅਠਾਰਾਂ ਕਲਾਕਾਰਾਂ ਨਾਲ ਆਪਣੇ ਦੋ-ਗਾਣੇ ਰਿਕਾਰਡ ਕਰਵਾਏ ਸਨ ਜਿਨ੍ਹਾਂ ਵਿੱਚ ਨਰਿੰਦਰ ਬੀਬਾ, ਸੁਰਿੰਦਰ ਕੌਰ, ਸਵਰਨ ਲਤਾ, ਮੋਹਣੀ ਨਰੂਲਾ, ਰਣਜੀਤ ਕੌਰ, ਜਗਮੋਹਣ ਕੌਰ, ਗੁਲਸ਼ਨ ਕੋਮਲ, ਪ੍ਰੀਤੀ ਬਾਲਾ, ਕੁਲਦੀਪ ਕੌਰ, ਸੁਖਵੰਤ ਕੌਰ, ਊਸ਼ਾ ਕਿਰਨ, ਸੁਚੇਤ ਬਾਲਾ, ਹਰਨੀਤ ਨੀਤੂ, ਕੁਮਾਰੀ ਵੀਨਾ, ਨਵਦੀਪ ਕੌਰ, ਸੰਗੀਤਾ ਸਿੱਧੂ, ਰਾਖੀ ਹੁੰਦਲ ਤੇ ਸਰਬਜੀਤ ਕੌਰ ਚੀਮਾ ਵਰਣਨਯੋਗ ਹਨ। ਇਨ੍ਹਾਂ ਤੋਂ ਇਲਾਵਾ ਕੁਝ ਅਜਿਹੀਆਂ ਕਲਾਕਾਰ ਵੀ ਹਨ ਜਿਨ੍ਹਾਂ ਨੇ ਕਰਨੈਲ ਗਿੱਲ ਨਾਲ ਸਟੇਜ ’ਤੇ ਤਾਂ ਗਾਇਆ ਹੈ, ਪਰ ਉਨ੍ਹਾਂ ਨਾਲ ਕੋਈ ਗੀਤ ਰਿਕਾਰਡ ਨਹੀਂ ਹੋਇਆ। ਜਿਵੇਂ ਪਰਮਿੰਦਰ ਸੰਧੂ, ਹਰਮਨ ਗਰੇਵਾਲ, ਸੁਰਿੰਦਰ ਸੋਨੀਆ, ਰਜਿੰਦਰ ਰਾਜਨ ਆਦਿ। ਜੇਕਰ ਇਨ੍ਹਾਂ ਕਲਾਕਾਰਾਂ ਦੀ ਗਿਣਤੀ ਕਰੀਏ ਤਾਂ ਲਗਭਗ ਪੰਦਰਾਂ ਬਣਦੀ ਹੈ।

ਇਸ ਤਰ੍ਹਾਂ ਦੋ ਸੌ ਛਿਆਸੀ ਗੀਤ ਗਾ ਕੇ ਇਹ ਅਮਰ ਗਾਇਕ ਆਪਣੇ ਗੀਤਾਂ ਨੂੰ ਵੀ ਅਮਰ ਕਰ ਗਿਆ। 24 ਜੂਨ 2012 ਨੂੰ ਇਹ ਚਮਕਦਾ ਤਾਰਾ ਆਪਣੀ ਮਹਿਕ ਖਿਲਾਰ ਕੇ ਸਦਾ ਲਈ ਲੋਪ ਹੋ ਗਿਆ ਅਤੇ ਸੰਗੀਤਕ ਇਤਿਹਾਸ ਵਿੱਚ ਇੱਕ ਮੀਲ ਪੱਥਰ ਗੱਡ ਗਿਆ।

ਸੰਪਰਕ: 95010-12199

Advertisement
Show comments