ਵੰਝਲੀ ਵਾਲੜਿਆ...
ਜਿਨ੍ਹਾਂ ਦਿਨਾਂ ਵਿੱਚ ਅਕਾਸ਼ਵਾਣੀ ਜਲੰਧਰ ਤੋਂ ਆਥਣੇ ਦਿਹਾਤੀ ਪ੍ਰੋਗਰਾਮ ਦਾ ਪ੍ਰਸਾਰਣ ਬਹੁਤ ਮਸ਼ਹੂਰ ਸੀ, ਉਨ੍ਹਾਂ ਦਿਨਾਂ ਵਿੱਚ ਜਿੱਥੋਂ ਜਿੱਥੋਂ ਤੱਕ ਲਾਹੌਰ ਰੇਡੀਓ ਦੀ ਪਹੁੰਚ ਸੀ, ਲੋਕ ਲਾਹੌਰ ਰੇਡੀਓ ਨੂੰ ਬੜੀ ਉਤਸੁਕਤਾ ਨਾਲ ਸੁਣਦੇ ਸਨ। ਖ਼ਾਸਕਰ ਪਾਕਿਸਤਾਨੀ ਪੰਜਾਬੀ ਗੀਤ। ਉਨ੍ਹਾਂ ਦਿਨਾਂ ਵਿੱਚ ਲਾਹੌਰ ਰੇਡੀਓ ਤੋਂ ਫ਼ਰਮਾਇਸ਼ੀ ਪ੍ਰੋਗਰਾਮ ਵਿੱਚ ਇੱਕ ਗੀਤ ਵਾਰ ਵਾਰ ਸੁਣਿਆ ਜਾਂਦਾ ਸੀ, ਜਿਸ ਦੇ ਬੋਲ ਸਨ;
ਮੇਰੀ ਚੁੰਨੀ ਦੀਆਂ ਰੇਸ਼ਮੀ ਤੰਦਾਂ
ਮੈਂ ਘੁੱਟ ਘੁੱਟ ਦੇਣੀ ਆਂ ਗੰਢਾਂ
ਕਿ ਚੰਨਾ ਤੇਰੀ ਯਾਦ ਨਾ ਭੁੱਲੇ
ਇਹ ਬੜਾ ਖੂਬਸੂਰਤ ਗੀਤ ਹੈ, ਕਮਾਲ ਦੀ ਆਵਾਜ਼ ਅਤੇ ਦਿਲਟੁੰਬਵੀਂ ਧੁਨ ਹੈ। ਉਦੋਂ ਐਨਾ ਕੁ ਪਤਾ ਸੀ ਕਿ ਇਹ ਜ਼ੁਬੈਦਾ ਖਾਨੁਮ ਦੀ ਆਵਾਜ਼ ਹੈ। ਇਸ ਤੋਂ ਵੱਧ ਕੋਈ ਜਾਣਕਾਰੀ ਨਹੀਂ ਸੀ। ਗੀਤ ਦੇ ਬੋਲ, ਆਵਾਜ਼ ਤੇ ਧੁਨ ਅਜੇ ਤੱਕ ਉਵੇਂ ਦੀ ਉਵੇਂ ਦਿਲ ਵਿੱਚ ਵਸੀ ਪਈ ਹੈ। ਜਦੋਂ ਮੈਨੂੰ ਪੰਜਾਬੀ ਰਿਕਾਰਡ ਇਕੱਠੇ ਕਰਨ ਦਾ ਸ਼ੌਕ ਪਿਆ ਉਦੋਂ ਪਤਾ ਲੱਗਾ ਕਿ ਇਹ ਤਾਂ 1958 ਵਿੱਚ ਬਣੀ ਪਾਕਿਸਤਾਨੀ ਪੰਜਾਬੀ ਫਿਲਮ ‘ਜੱਟੀ’ ਦਾ ਗੀਤ ਹੈ ਜੋ ਜ਼ੁਬੈਦਾ ਖਾਨੁਮ ਦੀ ਆਵਾਜ਼ ਵਿੱਚ ਬਾਬਾ ਗੁਲਾਮ ਅਹਿਮਦ ਚਿਸ਼ਤੀ ਦੇ ਸੰਗੀਤ ਵਿੱਚ ਰਿਕਾਰਡ ਹੋਇਆ। ਇਸ ਗੀਤ ਦੇ ਗੀਤਕਾਰ ਹਨ ਅਹਿਮਦ ਰਾਹੀ।
ਅਹਿਮਦ ਰਾਹੀ ਬਾਰੇ ਜਿੰਨਾ ਲਿਖਿਆ ਜਾਵੇ ਥੋੜ੍ਹਾ ਹੈ। ਉਹ ਪਾਕਿਸਤਾਨ ਦੇ ਮੁੱਢਲੇ ਗੀਤਕਾਰਾਂ ਵਿੱਚੋਂ ਇੱਕ ਸੀ। ਉਸ ਦੇ ਗੀਤ ਪਾਕਿਸਤਾਨ ਦੀਆਂ ਫਿਲਮਾਂ, ਰੇਡੀਓ ਅਤੇ ਟੈਲੀਵਿਜ਼ਨ ਦਾ ਸ਼ਿੰਗਾਰ ਬਣੇ। ਫਰਵਰੀ 2002 ਵਿੱਚ ਉਸ ਨੂੰ ਅਧਰੰਗ ਹੋ ਗਿਆ। ਉਸ ਦੀ ਯਾਦਾਸ਼ਤ ਵੀ ਜਾਂਦੀ ਰਹੀ। ਬੋਲਣ ਵਿਚ ਵੀ ਸਮੱਸਿਆ ਪੈਦਾ ਹੋ ਗਈ। ਆਖਿਰ 2 ਸਤੰਬਰ 2002 ਨੂੰ ਉਸ ਨੇ ਲਾਹੌਰ ਵਿੱਚ ਆਖਰੀ ਸਾਹ ਲਏ।
ਅਹਿਮਦ ਰਾਹੀ ਦਾ ਜਨਮ 12 ਨਵੰਬਰ 1923 ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਪਿਤਾ ਖ਼ਵਾਜ਼ਾ ਅਬਦੁਲ ਅਜ਼ੀਜ਼ ਦੇ ਘਰ ਹੋਇਆ, ਜਿਨ੍ਹਾਂ ਦਾ ਪਿਛੋਕੜ ਕਸ਼ਮੀਰ ਤੋਂ ਸੀ। ਉਹ ਅੰਮ੍ਰਿਤਸਰ ਵਿੱਚ ਊਨੀ ਸ਼ਾਲਾਂ ਦਾ ਕਾਰੋਬਾਰ ਕਰਦੇ ਸਨ। ਅਬਦੁਲ ਅਜ਼ੀਜ਼ ਨੇ ਆਪਣੇ ਇਸ ਬੱਚੇ ਦਾ ਨਾਮ ਗੁਲਾਮ ਅਹਿਮਦ ਰੱਖਿਆ। ਗੁਲਾਮ ਅਹਿਮਦ ਨੂੰ ਬਚਪਨ ਤੋਂ ਹੀ ਸ਼ਾਇਰੀ ਦੀ ਚੇਟਕ ਉਸ ਦੇ ਮਾਮੇ ਤੋਂ ਲੱਗ ਗਈ ਸੀ। ਉਸ ਦੇ ਮਾਮਾ ਸਾਦਿਕ ਅੰਮ੍ਰਿਤਸਰੀ ਆਪਣੇ ਸਮੇਂ ਦੇ ਵਧੀਆ ਸ਼ਾਇਰ ਸਨ। ਆਪਣੇ ਮਾਮੇ ਤੋਂ ਹੀ ਗੁਲਾਮ ਅਹਿਮਦ ਨੂੰ ਪੰਜਾਬੀ ਕਿੱਸਾ-ਕਾਵਿ ਦਾ ਸ਼ੌਕ ਪੈ ਗਿਆ। ਹੀਰ-ਰਾਂਝਾ, ਮਿਰਜ਼ਾ-ਸਾਹਿਬਾਂ, ਸੱਸੀ-ਪੁਨੂੰ ਦੇ ਕਿੱਸਿਆਂ ਦਾ ਪ੍ਰਭਾਵ ਸਾਰੀ ਜ਼ਿੰਦਗੀ ਅਹਿਮਦ ਦੀ ਗੀਤਕਾਰੀ ’ਤੇ ਭਾਰੂ ਰਿਹਾ।
1940 ਵਿੱਚ ਅਹਿਮਦ ਨੇ ਆਪਣੀ ਮੈਟ੍ਰਿਕ ਤੱਕ ਦੀ ਪੜ੍ਹਾਈ ਅੰਮ੍ਰਿਤਸਰ ਤੋਂ ਪੂਰੀ ਕਰ ਲਈ। ਸਕੂਲ ਦੇ ਮਿੱਤਰਾਂ ਵਿੱਚੋਂ ਸੈਫੂ ਦੀਨ ਸੈਫ ਅਹਿਮਦ ਦਾ ਕਰੀਬੀ ਮਿੱਤਰ ਸੀ ਜਿਸ ਨੇ ਬਾਅਦ ਵਿੱਚ ਪ੍ਰਸਿੱਧ ਸ਼ਾਇਰ ਵਜੋਂ ਨਾਮਣਾ ਖੱਟਿਆ। ਸੈਫੂ ਦੀਨ ਸੈਫ ਦੇ ਕਹਿਣ ’ਤੇ ਹੀ ਗੁਲਾਮ ਅਹਿਮਦ ਨੇ ਆਪਣਾ ਨਾਮ ਬਦਲ ਕੇ ਅਹਿਮਦ ਰਾਹੀ ਰੱਖ ਲਿਆ। ਅੰਮ੍ਰਿਤਸਰ ਤੋਂ ਮੈਟ੍ਰਿਕ ਕਰਨ ਉਪਰੰਤ ਉਚੇਰੀ ਵਿੱਦਿਆ ਲਈ ਉਸ ਨੇ ਲਾਹੌਰ ਦੇ ਮੇਓ ਕਾਲਜ ਵਿੱਚ ਦਾਖਲਾ ਲੈ ਲਿਆ। ਉਨ੍ਹਾਂ ਦਿਨਾਂ ਵਿੱਚ ਆਜ਼ਾਦੀ ਦੀ ਲਹਿਰ ਜ਼ੋਰਾਂ ’ਤੇ ਸੀ। ਰਾਜਨੀਤਕ ਅੰਦੋਲਨਾਂ ਵਿੱਚ ਭਾਗ ਲੈਣ ਕਾਰਨ ਅਹਿਮਦ ਰਾਹੀ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਰਾਹੀ ਨੇ ਵਾਪਸ ਅੰਮ੍ਰਿਤਸਰ ਆ ਕੇ ਆਪਣੇ ਪਿਤਾ ਨਾਲ ਸ਼ਾਲਾਂ ਦੇ ਕਾਰੋਬਾਰ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਸੰਤਾਲੀ ਵਿੱਚ ਦੇਸ਼ ਦੀ ਵੰਡ ਹੋ ਗਈ। ਉਜਾੜੇ ਦਾ ਸੰਤਾਪ ਝੱਲਦਾ ਰਾਹੀ ਲਾਹੌਰ ਚਲਾ ਗਿਆ।
ਲਾਹੌਰ ਜਾ ਕੇ ਉਸ ਨੇ ‘ਸਵੇਰਾ’ ਮੈਗਜ਼ੀਨ ਵਿੱਚ 25 ਰੁਪਏ ਮਹੀਨਾ ’ਤੇ ਸੰਪਾਦਕ ਵੱਜੋਂ ਨੌਕਰੀ ਕਰ ਲਈ। ਇਸ ਮੈਗਜ਼ੀਨ ਵਿੱਚ ਹੀ ਸ਼ਾਇਰ ਸਾਹਿਰ ਲੁਧਿਆਣਵੀ ਨੇ ਵੀ ਸੰਪਾਦਕ ਵਜੋਂ ਨੌਕਰੀ ਕੀਤੀ ਸੀ। ਇਸੇ ਦੌਰਾਨ ਅਹਿਮਦ ਰਾਹੀ ਦੀ ਨੇੜਤਾ ਪ੍ਰਗਤੀਸ਼ੀਲ ਲੇਖਕ ਲਹਿਰ ਦੇ ਕਾਰਕੁੰਨਾਂ ਨਾਲ ਹੋ ਗਈ। ਉਸ ਵੇਲੇ ਇਸ ਲਹਿਰ ਵਿੱਚ ਸਆਦਤ ਹਸਨ ਮੰਟੋ, ਫ਼ੈਜ਼ ਅਹਿਮਦ ਫ਼ੈਜ਼, ਅਬਦੁਲ ਹਮੀਦ, ਮੁਨੀਰ ਨਿਆਜ਼ੀ, ਸੂਫੀ ਤਬੁਸੁੱਮ ਜਿਹੇ ਲੇਖਕ ਸ਼ਾਇਰ ਸਨ। ਉਨ੍ਹਾਂ ਦਾ ਮੁੱਖ ਟਿਕਾਣਾ ਲਾਹੌਰ ਵਿਚਲਾ ਪਾਕਿ ਟੀ ਹਾਊਸ ਹੁੰਦਾ ਸੀ।
1950 ਵਿੱਚ ਫਿਲਮ ਨਿਰਮਾਤਾ, ਨਿਰਦੇਸ਼ਕ ਮਸੂਦ ਪਰਵੇਜ਼ ਨੇ ‘ਬੇਲੀ’ ਫਿਲਮ ਬਣਾਈ। ਇਸ ਦੀ ਕਹਾਣੀ ਸਆਦਤ ਹਸਨ ਮੰਟੋ ਨੇ ਲਿਖੀ। ਇਸ ਵਿੱਚ ਇੱਕ ਗੀਤ ਅੰਮ੍ਰਿਤਾ ਪ੍ਰੀਤਮ, ਦੋ ਗੀਤ ਮਸੂਦ ਪਰਵੇਜ਼, ਇੱਕ ਨਾਜ਼ਿਮ ਪਾਣੀਪਤੀ, ਇੱਕ ਬਾਬਾ ਆਲਮ ਸਿਆਹਪੋਸ ਅਤੇ ਤਿੰਨ ਗੀਤ ਅਹਿਮਦ ਰਾਹੀ ਤੋਂ ਲਿਖਵਾਏ ਗਏ। ਬਤੌਰ ਗੀਤਕਾਰ ਅਹਿਮਦ ਰਾਹੀ ਦਾ ਫਿਲਮੀ ਗੀਤਕਾਰੀ ਵਜੋਂ ਇਹ ਪਲੇਠਾ ਕਦਮ ਸੀ। ਇਹ ਫਿਲਮ ਉਸ ਕੁੜੀ ਦੀ ਕਹਾਣੀ ਹੈ ਜਿਸ ਨੂੰ ਦੰਗਾਕਾਰੀ ਅਗਵਾ ਕਰ ਲੈਂਦੇ ਹਨ, ਪਰ ਜਦੋਂ ਉਹ ਉਨ੍ਹਾਂ ਦੇ ਚੁੰਗਲ ਤੋਂ ਛੁਟ ਕੇ ਆਪਣੇ ਮਾਪਿਆਂ ਕੋਲ ਜਾਂਦੀ ਹੈ ਤਾਂ ਉਹ ਉਸ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੰਦੇ ਹਨ। ਇਸ ਗੀਤ ਦੇ ਬੋਲ ਸਨ;
ਆਈਆਂ ਬੂਹੇ ਤੇਰੇ,
ਤੇਰੀਆਂ ਜਾਈਆਂ ਬਾਬਲ
ਸੁਣ ਬਾਬਲਾ ਵੇ
ਤੇਰੀਆਂ ਲੁੱਟੀਆਂ ਹੋਈਆਂ ਕਮਾਈਆਂ ਬਾਬਲ
ਸੁਣ ਬਾਬਲਾ ਵੇ
ਵੇਖੀ ਤੂੰ ਵੀ ਕਿਤੇ ਭੁੱਲਾ ਨਾ ਦੇਵੀਂ,
ਧੱਕੇ ਦੇ ਦਹਿਲੀਜ਼ੋਂ ਲਾਹ ਨਾ ਦੇਵੀਂ
ਬੜੇ ਮਾਣ ਨਾਲ ਇੱਥੇ ਆਈਆਂ ਬਾਬਲ, ਸੁਣ ਬਾਬਲਾ ਵੇ
***
ਬੂਹੇ ਹੋ ਗਏ ਭੀੜੇ, ਸਾਡੇ ਟੁੱਟ ਗਏ ਮਾਣ
ਸਿਰਾਂ ਉੱਤੇ ਚਾਣ ਵਾਲੇ ਅੱਜ ਅੱਖ ਨਾ ਮਿਲਾਣ
ਬੂਹੇ ਹੋ ਗਏ ਭੀੜੇ
ਆ ਕੇ ਨਦੀਆਂ ਕਿਨਾਰੇ, ਅਸੀਂ ਰਹਿ ਗਏ ਆਂ ਪਿਆਸੇ
ਐਵੇਂ ਦਿੱਤੇ ਅਸਾਂ ਦਿਲ ਨੂੰ ਆਸਾਂ ਦੇ ਦਿਲਾਸੇ
ਇਹ ਦਰਦ ਸਿਰਫ਼ ਪੂਰਬੀ ਜਾਂ ਪੱਛਮੀ ਪੰਜਾਬ ਦੀਆਂ ਧੀਆਂ ਦਾ ਹੀ ਨਹੀਂ ਸਗੋਂ ਇਹ ਦਰਦ ਤਾਂ ਉਨ੍ਹਾਂ ਸਾਰੀਆਂ ਧੀਆਂ ਦਾ ਹੈ ਜੋ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਫਿਰਕੂ ਜ਼ਹਿਰ ਤੇ ਝੂਠੀ ਇੱਜ਼ਤ ਦਾ ਸ਼ਿਕਾਰ ਹੋਈਆਂ ਹਨ। ਅਹਿਮਦ ਰਾਹੀ ਨੇ ਇਹ ਮੰਜ਼ਰ ਆਪਣੇ ਅੱਖੀਂ ਦੇਖਿਆ। ਸਾਰੀ ਉਮਰ ਉਸ ਦੀ ਕਲਮ ’ਚੋਂ ਉਹ ਦਰਦ ਹੰਝੂ ਬਣ ਬਣ ਟਪਕਦਾ ਰਿਹਾ। ਕਿੱਸਾ-ਕਾਵਿ ਦਾ ਪ੍ਰਭਾਵ ਵੀ ਅਹਿਮਦ ਰਾਹੀ ’ਤੇ ਬਹੁਤ ਰਿਹਾ ਜੋ ਉਸ ਦੇ ਗੀਤਾਂ ’ਚੋਂ ਸਾਫ਼ ਨਜ਼ਰ ਆਉਂਦਾ ਹੈ;
ਜੇ ਤੂੰ ਮਿਰਜ਼ਾ ਹੁੰਦਾ ਰਾਂਝਿਆ,
ਮੈਂ ਤੱਤੜੀ ਜ਼ਹਿਰ ਨਾ ਫੱਕਦੀ
ਸਾਡੇ ਪਿਆਰ ਦੀ ਸਾਂਝੀ ਪੀਂਘ ਨੂੰ,
ਭੈੜੀ ਮੌਤ ਵੀ ਤੋੜ ਨਾ ਸਕਦੀ
ਇੱਥੇ ਮੈਂ ਅਹਿਮਦ ਰਾਹੀ ਦੇ ਲਿਖੇ ਬਹੁਤੇ ਗ਼ੈਰ ਫਿਲਮੀ ਗੀਤਾਂ ਦਾ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਫਿਲਮਾਂ ਵਿੱਚ ਹਿੱਟ ਹੋਣ ਤੋਂ ਬਾਅਦ ਰਾਹੀ ਦੇ ਗ਼ੈਰ ਫਿਲਮੀ ਗੀਤ ਵੀ ਫਿਲਮਾਂ ਲਈ ਰਿਕਾਰਡ ਹੋ ਗਏ। ਉਸ ਦਾ ਇੱਕ ਗ਼ੈਰ ਫਿਲਮੀ ਗੀਤ ਜੋ ਲਹਿੰਦੇ ਪੰਜਾਬ ਦੀ ਬਹੁਤ ਸੁਰੀਲੀ ਕਲਾਕਾਰਾ ਅਫਸ਼ਾਂ ਦੀ ਆਵਾਜ਼ ਵਿੱਚ ਰੇਡੀਓ ਪਾਕਿਸਤਾਨ ਲਾਹੌਰ ਤੋਂ ਬਹੁਤ ਮਕਬੂਲ ਹੋਇਆ;
ਰੁੱਖ ਡੋਲਦੇ ਤੇ ਅੱਖ ਨਹੀਂਓ ਲੱਗਦੀ
ਨਿੰਮੀ ਨਿੰਮੀ ਵਾਅ ਵੱਗਦੀ
ਸਾਨੂੰ ਠੱਗ ਗਈ ਯਾਦ ਇੱਕ ਠੱਗ ਦੀ
ਨਿੰਮੀ ਨਿੰਮੀ ਵਾਅ ਵੱਗਦੀ
ਇਸੇ ਰਿਕਾਰਡ ਦੇ ਦੂਸਰੇ ਪਾਸੇ ਅਹਿਮਦ ਰਾਹੀ ਦਾ ਹੀ ਲਿਖਿਆ ਤੇ ਅਫਸ਼ਾਂ ਦੀ ਆਵਾਜ਼ ਵਿੱਚ ਦੂਸਰਾ ਗੀਤ ਹੈ ਜਿਸ ਨੂੰ ਸੰਗੀਤਕਾਰ ਮਾਸਟਰ ਤੁਫੈਲ ਨੇ ਸੰਗੀਤਬੱਧ ਕੀਤਾ ਸੀ;
ਕੱਚ ਦਿਆ ਚੂੜਿਆ ਵੇ, ਕੱਚ ਦਿਆ ਚੂੜਿਆ
ਜਿਸ ਦੀ ਨਿਸ਼ਾਨੀ ਏਂ ਤੂੰ ਉਹ ਸਾਡੇ ਕੋਲ ਨਾ
ਛੇੜ ਛੇੜ ਪਿਛਲੀਆਂ ਗੱਲਾਂ, ਜਿੰਦ ਮੇਰੀ ਰੋਲ ਨਾ
ਇਹ ਦੋਵੇਂ ਗੀਤ ਰੇਡੀਓ ਤੋਂ ਬਹੁਤ ਮਕਬੂਲ ਹੋਏ। ‘ਨਿੰਮੀ ਨਿੰਮੀ ਵਾਅ ਵਗਦੀ’ ਨੂੰ ਦੁਬਾਰਾ ਜ਼ੁਬੈਦਾ ਖਾਨੁਮ ਦੀ ਆਵਾਜ਼ ਵਿੱਚ ਫਿਲਮ ‘ਸਹਿਤੀ’ ਲਈ ਵੀ ਰਿਕਾਰਡ ਕਰ ਲਿਆ ਗਿਆ ਸੀ। ਅਹਿਮਦ ਰਾਹੀ ਦੇ ਲਿਖੇ ਹੋਏ ਟੱਪੇ, ਬੋਲੀਆਂ ਅਤੇ ਮਾਹੀਆ ਪਿਛਲੇ ਸੱਤਰ ਵਰ੍ਹਿਆਂ ਵਿੱਚ ਲੋਕ ਗੀਤਾਂ ਦਾ ਰੂਪ ਧਾਰਨ ਕਰਕੇ ਪੰਜਾਬੀ ਗੀਤਾਂ ਵਿੱਚ ਘਿਉ ਖਿਚੜੀ ਹੋ ਚੁੱਕੇ ਹਨ। ਜਿਵੇਂ;
ਬਾਰੀਂ ਬਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਬੁੰਦੇ
ਸੌਦੇ ਪਿਆਰਾਂ ਦੇ ਜ਼ੋਰਾਂ ਨਾਲ ਨਾ ਹੁੰਦੇ
ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਇਆ ਚਾਂਦੀ
ਪੀੜ ਜੁਦਾਈਆਂ ਦੀ ਹੁਣ ਹੋਰ ਸਹੀ ਨਾ ਜਾਂਦੀ
ਫਿਲਮ ‘ਬੇਲੀ’ ਤੋਂ ਬਾਅਦ ਇੱਕਾ ਦੁੱਕਾ ਹੋਰ ਫਿਲਮਾਂ ਵਿੱਚ ਵੀ ਰਾਹੀ ਦੇ ਗੀਤ ਤਾਂ ਰਿਕਾਰਡ ਹੋਏ, ਪਰ ਕੋਈ ਬਹੁਤੀ ਕਾਮਯਾਬੀ ਨਹੀਂ ਮਿਲੀ। 1956 ਵਿੱਚ ਨਿਰਮਾਤਾ ਬਾਰੀ ਮਲਿਕ ਨੇ ਸ਼ੇਖ਼ ਇਕਬਾਲ ਦੀ ਕਹਾਣੀ ’ਤੇ ਪੰਜਾਬੀ ਫਿਲਮ ‘ਮਾਹੀ ਮੁੰਡਾ’ ਬਣਾਈ। ਪਹਿਲੀ ਵਾਰ ਇਸ ਫਿਲਮ ਦੇ ਸਾਰੇ ਸੰਵਾਦ ਅਹਿਮਦ ਰਾਹੀ ਤੋਂ ਲਿਖਵਾਏ ਗਏ। ਹੋਰਨਾਂ ਗੀਤਕਾਰਾਂ ਦੇ ਨਾਲ ਨਾਲ ਅਹਿਮਦ ਰਾਹੀ ਦੇ ਲਿਖੇ ਚਾਰ ਗੀਤ ਵੀ ਇਸ ਫਿਲਮ ਵਿੱਚ ਸ਼ਾਮਿਲ ਕੀਤੇ ਗਏ। ਇਸ ਫਿਲਮ ਨੇ ਉਸ ਵੇਲੇ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਚੋਖਾ ਮੁਨਾਫ਼ਾ ਖੱਟਿਆ। ਇਸ ਫਿਲਮ ਵਿੱਚੋਂ ਅਹਿਮਦ ਰਾਹੀ ਦਾ ਲਿਖਿਆ ਤੇ ਇਨਾਇਤ ਹੁਸੈਨ ਭੱਟੀ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਉਦਾਸ ਗੀਤ ਬਹੁਤ ਮਕਬੂਲ ਹੋਇਆ ਜਿਸ ਦੇ ਬੋਲ ਸਨ;
ਝੂਠੀਏ ਜਹਾਨ ਦੀਏ, ਕੱਚੀਏ ਜ਼ੁਬਾਨ ਦੀਏ
ਹਾਸਿਆਂ ਨੂੰ ਰੋਣਾ ਸੀ ਸਿਖਾਉਣਾ
ਤੇ ਕਿਹੜੀ ਗੱਲੋਂ ਪਿਆਰ ਪਾ ਲਿਆ
ਇਸ ਸਿਲਵਰ ਜੁਬਲੀ ਫਿਲਮ ਦੀ ਕਾਮਯਾਬੀ ਨਾਲ ਅਹਿਮਦ ਰਾਹੀ ਪੰਜਾਬੀ ਫਿਲਮਾਂ ਵਿੱਚ ਪੱਕੇ ਪੈਰੀਂ ਹੋ ਗਿਆ। ਨਾਲ ਦੀ ਨਾਲ ਹੀ ਨਿਰਮਾਤਾ ਐੱਮ ਨਸੀਮ ਨੇ ਪੰਜਾਬੀ ਫਿਲਮ ‘ਪੀਂਘਾਂ’ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ‘ਪੀਂਘਾਂ’ ਵਿੱਚ ਬਤੌਰ ਸੰਗੀਤਕਾਰ ਬਾਬਾ ਗੁਲਾਮ ਅਹਿਮਦ ਚਿਸ਼ਤੀ ਨੇ ਹੀ ਕੰਮ ਕੀਤਾ। 12 ਮਈ 1956 ਨੂੰ ਇਹ ਲਾਹੌਰ ਅਤੇ ਕਰਾਚੀ ਦੇ ਸਿਨੇਮਾ ਘਰਾਂ ਵਿੱਚ ਪ੍ਰਦਰਸ਼ਿਤ ਕੀਤੀ ਗਈ। ਇਹ ਵੀ ਕਾਮਯਾਬ ਫਿਲਮ ਸਾਬਤ ਹੋਈ। ਇਸ ਫਿਲਮ ਵਿੱਚ ਅਹਿਮਦ ਦਾ ਲਿਖਿਆ ਗੀਤ ਜੋ ਕੌਸਰ ਪ੍ਰਵੀਨ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਅੱਜ ਤੱਕ ਦੇ ਮਕਬੂਲ ਗੀਤਾਂ ਦੀ ਸੂਚੀ ਵਿੱਚ ਸ਼ਾਮਿਲ ਹੈ। ਗੀਤ ਦੇ ਬੋਲ ਹਨ;
ਤੈਨੂੰ ਭੁੱਲ ਗਈਆਂ ਸਾਡੀਆਂ ਚਾਹਵਾਂ,
ਵੇ ਅਸਾਂ ਤੈਨੂੰ ਕੀ ਆਖਣਾ
ਸਾਡੇ ਲੇਖਾਂ ਵਿੱਚ ਲਿਖੀਆਂ ਨੇ ਹਾਵਾਂ,
ਵੇ ਅਸਾਂ ਤੈਨੂੰ ਕੀ ਆਖਣਾ
ਬਾਰੀ ਮਲਿਕ ਨੇ ‘ਮਾਹੀ ਮੁੰਡਾ’ ਦੀ ਅਪਾਰ ਸਫਲਤਾ ਤੋਂ ਬਾਅਦ ਨਵੀਂ ਫਿਲਮ ‘ਯੱਕੇ ਵਾਲੀ’ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ਬੇਸ਼ੱਕ ‘ਮਾਹੀ ਮੁੰਡਾ’ ਦੀ ਕਾਮਯਾਬੀ ਤੋਂ ਬਾਅਦ ਬਾਰੀ ਮਲਿਕ ਤਾਂ ਮਾਲੋ ਮਾਲ ਹੋ ਗਿਆ ਸੀ, ਪਰ ਗੀਤਕਾਰ ਤੇ ਸੰਵਾਦ ਲੇਖਕ ਅਹਿਮਦ ਰਾਹੀ ਦੀ ਮਾਲੀ ਹਾਲਤ ਬਹੁਤ ਵਧੀਆ ਨਹੀਂ ਸੀ। ਬਾਰੀ ਮਲਿਕ ਨੇ ‘ਯੱਕੇ ਵਾਲੀ’ ਦੇ ਗੀਤ ਅਤੇ ਸੰਵਾਦ ਦੁਬਾਰਾ ਫਿਰ ਅਹਿਮਦ ਰਾਹੀ ਤੋਂ ਹੀ ਲਿਖਵਾਏ। ਗੀਤਾਂ ਦੀ ਬਦੌਲਤ ਇਸ ਫਿਲਮ ਨੇ ਕਾਮਯਾਬੀ ਦਾ ਇਤਿਹਾਸ ਰਚਿਆ। 22 ਫਰਵਰੀ 1957 ਨੂੰ ਇਹ ਫਿਲਮ ਸਿਨੇਮਾ ਘਰਾਂ ਵਿੱਚ ਪ੍ਰਦਰਸ਼ਿਤ ਕੀਤੀ ਗਈ। ਇੱਕ ਲੱਖ ਰੁਪਏ ਦੀ ਲਾਗਤ ਨਾਲ ਬਣੀ ਇਸ ਫਿਲਮ ਨੇ ਉਸ ਸਮੇਂ ਕਰੋੜਾਂ ਰੁਪਏ ਦਾ ਵਪਾਰ ਕੀਤਾ। ਇਸ ਫਿਲਮ ਦੀ ਆਮਦਨ ਨਾਲ ਨਿਰਮਾਤਾ ਬਾਰੀ ਮਲਿਕ ਨੇ ਮੁਲਤਾਨ ਰੋਡ ਲਾਹੌਰ ’ਤੇ 92 ਕਨਾਲ ਵਿੱਚ ਬਾਰੀ ਸਟੂਡੀਓ ਦਾ ਨਿਰਮਾਣ ਕੀਤਾ। ਇਸ ਫਿਲਮ ਵਿੱਚ ਰਾਹੀ ਦੇ ਲਿਖੇ ਅਤੇ ਜ਼ੁਬੈਦਾ ਖਾਨੁਮ ਦੇ ਗਾਏ ਗੀਤ ਬੱਚੇ ਬੱਚੇ ਦੀ ਜ਼ੁਬਾਨ ’ਤੇ ਚੜ੍ਹ ਗਏ ਜਿਨ੍ਹਾਂ ਵਿੱਚ;
ਕੱਲੀ ਸਵਾਰੀ ਬਈ, ਭਾਟੀ ਲੁਹਾਰੀ ਬਈ
ਮਾਲ ਮਕਲੌਡ ਜੀ, ਬੀਡਨ ਰੋਡ ਜੀ
1958 ਵਿੱਚ ਨਿਰਮਾਤਾ, ਨਿਰਦੇਸ਼ਕ ਮੀਆਂ ਮੁਸ਼ਤਾਕ ਨੇ ਸੰਗੀਤਕਾਰ ਮਾਸਟਰ ਰਫ਼ੀਕ ਅਲੀ ਦੇ ਸੰਗੀਤ ਵਿੱਚ ਫਿਲਮ ‘ਛੂ ਮੰਤਰ’ ਦਾ ਨਿਰਮਾਣ ਕੀਤਾ। ਇਸ ਦੇ ਸੱਤ ਗੀਤ ਅਤੇ ਸੰਵਾਦ ਅਹਿਮਦ ਰਾਹੀ ਨੇ ਹੀ ਲਿਖੇ। 21 ਅਪਰੈਲ 1958 ਨੂੰ ਇਹ ਪ੍ਰਦਰਸ਼ਿਤ ਕੀਤੀ ਗਈ ਜੋ ਕਾਮਯਾਬ ਫਿਲਮ ਰਹੀ। ਇਸ ਫਿਲਮ ਵਿੱਚ ਰਾਹੀ ਦੇ ਲਿਖੇ ਗੀਤ ਅੱਜ ਤੱਕ ਲੋਕਾਂ ਦੀ ਪਸੰਦ ਬਣੇ ਹੋਏ ਹਨ।
1958 ਵਿੱਚ ਨਿਰਮਾਤਾ ਮਲਿਕ ਮੁਬਾਰਕ ਅਹਿਮਦ ਨੇ ਨਿਰਦੇਸ਼ਕ ਐੱਮ ਜੇ ਰਾਣਾ ਨੂੰ ਲੈ ਕੇ ਪੰਜਾਬੀ ਫਿਲਮ ‘ਜੱਟੀ’ ਦਾ ਨਿਰਮਾਣ ਕੀਤਾ। ਇਸ ਫਿਲਮ ਦੇ ਸੰਗੀਤ ਨਿਰਦੇਸ਼ਕ ਸਨ ਬਾਬਾ ਗੁਲਾਮ ਅਹਿਮਦ ਚਿਸ਼ਤੀ। ਗੀਤਕਾਰ ਵਜੋਂ ਜ਼ਿਆਦਾ ਗੀਤ ਅਹਿਮਦ ਰਾਹੀ ਤੋਂ ਹੀ ਲਿਖਵਾਏ ਗਏ। ਇਸ ਫਿਲਮ ਵਿਚਲਾ ਅਹਿਮਦ ਰਾਹੀ ਦਾ ਲਿਖਿਆ ਗੀਤ ਜੋ ਜ਼ੁਬੈਦਾ ਖਾਨੁਮ ਦੀ ਆਵਾਜ਼ ਵਿੱਚ ਰਿਕਾਰਡ ਹੋਇਆ, ਇੱਕ ਅਜਿਹਾ ਗੀਤ ਬਣ ਗਿਆ ਜਿਸ ਨੂੰ ਪਾਕਿਸਤਾਨ ਵਿੱਚ ਗਾਇਕੀ ਦੇ ਪਿੜ ਵਿੱਚ ਪੈਰ ਰੱਖਣ ਵਾਲੀ ਹਰ ਨਵੀਂ ਕਲਾਕਾਰਾ ਆਪਣਾ ਆਧਾਰ ਸਮਝਦੀ ਐ। ਇਹ ਗੀਤ ਭਾਰਤ ਵਿੱਚ ਵੀ ਬਹੁਤ ਸੁਣਿਆ ਗਿਆ;
ਮੇਰੀ ਚੁੰਨੀ ਦੀਆਂ ਰੇਸ਼ਮੀ ਤੰਦਾਂ
ਮੈਂ ਘੁੱਟ ਘੁੱਟ ਦੇਨੀ ਆਂ ਗੰਢਾਂ
ਕਿ ਚੰਨਾਂ ਤੇਰੀ ਯਾਦ ਨਾ ਭੁੱਲੇ
1970 ਦਾ ਵਰ੍ਹਾ ਅਹਿਮਦ ਰਾਹੀ ਦਾ ਸਿਖਰ ਆਖਿਆ ਜਾ ਸਕਦਾ ਹੈ। 1970 ਵਿੱਚ ਨਿਰਦੇਸ਼ਕ ਐੱਮ ਅਕਰਮ ਦੀ ਫਿਲਮ ‘ਵਿਛੋੜਾ’ ਆਈ ਜਿਸ ਦੇ ਸੰਵਾਦ, ਪਟਕਥਾ ਤੇ ਸੱਤ ਦੇ ਸੱਤ ਗੀਤ ਅਹਿਮਦ ਰਾਹੀ ਦੇ ਸਨ। ਇਸ ਫਿਲਮ ਨੇ ਚੰਗਾ ਕਾਰੋਬਾਰ ਕੀਤਾ, ਫਿਲਮ ਦੇ ਨਾਲ ਨਾਲ ਇਸ ਦੇ ਗੀਤ ਵੀ ਲੋਕਾਂ ਦੇ ਦਿਲਾਂ ਵਿੱਚ ਵੱਸ ਗਏ। ‘ਵਿਛੋੜਾ’ ਵਿੱਚੋਂ ਅਹਿਮਦ ਰਾਹੀ ਦਾ ਲਿਖਿਆ, ਬਾਬਾ ਚਿਸ਼ਤੀ ਦਾ ਸੰਗੀਤਬੱਧ ਕੀਤਾ, ਨੂਰਜਹਾਂ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਗੀਤ ਹੈ;
ਪਰਦੇਸੀ ਨਾਲ ਪਿਆਰ ਨਾ ਕਰਿਓ
ਕਹਿੰਦਾ ਸੀ ਹਰ ਕੋਈ
ਪਰਦੇਸੀ ਨਾਲ ਪਿਆਰ ਮੈਂ ਕੀਤਾ
ਮੈਥੋਂ ਇਹ ਭੁੱਲ ਹੋਈ
1970 ਵਿੱਚ ਹੀ ਨਿਰਦੇਸ਼ਕ ਕਾਦਰ ਮਲਿਕ ਨੇ ‘ਗੁੱਡੋ’ ਫਿਲਮ ਬਣਾਈ। ਕਹਾਣੀ, ਸੰਵਾਦ, ਪਟਕਥਾ ਤੇ ਗੀਤ ਅਹਿਮਦ ਰਾਹੀ ਦੇ ਸਨ। ਇਸ ਫਿਲਮ ਵਿੱਚ ਸੰਗੀਤਕਾਰ ਖੁਰਸ਼ੀਦ ਅਨਵਰ ਦੀ ਲਾਜਵਾਬ ਧੁੰਨ, ਨੂਰਜਹਾਂ ਦੀ ਆਵਾਜ਼ ਅਤੇ ਅਹਿਮਦ ਰਾਹੀ ਦੇ ਬੋਲ ਸਨ;
ਤਾਰਿਆਂ ਦੀ ਲੋਏ ਲੋਏ, ਮੈਂ ਤੇ ਢੋਲਾ ਇੱਕ ਹੋਏ
ਕਦੀ ਉਹਨੂੰ ਮੈਂ ਛੋਹਵਾਂ, ਕਦੇ ਮੈਨੂੰ ਉਹ ਛੋਏ
ਦਿਲ ਕੋਲੋਂ ਨੇੜੇ ਅੱਜ ਮੇਰਾ ਦਿਲਜਾਨੀ ਏ
ਪਿਆਰ ਵਾਲੀ ਰਾਤ ਉੱਤੋਂ ਅੱਤ ਦੀ ਜਵਾਨੀ ਏ
1970 ਵਿੱਚ ਹੀ ਨਿਰਦੇਸ਼ਕ ਵਹੀਦ ਡਾਰ ਨੇ ਫਿਲਮ ‘ਦਿਲ ਦੀਆਂ ਲੱਗੀਆਂ’ ਬਣਾਈ। ਇਸ ਫਿਲਮ ਦੀ ਕਹਾਣੀ ਤੇ ਗੀਤ ਅਹਿਮਦ ਰਾਹੀ ਦੇ ਸਨ। ਇਸ ਵਿੱਚੋਂ ਅਹਿਮਦ ਰਾਹੀ ਦਾ ਗੀਤ, ਮਾਸਟਰ ਇਨਾਇਤ ਹੁਸੈਨ ਦਾ ਸੰਗੀਤ ਅਤੇ ਨੂਰਜਹਾਂ ਦੀ ਆਵਾਜ਼ ਰਾਹੀਂ ਪਿਆਰ ਵਿਚਲੀ ਜਿੱਤ ਤੇ ਹਾਰ ਨੂੰ ਕਿੰਨੇ ਖੂਬਸੂਰਤ ਅੰਦਾਜ਼ ਵਿੱਚ ਬਿਆਨਿਆ ਹੈ;
ਇੱਕ ਤਾਰਾ ਜਿਹਾ ਚੰਨ ਵੱਲੇ ਤੱਕਦਾ ਏ
ਤੱਕਦਾ ਏ ਨਾਲੇ ਝੱਕਦਾ ਏ
ਫੁੱਲਾਂ ਜਿਹੀ ਜਿੰਦੜੀ, ਕੰਡੇ ਲੱਗੇ ਪਿਆਰ ਦੇ
ਦਿਲ ਜੇ ਨਾ ਹੁੰਦਾ ਪੱਲੇ, ਕੀ ਅਸੀਂ ਹਾਰਦੇ
ਇਸੇ ਫਿਲਮ ਵਿੱਚੋਂ ਹੀ ਰਾਹੀ ਦਾ ਬਹੁਤ ਮਕਬੂਲ ਗੀਤ ਨੂਰਜਹਾਂ ਦੀ ਆਵਾਜ਼ ਅਤੇ ਇਨਾਇਤ ਹੁਸੈਨ ਦਾ ਸੰਗੀਤ ਵਿੱਚ ਹੈ। ਇਸ ਵਿੱਚ ਕਿੱਸਾ ਕਾਵਿ ਦਾ ਪ੍ਰਭਾਵ ਸਾਫ਼ ਦਿਖਾਈ ਦਿੰਦਾ ਹੈ;
ਯਾ ਆਪਣਾ ਕਿਸੇ ਨੂੰ ਕਰ ਲੈ,
ਯਾ ਆਪ ਕਿਸੇ ਦਾ ਹੋ ਬੇਲੀਆ
ਬੜਾ ਈ ਔਖਾ ਇਸ਼ਕ ਨਿਭਾਉਣਾ,
ਗਲ ਵਿੱਚ ਹਾਰ ਸੂਲਾਂ ਦੇ ਪਾਉਣਾ
ਇਹ ਤਾਂ ਦਿਲ ਵਿੱਚ ਚਾਨਣ ਕਰਦੀ
ਇਸ਼ਕ ਦੀ ਸੋਹਣੀ ਲੋਅ ਬੇਲੀਆ
ਜਿਵੇਂ ਭਾਰਤ ਵਿੱਚ ਹਿੰਦੀ ਦੀ ‘ਸ਼ੋਅਲੇ’ ਅਤੇ ਪੰਜਾਬੀ ਦੀ ‘ਚੰਨ ਪ੍ਰਦੇਸੀ’ ਦਾ ਰਿਕਾਰਡ ਹੈ, ਉਸੇ ਤਰ੍ਹਾਂ ਪਾਕਿਸਤਾਨ ਵਿੱਚ ਬਣਨ ਵਾਲੀਆਂ ਫਿਲਮਾਂ ਵਿੱਚੋਂ 1970 ਵਿੱਚ ਬਣੀ ਫਿਲਮ ‘ਹੀਰ-ਰਾਂਝਾ’ ਹੈ। ਨਿਰਮਾਤਾ ਐਜਾਜ਼ ਦੁਰਾਨੀ ਅਤੇ ਮਸੂਦ ਪਰਵੇਜ਼ ਨੇ ਆਪਣੀ ਹੀ ਨਿਰਦੇਸ਼ਨਾ ਵਿੱਚ ਵਾਰਿਸ ਸ਼ਾਹ ਦੇ ਕਿੱਸੇ ’ਤੇ ਆਧਾਰਿਤ ‘ਹੀਰ ਰਾਂਝਾ’ ਦਾ ਨਿਰਮਾਣ ਕੀਤਾ। ਸੰਗੀਤ ਨਿਰਦੇਸ਼ਕ ਵੱਜੋਂ ਖ਼ੁਆਜਾ ਖੁਰਸ਼ੀਦ ਅਨਵਰ ਨੂੰ ਚੁਣਿਆ ਗਿਆ ਅਤੇ ਸੰਵਾਦ, ਪਟਕਥਾ ਤੇ ਗੀਤ ਅਹਿਮਦ ਰਾਹੀ ਨੇ ਲਿਖੇ। ਅਹਿਮਦ ਰਾਹੀ ਦੇ ਸਮੁੱਚੇ ਜੀਵਨ ਵਿੱਚ ‘ਹੀਰ ਰਾਂਝਾ’ ਸ਼ਾਹਕਾਰ ਸਿੱਧ ਹੋਈ। ਇਸ ਫਿਲਮ ਦੇ ਗੀਤ ਅੱਜ ਵੀ ਬਹੁਤ ਹਰਮਨ ਪਿਆਰੇ ਹਨ। 19 ਜੂਨ 1970 ਨੂੰ ਇਹ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ। ਫਿਲਮ ਦੇ ਗੀਤਾਂ ਦੀ ਭਾਰੀ ਮੰਗ ਹੋਈ। ਕੋਲੰਬੀਆ ਕੰਪਨੀ ਨੂੰ ਇਸ ਦੇ ਰਿਕਾਰਡਾਂ ਨੂੰ ਪੰਜ ਵਾਰ ਬਣਾਉਣਾ ਪਿਆ। ਫਿਲਮ ਵਿੱਚੋਂ ਨੂਰਜਹਾਂ ਦੀ ਮਖਮਲੀ ਆਵਾਜ਼, ਖੁਰਸ਼ੀਦ ਅਨਵਰ ਦਾ ਦਿਲ ਟੁੰਬਵਾਂ ਸੰਗੀਤ ਤੇ ਅਹਿਮਦ ਰਾਹੀ ਦੇ ਪਿਆਰ ਭਰੇ ਬੋਲ ਹਨ। ਜਦੋਂ ਧੀਦੋ ਰਾਂਝਾ ਝੰਗ ਸਿਆਲੀਂ ਪੁੱਜ ਕੇ ਵੰਝਲੀ ਦੀ ਤਾਣ ਛੇੜਦਾ ਹੈ ਤਾਂ ਹੀਰ ਜਿਸ ਨੂੰ ਆਪਣੇ ਹੁਸਨ ’ਤੇ ਮਾਣ ਸੀ, ਰਾਂਝੇ ਦੀ ਵੰਝਲੀ ਦੀ ਤਾਣ ’ਤੇ ਮੋਹਿਤ ਹੋ ਕੇ ਕਹਿੰਦੀ ਹੈ;
ਸੁਣ ਵੰਝਲੀ ਦੀ ਮਿੱਠੜੀ ਤਾਣ ਵੇ
ਮੈਂ ਤਾਂ ਹੋ ਗਈ ਕੁਰਬਾਨ ਵੇ
ਵੰਝਲੀ ਦੀ ਤਾਣ ਵਿੱਚ ਰੂਹ ਮੇਰੀ ਬੋਲਦੀ
ਉਮਰਾਂ ਦੇ ਕੱਜੇ ਹੋਏ ਭੇਤ ਪਈ ਖ੍ਹੋਲਦੀ
‘ਹੀਰ-ਰਾਂਝਾਂ’ ਵਿੱਚੋਂ ਹੀ ਨੂਰਜਹਾਂ ਅਤੇ ਮੁਨੀਰ ਹੁਸੈਨ ਦੀ ਆਵਾਜ਼ ਵਿੱਚ ਖੁਰਸ਼ੀਦ ਅਨਵਰ ਦੇ ਸੰਗੀਤਬੱਧ ਕੀਤੇ ਹੋਏ ਰਾਹੀ ਦੇ ਲਿਖੇ ਬੋਲਾਂ ਰਾਹੀਂ ਹੀਰ ਤੇ ਰਾਂਝਾ ਝੰਗ ਸਿਆਲੀਂ ਬੇਲਿਆਂ ਵਿੱਚ ਅਠਖੇਲੀਆਂ ਕਰਦੇ ਗਾਉਂਦੇ ਹਨ;
ਹੀਰ - ਓ ਵੰਝਲੀ ਵਾਲੜਿਆ, ਤੂੰ ਤਾਂ ਮੋਹ ਲਈ ਉਹ ਮੁਟਿਆਰ
ਕਦੇ ਨਹੀਂ ਜ੍ਹਿਨੇ ਸੀ ਮੰਨੀ ਹਾਰ, ਤੈਨੂੰ ਕਰ ਬੈਠੀ ਆਂ ਪਿਆਰ
ਵੰਝਲੀ ਵਾਲੜਿਆ, ਵੇ ਇਹ ਗੱਲ ਭੁੱਲੀਂ ਨਾਂ
ਰਾਂਝਾ - ਓ ਨੈਣਾਂ ਵਾਲੜੀਏ, ਨੀਂ ਮੇਰੀ ਵੰਝਲੀ ਦੀ ਤੂੰ ਏਂ ਤਾਣ
ਤੂੰ ਏਂ ਮੇਰਾ ਦੀਨ ਇਮਾਨ, ਤੈਥੋਂ ਵਾਰ ਦਿਆਂ ਜਿੰਦ ਜਾਨ
ਨੈਣਾਂ ਵਾਲੜੀਏ, ਨੀਂ ਇਹ ਗੱਲ ਭੁੱਲੀਂ ਨਾ
ਅਹਿਮਦ ਰਾਹੀ ਨੇ ਸੱਠ ਤੋਂ ਵੱਧ ਪੰਜਾਬੀ ਫਿਲਮਾਂ ਦੇ ਗੀਤ ਲਿਖੇ ਜੋ ਪਾਕਿਸਤਾਨ ਦੇ ਨਾਲ ਨਾਲ ਭਾਰਤ ਵਿੱਚ ਵੀ ਬਹੁਤ ਸਲਾਹੇ ਗਏ। ਬੇਸ਼ੱਕ ਅਹਿਮਦ ਰਾਹੀ ਦੇ ਗੀਤ ਸਿਨੇਮਾ ਦੇ ਸੁਨਹਿਰੀ ਪਰਦੇ ਦਾ ਹਿੱਸਾ ਬਣੇ, ਪਰ ਜਦੋਂ ਅਸੀਂ ਉਸ ਦੇ ਗੀਤਾਂ ਦਾ ਸਮੁੱਚਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਉਸ ਦੇ ਗੀਤ ਫਿਲਮਾਂ ਤੋਂ ਵੱਖ ਕਰਕੇ ਵੀ ਲੋਕ ਮਨਾਂ ਵਿੱਚ ਵਸੇ ਹੋਏ ਹਨ ਕਿਉਂਕਿ ਰਾਹੀ ਦੇ ਗੀਤ ਲੋਕ-ਮਨਾਂ ਦੀ ਤਰਜਮਾਨੀ ਕਰਦੇ ਹਨ। ਜਦੋਂ ਅਸੀਂ ਰਾਹੀ ਦੀ ਸਮੁੱਚੀ ਗੀਤਕਾਰੀ ’ਤੇ ਝਾਤ ਮਾਰਦੇ ਹਾਂ ਤਾਂ ਉਸ ’ਤੇ ਕਿੱਸਾ-ਕਾਵਿ ਦੀ ਪੁੱਠ ਸਾਫ਼ ਨਜ਼ਰ ਆਉਂਦੀ ਹੈ।
ਸੰਪਰਕ: 98151-30226
