ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੱਥੇ ’ਤੇ ਚਮਕਣ ਵਾਲ ਮੇਰੇ ਬੰਨੜੇ ਦੇ...

ਜਸਵਿੰਦਰ ਸਿੰਘ ਰੁਪਾਲ ਵਿਆਹ ਦੇ ਕਾਰਜ ਸਮੇਂ ਜਿਹੜਾ ਲੜਕਾ ਵਿਆਹ ਕਰਵਾਉਣ ਜਾ ਰਿਹਾ ਹੁੰਦਾ ਹੈ, ਉਹ ਸਾਰੇ ਸਮਾਗਮ ਦਾ ਕੇਂਦਰੀ ਪਾਤਰ ਹੁੰਦਾ ਹੈ ਅਤੇ ਇਸ ਲਈ ਹਾਰ ਸ਼ਿੰਗਾਰ ਅਤੇ ਸੋਹਣੀ ਦਿੱਖ ਸਭ ਤੋਂ ਵੱਧ ਉਸੇ ਦੀ ਹੀ ਲੋੜੀਂਦੀ ਹੁੰਦੀ ਹੈ।...
Advertisement

ਜਸਵਿੰਦਰ ਸਿੰਘ ਰੁਪਾਲ

ਵਿਆਹ ਦੇ ਕਾਰਜ ਸਮੇਂ ਜਿਹੜਾ ਲੜਕਾ ਵਿਆਹ ਕਰਵਾਉਣ ਜਾ ਰਿਹਾ ਹੁੰਦਾ ਹੈ, ਉਹ ਸਾਰੇ ਸਮਾਗਮ ਦਾ ਕੇਂਦਰੀ ਪਾਤਰ ਹੁੰਦਾ ਹੈ ਅਤੇ ਇਸ ਲਈ ਹਾਰ ਸ਼ਿੰਗਾਰ ਅਤੇ ਸੋਹਣੀ ਦਿੱਖ ਸਭ ਤੋਂ ਵੱਧ ਉਸੇ ਦੀ ਹੀ ਲੋੜੀਂਦੀ ਹੁੰਦੀ ਹੈ। ਜਿੱਥੇ ਖ਼ੂਬਸੂਰਤ ਕੱਪੜੇ ਉਸ ਦੇ ਰੂਪ ਨੂੰ ਚਾਰ ਚੰਨ ਲਗਾਉਂਦੇ ਹਨ, ਉੱਥੇ ਸਿਹਰਾ ਵੀ ਇੱਕ ਵੱਖਰੀ ਪਹਿਚਾਣ ਅਤੇ ਮਹੱਤਵ ਰੱਖਦਾ ਹੈ। ਲਾੜੇ ਦੇ ਚਿਹਰੇ ਨੂੰ ਢਕਣ ਵਾਲੇ ਜ਼ਰੀਦਾਰ ਨਕਾਬ ਜਾਂ ਪਰਦੇ ਨੂੰ ਸਿਹਰਾ ਕਿਹਾ ਜਾਂਦਾ ਹੈ।

Advertisement

ਗੱਤੇ ਨੂੰ ਤਾਜ ਦੀ ਸ਼ਕਲ ਵਿੱਚ ਕੱਟ ਕੇ ਉਸ ’ਤੇ ਸਿੱਪੀਆਂ, ਸਿਤਾਰੇ ਮੋਤੀ ਆਦਿ ਲਗਾ ਕੇ ਸਿਹਰੇ ਦਾ ਉੱਪਰਲਾ ਹਿੱਸਾ ਤਿਆਰ ਕੀਤਾ ਜਾਂਦਾ ਹੈ, ਜੋ ਮੱਥੇ ਦੇ ਉੱਪਰ ਦੋਵੇਂ ਪਾਸੇ ਪੁੜਪੁੜੀਆਂ ਤੱਕ ਜਾਂਦਾ ਹੈ। ਇਸ ਦੇ ਦੋਵੇਂ ਪਾਸੇ ਡੋਰ ਬੰਨ੍ਹੀ ਜਾਂਦੀ ਹੈ ਜੋ ਸਿਰ ਦੇ ਪਿਛਲੇ ਪਾਸੇ ਬੰਨ੍ਹੀ ਜਾਂਦੀ ਹੈ ਤਾਂ ਕਿ ਸਿਹਰਾ ਸਿਰ ’ਤੇ ਟਿਕਿਆ ਰਹਿ ਸਕੇ। ਸਿਹਰੇ ਦੀਆਂ ਲੜੀਆਂ ਲਾੜੇ ਦੇ ਚਿਹਰੇ ਤੋਂ ਲਟਕਦੀਆਂ ਹੋਈਆਂ ਉਸ ਦਾ ਚਿਹਰਾ ਢਕ ਲੈਂਦੀਆਂ ਹਨ। ਪੁਰਾਣੇ ਸਮੇਂ ਲਾੜੇ ਦੀਆਂ ਭੈਣਾਂ ਆਪ ਹੱਥੀਂ ਸਿਹਰਾ ਤਿਆਰ ਕਰਦੀਆਂ ਸਨ। ਅੱਜਕੱਲ੍ਹ ਬਾਜ਼ਾਰ ਨੇ ਹਰ ਚੀਜ਼ ਬਣਾ ਕੇ ਪੇਸ਼ ਕਰ ਦਿੱਤੀ ਹੈ। ਭੈਣਾਂ ਨੇ ਆਪ ਹੀ ਸਿਹਰੇ ਨੂੰ ਲਾੜੇ ਦੇ ਸਿਰ ਬੰਨ੍ਹਣਾ ਹੁੰਦਾ ਹੈ। ਸਿਹਰੇ ਦੇ ਤਾਜ ਵਾਲੇ ਹਿੱਸੇ ਨੂੰ ਲਾੜੇ ਦੀ ਦਸਤਾਰ ਨਾਲ ਪਿੰਨ ਜਾਂ ਬਕਸੂਏ ਨਾਲ ਬੰਨ੍ਹਿਆ ਜਾਂਦਾ ਹੈ। ਬੰਨ੍ਹਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਕਿਸੇ ਕਾਰਨ ਵੀ ਸਿਹਰੇ ਦਾ ਉਤਰ ਜਾਣਾ ਬਦਸ਼ਗਨੀ ਮੰਨਿਆ ਜਾਂਦਾ ਹੈ। ਇਸ ਨੂੰ ਆਮ ਤੌਰ ’ਤੇ ਲਾਵਾਂ ਤੋਂ ਬਾਅਦ ਲੜਕੀ ਦਾ ਬਾਪ ਉਤਾਰਦਾ ਹੈ। ਵਿਆਹ ਸਮੇਂ ਲਾੜੇ ਦੇ ਸਿਰ ’ਤੇ ਬੰਨ੍ਹਿਆ ਸਿਹਰਾ, ਉਸ ਦੇ ਲੱਗੀ ਹੋਈ ਕਲਗੀ, ਹੱਥ ਫੜੀ ਕਿਰਪਾਨ ਉਸ ਨੂੰ ਬਾਕੀ ਬਰਾਤ ਨਾਲੋਂ ਵੱਖਰਾ ਕਰਦੇ ਹਨ ਅਤੇ ਇਹ ਉਸ ਦੀ ਉਸ ਦਿਨ ਦੀ ਪਹਿਚਾਣ ਦਾ ਕੰਮ ਕਰਦੇ ਹਨ।

ਹਰ ਖ਼ੂਬਸੂਰਤ ਚੀਜ਼ ਨੂੰ ਇਕਦਮ ਸਾਹਮਣੇ ਨਹੀਂ ਲਿਆਈਦਾ, ਇਹ ਲੋਕ-ਮਾਨਸਿਕਤਾ ਵਿੱਚ ਵੱਸਿਆ ਹੋਇਆ ਹੈ। ਕੁਝ ਤਾਂ ਇਸ ਲਈ ਵੀ ਸਿਹਰੇ ਦਾ ਮਹੱਤਵ ਹੈ, ਕੁਝ ਲਾੜੇ ਦੇ ਸੋਹਣੇ ਰੂਪ ਨੂੰ ਨਜ਼ਰ ਲੱਗਣ ਤੋਂ ਬਚਾਉਣਾ ਵੀ ਇੱਕ ਮਕਸਦ ਹੁੰਦਾ ਹੈ। ਜਦੋਂ ਲਾੜੀ ਘੁੰਢ ਵਿੱਚ ਹੋਵੇ ਤੇ ਉਸ ਨੂੰ ਦੇਖਣ ਦੀ ਉਤਸੁਕਤਾ ਵਧਦੀ ਹੈ, ਤਾਂ ਲਾੜਾ ਪਿੱਛੇ ਕਿਉਂ ਰਹੇ। ਸ਼ਾਇਦ ਇਹ ਘੁੰਢ ਦਾ ਹੀ ਪੂਰਕ ਹੈ। ਜਿਸ ਪਰਿਵਾਰ ਵਿੱਚ ਲੜਕਾ ਨਹੀਂ ਸੀ ਹੋਇਆ ਹੁੰਦਾ, ਉੱਥੇ ਪਰਿਵਾਰ ਦੀ ਲੜਕੀ ਅਰਦਾਸਾਂ ਕਰਦੀ ਹੈ ਕਿ ਰੱਬ ਉਸ ਨੂੰ ਇੱਕ ਵੀਰ ਦੇਵੇ ਤਾਂ ਕਿ ਉਸ ਦੇ ਵਿਆਹ ਸਮੇਂ ਉਸ ਲਈ ਸਿਹਰਾ ਗੁੰਦ ਕੇ ਲਿਆ ਸਕੇ;

ਬੱਲੇ ਬੱਲੇ, ਬਈ ਇੱਕ ਵੀਰ ਦਈਂ ਵੇ ਰੱਬਾ

ਸਿਹਰਾ ਗੁੰਦ ਕੇ ਤੜਾਗੀ ਪਾਵਾਂ।

ਕਦੇ ਕਦੇ ਸਿਹਰਾ ਗੁੰਦਣ ਦਾ ਇਹ ਕੰਮ ਮਾਲਣ ਕਰ ਦਿੰਦੀ ਸੀ। ਉਸ ਨੂੰ ਬਦਲੇ ਵਿੱਚ ਸ਼ਗਨ ਉਸ ਦੀ ਮਿਹਨਤ ਵਜੋਂ ਅਤੇ ਵਧਾਈ ਦੇਣ ਵਜੋਂ ਦੇ ਦਿੱਤਾ ਜਾਂਦਾ ਸੀ;

ਵੇ ਲਾਹੌਰੋਂ ਮਾਲਣ ਆਈ ਵੀਰਾ

ਤੇਰਾ ਸਿਹਰਾ ਗੁੰਦ ਲਿਆਈ ਵੀਰਾ।

ਤੇਰੇ ਸਿਹਰੇ ਦਾ ਕੀ ਮੁੱਲ ਵੀਰਾ

ਇੱਕ ਲੱਖ ਤੇ ਦੇ ਡੇਢ ਹਜ਼ਾਰ ਬੀਬੀ।

ਬਰਾਤ ਚੜ੍ਹਨ ਤੋਂ ਪਹਿਲਾਂ ਲਾੜੇ ਦੀ ਨ੍ਹਾਈ ਧੋਈ ਪਿੱਛੋਂ ਬਾਕਾਇਦਾ ਸਿਹਰਾ ਬੰਨ੍ਹਣ ਦੀ ਰਸਮ ਕੀਤੀ ਜਾਂਦੀ ਹੈ। ਇਸ ਸਮੇਂ ਭੈਣਾਂ ਵੱਲੋਂ ਅਤੇ ਹੋਰ ਸੁਆਣੀਆਂ ਵੱਲੋਂ ਸਿਹਰੇ ਨਾਲ ਸਬੰਧਿਤ ਗੀਤ ਗਾਏ ਜਾਂਦੇ ਹਨ। ਇਨ੍ਹਾਂ ਗੀਤਾਂ ਵਿੱਚ ਮੁੱਖ ਰੂਪ ਵਿੱਚ ਲਾੜੇ ਦੀ ਪ੍ਰਸੰਸਾ, ਉਸ ਦੇ ਸੋਹਣੇ ਸਰੂਪ ਦਾ ਜ਼ਿਕਰ, ਉਸ ਨੂੰ ਢੇਰ ਸਾਰੀਆਂ ਅਸੀਸਾਂ, ਖ਼ੁਸ਼ੀਆਂ ਦਾ ਪ੍ਰਗਟਾਵਾ, ਸਿਹਰੇ ਦੀ ਪ੍ਰਸੰਸਾ ਹੁੰਦੀ ਹੈ। ਸਿਹਰਾ ਬੰਨ੍ਹ ਕੇ ਲਾੜਾ ਇੱਕ ਰਾਜੇ ਵਾਂਗ ਹੀ ਲੱਗਦਾ ਹੈ। ਇਸ ਇੱਕ ਦਿਨ ਦੇ ਰਾਜੇ ਦੀ ਵਡਿਆਈ ਅਤੇ ਉਸ ਦੇ ਸਿਹਰੇ ਦੀ ਤਾਜਪੋਸ਼ੀ ਆਦਿ ਸਭ ਗੀਤਾਂ ਰਾਹੀਂ ਪ੍ਰਗਟ ਹੁੰਦੀ ਹੈ। ਭੈਣਾਂ ਦੀ ਖ਼ੁਸ਼ੀ ਅਤੇ ਚਾਅ ਡੁੱਲ੍ਹ ਡੁੱਲ੍ਹ ਪੈਂਦੇ ਹਨ। ਵੱਖ ਵੱਖ ਰਿਸ਼ਤਿਆਂ ਦਾ ਨਾਂ ਲੈ ਲੈ ਕੇ ਉਸ ਦੇ ਸ਼ਗਨ ਮਨਾਉਣੇ ਅਤੇ ਚਾਅ ਪ੍ਰਗਟਾਉਣਾ ਇਨ੍ਹਾਂ ਗੀਤਾਂ ਰਾਹੀਂ ਹੁੰਦਾ ਹੈ। ਸਿਹਰੇ ਨੂੰ ਗੁੰਦਣ ਤੋਂ ਲੈ ਕੇ ਬੰਨ੍ਹਣ ਤੱਕ ਦੀ ਕਿਰਿਆ ਗੀਤਾਂ ਵਿੱਚ ਬਿਆਨ ਕੀਤੀ ਜਾਂਦੀ ਹੈ। ਸਿਹਰੇ ਵਿੱਚ ਲੱਗੇ ਫੁੱਲ ਅਤੇ ਕਲੀਆਂ ਦਾ ਜ਼ਿਕਰ ਹੁੰਦਾ ਹੈ। ਲਾੜੇ ਵੀਰ ਨੂੰ ਰਾਮਚੰਦਰ ਵਰਗੇ ਰਾਜੇ ਨਾਲ ਤੁਲਨਾ ਦਿੱਤੀ ਜਾਂਦੀ ਹੈ। ਇਸ ਸਿਹਰੇ ਦੀ ਕੀਮਤ ਲੱਖਾਂ ਕਰੋੜਾਂ ਵਿੱਚ ਹੈ ਕਿਉਂਕਿ ਇਸ ਪਿੱਛੇ ਭਾਵਨਾਵਾਂ ਬਹੁਤ ਡੂੰਘੀਆਂ ਜੁੜੀਆਂ ਹੋਈਆਂ ਹਨ;

ਬਾਬੇ ਬਾਗ਼ ਲੁਆਇਆ

ਮਾਲਣ ਚੁਗ ਲਿਆ ਰੇ ਕਲੀਆਂ।

ਤੂੰ ਗੁੰਦ ਤੂੰ ਗੁੰਦ ਮਾਲਣੇ

ਮੇਰੇ ਰਾਮ ਚੰਦਰ ਜੀ ਦਾ ਸਿਹਰਾ।

ਨੀਂ 50-60 ਲੜੀਆਂ

ਹੁਣ ਬਾਬੇ ਦੀ ਥਾਂ ਨਾਨੇ, ਮਾਮੇ ਆਦਿ ਸ਼ਬਦ ਲਗਾ ਕੇ ਓਹੀ ਗੀਤ ਗਾਇਆ ਜਾਂਦਾ ਹੈ। ਲੋਕ ਗੀਤਾਂ ਦੀ ਇਹ ਖ਼ਾਸੀਅਤ ਹੁੰਦੀ ਹੈ ਕਿ ਉਸ ਵਿੱਚ ਦੁਹਰਾਅ ਇਸ ਤਰ੍ਹਾਂ ਹੁੰਦਾ ਹੈ ਕਿ ਮਹਿਸੂਸ ਨਹੀਂ ਹੁੰਦਾ। ਹੇਠਾਂ ਇੱਕ ਅਜਿਹਾ ਹੀ ਗੀਤ ਹੈ ਜਿਸ ਵਿੱਚ ਥੋੜ੍ਹੇ ਜਿਹੇ ਬਦਲਾਅ ਨਾਲ ਨਵੀਆਂ ਰਿਸ਼ਤੇਦਾਰੀਆਂ ਅਤੇ ਉਨ੍ਹਾਂ ਦੇ ਕੰਮਾਂ ਦਾ ਜ਼ਿਕਰ ਕਰ ਕੇ ਗੀਤ ਨੂੰ ਵੀ ਲੰਮਾ ਕੀਤਾ ਹੈ ਅਤੇ ਸਬੰਧੀ ਵੀ ਵਡਿਆਏ ਹਨ;

ਚੁਗ ਲਿਆਇਓ ਚੰਬਾ ਤੇ ਗੁਲਾਬ ਜੀ

ਚੁਗ ਲਿਆਇਓ। ਜੀ ਚੁਗ ਲਿਆਇਓ।

ਜੀ ਗੁੰਦ ਲਿਆਇਓ ਸਿਰਾਂ ਦੇ ਜੀ ਸਿਹਰੇ

ਇਹਦੀ ਨਾਰ ਚੰਬੇ ਦੀ ਜੀ ਤਾਰ

ਜੀ ਗੁੰਦ ਲਿਆਇਓ।

ਵੀਰਾ ਕੀ ਕੁਝ ਪੜ੍ਹਦੀਆਂ ਸਾਲੀਆਂ

ਵੀਰਾ, ਕੀ ਕੁਝ ਪੜ੍ਹੇ ਤੇਰੀ ਨਾਰ

ਜੀ ਚੁਗ ਲਿਆਇਓ।

ਸਿਹਰਾ ਬੰਨ੍ਹਣਾ ਕੁਝ ਤਕਨੀਕੀ ਮੁਹਾਰਤ ਵੀ ਮੰਗਦਾ ਹੈ। ਖ਼ਿਆਲ ਰੱਖਣਾ ਹੁੰਦਾ ਹੈ ਕਿ ਹਰ ਪਾਸਿਓਂ ਠੀਕ ਆਵੇ ਅਤੇ ਬੰਨ੍ਹਣ ਸਮੇਂ ਪੱਗ ਵੀ ਕਿਸੇ ਤਰ੍ਹਾਂ ਢਿੱਲੀ ਨਾ ਹੋ ਜਾਵੇ। ਸਿਹਰਾ ਬੰਨ੍ਹਦੇ ਹੋਏ ਭੈਣਾਂ ਦੀ ਬਾਕੀਆਂ ਵੱਲ ਪਿੱਠ ਹੋ ਜਾਣੀ ਸੁਭਾਵਿਕ ਸੀ। ਅੱਜਕੱਲ੍ਹ ਮੂਵੀ ਵਾਲੇ ਦਾ ਵੀ ਖ਼ਿਆਲ ਰੱਖਣਾ ਪੈਂਦਾ ਹੈ ਅਤੇ ਆਪਣੇ ਮੁਸਕਰਾਉਂਦੇ ਹੋਏ ਚਿਹਰੇ ਵੀ ਦਿਖਾਉਣੇ ਹੁੰਦੇ ਹਨ। ਸਿਹਰਾ ਬਨ੍ਹਾਉਂਦੇ ਸਮੇਂ ਲਾੜੇ ਨੂੰ ਵੀ ਕਾਫ਼ੀ ਧੀਰਜ ਰੱਖਣਾ ਪੈਂਦਾ ਹੈ। ਬਾਕੀ ਰਿਸ਼ਤੇਦਾਰ ਸਿਹਰੇ ਵਿੱਚ ਸਜੇ ਲਾੜੇ ਨੂੰ ਦੇਖਣ ਲਈ ਉਡੀਕ ਰਹੇ ਹੁੰਦੇ ਹਨ;

ਸਿਹਰਾ ਪਹਿਨਦੇ ਬੰਨੇ ਨੂੰ ਗਰਮੀ ਆਈ।

ਏਨੀ ਗਰਮੀ ਆਈ ਪੱਖਾ ਝੱਲੇ ਨਾਈ।

ਪਾਸ ਖਲੋਤੇ ਭਾਈ ਵਾਰਨੇ ਕਰਦੀ ਤਾਈ।

ਇਹਦਿਆਂ ਹਾਰਾਂ ਨੂੰ ਹਾਰ ਸ਼ਿੰਗਾਰਾਂ ਨੂੰ

ਵੀਰਾ ਵੇ ਤੇਰੇ ਦੇਖਣੇ ਨੂੰ ਲੱਖਾਂ ਖੜ੍ਹੇ।

ਲੱਖਾਂ ਖੜ੍ਹੇ ਵੇ ਕਰੋੜਾਂ ਖੜ੍ਹੇ।

ਜਿਵੇਂ ਇੱਕ ਕਲਾਕਾਰ ਆਪਣੀ ਕਲਾਕ੍ਰਿਤ ਬਣਾ ਕੇ ਦੂਰ ਖੜ੍ਹ ਕੇ ਦੇਖਦਾ ਹੈ ਅਤੇ ਸੋਹਣੀ ਬਣੀ ਹੋਣ ’ਤੇ ਇੱਕ ਸੰਤੁਸ਼ਟੀ ਅਤੇ ਪ੍ਰਸੰਨਤਾ ਮਹਿਸੂਸ ਕਰਦਾ ਹੈ। ਕੁਝ ਇਸੇ ਤਰ੍ਹਾਂ ਦਾ ਭਾਵ ਭੈਣਾਂ ਦੇ ਮਨ ਵਿੱਚ ਹੁੰਦਾ ਹੈ ਜਦੋਂ ਉਹ ਸਿਹਰਾ ਬੰਨ੍ਹ ਕੇ ਆਪਣੇ ਵੀਰ ਨੂੰ ਇਸ ਦਿੱਖ ਵਿੱਚ ਦੇਖਦੀਆਂ ਹਨ। ਉਹ ਇਸ ਮੁੱਖੜੇ ਦੀ ਅਤੇ ਸਿਹਰੇ ਦੀ ਪ੍ਰਸੰਸਾ ਕਰਨੋਂ ਨਹੀਂ ਰਹਿ ਸਕਦੀਆਂ। ਹੁਣ ਮੂੰਹ ਵਿੱਚ ਸ਼ਗਨ ਵੀ ਪਾਉਣਾ ਹੁੰਦਾ ਹੈ, ਤਾਂ ਲੜੀਆਂ ਨੂੰ ਪਾਸੇ ਕਰਨਾ ਪੈਂਦਾ ਹੈ;

ਮੱਥੇ ’ਤੇ ਚਮਕਣ ਵਾਲ ਮੇਰੇ ਬੰਨੜੇ ਦੇ।

ਚੁੱਕ ਲੈ ਵੇ ਵੀਰਾ ਸਿਹਰੇ ਦੀਆਂ ਲੜੀਆਂ

ਚੰਨ ਜਿਹਾ ਮੁੱਖੜਾ ਦਿਖਾ।

ਦਾਦੀ ਤੇਰੀ ਸ਼ਗਨ ਮਨਾਵੇ

ਦਾਦੇ ਦੇ ਮਨ ਚਾਅ।

ਇਸ ਗੀਤ ਵਿੱਚ ਵੀ ਦਾਦੀ-ਦਾਦੇ ਦੀ ਥਾਂ ਤੇ ਨਾਨੀ-ਨਾਨਾ, ਮਾਮੀ-ਮਾਮਾ, ਚਾਚੀ-ਚਾਚਾ ਆਦਿ ਵੱਖ ਵੱਖ ਰਿਸ਼ਤਿਆਂ ਦੇ ਨਾਮ ਲਗਾ ਕੇ ਓਹੀ ਗੀਤ ਗਾਇਆ ਜਾਂਦਾ ਹੈ ਅਤੇ ਇਹ ਸਬੰਧੀ ਆਪੋ ਆਪਣੀ ਵਾਰੀ ’ਤੇ ਸ਼ਗਨ ਕਰਦੇ ਰਹਿੰਦੇ ਹਨ ਅਤੇ ਗੀਤਾਂ ਦੀ ਧੁਨ ਗੂੰਜਦੀ ਰਹਿੰਦੀ ਹੈ। ਜਦੋਂ ਸਿਹਰਾ ਲੱਦਿਆ ਲਾੜਾ ਬਰਾਤ ਲੈ ਕੇ ਸਹੁਰੇ ਘਰ ਪੁੱਜਦਾ ਹੈ ਤਾਂ ਉੱਥੇ ਉਸ ਦੀ ਉਡੀਕ ਕਰਦੀਆਂ ਉਸ ਦੀਆਂ ਸਾਲੀਆਂ ਅਤੇ ਹੋਰ ਰਿਸ਼ਤੇਦਾਰ ਲਾੜੇ ਦਾ ਮੁੱਖ ਦੇਖਣ ਲਈ ਉਤਾਵਲੇ ਹੁੰਦੇ ਹਨ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਤਾਂ ਲਾੜੇ ਨੂੰ ਪਹਿਲੀ ਵਾਰ ਹੀ ਦੇਖਣਾ ਹੁੰਦਾ ਸੀ। ਇਸ ਲਈ ਉਸ ਵੇਲੇ ਦੇ ਗੀਤਾਂ ਵਿੱਚ ਲਾੜੇ ਨੂੰ ਮੁੱਖ ਤੋਂ ਸਿਹਰੇ ਨੂੰ ਪਾਸੇ ਕਰਨ ਅਤੇ ਮੁੱਖੜਾ ਦਿਖਾਉਣ ਲਈ ਵੀ ਕਿਹਾ ਜਾਂਦਾ ਸੀ। ਸਾਲੀਆਂ ਦੀ ਉਤਸੁਕਤਾ ਬਾਕੀਆਂ ਨਾਲੋਂ ਵੱਧ ਹੁੰਦੀ ਹੈ ਕਿਉਂਕਿ ਉਨ੍ਹਾਂ ਨੇ ਮਜ਼ਾਕ ਵੀ ਕਰਨੇ ਹੁੰਦੇ ਨੇ। ਕੁਝ ਨੇ ਆਪਣੇ ਆਪਣੇ ਸੁਪਨਿਆਂ ਦੇ ਰਾਜਕੁਮਾਰ ਦੇ ਚਿਹਰੇ ਦੀ ਤੁਲਨਾ ਵੀ ਇਸ ਚਿਹਰੇ ਨਾਲ ਕਰਨੀ ਹੁੰਦੀ ਸੀ;

ਸਿਹਰਾ ਤਾਂ ਬੰਨ੍ਹ ਕੇ ਆਇਆ ਜੀ ਸੱਜਣਾ

ਵੇ ਮੁੱਖੜਾ ਦਿਖਾ ਕੇ ਜਾ।

ਵੇ ਲਾੜਿਆ! ਮੁੱਖ ਨਾ ਇੰਝ ਵੇ ਛੁਪਾ।

ਸਿੱਖ ਧਰਮ ਵਿੱਚ ਸਿਹਰਾ ਬੰਨ੍ਹਣ ਅਤੇ ਕਲਗੀ ਲਗਾਉਣ ਦੀ ਮਨਾਹੀ ਹੈ। ਸਿੱਖ ਰਹਿਤ ਮਰਿਆਦਾ ਵਿੱਚ ਵੀ ਇਨ੍ਹਾਂ ਦੋਹਾਂ ਤੋਂ ਸਪੱਸ਼ਟ ਤੌਰ ’ਤੇ ਮਨ੍ਹਾ ਕੀਤਾ ਗਿਆ ਹੈ। ਬਹੁਤ ਸਾਰੇ ਗੁਰਦੁਆਰਿਆਂ ਵਿੱਚ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਸਿਹਰਾ ਅਤੇ ਕਲਗੀ ਉਤਾਰਨ ਲਈ ਕਹਿ ਦਿੱਤਾ ਜਾਂਦਾ ਹੈ। ਕਈ ਥਾਂ ਲਾਵਾਂ ਦੇ ਪਾਠ ਆਰੰਭ ਕਰਨ ਤੋਂ ਪਹਿਲਾਂ ਇਹ ਉਤਾਰ ਦਿੱਤੇ ਜਾਂਦੇ ਹਨ, ਪਰ ਆਮ ਇਹ ਦੇਖਿਆ ਹੈ ਕਿ ਰਸਮਾਂ ਰੀਤਾਂ ਦੀ ਪਕੜ ਧਾਰਮਿਕ ਸਿਧਾਂਤਾਂ ਤੋਂ ਵਧੇਰੇ ਹੁੰਦੀ ਹੈ। ਮੂਵੀ ਦੇ ਇਸ ਯੁੱਗ ਵਿੱਚ ਤਾਂ ਆਪਾ ਦਿਖਾਉਣ ਅਤੇ ਗਤੀਵਿਧੀਆਂ ਨੂੰ ਫਿਲਮਾਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਕੁਝ ਰੋਕਾਂ ਹੋਣ ਦੇ ਬਾਵਜੂਦ ਇਹ ਰਸਮ ਅਜੇ ਤੱਕ ਕਾਇਮ ਹੈ। ਪਹਿਲਾਂ ਸਿਹਰਾ ਪੜ੍ਹਿਆ ਵੀ ਜਾਂਦਾ ਸੀ, ਜਿਹੜਾ ਸਿਹਰਾ ਬੰਨ੍ਹਣ ਸਮੇਂ ਹੀ ਇੱਕ ਕਵਿਤਾ ਦੇ ਰੂਪ ਵਿੱਚ ਹੁੰਦਾ ਸੀ ਜਿਸ ਵਿੱਚ ਵਿਆਹ ਦੀ ਖ਼ੁਸ਼ੀ, ਗ੍ਰਹਿਸਥੀ ਦੀਆਂ ਜ਼ਿੰਮੇਵਾਰੀਆਂ ਅਤੇ ਵੱਖ ਵੱਖ ਸਬੰਧੀਆਂ ਦੇ ਚਾਅ ਕਾਵਿ ਰੂਪ ਵਿੱਚ ਪ੍ਰਗਟਾਏ ਜਾਂਦੇ ਸਨ। ਅਜੋਕੇ ਸਮੇਂ ਇਹ ਲਗਭਗ ਪੂਰਨ ਤੌਰ ’ਤੇ ਹੀ ਖ਼ਤਮ ਹੋ ਚੁੱਕਿਆ ਹੈ।

Advertisement