ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਢਾਬ ਤੇਰੀ ਦਾ ਗੰਧਲਾ ਪਾਣੀ...

ਜੱਗਾ ਸਿੰਘ ਆਦਮਕੇ ਜਲ ਕੇਵਲ ਮਨੁੱਖ ਲਈ ਹੀ ਨਹੀਂ ਸਗੋਂ ਸਾਰੇ ਜੀਵਾਂ, ਬਨਸਪਤੀ ਲਈ ਜਿਊਂਦੇ ਰਹਿਣ ਦਾ ਮੂਲ ਆਧਾਰ ਹੈ। ਪਾਣੀ ਭੋਜਨ ਦੀ ਪ੍ਰਾਪਤੀ ਅਤੇ ਉਤਪਾਦਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਕਿਸੇ ਥਾਂ ਦੇ ਵਿਕਾਸ, ਹਰਿਆਲੀ, ਵਸੋਂ ਲਈ...
Advertisement

ਜੱਗਾ ਸਿੰਘ ਆਦਮਕੇ

Advertisement

ਜਲ ਕੇਵਲ ਮਨੁੱਖ ਲਈ ਹੀ ਨਹੀਂ ਸਗੋਂ ਸਾਰੇ ਜੀਵਾਂ, ਬਨਸਪਤੀ ਲਈ ਜਿਊਂਦੇ ਰਹਿਣ ਦਾ ਮੂਲ ਆਧਾਰ ਹੈ। ਪਾਣੀ ਭੋਜਨ ਦੀ ਪ੍ਰਾਪਤੀ ਅਤੇ ਉਤਪਾਦਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਕਿਸੇ ਥਾਂ ਦੇ ਵਿਕਾਸ, ਹਰਿਆਲੀ, ਵਸੋਂ ਲਈ ਪਾਣੀ ਦੀ ਅਹਿਮ ਭੂਮਿਕਾ ਹੈੈ। ਦੁਨੀਆ ਦੀਆਂ ਪੁਰਾਤਨ ਸੱਭਿਆਤਾਵਾਂ ਦੇ ਵਿਕਸਿਤ ਹੋਣ ਦਾ ਸਥਾਨ ਵੀ ਪਾਣੀ ਦੇ ਸਰੋਤਾਂ ਦੇ ਨਜ਼ਦੀਕ ਸਨ। ਪਾਣੀ ਦੇ ਵਿਸ਼ੇਸ਼ ਮਹੱਤਵ ਕਾਰਨ ਹੀ ਮਨੁੱਖ ਆਪਣੀ ਵਸੋਂ ਲਈ ਪਾਣੀ ਦੇ ਸਰੋਤ ਵਾਲੇ ਸਥਾਨ ਦੀ ਚੋਣ ਕਰਦਾ ਸੀ। ਇਨ੍ਹਾਂ ਵਿੱਚ ਛੋਟੀਆਂ ਵੱਡੀਆਂ ਨਦੀਆਂ, ਨਾਲਿਆਂ ਦੇ ਨਾਲ ਨਾਲ ਟੋਭੇ ਛੱਪੜ ਵੀ ਮੌਜੂਦ ਸਨ। ਕੁਝ ਅਜਿਹੇ ਕਾਰਨਾਂ ਕਰਕੇ ਉੱਤਰੀ ਭਾਰਤ ਦੇ ਪਿੰਡਾਂ ਨੂੰ ਵਸਾਉਣ ਸਮੇਂ ਵੀ ਅਜਿਹੇ ਸਥਾਨਾਂ ਦੀ ਚੋਣ ਕੀਤੀ ਗਈ, ਜਿੱਥੇ ਟੋਭੇ, ਨਦੀਆਂ ਵਰਗੇ ਪਾਣੀ ਦੇ ਸਰੋਤ ਸਨ। ਇਸ ਖਿੱਤੇ ਦੇ ਜ਼ਿਆਦਾਤਰ ਪਿੰਡ, ਨਗਰ ਉਨ੍ਹਾਂ ਥਾਵਾਂ ’ਤੇ ਵਸੇ ਹੋਏ ਹਨ ਜਿੱਥੇ ਪੁਰਾਤਨ ਸਮਿਆਂ ਤੋਂ ਛੱਪੜ/ਟੋਭੇ ਵਰਗੇ ਪਾਣੀ ਦੇ ਸਰੋਤ ਹਨ। ਕੁਝ ਇਸ ਤਰ੍ਹਾਂ ਹੀ ਪੰਜਾਬ ਦੇ ਜ਼ਿਆਦਾਤਰ ਪਿੰਡ ਵਸਾਉਣ ਸਮੇਂ ਟੋਭਿਆਂ ਵਰਗੇ ਪਾਣੀ ਦੇ ਸਰੋਤ ਵੇਖੇ ਗਏ ਸਨ ਅਤੇੇ ਕਿਸੇ ਨਾ ਕਿਸੇ ਰੂਪ ਵਿੱਚ ਪਿੰਡ ਦੇ ਇਤਿਹਾਸ ਨਾਲ ਇਨ੍ਹਾਂ ਟੋਭਿਆਂ ਤੇ ਛੱਪੜਾਂ ਦਾ ਨਾਂ ਬੋਲਦਾ ਹੈ। ਛੱਪੜਾਂ, ਟੋਭਿਆਂ ਦੀ ਹੋਂਦ ਅਤੇ ਮਹੱਤਵ ਬਹੁਤ ਪੁਰਾਤਨ ਹੈ।

ਟੋਭਾ/ਛੱਪੜ ਆਮ ਕਰਕੇ ਪਿੰਡੋਂ ਬਾਹਰ ਇੱਕ ਕੱਚਾ ਡੂੰਘਾ ਟੋਆ ਹੁੰਦਾ ਹੈ। ਟੋਭੇ, ਛੱਪੜ ਕੁਦਰਤੀ ਤਰੀਕੇ ਨਾਲ ਹੋਂਦ ਵਿੱਚ ਆਏ ਅਤੇ ਆਮ ਕਰਕੇ ਇਹ ਪਾਂਡੂ ਮਿੱਟੀ ਵਾਲੀ ਸਖ਼ਤ ਜ਼ਮੀਨ ਵਿੱਚ ਬਣੇ ਹੁੰਦੇ ਸਨ, ਜਿਸ ਵਿੱਚ ਪਾਣੀ ਨੂੰ ਸਾਂਭ ਕੇ ਰੱਖਣ ਦੀ ਸਮਰੱਥਾ ਹੁੰਦੀ ਹੈ ਅਤੇ ਪਾਣੀ ਛੇਤੀ ਨਹੀਂ ਸੁੱਕਦਾ। ਆਮ ਕਰਕੇ ਟੋਭੇ, ਢਾਬ ਅਤੇ ਛੱਪੜ ਸਮਾਨਆਰਥੀ ਸ਼ਬਦ ਹਨ। ਇਨ੍ਹਾਂ ਦੇ ਉਚਾਰਨ ਵਿੱਚ ਅੰਤਰ ਵੱਖ ਵੱਖ ਖੇਤਰਾਂ ਵਿੱਚ ਵਰਤੋਂ ਵਿੱਚ ਹੈ। ਉਂਝ ਟੋਭੇ ਅਤੇ ਛੱਪੜ ਵਿੱਚ ਅੰਤਰ ਇਸ ਦੇ ਅਦਾਕਾਰ ਦੇ ਪੱਖ ਤੋਂ ਵੀ ਕੀਤਾ ਜਾਂਦਾ ਹੈ, ਪ੍ਰੰਤੂ ਬਹੁਤ ਸਾਰੇ ਖੇਤਰਾਂ ਵਿੱਚ ਸਾਰੇ ਆਕਾਰ ਦੇ ਅਜਿਹੇ ਪਾਣੀ ਦੇ ਸਰੋਤ ਲਈ ਟੋਭਾ ਸ਼ਬਦ ਹੀ ਉਪਯੋੋਗ ਕੀਤਾ ਜਾਂਦਾ ਹੈ।

ਟੋਭੇ/ਛੱਪੜ ਪਿੰਡ ਦੇ ਨੀਵੇਂ ਥਾਂ ਹੁੰਦੇ ਸਨ। ਅਜਿਹਾ ਹੋਣ ਕਾਰਨ ਪਿੰਡ ਦੇ ਜ਼ਿਆਦਤਰ ਹਿੱਸੇ ਅਤੇ ਜ਼ਮੀਨਾਂ ਦੀ ਢਲਾਣ ਟੋਭੇ ਵੱਲ ਨੂੰ ਹੁੰਦੀ ਸੀ। ਇਨ੍ਹਾਂ ਟੋਭਿਆਂ/ਛੱਪੜਾਂ ਵਿੱਚ ਪਾਣੀ ਪੈਣ ਦਾ ਸਰੋਤ ਮੀਂਹ ਦਾ ਪਾਣੀ ਹੁੰਦਾ ਸੀ। ਜ਼ਮੀਨਾਂ ਵਿੱਚ ਰਸਾਇਣਕ ਖਾਦਾਂ, ਦਵਾਈਆਂ ਦੀ ਵਰਤੋਂ ਨਾ ਹੋਣ ਅਤੇ ਪਿੰਡ ਵਿੱਚੋਂ ਵੀ ਅਜੋਕੇ ਨਿਕਾਸੀ ਦੇ ਗੰਦੇ ਪਾਣੀ ਦੀ ਬਜਾਏ ਬਰਸਾਤ ਦਾ ਸਾਫ਼ ਪਾਣੀ ਜਿਹੜਾ ਮਿੱਟੀ ਘੁਲਣ ਕਾਰਨ ਵਕਤੀ ਰੂਪ ਵਿੱਚ ਗੰਧਲਾ ਹੁੰਦਾ ਸੀ, ਇਨ੍ਹਾਂ ਵਿੱਚ ਪੈਂਦਾ ਅਤੇ ਕੁਝ ਸਮੇਂ ਬਾਅਦ ਇਹ ਨਿੱਤਰ ਜਾਂਦਾ ਸੀ। ਪਿੰਡ ਦੇ ਲੋਕਾਂ ਵੱਲੋਂ ਪਾਣੀ ਜਮ੍ਹਾਂ ਕਰਨ ਲਈ ਬਰਸਾਤਾਂ ਦੀ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਛੱਪੜਾਂ/ਟੋਭਿਆਂ ਦੀ ਸਫ਼ਾਈ ਵੀ ਕੀਤੀ ਜਾਂਦੀ ਸੀ। ਵਧੇਰੇ ਮੀਂਹ ਪੈਣ ਕਾਰਨ ਬਰਸਾਤਾਂ ਦੀ ਰੁੱਤ ਸਮੇਂ, ਖ਼ਾਸ ਕਰਕੇੇ ਸਾਉਣ ਭਾਦੋਂ ਦੇ ਮਹੀਨਿਆਂ ਦੌਰਾਨ ਇਹ ਨੱਕੋ ਨੱਕ ਭਰੇ ਹੁੰਦੇ ਅਤੇ ਕਈ ਵਾਰ ਇਨ੍ਹਾਂ ਦਾ ਪਾਣੀ ਬਾਹਰ ਨਿਕਲ ਕੇ ਪਿੰਡ ਵਿੱਚ ਵੀ ਚਲਾ ਜਾਂਦਾ;

ਸਾਉਣ ਮਾਹ, ਝੜੀਆਂ ਗਰਮੀ ਝਾੜ ਸੁੱਟੀ

ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ

ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ

ਇਨ੍ਹਾਂ ਛੱਪੜਾਂ, ਟੋਭਿਆਂ ਦਾ ਜੀਵਨ ਲਈ ਬਹੁਪੱਖੀ ਮਹੱਤਵ ਸੀ। ਸਭ ਤੋਂ ਪਹਿਲਾਂ ਤੇ ਪ੍ਰਮੁੱਖ ਮਹੱਤਵ ਇਹ ਜੀਵਨ ਦੀ ਮੁੱਖ ਜ਼ਰੂਰਤ ਜਲ ਦੀ ਪੂਰਤੀ ਦਾ ਸਰੋਤ ਸਨ। ਖੂਹ ਵਰਗੇ ਧਰਤੀ ਵਿੱਚੋਂ ਪਾਣੀ ਕੱਢਣ ਦੇ ਸਰੋਤ ਹੋਂਦ ਵਿੱਚ ਆਉਣ ਤੋਂ ਪਹਿਲਾਂ ਇਨ੍ਹਾਂ ਵਿੱਚੋਂ ਹੀ ਪਾਣੀ ਸਬੰਧੀ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਲਈ ਪਾਣੀ ਪ੍ਰਾਪਤ ਕੀਤਾ ਜਾਂਦਾ ਸੀ। ਪਹਿਲਾਂ ਪਹਿਲ ਸਥਾਨਕ ਲੋਕਾਂ ਦੇ ਪੀਣ ਦੇ ਪਾਣੀ ਦਾ ਵੀ ਸਾਧਨ ਇਹ ਟੋਭੇ ਹੁੰਦੇ ਸਨ। ਬਾਅਦ ਵਿੱਚ ਪੀਣ ਸਬੰਧੀ ਪਾਣੀ ਦੀਆਂ ਜ਼ਰੂਰਤਾਂ ਦੀ ਪੂਰਤੀ ਖੂਹਾਂ ਦੇ ਹੋਂਦ ਵਿੱਚ ਆਉਣ ’ਤੇ ਇਨ੍ਹਾਂ ਤੋਂ ਹੋਣ ਲੱਗੀ। ਨਹਾਉਣ ਧੋਣ, ਕੱਪੜੇ ਧੋਣ ਅਤੇ ਪਸ਼ੂਆਂ ਨੂੰ ਪਾਣੀ ਪਿਆਉਣ ਨਵ੍ਹਾਉਣ ਲਈ ਇਨ੍ਹਾਂ ਟੋਭਿਆਂ ਦੀ ਵਰਤੋਂ ਕੀਤੀ ਜਾਂਦੀ ਸੀ।

ਗਰਮੀ ਦੇ ਦਿਨਾਂ ਵਿੱਚ ਗੱਭਰੂ, ਬੱਚੇ ਇਨ੍ਹਾਂ ਦੇ ਸਾਫ਼ ਪਾਣੀਆਂ ਵਿੱਚ ਤਾਰੀਆਂ ਲਗਾ ਕੇ ਪੂਰਾ ਆਨੰਦ ਲੈਂਦੇ ਸਨ। ਮੌਜੂਦਾ ਸਮੇਂ ਵੀ ਬਹੁਤ ਸਾਰੇ ਪਿੰਡਾਂ ਵਿੱਚ ਮੱਝਾਂ ਨੂੰ ਟੋਭਿਆਂ ’ਤੇ ਛੱਡਿਆ ਜਾਂਦਾ ਹੈ। ਇਨ੍ਹਾਂ ਦੇ ਅਜਿਹੇ ਮਹੱਤਵ ਕਾਰਨ ਨਹਿਰੀ ਪਾਣੀ ਦੀਆਂ ਵਾਰੀਆਂ ਬੰਨ੍ਹ੍ਵਣ ਸਮੇਂ ਵੀ ਇਨ੍ਹਾਂ ਦਾ ਹਿੱਸਾ ਰੱਖਿਆ ਗਿਆ ਅਤੇ ਖਾਲ ਆਦਿ ਦੀ ਵਿਵਸਥਾ ਕੀਤੀ ਗਈ। ਰਾਜਸਥਾਨ ਵਰਗੇ ਖੁਸ਼ਕ ਖੇਤਰਾਂ ਵਿੱਚ ਟੋਭਿਆਂ/ਛੱਪੜਾਂ ਦੇ ਆਸ ਪਾਸ ਸੁੰਦਰ ਢਾਂਚਾ ਤਿਆਰ ਕੀਤੇ ਜਾਣ ਦੀ ਪਰੰਪਰਾ ਰਹੀ ਹੈ। ਪਾਣੀ ਨੂੰ ਸਾਂਭਣ ਲਈ ਇਨ੍ਹਾਂ ਨੂੰ ਅੰਦਰੋਂ ਵੀ ਪੱਕਾ ਕੀਤਾ ਜਾਂਦਾ ਸੀ ਅਤੇ ਇਸ ਦੀ ਬਣਤਰ ਪੌੜੀਦਾਰ ਹੁੰਦੀ ਸੀ। ਇਹ ਉੱਥੋਂ ਦੀ ਵਿਰਾਸਤ ਦਾ ਪ੍ਰਮੁੱਖ ਹਿੱਸਾ ਹੈ ਅਤੇ ਇਸ ਨੂੰ ‘ਜੌਹੜ’ ਕਿਹਾ ਜਾਂਦਾ ਹੈ।

ਪੰਜਾਬ ਦੇ ਪਿੰਡਾਂ ਦਾ ਕਾਫ਼ੀ ਕੁਝ ਟੋਭਿਆਂ ਦੇ ਇਰਦ ਗਿਰਦ ਘੁੰਮਦਾ ਸੀ। ਆਮ ਕਰਕੇ ਟੋਭਿਆਂ ਦੇ ਆਸ ਪਾਸ ਧਰਤੀ ਹੇਠਲਾ ਪਾਣੀ ਪੀਣਯੋਗ ਹੋਣ ਕਾਰਨ ਇੱਥੇ ਹੀ ਖੂਹ ਲਗਾਏ ਜਾਂਦੇ ਸਨ। ਆਥਣ ਤੜਕੇ ਇੱਥੇ ਪਾਣੀ ਭਰਨ ਵਾਲੀਆਂ ਔਰਤਾਂ ਦੀ ਰੌਣਕ ਹੁੰਦੀ ਸੀ। ਘਰਾਂ ਦੀਆਂ ਸਾਰੀਆਂ ਪਾਣੀ ਸਬੰਧੀ ਜ਼ਰੂਰਤਾਂ ਲਈ ਇੱਥੋਂ ਪਾਣੀ ਢੋਇਆ ਜਾਂਦਾ ਸੀ। ਇਨ੍ਹਾਂ ਖੂਹਾਂ ਦੇ ਅਵਸ਼ੇਸ਼ ਅੱਜ ਵੀ ਬਹੁਤ ਸਾਰੇ ਪਿੰਡਾਂ ਦੇ ਟੋਭਿਆਂ ਨੇੜੇ ਮੌਜੂਦ ਹਨ। ਕੁਝ ਪਿੰਡਾਂ ਨੇ ਵਿਰਾਸਤ ਦਾ ਹਿੱਸਾ ਹੋਣ ਕਾਰਨ ਅੱਜ ਵੀ ਇਨ੍ਹਾਂ ਦੀ ਉਚਿਤ ਤਰੀਕੇ ਨਾਲ ਸੰਭਾਲ ਕੀਤੀ ਹੋਈ ਹੈ।

ਕੁਝ ਛੱਪੜਾਂ, ਟੋਭਿਆਂ, ਢਾਬਾਂ ਦਾ ਸਬੰਧ ਇਤਿਹਾਸ ਨਾਲ ਵੀ ਜੁੜਦਾ ਹੈ। ਕਈ ਧਾਰਮਿਕ ਮਹੱਤਵ ਦੇ ਧਾਰਨੀ ਸਰੋਵਰ ਕਦੇ ਟੋਭੇ, ਛੱਪੜ ਸਨ। ਇਨ੍ਹਾਂ ਨਾਲ ਇਤਿਹਾਸਕ ਘਟਨਾਵਾਂ ਜੁੜਨ ਕਾਰਨ ਇਨ੍ਹਾਂ ਦਾ ਧਾਰਮਿਕ ਇਤਿਹਾਸਕ ਮਹੱਤਵ ਬਣ ਗਿਆ। ਅਜਿਹਾ ਹੀ ਇੱਕ ਸਥਾਨ ਖਿਦਰਾਣੇ ਦੀ ਢਾਬ ਹੈ। ਇਸ ਨਾਲ ਜੁੜੀ ਚਾਲੀ ਮੁਕਤਿਆਂ ਦੀ ਘਟਨਾ ਕਾਰਨ ਅੱਜ ਇਸ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਹੈ ਅਤੇ ਇਹ ਧਾਰਮਿਕ ਪੱਖ ਤੋਂ ਮਹੱਤਵਪੂਰਨ ਸਥਾਨ ਹੈ। ਇਸੇ ਤਰ੍ਹਾਂ ਦਾ ਹੀ ਇੱਕ ਸਥਾਨ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਗੁਰਦੁਆਰਾ ਬੁੱਢਾ ਜੌਹੜ ਹੈ। ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਨਾਂ ਇਸ ਦੇ ਨਜ਼ਦੀਕ ਜੌਹੜ ਦੇ ਨਾਂ ’ਤੇ ਹੈ।

ਪਹਿਲਾਂ ਘਰ ਕੱਚੇੇ ਹੁੰਦੇ ਸਨ। ਇਨ੍ਹਾਂ ਦੀ ਬਰਸਾਤਾਂ ਤੋਂ ਸਾਂਭ ਸੰਭਾਲ ਅਤੇ ਸੁੰਦਰੀਕਰਨ ਲਈ ਇਨ੍ਹਾਂ ਨੂੰ ਲਿੱਪਿਆ ਜਾਂਦਾ ਸੀ। ਲਿੱਪਣ ਲਈ ਗਾਰਾ, ਜਿਸ ਨੂੰ ਘਾਣੀ ਕਿਹਾ ਜਾਂਦਾ ਸੀ, ਟੋਭਿਆਂ ਕੰਢੇ ਤਿਆਰ ਕੀਤਾ ਜਾਂਦਾ ਸੀ। ਇਹ ਟੋਭੇ ਵਿਚਲੀ ਕਾਲੀ ਮਿੱਟੀ ਹੁੰਦੀ ਸੀ, ਜਿਸ ਵਿੱਚ ਪਲੋਂ, ਤੂੜੀ ਆਦਿ ਰਲਾ ਕੇ ਇਸ ਨੂੰ ਕਈ ਦਿਨ ਗਾਲਿਆ ਜਾਂਦਾ ਸੀ। ਤਲੀਆਂ ਫੇਰਨ ਦਾ ਕੰਮ ਆਮ ਕਰਕੇ ਅੱਸੂ-ਕੱਤੇ ਜਾਂ ਫੱਗਣ-ਚੇਤ ਮਹੀਨਿਆਂ ਦੌਰਾਨ ਖੇਤੀਬਾੜੀ ਦੇ ਰੁਝੇਵਿਆਂ ਤੋਂ ਵਿਹਲ ਸਮੇਂ ਕੀਤਾ ਜਾਂਦਾ ਸੀ। ਇਸ ਦੇ ਨਾਲ ਨਾਲ ਘਰਾਂ ਦੇ ਨਿਰਮਾਣ ਲਈ ਟੋਭਿਆਂ ਦੇ ਸੁੱਕਣ ’ਤੇ ਕਾਲੀ ਗਾਰ ਦੇ ਸੁੱਕ ਕੇ ਪਾਟਣ ਤੇ ਵੱਡ ਆਕਾਰੀ ਡਲਿਆ ਦੇ ਰੂਪ ਵਿੱਚ ਤਬਦੀਲ ਹੋਣ ’ਤੇ, ਜਿਨ੍ਹਾਂ ਨੂੰ ਮਾਲਵੇ ਵਿੱਚ ‘ਗੁੰਮੇ’ ਵੀ ਕਿਹਾ ਜਾਂਦਾ ਸੀ, ਨੂੰ ਵੀ ਪੁੱਟ ਕੇ ਉਪਯੋਗ ਕੀਤਾ ਜਾਂਦਾ ਸੀ। ਇਹ ਕੰਮ ਸਰਦੀ ਉਤਰਨ ’ਤੇ ਟੋਭਿਆਂ ਵਿੱਚੋਂ ਪਾਣੀ ਸੁੱਕਣ ਤੇ ਫੱਗਣ, ਚੇਤ ਮਹੀਨਿਆਂ ਦੌਰਾਨ ਕੀਤਾ ਜਾਂਦਾ ਸੀ। ਇਸ ਸਮੇਂ ਹੀ ਟੋਭਿਆਂ ਦੀ ਪੁੱਟ ਪਟਾਈ ਵੀ ਕੀਤੀ ਜਾਂਦੀ ਸੀ ਤਾਂ ਜੋ ਇਨ੍ਹਾਂ ਨੂੰ ਦੂਜੀ ਵਾਰ ਪਾਣੀ ਨਾਲ ਭਰਿਆ ਜਾ ਸਕੇ। ਮੌਜੂਦਾ ਸਮੇਂ ਵੀ ਪਿੰਡਾਂ ਵਿੱਚ ਮਿਲਦੇ ਕੱਚੇ ਘਰਾਂ ਦੇ ਢਾਂਚੇ ਟੋਭਿਆਂ ਦੇ ਇਨ੍ਹਾਂ ਗੁੰਮਿਆਂ ਨਾਲ ਬਣੇ ਮਿਲਦੇ ਹਨ।

ਪਿੰਡ ਦੇ ਲੋਕਾਂ ਦੇ ਜੀਵਨ ਦਾ ਮਹੱਤਵਪੂਰਨ ਹਿੱਸਾ ਹੋਣ ਕਾਰਨ ਇਨ੍ਹਾਂ ਦੁਆਲੇ ਰੌਣਕ, ਪਾਣੀ ਉਪਲੱਬਧਤਾ ਕਾਰਨ ਹਰੀ ਤੇ ਸੰਘਣੀ ਛਤਰੀ ਵਾਲੀ ਬਨਸਪਤੀ, ਰੁੱਖ, ਪੰਛੀਆਂ ਦਾ ਝੁਰਮਟ ਹੋਣਾ ਲਾਜ਼ਮੀ ਹੈ। ਪਿੰਡ ਦੇ ਲੋਕਾਂ ਵੱਲੋਂ ਇਨ੍ਹਾਂ ਦੇ ਆਸ ਪਾਸ ਪਿੱੱਪਲਾਂ, ਬੋਹੜਾਂ, ਨਿੰਮਾਂ ਦੇ ਰੁੱਖ ਲਗਾਉਣਾ ਪੁੰਨ ਦਾ ਕੰਮ ਮੰਨਿਆ ਜਾਂਦਾ ਸੀ। ਅਜਿਹਾ ਹੋਣ ਕਾਰਨ ਇਨ੍ਹਾਂ ਦੇ ਆਸ ਪਾਸ ਇਨ੍ਹਾਂ ਦੇ ਵੱਡ ਆਕਾਰੀ ਰੁੱਖ ਗਰਮੀ ਦੇ ਸਮੇਂ ਆਪਣੀਆਂ ਸੰਘਣੀਆਂ ਛਾਵਾਂ ਵੰਡਦੇ। ਇਹ ਲੋਕਾਂ ਦੇ ਦੁਪਹਿਰ ਬਿਤਾਉਣ ਦੇ ਨਾਲ ਨਾਲ ਪਸ਼ੂਆਂ ਲਈ ਵੀ ਓਟ ਆਸਰਾ ਬਣਦੇ ਸਨ। ਰੁੱਖਾਂ ਅਤੇ ਟੋਭਿਆਂ/ਢਾਬਾਂ ਦੇ ਸੁਮੇਲ ਕਾਰਨ ਲੋਕ ਬੋਲੀਆਂ, ਗੀਤਾਂ, ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;

ਰੁੱਖਾਂ ਬਾਝ ਨਾ ਸੋਹਦੀਆਂ ਢਾਬਾਂ

ਭਾਵੇਂ ਹੋਣ ਲੱਖਾਂ ਜਲ ਭਰੀਆਂ।

ਸਾਉਣ ਮਹੀਨੇ ਮੀਂਹ ਪੈਣ ’ਤੇ ਕੰਢਿਆਂ ਤੱਕ ਭਰੇ ਟੋਭਿਆਂ ਦੁਆਲੇ ਪਿੱਪਲਾਂ, ਬੋਹੜਾਂ ਹੇਠ ਤੀਆਂ ਦੀਆਂ ਰੌਣਕਾਂ ਲੱਗਦੀਆਂ ਅਤੇੇ ਇਨ੍ਹਾਂ ਦੇ ਟਾਹਣਿਆਂ ’ਤੇ ਪੀਂਘਾਂ ਪਾਈਆਂ ਜਾਂਦੀਆਂ। ਛੱਪੜਾਂ, ਟੋਭਿਆਂ ਵਿੱਚ ਪਾਣੀ ਪੈਣ ਦਾ ਸਾਧਨ ਪ੍ਰਮੁੱਖ ਰੂਪ ਵਿੱਚ ਬਰਸਾਤਾਂ ਹੁੰਦੀਆਂ ਸਨ। ਅਜਿਹਾ ਹੋਣ ਕਾਰਨ ਇਸ ਪੱਖ ਦਾ ਲੋਕ ਬੋਲੀਆਂ ਟੱਪਿਆਂ ਵਿੱੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;

ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ

ਚੂਲੀਏ ਚੂਲੀਏ ਢਾਬ ਭਰੀ

ਨੀਂ ਤੇਰਾ ਕਦ ਮੁਕਲਾਵਾ ਭਾਗ ਭਰੀ

ਵਿਆਹ ਸਮੇਂ ਗਾਏ ਜਾਂਦੇ ਗੀਤਾਂ ਵਿੱਚ ਸਿੱਠਣੀਆਂ ਮਹੱਤਵਪੂਰਨ ਗੀਤ ਹਨ। ਸਿੱਠਣੀਆਂ ਸਿੱਠ ਤੋਂ ਬਣਿਆ ਹੋਇਆ ਹੈ। ਬੇਸ਼ੱਕ ਕਦੇ ਬਰਾਤੀਆਂ ਨੂੰ ਵੀ ਸਿੱਠਣੀਆਂ ਦੇਣ ਦੀ ਪਰੰਪਰਾ ਸੀ, ਪ੍ਰੰਤੂ ਹੁਣ ਅਜਿਹਾ ਨਹੀਂ ਹੈ। ਨਾਨਕੇ ਮੇਲ ਅਤੇ ਦਾਦਕੀਆਂ ਵੱਲੋਂ ਅੱਜ ਵੀ ਕੁਝ ਹੱਦ ਤੱਕ ਗਾਏ ਜਾਂਦੇ ਗੀਤਾਂ ਵਿੱਚ ਇੱਕ ਦੂਸਰੇ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਟੋਭੇ ਅਤੇ ਟੋਭੇ ਵਿੱਚ ਮਿਲਣ ਵਾਲੇ ਪ੍ਰਮੁੱਖ ਜੀਵ ਡੱਡੂ ਸਬੰਧੀ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;

ਹੁਣ ਕਿੱਧਰ ਗਈਆਂ ਵੇ

ਤੇਰੀਆਂ ਨਾਨਕੀਆਂ

ਹੁਣ ਟੋਭੇ ਨਹਾਵਣ ਗਈਆਂ

ਨੀਂ ਤੇਰੀਆਂ ਨਾਨਕੀਆਂ

ਖਾਧੇ ਸੀ ਲੱਡੂ ਜੰਮੇ ਸੀ ਡੱੱਡੂ

ਹੁਣ ਟੋਭੇ ਛੱਡਣ ਗਈਆਂ

ਨੀਂ ਤੇਰੀਆਂ ਨਾਨਕੀਆਂ

ਸਾਉਣ, ਭਾਦੋਂ ਵਿੱਚ ਬਰਸਾਤਾਂ ਦੇ ਦਿਨਾਂ ਵਿੱਚ ਪਿੰਡ ਦੇ ਇੱਕ ਵੱਡੇ ਹਿੱਸੇ ਅਤੇ ਉੱਚੇ ਖੇਤਾਂ ਦਾ ਪਾਣੀ ਛੱਪੜ/ਟੋਭੇ ਵਿੱਚ ਆਉਣ ਕਾਰਨ ਟਿਕੀ ਰਾਤ ਨੂੰ ਡੱਡੂਆਂ ਦੀ ਟ੍ਰੈਂ ਟ੍ਰੈਂ ਦੀ ਆਵਾਜ਼ ਵੀ ਦੂਰ ਤੱਕ ਸੁਣਾਈ ਦਿੰਦੀ। ਅਜਿਹਾ ਹੋਣਾ ਕਿਸੇ ਲਈ ਇਹ ਸਮੱਸਿਆ ਦਾ ਕਾਰਨ ਕੁਝ ਇਸ ਤਰ੍ਹਾਂ ਬਣਦਾ;

ਸੁਹਰਿਆਂ ਨਾਲੋਂ ਮੈਂ ਅੱਡ ਹੋ ਗਈ

ਪਾ ਲਿਆ ਟੋਭੇ ’ਤੇ ਘਰ ਵੇ।

ਰਾਤ ਨੂੰ ਡੱਡੂ ਬੋਲਦੇ

ਮੈਨੂੰ ਲੱਗਦਾ ਡਰ ਵੇ।

ਰਾਤ ਨੂੰ ਡੱਡੂ ਬੋਲਦੇ...

ਪਿੰਡ ਦੇ ਪਿੱਪਲਾਂ ਤੇ ਟੋਭਿਆਂ ਦਾ ਗੂੜ੍ਹਾ ਸਬੰਧ ਹੈ। ਟੋਭਿਆਂ ਦੇ ਕਿਨਾਰੇ ਵੱਡ ਆਕਾਰੀ ਪਿੱਪਲਾਂ, ਬੋਹੜਾਂ ਦੇ ਰੁੱਖ ਮਿਲਦੇ ਹਨ। ਅਜਿਹਾ ਹੋਣ ਕਾਰਨ ਪਿੰਡ ਦੇ ਲੋਕਾਂ ਦੀ ਟੋਭਿਆਂ, ਪਿੱਪਲਾਂ ਨਾਲ ਨੇੜਤਾ ਤੇ ਲਗਾਅ ਹੋਣਾ ਜ਼ਰੂਰੀ ਹੈ। ਲੋਕ ਗੀਤਾਂ ਬੋਲੀਆਂ ਵਿੱਚ ਅਜਿਹਾ ਪੱਖ ਕੁਝ ਇਸ ਤਰ੍ਹਾਂ ਪੇਸ਼ ਕੀਤਾ ਮਿਲਦਾ ਹੈ;

ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ

ਤੇਰੀਆਂ ਠੰਢੀਆਂ ਛਾਵਾਂ

ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।

ਸਭੇ ਸਹੇਲੀਆਂ ਸਹੁਰੇ ਗਈਆਂ, ਕਿਸਨੂੰ ਹਾਲ ਸੁਣਾਵਾਂ।

ਚਿੱਠੀਆਂ ਬੇਰੰਗ ਭੇਜਦਾ

ਕਿਹੜੀ ਛਾਉਣੀ ਲਵਾ ਲਿਆ ਨਾਵਾਂ।

ਟੋਭਿਆਂ/ਛੱਪੜਾਂ ਤੇ ਪਸ਼ੂਆਂ ਨੂੰ ਪਾਣੀ ਪਿਆਉਣ ਜਾਣ ਜਾਂ ਉਂਝ ਹੀ ਇਸ ਦੇ ਨੇੜਲੇੇ ਪਿੱਪਲਾਂ ਬੋਹੜਾਂ ਹੇਠ ਦੁਪਹਿਰਾਂ ਬਿਤਾਉਣ ਸਮੇਂ ਇਹ ਮੇਲ ਮਿਲਾਪ ਦਾ ਵੀ ਸਾਧਨ ਬਣਦੇ ਸਨ। ਇਸੇ ਤਰ੍ਹਾਂ ਛੱਪੜਾਂ/ਟੋਭਿਆਂ ਦੇ ਕਿਨਾਰੇ ਸਾਉਣ ਦੀ ਤੀਜ ਤੋਂ ਲੱਗਣ ਵਾਲੀਆਂ ਤੀਆਂ ਕੁੜੀਆਂ ਦੇ ਮਿਲਣ ਦਾ ਸਬੱਬ ਬਣਦੀਆਂ ਸਨ, ਪ੍ਰੰਤੂ ਹੁਣ ਟੋਭੇ ਅਜਿਹਾ ਹੋਣ ਦਾ ਸਾਧਨ ਨਹੀਂ ਰਹੇੇ;

ਮੇਲ ਦੇੇ ਹੁਣ ਥਾਂ ਨਾ ਰਹਿ ਗਏ

ਭੱਠੀ ਛੱਪੜ ਟੋਭੇ ਨਾ ਰਹਿ ਗਏ।

**

ਖੂਹ ਟੋਭਿਆਂ ’ਤੇ ਮਿਲਣੋਂ ਰਹਿ ਗਏ

ਕਾਹਦੇ ਚੰਦਰ ਲਵਾ ਲਏ ਨਲਕੇ।

ਵੱਖ ਵੱਖ ਪਿੰਡਾਂ ਦੇ ਛੱਪੜ ਟੋਭੇ ਵੀ ਪ੍ਰਸਿੱਧ ਰਹੇ ਹਨ। ਲੋਕ ਬੋਲੀਆਂ ਵਿੱਚ ਇਨ੍ਹਾਂ ਦਾ ਕਿਸੇ ਨਾ ਕਿਸੇ ਰੂਪ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ

ਪਿੰਡ ਸੁਣੀਂਦਾ ਮੋਗਾ

ਉਰਲੇ ਪਾਸੇ ਢਾਬ ਸੁਣੀਂਦੀ

ਪਰਲੇ ਪਾਸੇ ਟੋਭਾ

ਟੋਭੇ ’ਤੇ ਰਹਿੰਦਾ ਇੱਕ ਸਾਧ ਸੁਣੀਂਦਾ

ਬੜੀ ਸੁਣੀਂਦੀ ਸੋਭਾ

ਟੋਭੇ ਕੇਵਲ ਵੱਖ ਵੱਖ ਉਦੇਸ਼ਾਂ ਲਈ ਪਾਣੀ ਦੀ ਪ੍ਰਾਪਤੀ ਦਾ ਹੀ ਸਰੋਤ ਨਹੀਂ ਸਨ, ਸਗੋਂ ਲੋਕਾਂ ਲਈ ਮੇਲ ਮਿਲਾਪ, ਦੁਖ ਸੁਖ ਸਾਂਝਾ ਕਰਨ ਦੇ ਵੀ ਸਾਧਨ ਸਨ। ਇੱਥੇ ਇਕੱਠੇ ਹੋਣ ’ਤੇ ਇੱਕ ਦੂਸਰੇ ਨਾਲ ਵਿਚਾਰਾਂ, ਸੂਚਨਾਵਾਂ ਦਾ ਆਦਾਨ ਪ੍ਰਦਾਨ ਵੀ ਹੁੰਦਾ ਸੀ। ਪਿੰਡ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਸਬੰਧੀ ਜਾਣਕਾਰੀਆਂ ਦਾ ਪਸਾਰਾ ਇੱਥੋਂ ਹੁੰਦਾ ਸੀ। ਅਜਿਹੇ ਪੱਖ ਦਾ ਜ਼ਿਕਰ ਲੋਕ ਗੀਤਾਂ, ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ;

ਸੁਣ ਨੀਂ ਕੁੜੀਏ ਮਛਲੀ ਵਾਲੀਏ।

ਮਛਲੀ ਨਾ ਚਮਕਾਈਏ।

ਨੀਂ ਖੂਹ ਟੋਭੇ ’ਤੇ ਚਰਚਾ ਹੁੰਦੀ

ਚਰਚਾ ਨਾ ਕਰਵਾਈਏ।

ਧਰਮੀ ਬਾਬਲ ਦੀ, ਪੱਗ ਨੂੰ ਦਾਗ ਨਾ ਲਾਈਏ।

ਲੋਕ ਸਿਆਣਪਾਂ, ਕਹਾਵਤਾਂ ਵਿੱਚ ਵੀ ਟੋਭੇ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;

ਖੂਹ ਟੋਭੇ ਪੈਣਾ, ਖੂਹ ਟੋਭੇ ਪੈ ਕੇ ਲੈਣਾ

ਹੌਲੀ ਹੌਲੀ ਪਿੰਡਾਂ ਦਾ ਆਧੁਨਿਕੀਕਰਨ ਹੋਇਆ ਅਤੇ ਵਰਤੋਂ ਲਈ ਧਰਤੀ ਹੇਠਲਾ ਪਾਣੀ ਕੱਢਣ ਲਈ ਸਾਧਨ ਹੋਂਦ ਵਿੱਚ ਆਏ। ਅਜਿਹਾ ਹੋਣ ਕਾਰਨ ਖੂਹਾਂ ਟੋਭਿਆਂ ’ਤੇ ਪਾਣੀ ਲਈ ਨਿਰਭਰਤਾ ਘਟੀ। ਇਨ੍ਹਾਂ ਦਾ ਮਹੱਤਵ ਘਟਣ ਕਾਰਨ ਟੋਭਿਆਂ ਨਾਲ ਲਗਾਅ ਘਟਿਆਂ ਅਤੇ ਇਨ੍ਹਾਂ ਦੀ ਸਾਫ਼ ਸਫ਼ਾਈ ਵੱਲੋਂ ਧਿਆਨ ਘਟਦਾ ਗਿਆ। ਹੁਣ ਬਰਸਾਤਾਂ ਦੀ ਰੁੱਤ ਤੋਂ ਪਹਿਲਾਂ ਇਨ੍ਹਾਂ ਦੀ ਪੁੱਟ ਪਟਾਈ ਨਹੀਂ ਕੀਤੀ ਜਾਂਦੀ। ਘਰ ਪੱਕੇ ਬਣਨ ਅਤੇ ਵਿਹੜਿਆਂ ਵਿੱਚ ਫਰਸ਼ਾਂ ਪੱਕੀਆਂ ਹੋਣ ਨਾਲ ਹੁਣ ਕੋਈ ਇਨ੍ਹਾਂ ਟੋਭਿਆਂ ਕਿਨਾਰੇ ਘਾਣੀਆਂ ਨਹੀਂ ਬਣਾਉਂਦੇ। ਘਰਾਂ ਵਿੱਚ ਪਾਣੀ ਦਾ ਪ੍ਰਬੰਧ ਹੋਣ ਕਾਰਨ ਹੁਣ ਮੱਝਾਂ ਨੂੰ ਪਾਣੀ ਪਿਆਉਣ ਜਾਂ ਨਵ੍ਹਾਉਣ ਲਈ ਵੀ ਬਹੁਤ ਘੱਟ ਪਿੰਡਾਂ ਵਿੱਚ ਟੋਭਿਆਂ ’ਤੇ ਛੱਡਣ ਦਾ ਰਿਵਾਜ ਰਿਹਾ ਹੈ। ਗਲੀਆਂ ਨਾਲੀਆਂ ਪੱਕੀਆਂ ਹੋਣ, ਬਾਸ਼ਰੂਮਾਂ ਵਿੱਚੋਂ ਪਾਣੀ ਦੀ ਟੋਭਿਆਂ ਵੱਲ ਨਿਕਾਸੀ, ਪਾਣੀ ਦੀ ਬੇਲੋੜੀ ਵਰਤੋਂ ਅਤੇ ਪਾਣੀ ਦੀ ਨਿਕਾਸੀ ਟੋਭਿਆਂ ਵੱਲ ਹੋਣ ਕਾਰਨ ਇਨ੍ਹਾਂ ਛੱਪੜਾਂ, ਟੋਭਿਆਂ ਦੇ ਸਾਫ਼ ਪਾਣੀ, ਗੰਦੇ ਪਾਣੀ ਦੇ ਰੂਪ ਵਿੱਚ ਤਬਦੀਲ ਹੋ ਕੇ ਬਦਬੂ ਵੰਡਣ ਲੱਗ ਪਏ ਹਨ। ਇਨ੍ਹਾਂ ’ਤੇ ਲਗਤਾਰ ਨਾਜਾਇਜ਼ ਕਬਜ਼ੇ ਹੋਣ ਕਾਰਨ ਇਨ੍ਹਾਂ ਦਾ ਆਕਾਰ ਵੀ ਸਿਮਟਦਾ ਜਾ ਰਿਹਾ ਹੈ। ਬਹੁਤ ਸਾਰੇ ਪਿੰਡਾਂ ਵਿੱਚ ਇਨ੍ਹਾਂ ਦੀ ਹੋਂਦ ਖ਼ਤਮ ਹੋ ਗਈ ਹੈ।

ਅਜਿਹਾ ਹੋਣ ਕਾਰਨ ਇੱਕ ਸੰਕਟ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਜਮ੍ਹਾਂ ਹੋਣ ਦੀ ਸਮੱਸਿਆ ਦਾ ਪੈਦਾ ਹੋਣਾ ਹੈੈ। ਇਨ੍ਹਾਂ ਦੀ ਘਟੀ ਪਾਣੀ ਜਮ੍ਹਾਂ ਕਰਨ ਦੀ ਸਮਰੱਥਾ ਕਾਰਨ ਥੋੜ੍ਹੀ ਜਿਹੀ ਬਰਸਾਤ ਨਾਲ ਹੀ ਇਹ ਟੋਭੇ ਓਵਰਫਲੋ ਹੋ ਜਾਂਦੇ ਹਨ ਅਤੇ ਇਨ੍ਹਾਂ ਦਾ ਪਾਣੀ ਪਿੰਡ ਦੀਆਂ ਗਲੀਆਂ ਵਿੱਚ ਜਮ੍ਹਾਂ ਹੋ ਜਾਂਦਾ ਹੈ। ਇਹ ਪਾਣੀ ਨੁਕਸਾਨ ਦਾ ਕਾਰਨ ਬਣਦਾ ਹੈੈ। ਕੁਝ ਕੁ ਪਿੰਡਾਂ ਨੇ ਇਸ ਵਿਰਾਸਤੀ ਸਥਾਨ ਨੂੰ ਸਾਂਭਣ ਲਈ ਉਪਰਾਲੇ ਵੀ ਕੀਤੇ ਹਨ। ਉਨ੍ਹਾਂ ਪਿੰਡਾਂ ਨੇ ਟੋਭਿਆਂ ਨੂੰ ਝੀਲਾਂ ਦਾ ਰੂਪ ਦੇ ਕੇ ਇਨ੍ਹਾਂ ਨੂੰ ਪਾਰਕਾਂ, ਪਿਕਨਿਕ ਸਪਾਟਾਂ ਦੇ ਰੂਪ ਵਿੱਚ ਵਿਕਸਤ ਕੀਤਾ ਹੈ। ਪਿੰਡ ਦੇ ਗੰਦੇ ਪਾਣੀ ਨੂੰ ਸਹੀ ਤਰੀਕੇ ਨਾਲ ਸਾਫ਼ ਕਰਨ ਅਤੇ ਫਿਰ ਇਸ ਦੀ ਖੇਤਾਂ ਆਦਿ ਵਿੱਚ ਵਰਤੋਂ ਦੀ ਵਿਵਸਥਾ ਦੇ ਉਪਰਾਲੇ ਕੀਤੇ ਹਨ। ਬੇਸ਼ੱਕ ਸਰਕਾਰੀ ਫੰੰਡਾਂ ਅਤੇ ਕੁਝ ਸੰਸਥਾਵਾਂ ਵੱਲੋਂ ਵੀ ਪਿੰਡਾਂ ਦੇ ਟੋਭਿਆਂ ਨੂੰ ਸਾਫ਼ ਕਰਨ ਦੀਆਂ ਯੋਜਨਾਵਾਂ ’ਤੇ ਕੰਮ ਕੀਤਾ ਗਿਆ ਹੈ, ਪ੍ਰੰਤੂ ਇਨ੍ਹਾਂ ਨੂੰ ਇਸ ਪੱਧਰ ਦੀਆਂ ਸਫਲਤਾਵਾਂ ਨਹੀਂ ਮਿਲੀਆਂ। ਮੌਜੂਦਾ ਸਮੇਂ ਦੀਆਂ ਪਾਣੀ ਸੰਭਾਲ ਦੀਆਂ ਜ਼ਰੂਰਤਾਂ, ਟੋਭਿਆਂ ਦੀ ਵਿਰਾਸਤੀ ਅਤੇ ਵਾਤਾਵਰਣਿਕ ਮਹੱਤਤਾ ਕਾਰਨ ਇਨ੍ਹਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਅਤੇ ਇਨ੍ਹਾਂ ਨੂੰ ਸਾਫ਼ ਸੁਥਰੇ ਰੱਖਣ ਦੀ ਜ਼ਰੂਰਤ ਹੈ।

ਸੰਪਰਕ: 81469-24800

Advertisement