ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂ ਦੀ ਚਲਾਕੀ

ਬਾਲ ਕਹਾਣੀ ਦਰੱਖਤਾਂ ਦੇ ਝੁੰਡ ਵਿੱਚ ਬਹੁਤ ਸਾਰੇ ਪੰਛੀ ਰਹਿੰਦੇ ਸਨ। ਇਨ੍ਹਾਂ ਪੰਛੀਆਂ ਵਿੱਚ ਕਾਂ, ਘੁੱਗੀਆਂ, ਗੁਟਾਰਾਂ, ਕਬੂਤਰ, ਚਿੜੀਆਂ-ਚਿੜੇ, ਤਿੱਤਰ ਅਤੇ ਹੋਰ ਕਈ ਭਾਂਤ ਦੇ ਪੰਛੀ ਸਨ। ਇਨ੍ਹਾਂ ਵਿੱਚੋਂ ਕਈ ਪੰਛੀ ਬੜੇ ਹੀ ਸਿਆਣੇ ਅਤੇ ਸੂਝਵਾਨ ਸਨ, ਪਰ ਕਈ ਮੂਰਖ...
Advertisement

ਬਾਲ ਕਹਾਣੀ

ਦਰੱਖਤਾਂ ਦੇ ਝੁੰਡ ਵਿੱਚ ਬਹੁਤ ਸਾਰੇ ਪੰਛੀ ਰਹਿੰਦੇ ਸਨ। ਇਨ੍ਹਾਂ ਪੰਛੀਆਂ ਵਿੱਚ ਕਾਂ, ਘੁੱਗੀਆਂ, ਗੁਟਾਰਾਂ, ਕਬੂਤਰ, ਚਿੜੀਆਂ-ਚਿੜੇ, ਤਿੱਤਰ ਅਤੇ ਹੋਰ ਕਈ ਭਾਂਤ ਦੇ ਪੰਛੀ ਸਨ। ਇਨ੍ਹਾਂ ਵਿੱਚੋਂ ਕਈ ਪੰਛੀ ਬੜੇ ਹੀ ਸਿਆਣੇ ਅਤੇ ਸੂਝਵਾਨ ਸਨ, ਪਰ ਕਈ ਮੂਰਖ ਵੀ ਸਨ। ਕਈ ਆਪਣੇ ਆਪ ਨੂੰ ਇੰਨੇ ਚਲਾਕ ਸਮਝਦੇ ਸਨ ਜਿਵੇਂ ਦੂਜੇ ਪੰਛੀ ਮੂਰਖ ਹੋਣ। ਪੰਛੀਆਂ ਦੀਆਂ ਵੀ ਸ਼ਰਤਾਂ ਲੱਗਦੀਆਂ ਅਤੇ ਕਈ ਵਾਰ ਉਹ ਚਲਾਕੀ ਨਾਲ ਜਿੱਤ ਜਾਂਦੇ ਤੇ ਦੂਜੇ ਪੰਛੀਆਂ ਨੂੰ ਚਿੜਾਉਂਦੇ। ਇਸ ਕਰਕੇ ਇਸ ਕਿਸਮ ਦੇ ਪੰਛੀਆਂ ਨੂੰ ਦੂਜੇ ਪੰਛੀ ਘੱਟ ਹੀ ਬੁਲਾਉਂਦੇ ਸਨ। ਉਹ ਆਪਣੇ ਚਤੁਰਪੁਣੇ ਕਰਕੇ ਆਪਣੇ ਆਪ ’ਤੇ ਘਮੰਡ ਮਹਿਸੂਸ ਕਰਦੇ ਸਨ।

Advertisement

ਇਨ੍ਹਾਂ ਪੰਛੀਆਂ ਵਿੱਚੋਂ ਹੀ ਇੱਕ ਕਾਂ ਆਪਣੇ ਆਪ ਨੂੰ ਸਭ ਤੋਂ ਵੱਧ ਚਲਾਕ ਸਮਝਦਾ ਸੀ। ਉਹ ਹਮੇਸ਼ਾਂ ਦੂਜੇ ਪੰਛੀਆਂ ਨੂੰ ਮਖੌਲ ਕਰਦਾ। ਜਾਨਵਰਾਂ ਨੂੰ ਮੂਰਖ ਸਮਝਦਾ ਤੇ ਆਪਣੇ ਆਪ ਨੂੰ ਹੀ ਸਿਆਣਾ ਸਮਝਦਾ ਸੀ। ਇਸ ਕਰਕੇ ਕੋਈ ਵੀ ਪੰਛੀ ਉਸ ਦਾ ਸਾਥ ਨਾ ਦਿੰਦਾ।

ਇੱਕ ਦਿਨ ਦੀ ਗੱਲ ਹੈ ਕਿ ਇੱਕ ਕੁੱਤਾ ਇੱਕ ਰੋਟੀ ਚੁੱਕੀਂ ਆਪਣੇ ਟਿਕਾਣੇ ਵੱਲ ਜਾ ਰਿਹਾ ਸੀ ਕਿ ਉਸ ਨੂੰ ਉਹ ਕਾਂ ਮਿਲ ਗਿਆ। ਚਿੱਟੀ ਚਿੱਟੀ ਤੇ ਚੋਪੜੀ ਰੋਟੀ ਦੇਖ ਕੇ ਕਾਂ ਦੇ ਮੂੰਹ ਵਿੱਚ ਪਾਣੀ ਆ ਗਿਆ। ਹੁਣ ਉਸ ਦਾ ਦਿਲ ਕਰਦਾ ਸੀ ਕਿ ਇਹ ਰੋਟੀ ਉਸ ਦੇ ਮੂੰਹ ਵਿੱਚ ਹੋਵੇ ਤੇ ਉਹ ਆਨੰਦ ਨਾਲ ਆਪਣਾ ਬਿਨਾਂ ਮਿਹਨਤ ਕੀਤੇ ਪੇਟ ਭਰ ਲਏ। ਉਸ ਨੇ ਮਨ ਹੀ ਮਨ ਤਰਕੀਬਾਂ ਸੋਚਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦਾ ਦਿਮਾਗ਼ ਕਈ ਪਾਸੇ ਦੌੜਿਆ। ਸਭ ਤੋਂ ਪਹਿਲਾਂ ਉਸ ਨੇ ਸੋਚਿਆ ਕਿਉਂ ਨਾ ਉਹ ਕੁੱਤੇ ਦੇ ਮੂੰਹ ਵਿੱਚੋਂ ਹੀ ਖੋਹ ਲਏ, ਪਰ ਇਹ ਵਿਚਾਰ ਉਸ ਲਈ ਲਾਭਕਾਰੀ ਨਹੀਂ ਸੀ ਕਿਉਂਕਿ ਰੋਟੀ ਦਾ ਜ਼ਿਆਦਾ ਹਿੱਸਾ ਕੁੱਤੇ ਦੇ ਮੂੰਹ ਵਿੱਚ ਸੀ। ਦੂਜਾ ਜੇ ਉਹ ਉਸ ਦੇ ਮੂੰਹ ਵਿੱਚ ਆ ਗਿਆ ਤਾਂ ਕਹਾਣੀ ਹੀ ਖ਼ਤਮ ਹੋ ਜਾਣੀ ਸੀ, ਸੋ ਇਹ ਵਿਚਾਰ ਉਸ ਨੇ ਤਿਆਗ ਦਿੱਤਾ। ਦੂਜਾ ਖ਼ਿਆਲ ਉਸ ਦੇ ਦਿਮਾਗ਼ ਵਿੱਚ ਆਇਆ ਕਿਉਂ ਨਾ ਉਹ ਕੁੱਤੇ ਦੇ ਅੱਗੇ ਅੱਗੇ ਕਾਂ ਕਾਂ ਕਰਨ ਲੱਗ ਜਾਵੇ ਤੇ ਉਹ ਉਸ ਨੂੰ ਭੌਂਕੇ ਤੇ ਰੋਟੀ ਡਿੱਗ ਪਏ ਤੇ ਉਹ ਚੁੱਕ ਕੇ ਲੈ ਜਾਏ। ਇਹ ਖ਼ਿਆਲ ਉਸ ਨੂੰ ਵਧੀਆ ਲੱਗਿਆ। ਉਹ ਹੋਰ ਅੱਗੇ ਸੋਚਣ ਲੱਗਾ। ਉਸ ਨੇ ਮਨ ਹੀ ਮਨ ਸੋਚਿਆ ਕਿ ਜੇ ਉਸ ਨੇ ਰੋਟੀ ਨਾ ਦਿੱਤੀ ਤਾਂ ਉਹ ਉਸ ਦੇ ਠੁੰਗਾਂ ਵੀ ਮਾਰ ਸਕਦਾ ਹੈ ਤੇ ਡਰਦਾ ਮਾਰਿਆ ਕੁੱਤਾ ਰੋਟੀ ਸੁੱਟ ਕੇ ਭੱਜ ਜਾਵੇਗਾ। ਇਹ ਖ਼ਿਆਲ ਵੀ ਉਸ ਨੂੰ ਬਹੁਤਾ ਵਧੀਆ ਨਾ ਲੱਗਾ, ਸੋ ਉਸ ਨੇ ਮਨ ਹੀ ਮਨ ਰੋਟੀ ਖੋਹਣ ਲਈ ਕਾਂ ਕਾਂ ਕਰਨ ਦਾ ਫੈਸਲਾ ਕੀਤਾ।

ਕੁੱਤਾ ਵੀ ਕੋਈ ਨਿਆਣਾ ਨਹੀਂ ਸੀ। ਉਹ ਵੀ ਸਮਝਦਾਰ ਸੀ। ਉਸ ਨੇ ਵੀ ਬਹੁਤ ਸਾਰੇ ਤਜਰਬੇ ਕੀਤੇ ਸਨ। ਉਹ ਆਪਣੀ ਮਸਤ ਚਾਲ ਚੱਲਦਾ ਆਪਣੇ ਟਿਕਾਣੇ ਵੱਲ ਜਾ ਰਿਹਾ ਸੀ। ਅਚਾਨਕ ਉਸ ਦੇ ਅੱਗੇ ਇੱਕ ਕਾਂ ਆਇਆ। ਉਸ ਨੇ ਉੱਚੀ ਉੱਚੀ ਕਾਂ ਕਾਂ ਕਰਨਾ ਸ਼ੁਰੂ ਕਰ ਦਿੱਤਾ। ਕੁੱਤਾ ਡਰ ਗਿਆ ਤੇ ਉਸ ਨੇ ਇੱਧਰ ਉੱਧਰ ਦੇਖਿਆ ਮਤੇ ਕੋਈ ਸੱਪ ਵਗੈਰਾ ਹੀ ਨਾ ਉਸ ਰਸਤੇ ਤੋਂ ਲੰਘ ਰਿਹਾ ਹੋਵੇ, ਪਰ ਚਾਰੇ ਪਾਸੇ ਕੁਝ ਵੀ ਨਹੀਂ ਸੀ। ਉਹ ਉਸ ਦੀ ਚਲਾਕੀ ਨੂੰ ਭਾਂਪ ਗਿਆ। ਕਾਂ ਨੇ ਸੁਰੀਲੀ ਆਵਾਜ਼ ਵਿੱਚ ਗਾਉਣਾ ਸ਼ੁਰੂ ਕੀਤਾ;

ਚਾਚਾ ਮੇਰਾ ਸਿਆਣਾ ਹੈ

ਹੈਗਾ ਅਜੇ ਨਿਆਣਾ ਹੈ

ਗਾਣਾ ਹਰ ਰੋਜ਼ ਗਾਉਂਦਾ ਹੈ

ਪਰ ਮੈਨੂੰ ਨਹੀਂ ਸੁਣਾਉਂਦਾ ਹੈ

ਕਾਂ ਨੇ ਜਦੋਂ ਇਹ ਗਾਉਣਾ ਸ਼ੁਰੂ ਕੀਤਾ ਤਾਂ ਕੁੱਤੇ ਦਾ ਦਿਲ ਕੀਤਾ ਕਿ ਉਹ ਕੋਈ ਜਵਾਬ ਦੇਵੇ, ਪਰ ਉਸ ਦਾ ਦਿਮਾਗ਼ ਮੌਕੇ ’ਤੇ ਕੰਮ ਕਰ ਗਿਆ ਤੇ ਦਿਮਾਗ਼ ਕਹਿਣ ਲੱਗਾ, ‘ਭੋਲਿਆ ਇਹ ਤੇਰੇ ਤੋਂ ਰੋਟੀ ਲੈਣ ਵਾਸਤੇ ਸਭ ਕੁਝ ਕਰ ਰਿਹਾ ਹੈ।’ ਕੁੱਤੇ ਨੇ ਉਸ ਵੱਲ ਧਿਆਨ ਨਾ ਦਿੱਤਾ ਤੇ ਅੱਗੇ ਹੀ ਅੱਗੇ ਚੱਲਦਾ ਗਿਆ। ਕਾਂ ਦਾ ਜ਼ੋਰ ਨਾ ਚੱਲਿਆ। ਉਹ ਉਦਾਸ ਹੋ ਗਿਆ। ਭੁੱਖ ਕਾਰਨ ਉਸ ਦੇ ਮੂੰਹ ਵਿੱਚੋਂ ਲਾਰਾਂ ਟਪਕਣ ਲੱਗੀਆਂ। ਉਸ ਨੇ ਦੂਜੀ ਤਰਤੀਬ ’ਤੇ ਕੰਮ ਕਰਨਾ ਸ਼ੁਰੂ ਕੀਤਾ। ਉਸ ਨੇ ਕੁੱਤੇ ਦੇ ਮੂੰਹ ਵਿੱਚੋਂ ਰੋਟੀ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਇੱਕ ਪੰਜਾ ਉਸ ਦੇ ਮਾਰਿਆ। ਪੰਜਾ ਵੱਜਣ ਕਾਰਨ ਉਸ ਦੇ ਕੁਝ ਖੰਭ ਝੜ ਗਏ। ਉਹ ਡਰ ਗਿਆ ਤੇ ਰੋਟੀ ਨਾ ਖੋਹਣ ਦਾ ਫੈਸਲਾ ਕੀਤਾ, ਪਰ ਪਾਪੀ ਪੇਟ ਦਾ ਸਵਾਲ ਹੋਣ ਕਾਰਨ ਉਹ ਤੀਜੀ ਤਰਕੀਬ ’ਤੇ ਅਮਲ ਕਰਨ ਦੀ ਤਰਕੀਬ ਸੋਚਣ ਲੱਗਾ। ਉਸ ਨੇ ਕੁੱਤੇ ਦੇ ਠੁੰੇਗੇ ਮਾਰਨੇ ਸ਼ੁਰੂ ਕਰ ਦਿੱਤੇ, ਪਰ ਕੁੱਤਾ ਹੁਸ਼ਿਆਰ ਸੀ। ਉਸ ਨੇ ਸੋਚਿਆ ਕਿ ਉਸ ਦੇ ਮੂੰਹ ਵਿਚਲੀ ਰੋਟੀ ਹੀ ਇਸ ਪੁਆੜੇ ਦੀ ਜੜ ਹੈ ਤੇ ਉਸ ਨੇ ਸਾਰੀ ਰੋਟੀ ਮੂੰਹ ਵਿੱਚ ਪਾ ਲਈ ਤਾਂ ਕਾਂ ਬਹੁਤ ਉਦਾਸ ਹੋ ਗਿਆ।

ਉਸ ਨੂੰ ਮਹਿਸੂਸ ਹੋਇਆ ਕਿ ਅੱਜ ਉਹ ਸੱਚਮੁੱਚ ਹਾਰ ਗਿਆ ਹੈ। ਦਰੱਖਤਾਂ ’ਤੇ ਬੈਠੇ ਦੂਜੇ ਪੰਛੀ ਇਹ ਨਜ਼ਾਰਾ ਦੇਖ ਰਹੇ ਸਨ। ਕਾਂ ਹੁਣ ਕੀ ਮੂੰਹ ਲੈ ਕੇ ਜਾਵੇ? ਦੂਜੇ ਪੰਛੀ ਉਸ ਬਾਰੇ ਕੀ ਸੋਚਣਗੇ? ਉਹ ਉਸ ’ਤੇ ਹੱਸਣਗੇ ਅਤੇ ਦੂਜੇ ਪੰਛੀਆਂ ਨੂੰ ਵੀ ਦੱਸਣਗੇ ਕਿ ਆਪਣੇ ਆਪ ਨੂੰ ਚਲਾਕ ਕਹਾਉਣ ਵਾਲਾ ਅੱਜ ਕਿਵੇਂ ਮੂੰਹ ਦੀ ਖਾ ਕੇ ਬੈਠ ਗਿਆ ਹੈ। ਕੁੱਤਾ ਆਪਣੇ ਘੁਰਨੇ ਵਿੱਚ ਬੈਠ ਗਿਆ। ਉਸ ਨੇ ਮੂੰਹ ਵਿੱਚੋਂ ਰੋਟੀ ਕੱਢੀ ਤੇ ਇੱਕ ਪਾਸੇ ਰੱਖ ਦਿੱਤੀ ਕਿਉਂਕਿ ਉਸ ਨੂੰ ਅਜੇ ਭੁੱਖ ਨਹੀਂ ਸੀ। ਕਾਂ ਵੀ ਸ਼ਰਮਸ਼ਾਰ ਹੁੰਦਾ ਕੁੱਤੇ ਦੇ ਘੁਰਨੇ ਕੋਲ ਪਹੁੰਚ ਗਿਆ। ਉਸ ਨੂੰ ਦੇਖ ਕੇ ਕੁੱਤਾ ਭੌਂਕਿਆ ਤਾਂ ਕਾਂ ਡਰ ਗਿਆ ਤੇ ਕਹਿਣ ਲੱਗਾ, ‘‘ਚਾਚਾ ਮੈਂ ਭੁੱਖਾ ਸੀ, ਇਸ ਲਈ ਮੈਂ ਤੇਰੇ ਨਾਲ ਚਲਾਕੀਆਂ ਕੀਤੀਆਂ, ਤੂੰ ਮੈਨੂੰ ਮੁਆਫ਼ ਕਰ ਦੇ।’’

‘‘ਪੁੱਤਰਾ ਕਦੇ ਵੀ ਚਲਾਕੀ ਨਾਲ ਕੋਈ ਚੀਜ਼ ਪ੍ਰਾਪਤ ਨਹੀਂ ਹੁੰਦੀ।’’

‘‘ਚਾਚਾ ਮੁਆਫ਼ ਕਰ ਦੇ।’’

‘‘ਚੱਲ ਮੁਆਫ਼ ਕੀਤਾ।’’ ਕੁੱਤੇ ਨੂੰ ਦਿਆ ਆ ਗਈ। ਉਸ ਨੇ ਅੱਧੀ ਰੋਟੀ ਉਸ ਅੱਗੇ ਸੁੱਟ ਦਿੱਤੀ। ਕਾਂ ਨੇ ਗਿੱਲੀ ਰੋਟੀ ਚੁੱਕੀ ਤੇ ਖਾਣ ਲੱਗਾ ਤਾਂ ਨੇੜੇ ਦੇ ਦਰੱਖਤਾਂ ’ਤੇ ਬੈਠੇ ਪੰਛੀ ਉੱਚੀ ਉੱਚੀ ਹੱਸਣ ਲੱਗੇ। ਕਾਂ ਨੇ ਉੱਪਰ ਮੂੰਹ ਨਾ ਚੁੱਕਿਆ। ਉਸ ਨੂੰ ਦੂਜੇ ਪੰਛੀਆਂ ਉੱਤੇ ਗੁੱਸਾ ਆ ਰਿਹਾ ਸੀ। ਉਹ ਮਨ ਹੀ ਮਨ ਸੋਚ ਰਿਹਾ ਸੀ ਕਿ ਹਰ ਕੰਮ ਚਲਾਕੀ ਨਾਲ ਨਹੀਂ ਹੁੰਦਾ।

ਸੰਪਰਕ: 94630-20766

Advertisement
Show comments