ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੜੀ ਦੀ ਟਿਕ-ਟਿਕ

ਬਾਲ ਕਹਾਣੀ ਪਲਦੀਪ ਬੜਾ ਹੀ ਹੁਸ਼ਿਆਰ ਬੱਚਾ ਸੀ। ਉਹ ਤੇਜ਼-ਤਰਾਰ ਤਾਂ ਸੀ, ਪਰ ਉਸ ਵਿੱਚ ਇੱਕ ਵੱਡੀ ਕਮੀ ਸੀ। ਉਹ ਸਮੇਂ ਦੀ ਕਦਰ ਨਹੀਂ ਕਰਦਾ ਸੀ। ਉਹ ਜਮਾਤ ਵਿੱਚ ਅਤੇ ਖੇਡ ਦੇ ਮੈਦਾਨ ਵਿੱਚ ਦੇਰੀ ਨਾਲ ਹੀ ਪਹੁੰਚਦਾ। ਮਾਂ ਨਾਲ...
Advertisement

ਬਾਲ ਕਹਾਣੀ

ਪਲਦੀਪ ਬੜਾ ਹੀ ਹੁਸ਼ਿਆਰ ਬੱਚਾ ਸੀ। ਉਹ ਤੇਜ਼-ਤਰਾਰ ਤਾਂ ਸੀ, ਪਰ ਉਸ ਵਿੱਚ ਇੱਕ ਵੱਡੀ ਕਮੀ ਸੀ। ਉਹ ਸਮੇਂ ਦੀ ਕਦਰ ਨਹੀਂ ਕਰਦਾ ਸੀ। ਉਹ ਜਮਾਤ ਵਿੱਚ ਅਤੇ ਖੇਡ ਦੇ ਮੈਦਾਨ ਵਿੱਚ ਦੇਰੀ ਨਾਲ ਹੀ ਪਹੁੰਚਦਾ। ਮਾਂ ਨਾਲ ਅਨੇਕਾਂ ਵਾਅਦੇ ਕਰਦਾ, ਪਰ ਕੋਈ ਵੀ ਵਾਅਦਾ ਸਮੇਂ ਸਿਰ ਪੂਰਾ ਨਾ ਕਰਦਾ। ਗੱਲਾਂ ਮਾਰਨ ਵਿੱਚ ਅਤੇ ਫੋਨ ’ਤੇ ਖੇਡਾਂ ਖੇਡਣ ਵਿੱਚ ਬਹੁਤ ਸਮਾਂ ਬਰਬਾਦ ਕਰਦਾ। ਮਾਂ ਅਕਸਰ ਉਸ ਨੂੰ ਕਹਿੰਦੀ, ‘‘ਪੁੱਤਰ, ਸਮਾਂ ਸਭ ਤੋਂ ਕੀਮਤੀ ਧਨ ਹੈ। ਕੰਧ ’ਤੇ ਟੰਗੀ ਘੜੀ ਵੱਲ ਦੇਖ, ਇਸ ਦੀ ਟਿਕ-ਟਿਕ ਨੂੰ ਸੁਣ ਅਤੇ ਸਮਝ, ਸਮਾਂ ਹਰ ਪਲ ਹੱਥੋਂ ਨਿਕਲ ਰਿਹਾ ਹੈ।” ਪਰ ਪਲਦੀਪ ਹੱਸ ਕੇ ਮਾਂ ਦੀ ਗੱਲ ਟਾਲ ਦਿੰਦਾ।

Advertisement

ਇੱਕ ਦਿਨ ਸਕੂਲ ਦੇ ਮੁੱਖ ਅਧਿਆਪਕ ਨੇ ਐਲਾਨ ਕੀਤਾ,

“ਅਗਲੇ ਹਫ਼ਤੇ ਸਕੂਲ ਵਿੱਚ ਲੇਖ ਮੁਕਾਬਲਾ ਹੋਵੇਗਾ। ਹਰ ਵਿਦਿਆਰਥੀ ਨੂੰ ਇੱਕ ਵਿਸ਼ੇ ’ਤੇ ਲੇਖ ਲਿਖਣਾ ਹੋਵੇਗਾ ਤੇ ਮੁਕਾਬਲੇ ਦੇ ਦਿਨ ਜਮਾਤ ਵਿੱਚ ਸੁਣਾਉਣਾ ਹੋਵੇਗਾ, ਜਿਸ ਵਿਦਿਆਰਥੀ ਦਾ ਲੇਖ ਸਭ ਤੋਂ ਵਧੀਆ ਲਿਖਿਆ ਹੋਵੇਗਾ ਉਸ ਨੂੰ ਇਨਾਮ ਮਿਲੇਗਾ।”

ਸਾਰੇ ਬੱਚੇ ਖ਼ੁਸ਼ ਹੋ ਗਏ। ਕਿਸੇ ਨੇ ਤੁਰੰਤ ਕਾਪੀ ’ਤੇ ਵਿਚਾਰ ਲਿਖਣੇ ਸ਼ੁਰੂ ਕਰ ਦਿੱਤੇ। ਕਿਸੇ ਨੇ ਘਰ ਜਾ ਕੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਕਈ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਲੈ ਕੇ ਵਿਸ਼ੇ ਚੁਣਨ ਲੱਗੇ, ਪਰ ਪਲਦੀਪ ਨੇ ਸੋਚਿਆ,

“ਹਾਲੇ ਤਾਂ ਹਫ਼ਤਾ ਪੂਰਾ ਪਿਆ ਏ, ਕੱਲ੍ਹ ਕਰ ਲਵਾਂਗਾ...ਪਰਸੋਂ ਕਰ ਲਵਾਂਗਾ।”

ਇਸ ਤਰ੍ਹਾਂ ਉਹ ਦਿਨ ਪਿੱਛੇ ਧੱਕਦਾ ਗਿਆ।

ਮੁਕਾਬਲੇ ਤੋਂ ਇੱਕ ਰਾਤ ਪਹਿਲਾਂ ਪਲਦੀਪ ਨੇ ਸੋਚਿਆ, ਮੈਂ ਤਾਂ ਕੁਝ ਲਿਖਿਆ ਹੀ ਨਹੀਂ, ਚਲੋ ਮੈਂ ਹੁਣ ਲਿਖ ਲੈਂਦਾ ਹਾਂ। ਪਲਦੀਪ ਜਿਉਂ ਹੀ ਕਾਪੀ ਲੈ ਕੇ ਬੈਠਾ, ਲਿਖਣ ਲਈ ਕੁਝ ਵੀ ਉਸ ਦੇ ਦਿਮਾਗ਼ ਵਿੱਚ ਨਾ ਆਇਆ। ਸ਼ਬਦਾਂ ਦੀ ਥਾਂ ਉਹ ਸਿਰਫ਼ ਖਾਲੀ ਪੰਨਿਆਂ ਨੂੰ ਤੱਕ ਰਿਹਾ ਸੀ। ਦਿਮਾਗ਼ ਸੁੰਨ ਹੋ ਗਿਆ। ਉਸ ਨੂੰ ਸਮਝ ਨਾ ਆਇਆ ਕਿ ਕੀ ਲਿਖੇ? ਥੱਕ ਹਾਰ ਕੇ ਉਸ ਨੇ ਕਾਪੀ ਬੰਦ ਕਰ ਦਿੱਤੀ। ਕਮਰੇ ਵਿੱਚ ਚਾਰੇ ਪਾਸੇ ਨਜ਼ਰ ਮਾਰਦਿਆਂ ਉਸ ਦੀ ਨਜ਼ਰ ਕੰਧ ’ਤੇ ਟੰਗੀ ਘੜੀ ਉੱਪਰ ਗਈ। ਰਾਤ ਦੀ ਖਾਮੋਸ਼ੀ ਵਿੱਚ ਉਸ ਨੂੰ ਘੜੀ ਦੀ ਟਿਕ-ਟਿਕ ਦੀ ਆਵਾਜ਼ ਸੁਣਾਈ ਦੇ ਰਹੀ ਸੀ।

ਟਿਕ...ਟਿਕ...ਟਿਕ...।

ਸੁਣਦੇ ਸੁਣਦੇ ਹੀ ਉਸ ਦੀ ਅੱਖ ਲੱਗ ਗਈ ਤੇ ਉਹ ਸੁਪਨੇ ਵਿੱਚ ਪਹੁੰਚ ਗਿਆ। ਸੁਪਨੇ ਵਿੱਚ ਉਸ ਨੇ ਦੇਖਿਆ, ਘੜੀ ਦੀਆਂ ਸੂਈਆਂ ਹਿੱਲਦੀਆਂ-ਹਿੱਲਦੀਆਂ ਜ਼ਿੰਦਾ ਹੋ ਗਈਆਂ। ਵੱਡੀਆਂ-ਵੱਡੀਆਂ ਬਾਹਾਂ ਹਿਲਾਉਂਦੇ ਹੋਏ ਘੜੀ ਪਲਦੀਪ ਨਾਲ ਗੱਲਾਂ ਕਰਨ ਲੱਗੀ। ਘੜੀ ਨੇ ਗੰਭੀਰ ਸੁਰ ਵਿੱਚ ਕਿਹਾ;

“ਪਲਦੀਪ, ਤੂੰ ਸਮੇਂ ਨੂੰ ਹਮੇਸ਼ਾਂ ਅਣਡਿੱਠ ਕਰਦਾ ਆਇਆ ਹੈਂ। ਹੁਣ ਵੇਖ, ਜਦੋਂ ਤੇਰੇ ਸਾਹਮਣੇ ਮੌਕਾ ਆਇਆ, ਤੂੰ ਖਾਲੀ ਹੱਥ ਬੈਠਾ ਏ। ਸਮੇਂ ਦੀ ਕਦਰ ਕਰਨ ਵਾਲੇ ਬੱਚੇ ਤਿਆਰੀ ਕਰ ਚੁੱਕੇ ਹਨ, ਪਰ ਤੂੰ ਆਲਸੀਪਣ ਨਾਲ ਸਮਾਂ ਗਵਾ ਦਿੱਤਾ। ਯਾਦ ਰੱਖ, ਸਮਾਂ ਕਦੇ ਵਾਪਸ ਨਹੀਂ ਆਉਂਦਾ, ਜਿੱਤ ਉਸ ਦੀ ਹੀ ਹੁੰਦੀ ਹੈ ਜੋ ਸਮੇਂ ਦੀ ਕਦਰ ਕਰਦਾ ਹੈ, ਜੋ ਸਮੇਂ ਨੂੰ ਗਵਾਉਂਦਾ ਹੈ, ਉਸ ਨੂੰ ਹਾਰ ਦਾ ਮੂੰਹ ਹੀ ਦੇਖਣਾ ਪੈਂਦਾ ਹੈ।”

ਪਲਦੀਪ ਡਰਿਆ ਹੋਇਆ ਪੁੱਛਣ ਲੱਗਾ;

“ਫਿਰ ਮੈਂ ਕੀ ਕਰਾਂ? ਮੇਰੇ ਕੋਲ ਤਾਂ ਹੁਣ ਕੋਈ ਵਿਚਾਰ ਹੀ ਨਹੀਂ। ਕੀ ਮੈਂ ਹੁਣ ਹਾਰ ਜਾਵਾਂਗਾ?”

ਘੜੀ ਹੌਲੀ ਹੌਲੀ ਮੁਸਕਰਾਈ ਤੇ ਕਿਹਾ, ‘‘ਜੇ ਤੂੰ ਹੁਣ ਤੋਂ ਸਮੇਂ ਦੀ ਕਦਰ ਕਰਨਾ ਸਿੱਖ ਲਵੇ ਤਾਂ ਤੂੰ ਵੀ ਜਿੱਤ ਸਕਦਾ ਹੈ। ਜੇਕਰ ਤੈਨੂੰ ਸਮਝ ਆ ਹੀ ਗਈ ਹੈ ਤਾਂ ਹੁਣ ਤੇਰੇ ਲਈ ਵਿਸ਼ਾ ਲਿਖਣਾ ਕੋਈ ਮੁਸ਼ਕਿਲ ਗੱਲ ਨਹੀਂ। ਮੇਰੀ ਟਿਕ-ਟਿਕ ਹੀ ਤੇਰਾ ਸਭ ਤੋਂ ਵੱਡਾ ਵਿਸ਼ਾ ਹੈ। ਮੇਰੇ ਬਾਰੇ ਲਿਖ, ਲੋਕਾਂ ਨੂੰ ਸਮੇਂ ਦੀ ਕਦਰ ਕਰਨੀ ਸਿਖਾ। ਆਪਣੇ ਅਨੁਭਵਾਂ ਨੂੰ ਸ਼ਬਦਾਂ ਵਿੱਚ ਬਿਆਨ ਕਰ।’’

ਇਹ ਸੁਣ ਕੇ ਪਲਦੀਪ ਨੇ ਘੜੀ ਨੂੰ ਵਾਅਦਾ ਕੀਤਾ ਕਿ ਹੁਣ ਤੋਂ ਉਹ ਸਮੇਂ ਦੀ ਕਦਰ ਕਰੇਗਾ। ਪਲਦੀਪ ਸੁਪਨੇ ਵਿੱਚੋਂ ਉੱਭੜਵਾਹਾ ਉੱਠ ਕੇ ਬੈਠ ਗਿਆ। ਉਸ ਨੇ ਤੁਰੰਤ ਕਾਪੀ ਖੋਲ੍ਹੀ ਤੇ ਲਿਖਣਾ ਸ਼ੁਰੂ ਕੀਤਾ, “ਸਮਾਂ ਸਭ ਤੋਂ ਕੀਮਤੀ ਧਨ ਹੈ। ਘੜੀ ਦੀ ਹਰ ਟਿਕ-ਟਿਕ ਸਾਨੂੰ ਯਾਦ ਦਿਵਾਉਂਦੀ ਹੈ ਕਿ ਬੀਤੇ ਪਲ ਮੁੜ ਨਹੀਂ ਆਉਂਦੇ...।” ਪਲਦੀਪ ਲਿਖਦਾ ਗਿਆ। ਲਿਖਦੇ- ਲਿਖਦੇ ਉਸ ਦੀ ਕਾਪੀ ਭਰ ਗਈ। ਸ਼ਬਦ ਉਸ ਦੇ ਦਿਲੋਂ ਵਗਦੇ ਗਏ ਕਿਉਂਕਿ ਹੁਣ ਉਹ ਘੜੀ ਦੀ ਸਿੱਖਿਆ ਨਾਲ ਜੁੜ ਗਿਆ ਸੀ।

ਅਗਲੇ ਦਿਨ ਸਕੂਲ ਵਿੱਚ ਸਾਰੇ ਬੱਚੇ ਆਪਣਾ-ਆਪਣਾ ਲੇਖ ਸੁਣਾਉਣ ਲੱਗੇ। ਜਦੋਂ ਪਲਦੀਪ ਦੀ ਵਾਰੀ ਆਈ, ਉਹ ਡਰਿਆ ਤਾਂ ਸੀ, ਪਰ ਉਸ ਦੇ ਸ਼ਬਦ ਸੱਚਾਈ ਨਾਲ ਭਰੇ ਹੋਏ ਸਨ। ਉਸ ਨੇ ਘੜੀ ਦੀ ਟਿਕ-ਟਿਕ ਬਾਰੇ ਲਿਖਿਆ ਹੋਇਆ ਲੇਖ ਪੜ੍ਹਿਆ।

ਅਧਿਆਪਕ ਹੈਰਾਨ ਰਹਿ ਗਏ। ਬਾਕੀ ਬੱਚਿਆਂ ਨੇ ਕਿਤਾਬਾਂ ਤੋਂ ਲਿਖਿਆ ਸੀ, ਪਰ ਪਲਦੀਪ ਨੇ ਆਪਣਾ ਅਨੁਭਵ ਤੇ ਸਿੱਖਿਆ ਸਾਂਝੀ ਕੀਤੀ ਸੀ। ਉਸ ਦੇ ਸ਼ਬਦਾਂ ਨੇ ਸਭ ਦੇ ਦਿਲ ਛੂਹ ਲਏ।

ਮੁੱਖ ਅਧਿਆਪਕ ਨੇ ਕਿਹਾ, “ਪਲਦੀਪ, ਅੱਜ ਤੂੰ ਸਾਨੂੰ ਦੱਸਿਆ ਹੈ, ਸੱਚਾ ਲੇਖ ਸਿਰਫ਼ ਸ਼ਬਦਾਂ ਦਾ ਜੋੜ ਨਹੀਂ ਹੁੰਦਾ, ਉਹ ਅਨੁਭਵ ਤੇ ਸਿੱਖਿਆ ਨਾਲ ਬਣਦਾ ਹੈ। ਤੂੰ ਆਪਣੇ ਨਾਮ ਦੀ ਤਰ੍ਹਾਂ ਹਰ ਪਲ ਨੂੰ ਚਾਨਣ ਨਾਲ ਭਰ ਦਿੱਤਾ ਹੈ।’’

ਉਸ ਦਾ ਸੱਚਾਈ ਨਾਲ ਭਰਿਆ ਲੇਖ ਸਕੂਲ ਦੇ ਬੱਚਿਆਂ ਲਈ ਪ੍ਰੇਰਣਾ ਬਣ ਗਿਆ।

ਮੁੱਖ ਅਧਿਆਪਕ ਨੇ ਸਮੇਂ ਦੀ ਮਹੱਤਤਾ ਬਾਰੇ ਬੱਚਿਆਂ ਨਾਲ ਕੁਝ ਗੱਲਾਂ ਸਾਂਝੀਆਂ ਕਰਦਿਆਂ ਪਲਦੀਪ ਨੂੰ ਇਨਾਮ ਦੇਣ ਲਈ ਸਟੇਜ ’ਤੇ ਬੁਲਾਇਆ। ਪਲਦੀਪ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।

ਸਕੂਲੋਂ ਛੁੱਟੀ ਮਿਲ ਜਾਣ ਤੋਂ ਬਾਅਦ ਪਲਦੀਪ ਖ਼ੁਸ਼ੀ-ਖ਼ੁਸ਼ੀ ਘਰ ਪਹੁੰਚਿਆ ਤੇ ਆਉਂਦਿਆਂ ਹੀ ਮਾਂ ਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਆਪਣੀ ਗ਼ਲਤੀ ਦਾ ਅਹਿਸਾਸ ਕਰਦਿਆਂ ਕਿਹਾ, ‘‘ਮਾਂ ਹੁਣ ਮੈਂ ਸਮੇਂ ਦੀ ਕਦਰ ਕਰਨੀ ਸਿੱਖ ਗਿਆ ਹਾਂ, ਦੇਖੋ ਅੱਜ ਮੈਂ ਸਮੇਂ ਬਾਰੇ ਹੀ ਲੇਖ ਲਿਖਿਆ, ਮੈਨੂੰ ਇਨਾਮ ਵੀ ਮਿਲਿਆ ਹੈ। ਮਾਂ ਦੀਆਂ ਅੱਖਾਂ ਵਿੱਚ ਖ਼ੁਸ਼ੀ ਨਾਲ ਹੰਝੂ ਆ ਗਏ।

ਮਾਂ ਨੇ ਮੁਸਕਰਾਉਂਦਿਆਂ ਕਿਹਾ, ‘‘ਮੈਨੂੰ ਪਤਾ ਸੀ ਕਿ ਮੇਰਾ ਪਲਦੀਪ ਇੱਕ ਦਿਨ ਪਲ-ਪਲ ਦੀ ਕੀਮਤ ਨੂੰ ਸਮਝਣਾ ਜ਼ਰੂਰ ਸਿੱਖ ਲਵੇਗਾ।

ਸੰਪਰਕ: 98769-26873

Advertisement
Show comments