ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਲਾਸਟਿਕ ਪ੍ਰਦੂਸ਼ਣ ’ਚ ਖਾਮੋਸ਼ ਹੋ ਰਹੀ ਪੰਛੀਆਂ ਦੀ ਚੁਹਕ

ਕਦੇ ਦੁਨੀਆ ਵਿੱਚ ਸਵੇਰ ਪੰਛੀਆਂ ਦੀ ਚੁਹਕ ਨਾਲ ਗੂੰਜਦੀ ਹੁੰਦੀ ਸੀ। ਕੋਇਲ ਦੀ ਮਿੱਠੀ ਆਵਾਜ਼ ਤੋਂ ਲੈ ਕੇ ਕਾਂਜ ਦੀ ਕਾਕੜੀ ਤੱਕ, ਇਹ ਸਿਰਫ਼ ਸੁਰੀਲੇ ਸੰਗੀਤ ਨਹੀਂ ਸਨ, ਬਲਕਿ ਇਹ ਤੰਦਰੁਸਤ ਈਕੋਤੰਤਰ ਦੇ ਚਿੰਨ੍ਹ ਸਨ। ਅੱਜਕੱਲ੍ਹ ਇਹ ਆਵਾਜ਼ਾਂ ਖਾਮੋਸ਼ ਹੋ...
Advertisement

ਕਦੇ ਦੁਨੀਆ ਵਿੱਚ ਸਵੇਰ ਪੰਛੀਆਂ ਦੀ ਚੁਹਕ ਨਾਲ ਗੂੰਜਦੀ ਹੁੰਦੀ ਸੀ। ਕੋਇਲ ਦੀ ਮਿੱਠੀ ਆਵਾਜ਼ ਤੋਂ ਲੈ ਕੇ ਕਾਂਜ ਦੀ ਕਾਕੜੀ ਤੱਕ, ਇਹ ਸਿਰਫ਼ ਸੁਰੀਲੇ ਸੰਗੀਤ ਨਹੀਂ ਸਨ, ਬਲਕਿ ਇਹ ਤੰਦਰੁਸਤ ਈਕੋਤੰਤਰ ਦੇ ਚਿੰਨ੍ਹ ਸਨ। ਅੱਜਕੱਲ੍ਹ ਇਹ ਆਵਾਜ਼ਾਂ ਖਾਮੋਸ਼ ਹੋ ਗਈਆਂ ਹਨ। ਸਮੁੰਦਰੀ ਕਿਨਾਰਿਆਂ ’ਤੇ ਵੀ ਲਹਿਰਾਂ ਤਾਂ ਉੱਠਦੀਆਂ ਹਨ, ਪਰ ਹੁਣ ਉਨ੍ਹਾਂ ਵਿੱਚ ਟਰਨਾਂ ਅਤੇ ਪਲੋਵਰਾਂ ਦੀ ਆਵਾਜ਼ ਨਹੀਂ ਰਹੀ। ਇਸ ਚੁੱਪ ਦਾ ਸਭ ਤੋਂ ਵੱਡਾ ਦੋਸ਼ੀ ਹੈ: ਪਲਾਸਟਿਕ। ਆਮ ਤੌਰ ’ਤੇ ਸਮੁੰਦਰ ਜਾਂ ਕੂੜਾ ਡੰਪ ਕਰਨ ਦੀਆਂ ਥਾਵਾਂ ਦੇ ਪ੍ਰਦੂਸ਼ਣ ਨਾਲ ਜੋੜੀ ਜਾਂਦੀ ਪਲਾਸਟਿਕ ਹੁਣ ਹਵਾ ਵਿੱਚ ਵੀ ਵੱਡੇ ਪੱਧਰ ’ਤੇ ਹੋ ਗਈ ਹੈ। ਵਾਤਾਵਰਨ ਦੀ ਸਿਹਤ ਦੇ ਨਿਗਰਾਨ ਪੰਛੀ ਹੁਣ ਮਨੁੱਖ ਦੀ ਪਲਾਸਟਿਕ ’ਤੇ ਨਿਰਭਰਤਾ ਦੇ ਸ਼ਿਕਾਰ ਬਣ ਰਹੇ ਹਨ।

ਹਰ ਸਾਲ ਦੁਨੀਆ ਭਰ ਵਿੱਚ 400 ਮਿਲੀਅਨ ਟਨ ਤੋਂ ਵੱਧ ਪਲਾਸਟਿਕ ਬਣਾਇਆ ਜਾਂਦਾ ਹੈ, ਜਿਸ ਵਿੱਚੋਂ ਵੱਡਾ ਹਿੱਸਾ ਢੰਗ ਨਾਲ ਨਿਪਟਾਇਆ ਨਹੀਂ ਜਾਂਦਾ ਅਤੇ ਆਲੇ-ਦੁਆਲੇ ਦੇ ਵਾਤਾਵਰਨ ਵਿੱਚ ਫੈਲ ਜਾਂਦਾ ਹੈ। ਭਾਵੇਂ ਉਹ ਭੀੜ-ਭਾੜ ਵਾਲੀਆਂ ਸ਼ਹਿਰੀ ਗਲੀਆਂ ਹੋਣ ਜਾਂ ਬੇਆਬਾਦ ਟਾਪੂ, ਪਲਾਸਟਿਕ ਹੁਣ ਹਰ ਥਾਂ ਮੌਜੂਦ ਹੈ। ਇਸ ਦਾ ਟਿਕਾਊ ਸੁਭਾਅ ਜੋ ਕਦੇ ਇਸ ਦੀ ਖ਼ੂਬੀ ਸੀ, ਹੁਣ ਵੱਡਾ ਵਾਤਾਵਰਨ ਖ਼ਤਰਾ ਬਣ ਚੁੱਕਾ ਹੈ। ਇਸ ਦੇ ਜੀਵਤ ਟਿਸ਼ੂ, ਮਿੱਟੀ ਅਤੇ ਪਾਣੀ ਵਿੱਚ ਸਦੀਆਂ ਤੱਕ ਸੁਰੱਖਿਅਤ ਪਏ ਰਹਿੰਦੇ ਹਨ।

Advertisement

ਪੰਛੀਆਂ ਲਈ ਇਹ ਇੱਕ ਬਹੁ-ਪੱਖੀ ਖ਼ਤਰਾ ਹੈ। ਉਹ ਪਲਾਸਟਿਕ ਨਾਲ ਚਾਰ ਤਰੀਕਿਆਂ ਨਾਲ ਟਕਰਾਉਂਦੇ ਹਨ:-ਨਿਗਲਣਾ, ਉਲਝਣਾ, -ਆਲ੍ਹਣਿਆਂ ਵਿੱਚ ਪ੍ਰਦੂਸ਼ਿਤ ਸਮੱਗਰੀ ਦੀ ਵਰਤੋਂ, -ਖੁਰਾਕ ਚੱਕਰ ਵਿੱਚ ਵਿਘਨ।

ਸਮੁੰਦਰੀ ਪੰਛੀ, ਤੱਟਵਰਤੀ ਪੰਛੀ ਅਤੇ ਜੰਗਲੀ ਪ੍ਰਜਾਤੀਆਂ ਪਲਾਸਟਿਕ ਨੂੰ ਖਾਣ ਵਾਲੀ ਚੀਜ਼ ਸਮਝ ਕੇ ਨਿਗਲ ਜਾਂਦੇ ਹਨ ਜਾਂ ਆਪਣੀ ਖੁਰਾਕ ਨਾਲ ਮਿਲੀਆਂ ਹੋਈਆਂ ਛੋਟੀਆਂ ਝਿੱਲੀਆਂ ਨਿਗਲ ਜਾਂਦੇ ਹਨ। ਬੋਤਲਾਂ ਦੇ ਢੱਕਣ ਮੱਛੀ ਦੇ ਅੰਡਿਆਂ ਵਰਗੇ ਲੱਗਦੇ ਹਨ, ਪਲਾਸਟਿਕ ਦੇ ਟੁਕੜੇ ਕੇਕੜਿਆਂ ਜਾਂ ਕੀੜਿਆਂ ਵਰਗੇ ਲੱਗਦੇ ਹਨ। ਅਲਬੈਟ੍ਰਾਸ, ਪੈਟਰਲ ਤੇ ਸ਼ੀਅਰਵਾਟਰ ਵਰਗੇ ਸਮੁੰਦਰੀ ਪੰਛੀ ਖ਼ਾਸ ਤੌਰ ’ਤੇ ਨਾਜ਼ੁਕ ਹੁੰਦੇ ਹਨ। ਅਜਿਹੇ ਪੰਛੀ ਜਦੋਂ ਪਲਾਸਟਿਕ ਨਿਗਲ ਜਾਂਦੇ ਹਨ ਤਾਂ ਇਹ ਉਨ੍ਹਾਂ ਦੀ ਹਜ਼ਮ ਕਰਨ ਵਾਲੀ ਨਲੀ ਨੂੰ ਬੰਦ ਕਰ ਦਿੰਦਾ ਹੈ। ਅੰਦਰਲੇ ਅੰਗਾਂ ਨੂੰ ਛਿੱਲਣ ਤੋਂ ਲੈ ਕੇ ਭੁੱਖ ਦਾ ਅਹਿਸਾਸ ਘਟਣ ਤੱਕ, ਇਹ ਨਤੀਜੇ ਮਹਾਂਵਿਨਾਸ਼ਕ ਹੁੰਦੇ ਹਨ।

ਭਾਰਤ ਵਿੱਚ ਤਾਮਿਲ ਨਾਡੂ, ਅਸਾਮ ਤੇ ਉੱਤਰ ਪ੍ਰਦੇਸ਼ ਦੀਆਂ ਗਿੱਲੀਆਂ ਜ਼ਮੀਨਾਂ ’ਚ ਬਗਲੇ, ਰਾਮਚੀਰੀਆਂ (Kingfishers) ਅਤੇ ਅੱਧਕੱਠ (Herons) ਪੰਛੀਆਂ ਦੀਆਂ ਮੌਤਾਂ ਪਲਾਸਟਿਕ ਕਾਰਨ ਦਰਜ ਕੀਤੀਆਂ ਗਈਆਂ ਹਨ। ਨਾਲਿਆਂ ਜਾਂ ਮਲ-ਨਿਕਾਸੀ ਪ੍ਰਣਾਲੀ ਵਾਲੇ ਖੇਤਰਾਂ ’ਚ ਖੁਰਾਕ ਲੱਭਦੇ ਪੰਛੀਆਂ ਨੂੰ ਸਭ ਤੋਂ ਵੱਧ ਖ਼ਤਰਾ ਹੈ।

ਆਲ੍ਹਣਾ ਬਣਾਉਂਦੇ ਸਮੇਂ ਵੀ ਸ਼ਹਿਰੀ ਪੰਛੀ ਪਲਾਸਟਿਕ ਦੇ ਧਾਗਿਆਂ, ਰੈਪਰਾਂ ਅਤੇ ਰੰਗੀਨ ਟੁਕੜਿਆਂ ਦੀ ਵਰਤੋਂ ਕਰਦੇ ਹਨ ਜੋ ਕਿ ਚੂਜ਼ਿਆਂ ਲਈ ਗਰਮੀ ਅਤੇ ਜ਼ਖ਼ਮ ਦਾ ਕਾਰਨ ਬਣਦੇ ਹਨ। ਇਨ੍ਹਾਂ ਵਿੱਚ ਉਲਝਣ ਕਾਰਨ ਉਨ੍ਹਾਂ ਦੀ ਸਰੀਰਕ ਹਲਚਲ ਰੁਕ ਜਾਂਦੀ ਹੈ, ਉਲਝੇ ਹੋਏ ਪੰਛੀਆਂ ਦੀ ਚੱਲਣ-ਫਿਰਨ ਦੀ ਸਮਰੱਥਾ ਘਟ ਜਾਂਦੀ ਹੈ, ਸਿੱਟੇ ਵਜੋਂ ਉਹ ਭੁੱਖੇ ਮਰ ਜਾਂਦੇ ਹਨ ਜਾਂ ਉਨ੍ਹਾਂ ਦੇ ਸ਼ਿਕਾਰ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ। ਉੱਥੇ ਹੀ ਮਾਈਕਰੋ ਪਲਾਸਟਿਕ ਅਤੇ ਜ਼ਹਿਰੀਲੇ ਰਸਾਇਣ ਪੰਛੀਆਂ ਦੇ ਹਾਰਮੋਨ, ਪ੍ਰਜਨਨ ਅਤੇ ਰੋਗ ਪ੍ਰਤੀਰੋਧੀ ਤੰਤਰ ’ਤੇ ਭਾਰੀ ਅਸਰ ਕਰਦੇ ਹਨ।

ਪਲਾਸਟਿਕ ਸਿਰਫ਼ ਜ਼ਹਿਰ ਹੀ ਨਹੀਂ, ਸਗੋਂ ਇੱਕ ਭੌਤਿਕ ਜਾਲ ਵੀ ਹੈ ਜੋ ਪੰਛੀਆਂ ਨੂੰ ਆਪਣੇ ਵਿੱਚ ਫਸਾ ਲੈਂਦਾ ਹੈ। ਮੱਛੀ ਫੜਨ ਲਈ ਸੁੱਟੇ ਗਏ ਜਾਲ, ਡੋਰੀਆਂ, ਰੱਸੀਆਂ ਅਤੇ ਪੈਕਿੰਗ ਸਮੱਗਰੀ ਬਹੁਤ ਸਾਰੇ ਪੰਛੀਆਂ ਦੇ ਪੈਰਾਂ ਜਾਂ ਖੰਭਾਂ ਨੂੰ ਫੜ ਲੈਂਦੇ ਹਨ। ਮਗਰਮੱਛ, ਸਟਾਰਕ ਅਤੇ ਕੋਰਮੋਰੈਂਟ ਵਰਗੇ ਪੰਛੀ ਮੱਛੀ ਮਾਰਕੀਟ ਨੇੜੇ ਅਕਸਰ ਫਸੇ ਹੋਏ ਮਿਲਦੇ ਹਨ। ਸ਼ਹਿਰੀ ਪੰਛੀ ਜਿਵੇਂ ਕਿ ਕਬੂਤਰ ਤੇ ਚੀਲਾਂ ਉਲਝੀਆਂ ਹੋਈਆਂ ਡੋਰੀਆਂ ਕਾਰਨ ਅੰਨ੍ਹੀਆਂ ਜਾਂ ਲੂਲੀਆਂ ਹੋ ਜਾਂਦੀਆਂ ਹਨ।

ਆਲ੍ਹਣੇ ਵੀ ਹੁਣ ਸੁਰੱਖਿਅਤ ਨਹੀਂ ਰਹੇ। ਸ਼ਹਿਰੀ ਇਲਾਕਿਆਂ ’ਚ ਪੰਛੀਆਂ ਵੱਲੋਂ ਵਰਤੇ ਗਏ ਪਲਾਸਟਿਕ ਦੇ ਤੰਤੂ ਗਰਮੀ ਅਤੇ ਰਸਾਇਣਕ ਪਦਾਰਥ ਰਿਲੀਜ਼ ਕਰਦੇ ਹਨ ਜੋ ਚੂਚਿਆਂ ਲਈ ਖ਼ਤਰਨਾਕ ਹੁੰਦੇ ਹਨ।

ਮਾਈਕਰੋ ਪਲਾਸਟਿਕ ਜੋ 5 ਮਿਲੀਮੀਟਰ ਤੋਂ ਛੋਟੀ ਹੁੰਦੀ ਹੈ, ਉਹ ਹੋਰ ਵੀ ਘਾਤਕ ਹੁੰਦੀ ਹੈ। ਇਹ ਵੱਡੇ ਪਲਾਸਟਿਕ ਦੇ ਟੁਕੜਿਆਂ ਤੋਂ ਜਾਂ ਕੌਸਮੈਟਿਕ ਉਤਪਾਦਾਂ ਤੋਂ ਬਣਦੇ ਹਨ। ਇਹ ਜੈਵਿਕ ਪ੍ਰਦੂਸ਼ਕ ਜਲਚਰ ਜੀਵਾਂ ਦੇ ਟਿਸ਼ੂਆਂ ਵਿੱਚ ਇਕੱਠੇ ਹੋ ਜਾਂਦੇ ਹਨ ਅਤੇ ਖੁਰਾਕ ਦੀ ਲੜੀ ਵਿੱਚ ਦਾਖਲ ਹੋ ਜਾਂਦੇ ਹਨ। ਉਹ ਪੰਛੀ ਜੋ ਮੱਛੀਆਂ, ਘੋਗੇ ਜਾਂ ਕੀੜੇ ਦੂਸ਼ਿਤ ਪਾਣੀ ਤੋਂ ਖਾਂਦੇ ਹਨ, ਉਹ ਅਣਜਾਣੇ ਵਿੱਚ ਹੀ ਮਾਈਕਰੋ ਪਲਾਸਟਿਕ ਨੂੰ ਨਿਗਲ ਲੈਂਦੇ ਹਨ, ਪਰ ਇਹ ਕਣ ਸਿਰਫ਼ ਪੇਟ ਦੀ ਥਾਂ ਹੀ ਨਹੀਂ ਘੇਰਦੇ, ਬਲਕਿ ਇਹ ਆਪਣੇ ਨਾਲ ਲੰਮੇ ਸਮੇਂ ਤੱਕ ਟਿਕਣ ਵਾਲੇ ਜੈਵਿਕ ਪ੍ਰਦੂਸ਼ਕ (POPs) ਜਿਵੇਂ ਕਿ PCBs ਅਤੇ DDT ਵੀ ਲਿਆਉਂਦੇ ਹਨ। ਇਹ ਜ਼ਹਿਰਲੇ ਪਦਾਰਥ ਪ੍ਰਜਨਨ, ਰੋਗ-ਪ੍ਰਤੀਰੋਧਕ ਤੰਤਰ ਅਤੇ ਵਾਧੇ ਨੂੰ ਨਿਯੰਤਰਿਤ ਕਰਨ ਵਾਲੇ ਹਾਰਮੋਨ ਵਿੱਚ ਦਾਖਲ ਹੋ ਜਾਂਦੇ ਹਨ। 2022 ਵਿੱਚ ਭਾਰਤ ਇੰਸਟੀਚਿਊਟ ਆਫ ਸਾਇੰਸ ਸੰਸਥਾ, ਬੰਗਲੌਰ ਨੇ ਸ਼ਹਿਰੀ ਕਾਂਜਾਂ ਅਤੇ ਪੰਛੀਆਂ ਦੇ ਮਲ ’ਚ ਮਾਈਕਰੋ ਪਲਾਸਟਿਕ ਦੀ ਮੌਜੂਦਗੀ ਦਰਜ ਕੀਤੀ ਜੋ ਕਿ ਗੰਦੇ ਪਾਣੀ ਰਾਹੀਂ ਆਈ ਸੀ।

ਪਲਾਸਟਿਕ ਪਦਾਰਥ ਹੌਲੀ-ਹੌਲੀ ਆਲ੍ਹਣੇ ਬਣਾਉਣ ਦੀਆਂ ਥਾਵਾਂ ਨੂੰ ਨਸ਼ਟ ਕਰ ਰਹੇ ਹਨ। ਵਿਸ਼ੇਸ਼ ਤੌਰ ’ਤੇ ਗਿੱਲੀਆਂ ਜ਼ਮੀਨਾਂ ਜੋ ਪੰਛੀਆਂ ਲਈ ਮੁੱਖ ਆਵਾਸ ਹਨ, ਇਹ ਪ੍ਰਦੂਸ਼ਣ ਕਾਰਨ ਪ੍ਰਭਾਵਿਤ ਹੋ ਰਹੀਆਂ ਹਨ। ਉੱਤਰੀ ਕੋਲਕਾਤਾ ਦੀਆਂ ‘ਪੂਰਬੀ ਕੋਲਕਾਤਾ ਜਲਗਾਹਾਂ’ ਵਿੱਚ ਪਲਾਸਟਿਕ ਨੇ ਮੱਛੀਆਂ ਅਤੇ ਪੰਛੀਆਂ ਦੀ ਵਰਤੋਂ ਵਾਲੀ ਜੈਵਿਕਤਾ ਨੂੰ ਘਟਾ ਦਿੱਤਾ ਹੈ। ਚਿਲਿਕਾ ਝੀਲ ’ਚ ਵੀ ਪਲਾਸਟਿਕ ਮੱਛੀ ਦੀ ਉਤਪਤੀ ਘਟਾ ਰਿਹਾ ਹੈ, ਜਿਸ ਨਾਲ ਖੁੱਲ੍ਹੇ ਚੁੰਜ ਵਾਲੇ ਸਟਾਰਕ, ਟਰਨ ਪੰਛੀ, ਸਮੁੰਦਰੀ ਪੰਛੀ ਅਤੇ ਮੱਛੀ ਫੜਨ ਵਾਲੀਆਂ ਚੀਲਾਂ ’ਤੇ ਅਸਰ ਹੋ ਰਿਹਾ ਹੈ।

ਪਲਾਸਟਿਕ ਤੋਂ ਪੰਛੀ ਇਕੱਲੇ ਪੀੜਤ ਨਹੀਂ ਹਨ, ਸਗੋਂ ਉਹ ਪੂਰੇ ਸਿਸਟਮ ਦਾ ਆਧਾਰ ਹਨ। ਪੰਛੀਆਂ ਦੀ ਘਟਦੀ ਗਿਣਤੀ ਪੂਰੇ ਈਕੋਤੰਤਰ ’ਤੇ ਗੰਭੀਰ ਪ੍ਰਭਾਵ ਛੱਡਦੀ ਹੈ। ਉਹ ਬੂਟਿਆਂ ਦੀ ਪਰਾਗਣ, ਬੀਜ ਫੈਲਾਅ ਅਤੇ ਕੀੜਿਆਂ ਦੇ ਨਿਯੰਤਰਣ ਵਿੱਚ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੀ ਘਟਦੀ ਗਿਣਤੀ ਫ਼ਸਲ ਨੂੰ ਨੁਕਸਾਨ, ਜੰਗਲੀ ਜਾਨਵਰਾਂ ਦਾ ਵਾਧਾ ਅਤੇ ਬਿਮਾਰੀਆਂ ਵਧਾ ਸਕਦੀ ਹੈ। ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ’ਚ ਕੂੜਾ ਭਰਨ ਵਾਲੀਆਂ ਜ਼ਮੀਨਾਂ (ਲੈਂਡਫਿਲ ਸਾਈਟਾਂ) ਨੇ ਕਾਲੀਆਂ ਚੀਲਾਂ ਨੂੰ ਪ੍ਰਭਾਵਿਤ ਕੀਤਾ ਹੈ ਜੋ ਪਹਿਲਾਂ ਮਨੁੱਖੀ ਜੀਵਨਸ਼ੈਲੀ ਨਾਲ ਟਿਕ ਕੇ ਰਹਿ ਰਹੀਆਂ ਸਨ।

ਭਾਰਤ ਨੇ ਪਲਾਸਟਿਕ ਦੇ ਵਧਦੇ ਖ਼ਤਰਿਆਂ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ:

• 2016 ਦੇ ਪਲਾਸਟਿਕ ਵੇਸਟ ਮੈਨੇਜਮੈਂਟ ਨਿਯਮ

• 2022 ਵਿੱਚ ਕੁਝ ਸਿੰਗਲ ਯੂਜ਼ ਆਈਟਮਾਂ ’ਤੇ ਪਾਬੰਦੀ

• ਕਈ ਰਾਜਾਂ (ਹਿਮਾਚਲ, ਸਿੱਕਿਮ, ਮਹਾਰਾਸ਼ਟਰ, ਕੇਰਲ) ਵੱਲੋਂ ਸਥਾਨਕ ਪਾਬੰਦੀਆਂ

• ਪੰਜਾਬ ਨੇ ਵੀ ਪਲਾਸਟਿਕ ਬੈਗ ਅਤੇ ਸਿੰਗਲ ਯੂਜ਼ ਆਈਟਮਾਂ ’ਤੇ 2016 ਅਤੇ 2022 ’ਚ ਪਾਬੰਦੀ ਲਗਾਈ।

ਹਾਲਾਂਕਿ ਨੀਤੀਆਂ ਮੌਜੂਦ ਹਨ, ਪਰ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਉਹ ਗੰਭੀਰਤਾ ਨਹੀਂ ਹੈ। ਪੀ.ਏ.ਯੂ. ਲੁਧਿਆਣਾ ਕੈਂਪਸ ਵਿੱਚ ਐੱਨਐੱਸਐੱਸ ਵਿਦਿਆਰਥੀਆਂ ਅਤੇ ਪੰਜਾਬ ਵਿੱਚ ਕਈ ਗ਼ੈਰ-ਲਾਭਕਾਰੀ ਸੰਸਥਾਵਾਂ ਨੇ ਪਲਾਸਟਿਕ ਸਫ਼ਾਈ ਮੁਹਿੰਮਾਂ ਵਿੱਚ ਭਾਗ ਲਿਆ ਹੈ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਗ਼ੈਰ-ਲਾਭਕਾਰੀ ਸੰਸਥਾਵਾਂ ਅਤੇ ਸਥਾਨਕ ਸਮੁਦਾਇਕ ਸੰਸਥਾਵਾਂ ਵੱਲੋਂ ਸੁਲਤਾਨਪੁਰ (ਹਰਿਆਣਾ) ਅਤੇ ਭੀਤਰਕਣਿਕਾ (ਉੜੀਸਾ) ਵਰਗੀਆਂ ਗਿੱਲੀਆਂ ਜ਼ਮੀਨਾਂ ਵਿੱਚ ਪਲਾਸਟਿਕ ਸਫ਼ਾਈ ਮੁਹਿੰਮਾਂ ਚਲਾਈਆਂ ਗਈਆਂ ਹਨ।

ਈਕੋਤੰਤਰ ਨੂੰ ਬਣਾਈ ਰੱਖਣ ਲਈ ਪਲਾਸਟਿਕ ਦੀ ਵਰਤੋਂ ਘਟਾਉਣਾ ਜ਼ਰੂਰੀ ਹੈ। ਇਸ ਲਈ ਵਾਤਾਵਰਨ ਪੱਖੀ ਪੈਕੇਜਿੰਗ ਅਤੇ ਜੈਵਿਕ ਵਿਕਲਪਾਂ ਨੂੰ ਪ੍ਰੋਤਸਾਹਨ ਦੇਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਨਾਲ ਸਕੂਲ ਅਤੇ ਕਾਲਜ ਪੱਧਰ ’ਤੇ ਪਲਾਸਟਿਕ-ਮੁਕਤ ਆਦਤਾਂ ਬਾਰੇ ਵੱਡੇ ਪੱਧਰ ’ਤੇ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈ। ਯੂਐੱਨਈਪੀ ਵੱਲੋਂ ਚਲਾਈ ਗਈ #BeatPlasticPollution ਮੁਹਿੰਮ ਵਿਅਕਤੀਗਤ ਅਤੇ ਸਮੂਹਿਕ ਕਦਮ ਚੁੱਕਣ ਲਈ ਉਤਸ਼ਾਹਿਤ ਕਰਦੀ ਹੈ। 2022 ਤੋਂ ਚੱਲ ਰਹੀ ਸੰਯੁਕਤ ਰਾਸ਼ਟਰ ਦੀ ਗਲੋਬਲ ਪਲਾਸਟਿਕ ਸੰਧੀ ਵਰਗੀਆਂ ਅੰਤਰਰਾਸ਼ਟਰੀ ਸਹਿਮਤੀਆਂ ਦਾ ਸਮਰਥਨ ਕਰਨਾ ਵੀ ਜ਼ਰੂਰੀ ਹੈ।

ਇਸ ਦੇ ਨਾਲ ਹੀ ਝੀਲਾਂ ਅਤੇ ਪੰਛੀਆਂ ਦੇ ਆਲ੍ਹਣੇ ਬਣਾਉਣ ਵਾਲੀਆਂ ਥਾਵਾਂ ਦੇ ਆਲੇ-ਦੁਆਲੇ ਪਲਾਸਟਿਕ-ਮੁਕਤ ਬਫ਼ਰ ਜ਼ੋਨ ਬਣਾਇਆ ਜਾਵੇ। ਨਾਲਿਆਂ ਦੇ ਆਉਟਲੈਟ ’ਤੇ ਪਲਾਸਟਿਕ ਫਿਲਟਰ/ਟਰੈਪ ਲਗਾਉਣਾ ਤਾਂ ਜੋ ਪੰਛੀਆਂ ਦੇ ਆਵਾਸਾਂ ਵਿੱਚ ਪਲਾਸਟਿਕ ਦੀ ਪਹੁੰਚ ਘਟਾਈ ਜਾ ਸਕੇ। eBird, iNaturalist, ਅਤੇ BirdCount India ਵਰਗੇ ਸਿਟੀਜ਼ਨ ਸਾਇੰਸ ਐਪ ਲੋਕਾਂ ਨੂੰ ਪੰਛੀਆਂ ਦੀ ਗਿਣਤੀ ਦੀ ਨਿਗਰਾਨੀ ਕਰਨ ਅਤੇ ਖ਼ਤਰੇ ਦੀ ਰਿਪੋਰਟ ਕਰਨ ਦਾ ਮੌਕਾ ਦਿੰਦੇ ਹਨ। ਸਥਾਨਕ ਪੱਧਰ ’ਤੇ ਲੋਕਾਂ ਵਿੱਚ ਜਾਗਰੂਕਤਾ ਡੋਰਾਂ ਵਿੱਚ ਉਲਝੇ ਜਾਂ ਜ਼ਖ਼ਮੀ ਪੰਛੀਆਂ ਦੀ ਜਾਣਕਾਰੀ ਵਣ ਜੀਵਨ ਬਚਾਅ ਟੀਮਾਂ ਤੱਕ ਪਹੁੰਚਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ।

ਪੰਛੀਆਂ ਦੀ ਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਹ ਈਕੋਤੰਤਰ ਦੀ ਖ਼ਤਰੇ ਦੀ ਪਹਿਲੀ ਚਿਤਾਵਨੀ ਹੁੰਦੇ ਹਨ। ਪਲਾਸਟਿਕ ਪ੍ਰਦੂਸ਼ਣ ਜੋ ਮਨੁੱਖ ਨੇ ਬਣਾਇਆ ਹੈ, ਉਹ ਮਨੁੱਖੀ ਕੋਸ਼ਿਸ਼ਾਂ ਰਾਹੀਂ ਹੀ ਹੱਲ ਹੋ ਸਕਦਾ ਹੈ। ਸਦੀਆਂ ਤੋਂ ਪੰਛੀਆਂ ਨੇ ਸਾਨੂੰ ਪ੍ਰੇਰਿਤ ਕੀਤਾ ਹੈ। ਜੇ ਉਨ੍ਹਾਂ ਦੀ ਚੁਹਕ ਪਲਾਸਟਿਕ ਹੇਠ ਦੱਬ ਗਈ ਤਾਂ ਇਹ ਚੁੱਪੀ ਸਾਡੀ ਹੋਵੇਗੀ।

*ਮੁੱਖ ਪੰਛੀ ਵਿਗਿਆਨੀ ਅਤੇ ਮੁਖੀ, ਜੀਵ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

Advertisement