ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਰਿਵਾਰਾਂ ਦੀ ਬਦਲਦੀ ਰੂਪ ਰੇਖਾ

ਪਰਿਵਾਰ ਸਮਾਜ ਦੀ ਸਭ ਤੋਂ ਛੋਟੀ, ਪਰ ਮਹੱਤਵਪੂਰਨ ਇਕਾਈ ਹੁੰਦੀ ਹੈ। ਮਨੁੱਖ ਜਨਮ ਸਮੇਂ ਤੋਂ ਲੈ ਕੇ ਮਰਨ ਤੱਕ ਇੱਕ ਪਰਿਵਾਰ ਦਾ ਹਿੱਸਾ ਰਹਿੰਦਾ ਹੈ ਜਾਂ ਇਉਂ ਕਹਿ ਲਵੋ ਕਿ ਪਰਿਵਾਰ ਮਨੁੱਖ ਦੀ ਜ਼ਿੰਦਗੀ ਦਾ ਉਹ ਧੁਰਾ ਹੁੰਦਾ ਹੈ ਜਿਸ...
Advertisement

ਪਰਿਵਾਰ ਸਮਾਜ ਦੀ ਸਭ ਤੋਂ ਛੋਟੀ, ਪਰ ਮਹੱਤਵਪੂਰਨ ਇਕਾਈ ਹੁੰਦੀ ਹੈ। ਮਨੁੱਖ ਜਨਮ ਸਮੇਂ ਤੋਂ ਲੈ ਕੇ ਮਰਨ ਤੱਕ ਇੱਕ ਪਰਿਵਾਰ ਦਾ ਹਿੱਸਾ ਰਹਿੰਦਾ ਹੈ ਜਾਂ ਇਉਂ ਕਹਿ ਲਵੋ ਕਿ ਪਰਿਵਾਰ ਮਨੁੱਖ ਦੀ ਜ਼ਿੰਦਗੀ ਦਾ ਉਹ ਧੁਰਾ ਹੁੰਦਾ ਹੈ ਜਿਸ ਦੇ ਇਰਦ ਗਿਰਦ ਉਸ ਦਾ ਜੀਵਨ ਅਤੇ ਸੱਧਰਾਂ ਘੁੰਮਦੀਆਂ ਰਹਿੰਦੀਆਂ ਹਨ। ਕਿਸੇ ਵੀ ਮਨੁੱਖ ਦਾ ਜਿਹੋ ਜਿਹਾ ਪਰਿਵਾਰਕ ਜੀਵਨ ਹੋਵੇਗਾ, ਉਸ ਦੀ ਸ਼ਖ਼ਸੀਅਤ ਵੀ ਲਗਪਗ ਉਸੇ ਅਨੁਸਾਰ ਹੀ ਤਿਆਰ ਹੁੰਦੀ ਹੈ। ਪਰਿਵਾਰ ਵਿੱਚ ਰਹਿ ਕੇ ਉਹ ਜਦੋਂ ਤੋਂ ਹੋਸ਼ ਸੰਭਾਲਦਾ ਹੈ, ਉਹ ਤੋਤਲੀਆਂ ਗੱਲਾਂ ਕਰਨੀਆਂ ਸਿੱਖਦਾ ਹੈ, ਫਿਰ ਉਨ੍ਹਾਂ ਤੋਤਲੀਆਂ ਗੱਲਾਂ ਨਾਲ ਵੱਡਿਆਂ ਦੇ ਰੁੱਸੇ ਤੇ ਮਸੂਸੇ ਚਿਹਰਿਆਂ ਉੱਤੇ ਮੁਸਕਰਾਹਟ ਲਿਆਉਂਦੇ ਦੇਖਦਾ ਹੈ ਤੇ ਉਹੀ ਕੁਝ ਆਪ ਸਿੱਖਦਾ ਹੈ।‌ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਹੈ ਉਹ ਰੁੱਸਣਾ, ਮਨਾਉਣਾ, ਹੱਸਣਾ, ਖੇਡਣਾ ਅਤੇ ਕਰਤੱਵ ਨਿਭਾਉਣੇ ਬਾਖ਼ੂਬੀ ਸਿੱਖਦਾ ਹੈ। ਇਸ ਸਭ ਦੇ ਨਾਲ ਨਾਲ ਉਹ ਆਪਣੀ ਜੀਵਨ ਜਾਚ ਵੀ ਸਿੱਖਦਾ ਹੈ।

ਪਹਿਲਾਂ ਪਹਿਲ ਸੰਯੁਕਤ ਪਰਿਵਾਰ ਸਾਡੇ ਸਮਾਜ ਦਾ ਇੱਕ ਅਹਿਮ ਹਿੱਸਾ ਹੁੰਦੇ ਸਨ ਕਿਉਂਕਿ ਇੱਕ ਸੰਯੁਕਤ ਪਰਿਵਾਰ ਜਿੰਨਾ ਵੱਡਾ ਹੁੰਦਾ ਸੀ, ਓਨਾ ਹੀ ਉਸ ਪਰਿਵਾਰ ਨੂੰ ਸਮਾਜ ਵਿੱਚ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ। ਉਦੋਂ ਚਾਹੇ ਲੋਕ ਬਹੁਤ ਪੜ੍ਹੇ ਲਿਖੇ ਨਹੀਂ ਹੁੰਦੇ ਸਨ ਤੇ ਨਾ ਹੀ ਨੌਕਰੀਆਂ ਕਰਨ ਦਾ ਰਿਵਾਜ ਸੀ, ਪਰ ਫਿਰ ਵੀ ਇੱਕ ਬਜ਼ੁਰਗ ਦੀ ਛਤਰ ਛਾਇਆ ਹੇਠ ਉਸ ਦੇ ਬੱਚਿਆਂ ਤੋਂ ਅੱਗੇ ਬੱਚਿਆਂ ਦੇ ਪਰਿਵਾਰ ਵੀ ਇਕੱਠੇ ਹੀ ਇੱਕ ਛੱਤ ਹੇਠ ਰਹਿੰਦੇ ਸਨ। ਅੱਜਕੱਲ੍ਹ ਕਈ ਵਾਰ ਛੋਟੀਆਂ ਪਾਰਟੀਆਂ ਲਈ ਜਿੰਨਾ ਇਕੱਠ ਹੋ ਜਾਂਦਾ ਹੈ, ਓਨਾ ਤਾਂ ਇੱਕ ਪਰਿਵਾਰ ਦੇ ਜੀਆਂ ਦਾ ਇੱਕ ਘਰ ਵਿੱਚ ਹੁੰਦਾ ਸੀ। ਐਨੇ ਵੱਡੇ ਪਰਿਵਾਰ ਵਿੱਚ ਵਿਚਰਦੇ ਹੋਏ ਬੱਚੇ ਵੱਡਿਆਂ ਨੂੰ ਸਤਿਕਾਰਨਾ, ਛੋਟਿਆਂ ਨੂੰ ਪਿਆਰਨਾ ਅਤੇ ਰੁੱਸਿਆਂ ਨੂੰ ਮਨਾਉਣਾ, ਹੱਸਦਿਆਂ ਨਾਲ ਹੱਸਣਾ, ਵੱਡਿਆਂ ਦੇ ਕੰਮ ਵਿੱਚ ਹੱਥ ਵਟਾਉਣਾ ਆਦਿਕ ਸਦਾਚਾਰਕ ਗੁਣ ਸਹਿਜ ਸੁਭਾਅ ਹੀ ਸਿੱਖ ਲੈਂਦੇ ਸਨ। ਇਸ ਸਭ ਲਈ ਉਨ੍ਹਾਂ ਨੂੰ ਸਿਖਾਉਣ ਦੀ ਲੋੜ ਨਹੀਂ ਪੈਂਦੀ ਸੀ ਸਗੋਂ ਸਹਿਜ ਸੁਭਾਅ ਹੀ ਉਹ ਪਰਿਵਾਰ ਵਿੱਚੋਂ ਚੰਗੀਆਂ ਗੱਲਾਂ ਸਿੱਖ ਲੈਂਦੇ ਸਨ।

Advertisement

ਜਿਵੇਂ ਜਿਵੇਂ ਜ਼ਮਾਨਾ ਬਦਲਦਾ ਗਿਆ ਘਰਾਂ ਵਿੱਚ ਪਾੜ੍ਹਿਆਂ ਦੀ ਗਿਣਤੀ ਵਧਣ ਲੱਗੀ, ਕਿਸੇ ਨੂੰ ਘਰ ਤੋਂ ਦੂਰ ਨੌਕਰੀ ਕਰਨ ਜਾਣਾ ਪੈਂਦਾ, ਕਿਸੇ ਨੂੰ ਘਰ ਦੀ ਵੱਡੀ ਕਬੀਲਦਾਰੀ ’ਤੇ ਆਪਣੀ ਕਮਾਈ ਵਿੱਚੋਂ ਖ਼ਰਚ ਹੋਣ ਦੇ‌ ਡਰੋਂ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਅੱਡ ਹੋਣ ਦੀ ਰੀਤ ਚੱਲ ਪਈ। ਕਈ ਪਰਿਵਾਰਾਂ ਵਿੱਚ ਤਾਂ ਬੱਚਿਆਂ ਦਾ ਅੱਡ ਹੋਣਾ ਵੀ ਸ਼ਰਮਨਾਕ ਮੰਨਿਆ ਜਾਂਦਾ ਸੀ, ਪਰ ਸਮੇਂ ਦੀ ਰਫ਼ਤਾਰ ਨਾਲ ਅਤੇ ਦੇਖਾ ਦੇਖੀ ਇਹ ਇੱਕ ਰੀਤ ਜਿਹੀ ਬਣ ਗਈ ਤੇ ਹੌਲੀ ਹੌਲੀ ਇਕਹਿਰੇ ਪਰਿਵਾਰ ਹੋਂਦ ਵਿੱਚ ਆਉਣ ਲੱਗੇ। ਫਿਰ ਵੀ ਪਰਿਵਾਰਾਂ ਵਿੱਚ ਦੂਰ ਰਹਿ ਕੇ ਵੀ ਪਿਆਰ ਬਣਿਆ ਰਹਿੰਦਾ ਸੀ ਜਿਸ ਕਰਕੇ ਆਪਣੇ ਪਰਿਵਾਰਾਂ ਨੂੰ ਮਿਲਣ ਗਿਲਣ ਦੇ ਬਹਾਨੇ ਪਰਿਵਾਰ ਦੇ ਬਾਕੀ ਜੀਆਂ ਨਾਲ ਮੇਲ ਮਿਲਾਪ ਹੋਈ ਜਾਂਦਾ ਸੀ ਜੋ ਸਦਾਚਾਰਕ ਕਦਰਾਂ ਕੀਮਤਾਂ ਨੂੰ ਸੰਭਾਲਣ ਵਿੱਚ ਸਹਾਈ ਹੁੰਦਾ ਸੀ।

ਪਿਛਲੇ ਇੱਕ ਡੇਢ ਦਹਾਕੇ ਤੋਂ ਮਨੁੱਖੀ ਜੀਵਨਸ਼ੈਲੀ ਵਿੱਚ ਤੇਜ਼ੀ ਨਾਲ ਬਦਲਾਅ ਆਇਆ ਹੈ, ਚਾਹੇ ਉਸ ਦਾ ਕਾਰਨ ਵਿਸ਼ਵੀਕਰਨ ਸਮਝ ਲਿਆ ਜਾਵੇ ਜਾਂ ਪਦਾਰਥਵਾਦੀ ਯੁੱਗ ਸਮਝ ਲਿਆ ਜਾਵੇ। ਇਸ ਬਦਲਾਅ ਦੇ ਕਾਰਨ ਸਾਡਾ ਸੱਭਿਆਚਾਰ ਲੁੱਟਿਆ ਜਾ ਰਿਹਾ ਹੈ ਜਿਸ ਕਾਰਨ ਸਾਡੀ ਵਿਰਾਸਤੀ ਹੋਂਦ ਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਜਾ ਰਹੀਆਂ ਹਨ। ਇਕਹਿਰੇ ਪਰਿਵਾਰਾਂ ਦੀ ਗਿਣਤੀ ਵਧਦੀ ਗਈ ਤੇ ਸੰਯੁਕਤ ਪਰਿਵਾਰਾਂ ਦੀ ਗਿਣਤੀ ਘਟਣ ਲੱਗੀ। ਆਪਸੀ ਪਿਆਰ ਉੱਤੇ ਪਦਾਰਥਵਾਦ ਭਾਰੂ ਹੋਣ ਲੱਗਿਆ ਤੇ ਹਰ ਕੋਈ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਿਨਾਂ ਕਿਸੇ ਦੀ ਦਖਲਅੰਦਾਜ਼ੀ ਦੇ ਜਿਊਣਾ ਪਸੰਦ ਕਰਨ ਲੱਗਿਆ ਤੇ ਘਰ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਸਨਮਾਨ ਦੇਣ ਦੀ ਥਾਂ ਮਹਿੰਗੀਆਂ ਵਸਤੂਆਂ ਨੂੰ ਜ਼ਿਆਦਾ ਤਰਜੀਹ ਦੇਣ ਲੱਗਿਆ। ਸੰਯੁਕਤ ਪਰਿਵਾਰਾਂ ਦੇ ਖੁੱਲ੍ਹੇ ਕੱਚੇ ਵਿਹੜਿਆਂ ਦੀ ਥਾਂ ਇਕਹਿਰੇ ਪਰਿਵਾਰਾਂ ਦੇ ਆਪਣੇ ਮਾਰਬਲੀ ਫਰਸ਼ਾਂ ਦੀ ਚਮਕ ਦਮਕ ਹੇਠ ਰਿਸ਼ਤੇ ਨਾਤੇ ਦੱਬਦੇ ਦਿਖਾਈ ਦੇਣ ਲੱਗੇ।

ਇਕਹਿਰੇ ਪਰਿਵਾਰਾਂ ਦੀ ਹੋਂਦ ਤੱਕ ਤਾਂ ਗੱਲ ਸੀਮਤ ਸੀ ਕਿ ਚਲੋ ਪਰਿਵਾਰ ਦੀ ਇੱਕ ਇਕਾਈ ਆਪਸ ਵਿੱਚ ਪਿਆਰ ਨਾਲ ਘਰ ਦੀ ਚਾਰਦੀਵਾਰੀ ਵਿੱਚ ਵਧੀਆ ਜੀਵਨਸ਼ੈਲੀ ਅਪਣਾ ਕੇ ਆਪਣਾ ਜੀਵਨ ਬਤੀਤ ਕਰਦੀ ਸੀ। ਫਿਰ ਹੌਲੀ ਹੌਲੀ ਪਤੀ ਅਤੇ ਪਤਨੀ ਦੋਵਾਂ ਦਾ ਪੜ੍ਹਿਆ ਲਿਖਿਆ ਹੋਣ ਕਰਕੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਔਰਤਾਂ ਦਾ ਨੌਕਰੀ ਕਰਨ ਵੱਲ ਰੁਝਾਨ ਵਧਣ ਲੱਗਿਆ। ਇੱਕ ਪਰਿਵਾਰ ਵਿੱਚ ਮਾਤਾ-ਪਿਤਾ ਦੋਵਾਂ ਦਾ ਘਰ ਤੋਂ ਸਾਰਾ ਦਿਨ ਬਾਹਰ ਰਹਿਣਾ ਅਤੇ ਘਰ ਆ ਕੇ ਵੀ ਥਕਾਵਟ ਜਾਂ ਹੋਰ ਕਾਰਨਾਂ ਕਰਕੇ ਬੱਚੇ ਅਣਗੌਲੇ ਜਿਹੇ ਹੋਣ ਲੱਗੇ। ਜਿਹੜੀਆਂ ਕਦਰਾਂ ਕੀਮਤਾਂ ਸਹਿਜ ਸੁਭਾਅ ਬੱਚਾ ਪਹਿਲਾਂ ਘਰ ਵਿੱਚੋਂ ਸਿੱਖ ਲੈਂਦਾ ਸੀ, ਹੁਣ ਉਹ ਉਸ ਤੋਂ ਵਾਂਝੇ ਹੋਣ ਲੱਗੇ। ਉਸ ਤੋਂ ਅਗਲੀ ਪੀੜ੍ਹੀ ਵਿੱਚ ਨੈਤਿਕਤਾ ਦੀ ਕਮੀ ਕਾਰਨ ਅਸਹਿਣਸ਼ੀਲਤਾ, ਕਰੋਧ, ਬੇਹਯਾਈ ਅਤੇ ਬੇਸ਼ਰਮੀ ਵਰਗੇ ਔਗੁਣ ਪੈਦਾ ਹੋਣ ਲੱਗੇ, ਜਿਸ ਨੇ ਅਧੂਰੇ ਪਰਿਵਾਰਾਂ ਨੂੰ ਉਪਜਿਆ ਹੈ। ਅਧੂਰੇ ਪਰਿਵਾਰ ਤੋਂ ਮੇਰਾ ਭਾਵ ਹੈ ਕਿ ਇੱਕ ਛੱਤ ਹੇਠਾਂ ਹੀ ਪਰਿਵਾਰ ਦੇ ਚਾਰ ਜੀਆਂ ਦੇ ਤੌਰ ਤਰੀਕੇ ਅਤੇ ਵਿਚਾਰਾਂ ਦਾ ਟਕਰਾਅ ਹੋਣਾ ਤੇ ਫਿਰ ਚਾਰ ਜੀਆਂ ਵਿੱਚੋਂ ਵੀ ਦੋ ਲੋਕਾਂ ਦਾ ਅਲੱਗ ਰੈਣ ਬਸੇਰਾ ਵਸਾਉਣ ਦੀ ਰੀਤ ਚੱਲ ਪਈ।

ਸਾਡੇ ਸਮਾਜ ਵਿੱਚ ਅਧੂਰੇ ਪਰਿਵਾਰ ਕਈ ਕਾਰਨਾਂ ਕਰਕੇ ਉਪਜ ਰਹੇ ਹਨ। ਪਹਿਲਾ ਕਾਰਨ ਪਤੀ-ਪਤਨੀ ਦੇ ਆਪਸੀ ਝਗੜਿਆਂ ਕਾਰਨ ਇੱਕ-ਦੂਜੇ ਤੋਂ ਵੱਖ ਹੋ ਕੇ ਜੀਵਨ ਬਤੀਤ ਕਰਨਾ। ਇਸ ਦਾ ਸ਼ਿਕਾਰ ਉਨ੍ਹਾਂ ਦੇ ਬੱਚੇ ਹੁੰਦੇ ਹਨ ਜਿਨ੍ਹਾਂ ਨੂੰ ਬਦਕਿਸਮਤੀ ਨਾਲ ਮਾਂ ਜਾਂ ਪਿਓ ਵਿੱਚੋਂ ਇੱਕ ਦਾ ਹੀ ਪਿਆਰ ਮਿਲਦਾ ਹੈ। ਬੱਚਾ ਜਿਸ ਕੋਲ ਰਹਿ ਰਿਹਾ ਹੁੰਦਾ ਹੈ, ਉਸ ਵੱਲੋਂ ਪਤੀ ਜਾਂ ਪਤਨੀ ਦੀ ਖ਼ਲਨਾਇਕ ਭੂਮਿਕਾ ਬਾਰੇ ਦੱਸਿਆ ਜਾਂਦਾ ਹੈ ਤਾਂ ਜੋ ਬੱਚਾ ਉਸ ਨਾਲ ਪੱਕੀ ਤਰ੍ਹਾਂ ਦਿਲੋਂ ਦੂਰੀ ਬਣਾ ਲਵੇ। ਇਹ ਪੱਖ ਸਾਡੇ ਸਮਾਜ ਲਈ ਬਹੁਤ ਘਾਤਕ ਸਿੱਧ ਹੋ ਰਿਹਾ ਹੈ। ਪਾਲਣ ਵਾਲੇ ਦਾ ਡਰ ਖ਼ਤਮ ਹੋਣ ਦੇ ਨਾਲ ਅੱਡ ਹੋ ਚੁੱਕੇ ਪਤੀ ਜਾਂ ਪਤਨੀ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਬੱਚੇ ਦੇ ਕੋਮਲ ਮਨ ਨੇ ਪੜ੍ਹਾਈ, ਪਿਆਰ ਅਤੇ ਹੋਰ ਨਵੀਆਂ ਗੱਲਾਂ ਸਿੱਖਣੀਆਂ ਹੁੰਦੀਆਂ ਹਨ ਅਤੇ ਆਪਣੇ ਜੀਵਨ ਲਈ ਉਸਾਰੂ ਵਿਉਂਤਬੰਦੀ ਕਰਨੀ ਹੁੰਦੀ ਹੈ, ਪਰ ਉਸ ਦੇ ਮਨ ਵਿੱਚ ਮਾਤਾ-ਪਿਤਾ ਦੀ ਲੜਾਈ ਅਤੇ ਨਫ਼ਰਤ ਦੀਆਂ ਗੱਲਾਂ ਭਰ ਦਿੱਤੀਆਂ ਜਾਂਦੀਆਂ ਹਨ ਜੋ ਬੱਚਿਆਂ ਅਤੇ ਮਾਪਿਆਂ ਦੇ ਭਵਿੱਖ ਲਈ ਖ਼ਤਰਨਾਕ ਸਾਬਤ ਹੁੰਦੀਆਂ ਹਨ। ਇਹ ਨਾਲ ਹੀ ਸਮਾਜ ਲਈ ਵੀ ਘਾਤਕ ਸਿੱਧ ਹੋ ਰਹੀਆਂ ਹਨ।

ਅਧੂਰੇ ਪਰਿਵਾਰ ਉਪਜਣ ਦਾ ਇੱਕ ਹੋਰ ਵੱਡਾ ਕਾਰਨ ਅੱਜ ਦੇ ਜ਼ਮਾਨੇ ਦੀ ਤਰੱਕੀ ਵੀ ਹੈ। ਇਕਹਿਰੇ ਪਰਿਵਾਰ ਵਿੱਚ ਘਰ ਵਿੱਚ ਇੱਕ ਜਾਂ ਦੋ ਬੱਚਿਆਂ ਦਾ ਹੋਣਾ, ਉਨ੍ਹਾਂ ਨੂੰ ਪੜ੍ਹਾਈ ਕਰਨ ਲਈ ਘਰਾਂ ਤੋਂ ਦੂਰ ਹੋਰ ਸ਼ਹਿਰ ਜਾਂ ਵਿਦੇਸ਼ਾਂ ਵਿੱਚ ਭੇਜ ਦੇਣਾ ਅਤੇ ਫਿਰ ਪੜ੍ਹਾਈ ਪੂਰੀ ਹੋਣ ’ਤੇ ਉੱਥੇ ਹੀ ਨੌਕਰੀਆਂ ਲੱਭ ਕੇ ਆਪਣੀ ਜ਼ਿੰਦਗੀ ਦਾ ਅਗਲਾ ਪੜਾਅ ਉੱਥੇ ਹੀ ਸਥਾਪਤ ਕਰ ਲੈਣਾ ਜਿਸ ਕਾਰਨ ਬੁੱਢੇ ਮਾਪੇ ਕਿਤੇ ਇਕੱਲੇ, ਬੱਚੇ ਕਿਤੇ ਇਕੱਲੇ ਰਹਿ ਰਹੇ ਹੁੰਦੇ ਹਨ। ਇਹ ਇੱਕ ਫੈਸ਼ਨ ਹੈ ਜਾਂ ਮਜਬੂਰੀ, ਇਹ ਸਭ ਦੀ ਆਪਣੀ ਆਪਣੀ ਸੋਚ ਅਤੇ ਮਜਬੂਰੀ ਦੀ ਉਪਜ ਹੀ ਹੈ। ਬੁਢਾਪੇ ਵਿੱਚ ਮਾਪਿਆਂ ਨੂੰ ਰੁਲਣਾ ਪੈਂਦਾ ਹੈ। ਸੰਯੁਕਤ ਪਰਿਵਾਰਾਂ ਤੋਂ ਇਕਹਿਰੇ ਪਰਿਵਾਰਾਂ ਅਤੇ ਫਿਰ ਇਕਹਿਰਿਆਂ ਤੋਂ ਅਧੂਰੇ ਪਰਿਵਾਰਾਂ ਵੱਲ ਨੂੰ ਵਧ ਰਿਹਾ ਰੁਝਾਨ ਜ਼ਰੂਰ ਸੋਚਣ ਦਾ ਵਿਸ਼ਾ ਹੈ।

ਸਾਡੇ ਸਮਾਜ ਵਿੱਚ ਮਾਨਸਿਕ ਰੋਗੀਆਂ ਦੀ ਦੇਖਭਾਲ ਲਈ ਸਮਾਜ ਸੇਵੀ ਸੰਸਥਾਵਾਂ ਦਾ ਵਧਣਾ ਜਾਂ ਬਜ਼ੁਰਗਾਂ ਦੀ ਦੇਖਭਾਲ ਲਈ ਬਿਰਧ ਆਸ਼ਰਮਾਂ ਦਾ ਵਧਣਾ ਸਾਡੀ ਸੰਸਕ੍ਰਿਤੀ ਉੱਤੇ ਡੂੰਘੀ ਸੱੱਟ ਹੈ ਜੋ ਸਿਰਫ਼ ਅਧੂਰੇ ਪਰਿਵਾਰਾਂ ਦੀ ਹੀ ਉਪਜ ਹਨ। ਇਹ ਗੱਲ ਵਿਚਾਰਨਯੋਗ ਹੈ। ਵਧ ਰਹੀ ਘਰੇਲੂ ਹਿੰਸਾ, ਆਤਮਹੱਤਿਆਵਾਂ, ਘਰੇਲੂ ਕਲੇਸ਼ ਕਾਰਨ ਕਤਲਾਂ, ਨੌਜਵਾਨੀ ਦਾ ਨਸ਼ਿਆਂ ਦੀ ਭੇਂਟ ਚੜ੍ਹਨਾ ਅਤੇ ਨੌਜਵਾਨੀ ਦਾ ਅਪਰਾਧ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨ ਦਾ ਬੀਜ ਵੀ ਕਿਤੇ ਨਾ ਕਿਤੇ ਅਧੂਰੇ ਪਰਿਵਾਰਾਂ ਕਰਕੇ ਹੀ ਪੁੰਗਰ ਰਿਹਾ ਹੈ। ਇਹ ਸਭ ਗੱਲਾਂ ਸਾਡੇ ਪਰਿਵਾਰਕ ਜੀਵਨ ਉੱਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹਨ। ਮੁੱਕਦੀ ਗੱਲ ਇਹ ਹੈ ਕਿ ਅਧੂਰੇ ਪਰਿਵਾਰਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਘਾਟ ਹੈ, ਘਰਾਂ ਵਿੱਚੋਂ ਬੱਚਿਆਂ ਨੂੰ ਸੁਭਾਵਿਕ ਤੌਰ ’ਤੇ ਸਿੱਖਣ ਲਈ ਕੁਝ ਨਹੀਂ ਲੱਭਦਾ, ਜਿਸ ਕਰਕੇ ਉਹ ਫੋਨਾਂ ਉੱਪਰ ਨੈੱਟ ਰਾਹੀਂ ਜਾਂ ਆਪਣੇ ਦੋਸਤਾਂ ਤੋਂ ਆਪਣੀ ਸੋਚ ਅਤੇ ਸਵਾਦ ਮੁਤਾਬਕ ਲੱਭ ਰਿਹਾ ਹੈ। ਉਹ ਉਹੀ ਕੁਝ ਸਿੱਖ ਰਿਹਾ ਹੈ ਜੋ ਉਸ ਨੂੰ ਪਰੋਸਿਆ ਜਾ ਰਿਹਾ ਹੈ। ਅੱਜ ਦੀ ਪੀੜ੍ਹੀ ਨੂੰ ਕੋਈ ਸਮਾਂ ਦੇਣ ਵਾਲਾ ਅਤੇ ਮਾਰਗ ਦਰਸ਼ਨ ਕਰਨ ਵਾਲਾ ਨਹੀਂ ਮਿਲ ਰਿਹਾ। ਇਸ ਕਾਰਨ ਸਹਿਜਤਾ ਨਾਲ ਜੀਵਨ ਜਿਊਣ ਦੀ ਜਾਚ ਹਰ ਕੋਈ ਭੁੱਲਦਾ ਜਾ ਰਿਹਾ ਹੈ। ਇਸ ਤਰ੍ਹਾਂ ਸਮੇਂ ਸਮੇਂ ’ਤੇ ਪਰਿਵਾਰਾਂ ਦੀ ਬਦਲਦੀ ਰੂਪ ਰੇਖਾ ਦਾ ਪ੍ਰਭਾਵ ਘਰ ਦੇ ਬੱਚਿਆਂ ਤੋਂ ਲੈ ਕੇ ਪੂਰੇ ਸਮਾਜ ’ਤੇ ਪੈਂਦਾ ਹੈ ਜੋ ਮਨੁੱਖ ਨੂੰ ਇਕੱਲੇਪਣ ਦੀ ਭੱਠੀ ਵਿੱਚ ਝੋਕ ਕੇ ਦਿਮਾਗ਼ੀ ਬਿਮਾਰੀਆਂ ਵੱਲ ਧਕੇਲ ਰਿਹਾ ਹੈ।

ਸੰਪਰਕ: 99889-01324

Advertisement
Show comments