ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਆਹ-ਸ਼ਾਦੀ ਦੇ ਬਦਲਦੇ ਅਰਥ

ਸਾਡੇ ਸਮਾਜ ਵਿੱਚ ਵਿਆਹ-ਸ਼ਾਦੀ ਸਬੰਧੀ ਕੁਝ ਟੇਢੇ ਕਥਨ ਪ੍ਰਚੱਲਿਤ ਹਨ। ਸ਼ੇਕਸਪੀਅਰ ਨੇ ਕਿਹਾ ਸੀ, ‘ਸ਼ਾਦੀ ਸ਼ੁਦਾ ਮਨੁੱਖ ਆਪਣੇ ਆਪ ਨੂੰ ਬਰਬਾਦ ਕਰ ਲੈਂਦਾ ਹੈ।’ ਚੰਗੀ ਸ਼ਾਦੀ ‘ਬੋਲ਼ੇ’ ਪਤੀ ਅਤੇ ‘ਅੰਨ੍ਹੀ’ ਪਤਨੀ ਵਿਚਕਾਰ ਹੀ ਸੰਭਵ ਹੈ। ਫਰਾਂਸੀਸੀ ਕਹਾਵਤ ਹੈ- ਮੁਹੱਬਤ ‘ਸ਼ਾਦੀ...
Advertisement

ਸਾਡੇ ਸਮਾਜ ਵਿੱਚ ਵਿਆਹ-ਸ਼ਾਦੀ ਸਬੰਧੀ ਕੁਝ ਟੇਢੇ ਕਥਨ ਪ੍ਰਚੱਲਿਤ ਹਨ। ਸ਼ੇਕਸਪੀਅਰ ਨੇ ਕਿਹਾ ਸੀ, ‘ਸ਼ਾਦੀ ਸ਼ੁਦਾ ਮਨੁੱਖ ਆਪਣੇ ਆਪ ਨੂੰ ਬਰਬਾਦ ਕਰ ਲੈਂਦਾ ਹੈ।’ ਚੰਗੀ ਸ਼ਾਦੀ ‘ਬੋਲ਼ੇ’ ਪਤੀ ਅਤੇ ‘ਅੰਨ੍ਹੀ’ ਪਤਨੀ ਵਿਚਕਾਰ ਹੀ ਸੰਭਵ ਹੈ। ਫਰਾਂਸੀਸੀ ਕਹਾਵਤ ਹੈ- ਮੁਹੱਬਤ ‘ਸ਼ਾਦੀ ਦਾ ਸਵੇਰਾ’ ਹੈ ਅਤੇ ਸ਼ਾਦੀ ‘ਮੁਹੱਬਤ ਦਾ ਸੂਰਜ ਛਿਪਣਾ ਹੈ।’ ਇਹ ਵੀ ਕਿਹਾ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਮਨੁੱਖ ਸੱਤ ਸਾਲ ਹੋਰ ਪਹਿਲਾਂ ਬੁੱਢਾ ਹੋਇਆ ਮਹਿਸੂਸ ਕਰਦਾ ਹੈ। ਵਿਆਹ ਨੂੰ ਢਕੀ ਤਸ਼ਤਰੀ ਵੀ ਕਿਹਾ ਜਾਂਦਾ ਹੈ। ਵਿਆਹ ਇੱਕ ਅਜਿਹਾ ਜੂਆ ਹੈ ਜਿਸ ਵਿੱਚ ਮਰਦ ਆਪਣੀ ਆਜ਼ਾਦੀ ਦਾ ਦਾਅ ਖੇਡਦਾ ਹੈ ਅਤੇ ਔਰਤ ਆਪਣੀ ਖ਼ੁਸ਼ੀ ਨੂੰ ਦਾਅ ’ਤੇ ਲਾਉਂਦੀ ਹੈ। ਵਿਆਹ ਦੇ ਸੰਜੋਗ ਧੁਰ-ਦਰਗਾਹ ਤੋਂ ਲਿਖੇ ਹੁੰਦੇ ਹਨ। ਪੰਜਾਬੀ ਵਿੱਚ ਸੁਣਿਆ ਹੈ-ਢੋਲ ਵੱਜੇ ਘਰ ਲੁੱਟਿਓ ਲੋਕੀਂ ਕਹਿਣ ਵਿਆਹ।

ਸਮਾਂ ਤਾਂ ਆਪਣੇ ਨਿਰੰਤਰ ਵਹਿਣ ਵਿੱਚ ਵਹੀ ਜਾਂਦਾ ਹੈ, ਪ੍ਰੰਤੂ ਜਦੋਂ ਹਾਲਾਤ ਬਦਲਦੇ ਹਨ ਤਾਂ ਕਹਿ ਦਿੰਦੇ ਹਾਂ ਕਿ ਸਮਾਂ ਬਦਲ ਗਿਆ ਹੈ। ਅਸਲ ਵਿੱਚ ਸਮਾਂ ਤਾਂ ਕੇਵਲ ਗਵਾਹ ਹੁੰਦਾ ਹੈ। ਵਿਆਹ-ਸ਼ਾਦੀ ਮਨੁੱਖ ਅਤੇ ਪਰਿਵਾਰ ਦੇ ਜੀਵਨ ਦੀ ਇੱਕ ਬਹੁਤ ਹੀ ਅਹਿਮ ਘਟਨਾ ਹੁੰਦੀ ਹੈ। ਇਸ ਦੀ ਗਵਾਹੀ ਵਿਆਹ ਨੂੰ ‘ਸ਼ਾਦੀ’ ਕਹੇ ਜਾਣ ਤੋਂ ਪਤਾ ਲੱਗਦਾ ਹੈ। ਸ਼ਾਦੀ ਨੂੰ ਪਰਿਵਾਰ ਵਿੱਚ ‘ਖ਼ੁਸ਼ੀ’ ਦੇ ਸਮਾਨ ਮੰਨਿਆ ਜਾਂਦਾ ਹੈ। ਅੱਜ 21ਵੀਂ ਸਦੀ ਦੀ ਪਹਿਲੀ ਚੁਥਾਈ ਦੇ ਆਖ਼ਰ ਤੱਕ ਆਉਂਦਿਆਂ ਰਵਾਇਤੀ ਵਿਆਹ ਦੇ ਅਰਥ ਇਨਕਲਾਬੀ ਤਬਦੀਲੀ ਤੱਕ ਪਹੁੰਚ ਗਏ ਹਨ। ਇਨਕਲਾਬੀ ਇਸ ਕਰ ਕੇ ਕਿਉਂਕਿ ਪੁਰਾਤਨ ਵਿਚਾਰ ਹੁਣ ਮੌਜੂਦਾ ਸਮੇਂ ਦੀਆਂ ਸਥਿਤੀਆਂ ਦੇ ਅਨੁਕੂਲ ਨਹੀਂ ਹੋ ਰਹੇ। ਪੁਰਾਣੇ ਵਿਚਾਰਾਂ ਦਾ ਨਵੀਆਂ ਹਾਲਤਾਂ ਨਾਲ ਟਕਰਾਅ ਦੇਖਣ ਨੂੰ ਹੁਣ ਸਹਿਜੇ ਮਿਲ ਜਾਂਦਾ ਹੈ ਜਦੋਂ ਆਂਢ-ਗੁਆਂਢ, ਰਿਸ਼ਤੇਦਾਰੀ ਅਤੇ ਕੋਰਟ ਕਚਹਿਰੀਆਂ ਵਿੱਚ ਵਿਆਹ ਸ਼ਾਦੀ ਦੇ ਮਾਮਲਿਆਂ ਦੀ ਵਧੀ ਹੋਈ ਗਿਣਤੀ ਦੇਖਦੇ ਹਾਂ।

Advertisement

ਲਗਭਗ 25 ਵਰ੍ਹੇ ਪਹਿਲਾਂ ਤੱਕ ਸਾਡੇ ਸਮਾਜ ਵਿੱਚ ਮਰਦਾਂ ਦਾ ਭਾਰੂਪਣ ਸੁਭਾਵਿਕ ਸੀ, ਪ੍ਰੰਤੂ ਔਰਤਾਂ ਵਿੱਚ ਸਿੱਖਿਆ ਅਤੇ ਸਮਾਜਿਕ ਜਗਰੂਕਤਾ ਦੇ ਮਾਹੌਲ ਨੇ ਇਹ ਸਮੀਕਰਨ ਬਦਲ ਦਿੱਤਾ ਹੈ। ਕਦੇ ਸਮਾਂ ਸੀ ਜਦੋਂ ਮਾਂ-ਬਾਪ ਬਿਨਾਂ ਧੀ ਨੂੰ ਦਿਖਾਇਆਂ ਹੀ ਮੁੰਡਾ ਲੱਭ ਲੈਂਦੇ ਸਨ। ਹੁਣ ਤਾਂ ਇਹ ਮੁੱਦਾ ਦੇਖਣ ਦੀ ਗੱਲ ਛੱਡੋ ਪਰਖਣ ਦੀ ਨੌਬਤ ਤੱਕ ਆ ਗਿਆ ਹੈ। ਜਿਸ ਉਮਰ ਨੂੰ 50 ਵਰ੍ਹੇ ਪਹਿਲਾਂ ਬੁੱਢੀ ਉਮਰੇ ਵਿਆਹ ਦੀ ਸੰਗਿਆ ਦਿੱਤੀ ਜਾਂਦੀ ਸੀ, ਅੱਜ ਸ਼ਾਦੀ ਦੀ ਉਮਰ 30 ਵਰ੍ਹਿਆਂ ਤੋਂ ਅਕਸਰ ਟੱਪੀ ਮਿਲਦੀ ਹੈ। ਰਵਾਇਤ ਅਨੁਸਾਰ ਲੜਕੀ ਨੂੰ ਵਿਆਹ ਵੇਲੇ ਸਹਿਣ ਕਰਨ ਲਈ ਸਿੱਖਿਆ ਦਿੱਤੀ ਜਾਂਦੀ ਸੀ, ਪ੍ਰੰਤੂ ਅੱਜ ਇਹ ਅਰਥਹੀਣ ਹੋ ਗਈ ਹੈ। ਅਜਿਹਾ ਮਰਦ-ਔਰਤ ਦੀ ਸਮਾਨਤਾ ਵਿੱਚ ਵਾਧੇ ਕਾਰਨ ਸੰਭਵ ਹੋਇਆ ਹੈ।

ਜੇ ਔਰਤ ਨੌਕਰੀ ਨਹੀਂ ਕਰਦੀ ਤਾਂ ਔਰਤ ਦੀ ਘਰ ਦੀ ਮੁਸ਼ੱਕਤ ਦਾ ਕੋਈ ਮੁੱਲ ਨਹੀਂ ਪਾਉਂਦਾ ਜਦੋਂ ਕਿ ਉਸ ਦੀ ਘਰੇਲੂ ਕਿਰਤ ਵੀ ਘਰ-ਬਾਰ ਵਿੱਚ ਪੂਰਾ ਹਿੱਸਾ ਪਾਉਂਦੀ ਹੈ। ਜੇ ਔਰਤ ਵੀ ਨੌਕਰੀ ਪੇਸ਼ਾ ਹੋਵੇ ਫਿਰ ਤਾਂ ਹੋਰ ਵੀ ਅਸੰਤੁਲਨ ਬਣ ਜਾਂਦਾ ਹੈ। ਸਿਆਣਾ ਮਰਦ ਹੀ ਇਸ ਅਸਾਵੇਂਪਣ ਨੂੰ ਆਪਣੇ ਯੋਗਦਾਨ ਨਾਲ ਸਮਤੋਲ ਵਿੱਚ ਲਿਆਉਂਦਾ ਹੈ ਨਹੀਂ ਤਾਂ ਫਿਰ ਘਰ ਦੀ ਕਿਸ਼ਤੀ ਡਗਮਗਾਉਣ ਲੱਗਦੀ ਹੈ। ਇੱਕ ਧਿਰ ਉੱਤੇ ਪਿਆ ਵਾਧੂ ਬੋਝ ਉਸ ਦੀ ਸਿਹਤ ਦੇ ਖਿਲਵਾੜ ਦੇ ਰੂਪ ਵਿੱਚ ਘਰ ਨੂੰ ਚੁਕਾਉਣਾ ਪਵੇਗਾ। ਅੱਜ ਦੀ ਔਰਤ ਇਸ ਮਾਮਲੇ ਵਿੱਚ ਖੁੱਲ੍ਹ ਕੇ ਗੱਲ ਕਰਨ ਲੱਗੀ ਹੈ।

ਬੱਚੇ ਦਾ ਜਨਮ ਅਤੇ ਦੇਖਭਾਲ, ਇਹ ਵਰਤਾਰਾ ਕੁਦਰਤੀ ਤੌਰ ’ਤੇ ਔਰਤ ਦੇ ਹਿੱਸੇ ਆਇਆ ਹੈ। ਭਾਵੇਂ ਕੁਦਰਤ ਨੇ ਉਸ ਨੂੰ ਲੋੜੀਂਦੀ ਸ਼ਕਤੀ ਦਿੱਤੀ ਹੋਵੇਗੀ, ਪਰ ਤਾਂ ਵੀ ਮਰਦ ਦਾ ਪਲੜਾ ਹੌਲਾ ਹੈ। ਬੱਚਿਆਂ ਖਾਤਰ ਔਰਤ ਨੂੰ ਹੀ ਆਪਣੀ ਨੌਕਰੀ ਦੀ ਕੁਰਬਾਨੀ ਕਰਨੀ ਪੈਂਦੀ ਹੈ। ਔਰਤ ਲਈ ਇਹ ਹੋਰ ਵੀ ਜਜ਼ਬਾਤੀ ਘਾਟਾ ਸਿੱਧ ਹੁੰਦਾ ਹੈ। ਉਹ ਸੋਚਣ ਲਈ ਮਜਬੂਰ ਹੁੰਦੀ ਹੈ ਕਿ ਆਖਿਰ ਉਸ ਨੇ ਸ਼ਾਦੀ ਵਿੱਚੋਂ ਕੀ ਖੱਟਿਆ? ਉਹ ਤਾਂ ਸ਼ਾਦੀ ਦਾ ਜਜ਼ਬਾਤੀ ਅਤੇ ਜਿਸਮਾਨੀ ਬੋਝ ਚੁੱਕੀ ਫਿਰਦੀ ਹੈ। ਇਹ ਪੱਖ ਵੀ ਹੁਣ ਔਰਤਾਂ ਨੂੰ ਪਰੇਸ਼ਾਨ ਕਰਨ ਲੱਗਿਆ ਹੈ ਜਿਹੜਾ ਸ਼ਾਦੀ ਦੇ ਅਰਥ ਬਦਲਣ ਵਿੱਚ ਵੱਡਾ ਹਿੱਸਾ ਪਾ ਰਿਹਾ ਹੈ। ਨੀਂਦ ਦੀ ਕੁਰਬਾਨੀ ਅਤੇ ਬੱਚੇ ਦੀ ਦੇਖਭਾਲ ਔਰਤ ਦੇ ਹਿੱਸੇ ਹੀ ਆਉਂਦੀ ਹੈ। ਵਿਆਹ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਦੀ ਹੇਠਲੀ ਸਤ੍ਵਾ ਵਿੱਚ ਕਿੰਨੀ ਕੁ ਸਾਂਝ ਛਿਪੀ ਹੋਈ ਹੈ।

ਔਰਤਾਂ ਦਾ ਪੜ੍ਹੇ ਲਿਖੇ ਹੋਣਾ ਅਤੇ ਪਹਿਲਾਂ ਨਾਲੋਂ ਕਿਤੇ ਵੱਧ ਆਰਥਿਕ ਤੌਰ ’ਤੇ ਸਵੈ-ਨਿਰਭਰ ਹੋਣ ਕਾਰਨ ਉਨ੍ਹਾਂ ਨੂੰ ਸੁਰੱਖਿਆ, ਘਰ ਅਤੇ ਸਮਾਜਿਕ ਪ੍ਰਵਾਨਗੀ ਲਈ ਸ਼ਾਦੀ ਦੀ ਲੋੜ ਮਹਿਸੂਸ ਨਹੀਂ ਹੁੰਦੀ। ਇਸ ਬਦਲਾਅ ਨੇ ਰਵਾਇਤੀ ਵਿਆਹ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿ ਜਿਹੜਾ ਔਰਤਾਂ ਦੀ ਚੋਣ ਅਨੁਸਾਰ ਨਹੀਂ ਹੁੰਦਾ ਸੀ। ਹੁਣ ਉਨ੍ਹਾਂ ਕੋਲ ਚੋਣ ਦੀ ਖੁੱਲ੍ਹ ਹੈ। ਜੇ ਉਨ੍ਹਾਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਆਜ਼ਾਦੀ ਅਤੇ ਮਾਣ ਆਦਰ ਨਹੀਂ ਮਿਲਦਾ ਲੱਗਦਾ ਤਾਂ ਬਹੁਤ ਸਾਰੀਆਂ ਵਿਆਹ ਨੂੰ ਪਿੱਛੇ ਪਾ ਰਹੀਆਂ ਹਨ ਜਾਂ ਇਸ ਤੋਂ ਖਹਿੜਾ ਹੀ ਛੁਡਾ ਰਹੀਆਂ ਹਨ।

ਤਲਾਕ ਦੇਣਾ ਹੁਣ ਬੋਝਲ ਨਹੀਂ ਲੱਗਦਾ। ਖ਼ੁਸ਼ ਰਹਿਣਾ ਔਖਾ ਹੈ-ਪਹਿਲੀਆਂ ਪੀੜ੍ਹਆਂ ਦੀਆਂ ਔਰਤਾਂ ਲਈ ਤਲਾਕ ਦਾ ਮਤਲਬ ਅਸਫਲ ਹੋਣਾ ਸੀ। ਇਹ ਜ਼ਿੰਦਗੀ ਵਿੱਚ ਫੇਲ੍ਹ ਹੋਣ ਦੇ ਬਰਾਬਰ ਸੀ। ਇੱਕ ਧੱਬਾ ਜਾਂ ਇੱਥੋਂ ਤੱਕ ਕਿ ਕਲੰਕ ਸਮਝਿਆ ਜਾਂਦਾ ਸੀ, ਪ੍ਰੰਤੂ ਹੁਣ ਇਹ ਚੋਭ ਖੁੰਢੀ ਹੋ ਰਹੀ ਹੈ। ਹੁਣ ਔਰਤਾਂ ਆਪਣੀ ਮਾਨਸਿਕ ਸਿਹਤ, ਸੁਰੱਖਿਆ ਅਤੇ ਆਪਣੀ ਦਿੱਖ ਨੂੰ ਪਹਿਲ ਦੇ ਰਹੀਆਂ ਹਨ। ਉਨ੍ਹਾਂ ਨੂੰ ਹੁਣ ਅਹਿਸਾਸ ਹੋ ਗਿਆ ਹੈ ਕਿ ਮਜਬੂਰੀ ਨਾਲ ਵਿਆਹ ਹੰਢਾ ਕੇ ਤੁਹਾਨੂੰ ਕੋਈ ਚੰਗਾ ਨਹੀਂ ਬਣਾ ਦਿੰਦਾ, ਇਹ ਤਾਂ ਕੇਵਲ ਚੁੱਪ ਰਹਿਣ ਲਈ ਮਜਬੂਰ ਕਰਦਾ ਹੈ। ਚੁੱਪ ਰਹਿਣਾ ਵੀ ਕੋਈ ਚੰਗਾ ਗੁਣ ਨਹੀਂ। ਮੁਰਦਾ ਸ਼ਾਂਤੀ ਨਾਲ ਭਰ ਜਾਣਾ ਬਹਾਦਰੀ ਨਹੀਂ ਹੈ। ਤਲਾਕ ਦੀ ਸਥਿਤੀ ਵਿੱਚ ਜ਼ਿਆਦਾ ਜ਼ਿੰਮੇਵਾਰੀ ਔਰਤ ਉੱਤੇ ਹੀ ਸੁੱਟੀ ਜਾਂਦੀ ਸੀ। ਮਰਦਾਂ ਉੱਤੇ ਇਸ ਦਾ ਘੱਟ ਦਬਾਅ ਮੰਨਿਆ ਜਾਂਦਾ ਹੈ। ਵਿਆਹ ਉਪਰੰਤ ਤਲਾਕ ਦਾ ਇਹ ਅਲਿਖਤੀ ਸੰਵਿਧਾਨ ਹੁਣ ਬਦਲ ਰਿਹਾ ਹੈ। ਜ਼ਿਆਦਾਤਰ ਸਥਿਤੀਆਂ ਵਿੱਚ ਤਲਾਕ ਦਾ ਕਾਰਨ ਇੱਕ ਧਿਰ ਨਹੀਂ ਮੰਨੀ ਜਾ ਸਕਦੀ।

ਵਿਆਹ ਵੇਲੇ ਕੁੜੀਆਂ ਨੂੰ ਇਹ ਹੀ ਸਿਖਾ ਕੇ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਸਹੁਰੇ ਘਰ ਅਧੀਨਗੀ ਹੀ ਚੰਗੀ ਹੁੰਦੀ ਹੈ। ਹੌਲੀ ਹੌਲੀ ਪੈਰ ਲੱਗ ਜਾਂਦੇ ਹਨ। ਮਰਦ ਅਤੇ ਔਰਤ ਵਿੱਚ ਸਮਾਨਤਾ ਦੇ ਅਹਿਸਾਸ ਨੇ ਹੁਣ ਇਸ ਮਿੱਥ ਨੂੰ ਵੀ ਤੋੜਨ ਦਾ ਕੰਮ ਕੀਤਾ ਹੈ। ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਸੱਭਿਆਚਾਰਕ ਬੋਝ ਨੂੰ ਝੱਲਦੀਆਂ ਸਨ, ਹੁਣ ਇਹ ਅਸਹਿ ਹੈ। ਹੁਣ ਔਰਤਾਂ ਵਿਆਹ ਵਿੱਚ ਬਰਾਬਰਤਾ, ਸ਼ਾਨ ਅਤੇ ਸਹੀ ਸਾਝੀਦਾਰੀ ਦੀ ਮੰਗ ਕਰਨ ਲੱਗੀਆਂ ਹਨ। ਜੇ ਨਹੀਂ ਤਾਂ ਇਸ ਵਿਆਹ ਤੋਂ ਦੂਰ ਜਾਣਾ ਫੇਲ੍ਹ ਹੋਣਾ ਨਹੀਂ ਸਗੋਂ ਸਪੱਸ਼ਟ ਹੋਣਾ ਹੈ।

ਜੇ ਤੱਤਸਾਰ ਵਿੱਚ ਕਹਿਣਾ ਹੋਵੇ ਤਾਂ ਹੁਣ ਮੰਨਣਾ ਪਵੇਗਾ ਕਿ ਵਿਆਹ ਕੇਵਲ ਪਰੰਪਰਾ ਜਾਂ ਰਵਾਇਤ ਨਿਭਾਉਣ ਲਈ ਨਹੀਂ ਬਲਕਿ ਮਰਦ-ਔਰਤ ਵਿੱਚ ਬਰਾਬਰ ਦੀ ਹਿੱਸੇਦਾਰੀ ਹੈ। ਕੰਮ-ਕਾਜ ਅਤੇ ਜ਼ਿੰਮੇਵਾਰੀਆਂ ਵਿੱਚ ਸਮਾਨਤਾ ਝਲਕਣ ਲੱਗੀ ਹੈ। ਵਿਆਹ ਨਿੱਜੀ ਵਿਕਾਸ ਵਿੱਚ ਅੜਿੱਕਾ ਨਹੀਂ ਬਣਨਾ ਚਾਹੀਦਾ। ਜੇ ਭਾਵਨਾਵਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਤਲਾਕ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਇਨ੍ਹਾਂ ਸ਼ਰਤਾਂ ਦੀ ਪੂਰਤੀ ਸਹਿਜੇ ਨਾ ਹੋਣ ਕਾਰਨ ਵਿਆਹ ਦੀ ਔਸਤ ਉਮਰ ਵਧ ਗਈ ਹੈ। ਵਿਆਹ ਹੁਣ ਸਮਾਜਿਕ ਬੰਨ੍ਹਣ ਵੀ ਨਹੀਂ, ਮਨ ਦੀ ਮੌਜ ਹੈ। ਇੱਕ-ਦੂਜੇ ਪ੍ਰਤੀ ਜਜ਼ਬਾਤੀ ਸੂਝ ਜ਼ਰੂਰੀ ਹੈ। ਇੱਕ ਦੂਜੇ ਪ੍ਰਤੀ ਸੰਵੇਦਨਸ਼ੀਲਤਾ ਭਾਵ ਜਜ਼ਬਾਤੀ ਸੂਝ ਦਾ ਹੋਣਾ ਵਿਆਹ ਦੀ ਸਫਲਤਾ ਲਈ ਜ਼ਰੂਰੀ ਹੈ। ਵਿਆਹ ਨਿੱਜੀ ਵਿਕਾਸ ਵਿੱਚ ਅੜਿੱਕਾ ਨਹੀਂ ਬਣਨਾ ਚਾਹੀਦਾ।

ਹੁਣ ਵਿਆਹ ਦੀ ਕਾਹਲ ਨਹੀਂ ਹੈ। ਸਗੋਂ ਸਿੱਖਿਆ, ਕਰੀਅਰ ਅਤੇ ਨਿੱਜੀ ਵਿਕਾਸ ਵੱਧ ਅਹਿਮ ਹਨ। ਕਿਤੇ ਕਿਤੇ ਤਾਂ ਇਹ ਧਾਰਨਾ ਵੀ ਬਣਦੀ ਦੇਖੀ ਜਾ ਰਹੀ ਹੈ ਕਿ ‘ਵਿਆਹ ਇੱਕ ਕੈਦ ਹੈ।’ ਇੱਕ ਬਦਲ ਵਜੋਂ ਬਿਨਾਂ ਵਿਆਹ ਤੋਂ ਇਕੱਠੇ ਰਹਿਣ ਦਾ ਢੰਗ ਵੀ ਅਪਣਾਇਆ ਜਾ ਰਿਹਾ ਹੈ।

Advertisement
Show comments