ਨੌਜਵਾਨਾਂ ਨੂੰ ਪੜ੍ਹਾਓ ਚੱਜ-ਆਚਾਰ ਦਾ ਪਾਠ
ਮਨੁੱਖੀ ਜੀਵਨ ਦੀ ਤੋਰ ਬਹੁਤ ਬਦਲ ਗਈ ਹੈ ਤੇ ਨਿੱਤ ਬਦਲਦੀ ਜਾ ਰਹੀ ਹੈ। ਪੁਰਾਣੀਆਂ ਮਾਨਤਾਵਾਂ ਖ਼ਤਮ ਹੋ ਰਹੀਆਂ ਹਨ ਤੇ ਨਵੀਆਂ ਸੋਚਾਂ ਤੇ ਅਕੀਦੇ ਪੈਦਾ ਹੋ ਰਹੇ ਹਨ। ਬਦਲ ਰਹੇ ਸਮਿਆਂ ਨੇ ਮਨੁੱਖੀ ਮਨ ਵਿੱਚ ਨਵੀਆਂ ਸੋਚਾਂ ਪੈਦਾ ਕੀਤੀਆਂ ਹਨ। ਕੁੜੀਆਂ-ਮੁੰਡਿਆਂ ਦੀ ਬਰਾਬਰੀ ਦੀਆਂ ਗੱਲਾਂ ਹੋ ਰਹੀਆਂ ਹਨ। ਭਾਵੇਂ ਇਹ ਅਜੇ ਸਭ ਕੁਝ ਸਮਾਜ ਦੀ ਸੋਚ ਦਾ ਹਿੱਸਾ ਨਹੀਂ ਬਣਿਆ, ਪਰ ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹਨ ਕਿ ਪਹਿਲਾਂ ਨਾਲੋਂ ਕੁੜੀਆਂ/ਔਰਤਾਂ ਦੀ ਹਾਲਤ ਵਿੱਚ ਬਹੁਤ ਤਬਦੀਲੀ ਆ ਚੁੱਕੀ ਹੈ। ਕੁੜੀਆਂ ਆਪਣੀ ਮਿਹਨਤ, ਲਗਨ ਤੇ ਆਤਮ-ਵਿਸ਼ਵਾਸ ਨਾਲ ਪੜ੍ਹ-ਲਿਖ ਕੇ ਉੱਚੀ ਸਿੱਖਿਆ ਹਾਸਲ ਕਰਕੇ ਉੱਚੇ ਅਹੁਦਿਆਂ ਤੱਕ ਪਹੁੰਚ ਕੇ ਅੰਬਰੀਂ ਉਡਾਰੀਆਂ ਭਰ ਰਹੀਆਂ ਹਨ। ਜੀਵਨ ਦੇ ਹਰ ਖੇਤਰ ਵਿੱਚ ਔਰਤਾਂ ਨੇ ਆਪਣੀ ਲਿਆਕਤ ਦੇ ਬਲ ’ਤੇ ਆਪਣੀ ਸੂਝ ਦਾ ਲੋਹਾ ਮਨਵਾਇਆ ਹੈ।
ਇਸ ਦੇ ਬਾਵਜੂਦ ਜਿਹੜੀ ਗੱਲ ਸਭ ਤੋਂ ਵੱਧ ਮਨ ਨੂੂੂੰ ਤੜਪਾਉਂਦੀ ਹੈ, ਉਹ ਇਹ ਹੈ ਕਿ ਸਮਾਜ ਵਿੱਚ ਔਰਤਾਂ ਵੱਲੋਂ ਨਵੀਆਂ ਨਿਵੇਕਲੀਆਂ ਪੈੜਾਂ ਸਿਰਜਣ ਦੇ ਬਾਵਜੂਦ ਕੁੜੀਆਂ/ਔਰਤਾਂ ਦੇ ਨਿਰਾਦਰ ਦੀਆਂ ਘਟਨਾਵਾਂ ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਛੇੜ-ਛਾੜ, ਅਗਵਾ, ਅਸ਼ਲੀਲ ਗੱਲਾਂ ਤੇ ਜਬਰ-ਜਨਾਹ ਦੀਆਂ ਘਟਨਾਵਾਂ ਮਨੁੱਖੀ ਹਿਰਦਿਆਂ ਨੂੰ ਵਲੂੰਧਰ ਰਹੀਆਂ ਹਨ। ਜਿਸ ਘਰ ਦੀ ਧੀ-ਭੈਣ ਨਾਲ ਅਜਿਹਾ ਵਾਪਰਦਾ ਹੈ, ਉਸ ਦੇ ਮਨ ਦੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਬਹੁਤੇ ਲੋਕ ਤਾਂ ਅਜਿਹੀਆਂ ਮੰਦਭਾਗੀਆਂ ਖ਼ਬਰਾਂ ਨੂੰ ਸਤਹੀ ਪੱਧਰ ’ਤੇ ਪੜ੍ਹ ਕੇ ਅੱਗੇ ਲੰਘ ਜਾਂਦੇ ਹਨ। ਜੇ ਸਮਾਜ ਅਜਿਹੀਆਂ ਘਟਨਾਵਾਂ ਵਿਰੱਧ ਇੱਕ-ਜੁੱਟ ਹੋ ਕੇ ਆਵਾਜ਼ ਬੁਲੰਦ ਕਰੇ ਤਾਂ ਅਜਿਹੇ ਦੋਸ਼ੀਆਂ ਨੂੰ ਨੰਗਾ ਕੀਤਾ ਜਾ ਸਕਦਾ ਹੈ। ਪਹਿਲਾਂ ਵੀ ਕਈ ਵਾਰ ਜਨਤਾ ਦੇ ਭਰਵੇਂ ਵਿਰੋਧ ਕਾਰਨ ਦੋਸ਼ੀਆਂ ਦੀ ਪੁਸ਼ਤ-ਪਨਾਹੀ ਕਰਨ ਵਾਲੇ ਰਸੂਖ਼ਦਾਰ ਲੋਕਾਂ ਨੂੰ ਨੰਗਾ ਕੀਤਾ ਗਿਆ ਹੈ ਤੇ ਦੋਸ਼ੀਆਂ ਖਿਲਾਫ਼ ਕੇਸ ਦਰਜ ਹੋਏ ਹਨ।
ਅਸਲ ਗੱਲ ਇਹ ਹੈ ਕਿ ਕੌਣ ਨੇ ਅਜਿਹੇ ਲੋਕ ਜੋ ਕੁੜੀਆਂ/ਔਰਤਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਨ। ਇਹ ਕਿਸੇ ਹੋਰ ਦੁਨੀਆ ਵਿੱਚੋਂ ਨਹੀਂ ਆਉਂਦੇ, ਇਹ ਸਾਡੇ ਆਲੇ-ਦੁਆਲੇ ਵਿੱਚ ਹੀ ਵਸੇ ਹੋਏ ਹਨ। ਇਨ੍ਹਾਂ ਦੀ ਸ਼ਨਾਖਤ ਕਰਨ ਦੀ ਲੋੜ ਹੈ। ਸਾਡਾ ਪੁੱਤ, ਭਰਾ, ਭਤੀਜਾ, ਦੋਸਤ ਜਾਂ ਹੋਰ ਕੋਈ ਸਬੰਧੀ ਕਿਵੇਂ ਵਿਚਰਦਾ ਹੈ, ਇਸ ਵਾਰੇ ਅਸੀਂ ਅਕਸਰ ਅਣਜਾਣ ਹੀ ਹੁੰਦੇ ਹਾਂ। ਅਸੀਂ ਆਪਣੇ ਬੱਚਿਆਂ ਖ਼ਾਸ ਤੌਰ ’ਤੇ ਮੁੰਡਿਆਂ ਨੂੰ ਸਕੂਲ/ਕਾਲਜ ਵਿੱਚ ਦਾਖਲ ਕਰਵਾ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਾਂ। ਉਹ ਜਿੰਨੇ ਪੈਸੇ ਮੰਗਦਾ ਹੈ, ਬਹੁਤੇ ਮਾਪੇ ਔਖੇ-ਸੌਖੇ ਦੇਈ ਜਾਂਦੇ ਹਨ। ਅਸੀਂ ਆਪਣੇ ਕੰਮਾਂਕਾਰਾਂ ਵਿੱਚ ਰੁੱਝੇ ਆਪਣੇ ਬੱਚੇ ਦੀ ਸਾਰ ਲੈਣੀ ਭੁੱਲ ਹੀ ਜਾਂਦੇ ਹਾਂ। ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਬਾਰੇ ਮਾਪਿਆਂ ਦਾ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡਾ ਬੱਚਾ ਕੀ ਕਰਦਾ ਹੈ, ਉਸ ਦੇ ਦੋਸਤ ਕਿਹੋ ਜਿਹੇ ਹਨ। ਉਹ ਬਹੁਤਾ ਸਮਾਂ ਕਿੱਥੇ ਗੁਜ਼ਾਰਦਾ ਹੈ। ਉਸ ਦੇ ਸ਼ੌਕ ਕੀ ਹਨ। ਉਸ ਦੀਆਂ ਆਦਤਾਂ ਰੁਚੀਆਂ ਕਿਹੋ ਜਿਹੀਆਂ ਹਨ। ਕੀ ਉਹ ਘਰ ਦੇ ਜੀਆਂ ਕੋਲ ਬੈਠ ਕੇ ਗੱਲਬਾਤ ਕਰਦਾ ਹੈ? ਉਸ ਦੇ ਸੁਭਾਅ ਵਿੱਚ ਤੁਹਾਨੂੰ ਕੋਈ ਤਬਦੀਲੀ ਤਾਂ ਨਜ਼ਰ ਨਹੀਂ ਆ ਰਹੀ। ਆਪਣੀ ਮਾਂ, ਭੈਣ ਪ੍ਰਤੀ ਉਸ ਦਾ ਕੀ ਵਿਵਹਾਰ ਹੈ। ਇਹੋ ਜਿਹੀਆਂ ਗੱਲਾਂ ਤੋਂ ਕਿਸੇ ਨੌਜਵਾਨ ਬੱਚੇ ਦੇ ਸੁਭਾਅ ਦੀਆਂ ਕੁਝ ਗੱਲਾਂ ਦਾ ਪਤਾ ਲਗਾਇਆ ਜਾ ਸਕਦਾ ਹੈ।
ਅਕਸਰ ਕੁੜੀਆਂ ਨੂੰ ਘਰ ਤੋਂ ਬਾਹਰ ਜਾਣ ਸਮੇਂ ਮਾਪੇ ਕਈ ਤਰ੍ਹਾਂ ਦੀਆਂ ਹਦਾਇਤਾਂ ਦਿੰਦੇ ਹਨ, ਪਰ ਇਸ ਦੇ ਉਲਟ ਮਾਪੇ ਸਕੂਲ/ਕਾਲਜ ਪੜ੍ਹਦੇ ਮੁੰਡਿਆਂ ਨੂੰ ਬਹੁਤ ਘੱਟ ਅਜਿਹੀਆਂ ਹਦਾਇਤਾਂ ਦਿੰਦੇ ਹਨ। ਜੇ ਕਹਿੰਦੇ ਵੀ ਹੋਣਗੇ ਤਾਂ ਡਰਦੇ ਡਰਦੇ ਕਿ ਇਹ ਕਿਤੇ ਬੁਰਾ ਨਾ ਮਨਾ ਲਏ। ਮੁੰਡੇ ਪੜ੍ਹਾਈ ਵਿੱਚ ਵੀ ਕੁੜੀਆਂ ਦੇ ਮੁਕਾਬਲੇ ਪਿੱਛੇ ਹਨ, ਪਰ ਮਾਪੇ ਝਿੜਕਾਂ ਤੇ ਟੋਕਾ-ਟਕਾਈ ਕੁੜੀਆਂ ਦੀ ਹੀ ਵੱਧ ਕਰਦੇ ਹਨ। ਅਜੋਕੇ ਬੱਚੇ ਵਿਸ਼ੇਸ਼ ਤੌਰ ’ਤੇ ਬਹੁਤੇ ਪੁੱਤਰ ਮਾਪਿਆਂ ਦੀ ਬਹੁਤੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਹਨ। ਅਸਲ ਵਿੱਚ ਜਵਾਨ ਬੱਚਿਆਂ ਨੂੰ ਝਿੜਕਾਂ ਮਾਰ ਕੇ ਸਖ਼ਤੀ ਨਾਲ ਸਮਝਾਉਣ ਦੀ ਥਾਂ ਸਹਿਜਤਾ, ਪਿਆਰ ਤੇ ਇੱਕ ਦੋਸਤ ਸਮਝ ਕੇ ਹੀ ਸਮਝਾਇਆ ਜਾ ਸਕਦਾ ਹੈ।
ਘਰ-ਪਰਿਵਾਰ ਵਿੱਚ ਵਿਚਰਦਿਆਂ ਬੱਚਿਆਂ ਦੀ ਗੱਲ ਵੀ ਠਰ੍ਹੰਮੇ ਨਾਲ ਸੁਣਨੀ ਬਹਤ ਜ਼ਰੂਰੀ ਹੈ। ਆਪਸੀ ਸੰਵਾਦ ਦਾ ਰਾਹ ਅਪਣਾ ਕੇ ਹੀ ਖ਼ੁਸ਼ਗਵਾਰ ਮਾਹੌਲ ਸਿਰਜਿਆ ਜਾ ਸਕਦਾ ਹੈ। ਜੇ ਤੁਹਾਡਾ ਬੱਚਾ ਘਰ ਵਿੱਚ ਆਪਣੀ ਮਾਂ, ਭੈਣ, ਚਾਚੀ, ਤਾਈ ਤੇ ਹੋਰ ਔਰਤਾਂ ਦਾ ਸਤਿਕਾਰ ਕਰਦਾ ਹੈ ਤਾਂ ਉਸ ਦੀ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਉਸ ਨੂੰ ਇਹ ਦ੍ਰਿੜ ਕਰਾਉਣ ਦੀ ਵੀ ਲੋੜ ਹੈ ਕਿ ਜੀਵਨ ਵਿੱਚ ਵਿਚਰਦਿਆਂ ਹਰ ਕੁੜੀ/ਔਰਤ ਦਾ ਸਤਿਕਾਰ ਕੀਤਾ ਜਾਵੇ। ਅਜੋਕਾ ਸਮਾਂ ਬਹੁਤ ਤੇਜ਼-ਤਰਾਰ ਹੈ, ਕਈ ਵਾਰ ਕੋਈ ਸਾਥੀ ਅਜਿਹਾ ਮਿਲ ਜਾਂਦਾ ਹੈ ਕਿ ਤੁਹਾਡਾ ਪੁੱਤਰ ਵੀ ਕਿਸੇ ਦੇ ਪ੍ਰਭਾਵ ਵਿੱਚ ਆ ਕੇ ਗ਼ਲਤ ਦਿਸ਼ਾ ਅਖ਼ਤਿਆਰ ਕਰ ਲੈਂਦਾ ਹੈ। ਉਸ ਨੂੰ ਸੁਚੇਤ ਰੂਪ ਵਿੱਚ ਪਹਿਲਾਂ ਹੀ ਇਹ ਸਮਝਾਉਣ ਦੀ ਲੋੜ ਹੈ ਕਿ ਅਜਿਹੇ ਕਿਸੇ ਰਾਹ ਨਹੀਂ ਤੁਰਨਾ, ਜਿਸ ਨਾਲ ਸਮਾਜ ਵਿੱਚ ਪਰਿਵਾਰ ਨੂੰ ਸ਼ਰਮਿੰਦਗੀ ਸਹਿਣੀ ਪਵੇ।
ਸਾਡੇ ਕੋਲ ਇਤਿਹਾਸਕ ਤੌਰ ’ਤੇ ਬਹੁਤ ਮਹਾਨ ਵਿਰਸਾ ਹੈ, ਜਿਸ ਵਿੱਚ ਭਾਵੇਂ ਕਿਸੇ ਦੁਸ਼ਮਣ ਦੀ ਔਰਤ ਵੀ ਕਿਉਂ ਨਾ ਹੋਵੇ, ਉਸ ਵੱਲ ਵੀ ਸਿੰਘ ਸੂਰਮੇ ਨਾ ਆਪ ਤੇ ਨਾ ਹੀ ਕਿਸੇ ਹੋਰ ਨੂੰ ਮੈਲੀ ਅੱਖ ਨਾਲ ਦੇਖਣ ਦੀ ਆਗਿਆ ਦਿੰਦੇ ਸਨ। ਇਸ ਤੋਂ ਅੱਗੇ ਉਨ੍ਹਾਂ ਦੀ ਪੂਰੀ ਹਿਫਾਜ਼ਤ ਕੀਤੀ ਜਾਂਦੀ ਸੀ। ਅਜਿਹੇ ਮੌਕਿਆਂ ’ਤੇ ਜੇ ਕੋਈ ਆਪਣਾ ਸਾਥੀ ਵੀ ਕਿਸੇ ਔਰਤ ਪ੍ਰਤੀ ਮਾੜੀ ਨਜ਼ਰ ਰੱਖਦਾ ਸੀ ਤਾਂ ਇਹ ਯੋਧੇ ਉਸ ਨੂੰ ਵੀ ਮੌਤ ਦੇ ਰਾਹ ਤੋਰਨ ਤੋਂ ਗੁਰੇਜ਼ ਨਹੀਂ ਕਰਦੇ ਸਨ। ਜਦੋਂ ਹਮਲਾਵਰ ਹਿੰਦੋਸਤਾਨ ਦੀਆਂ ਬਹੂ-ਬੇਟੀਆਂ ਨੂੰ ਬੰਦੀ ਬਣਾ ਕੇ ਆਪਣੇ ਐਸ਼ੋ-ਆਰਾਮ ਲਈ ਲੈ ਜਾਂਦੇ ਸਨ ਤਾਂ ਉਦੋਂ ਵੀ ਉੱਚੇ-ਸੁੱਚੇ ਕਿਰਦਾਰਾਂ ਦੇ ਮਾਲਕ ਸਿੰਘ-ਸੂਰਮੇ ਹੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਇਨ੍ਹਾਂ ਨੂੰ ਛੁਡਾ ਕੇ ਸੁਰੱਖਿਅਤ ਵਾਪਸ ਮੋੜ ਲਿਆਉਂਦੇ ਰਹੇ ਹਨ। ਭਾਈ ਗੁਰਦਾਸ ਜੀ ਨੇ ਵੀ ਆਪਣੀ ਇੱਕ ਵਾਰ ਦੀ ਪਉੜੀ ਵਿੱਚ ਪਰਾਈਆਂ ਇਸਤਰੀਆਂ ਪ੍ਰਤੀ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਹੈ ਦੀ ਸਿੱਖਿਆ ਦਿੱਤੀ ਹੈ-‘ਦੇਖਿ ਪਰਾਈਆ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ।’
ਨੌਜਵਾਨ ਪੀੜ੍ਹੀ ਨੂੰ ਅਜਿਹੇ ਸ਼ਾਨਾਮੱਤੇ ਵਿਰਸੇ ਦੀਆਂ ਮੁੱਲਵਾਨ ਕਹਾਣੀਆਂ ਤੋਂ ਜਾਣੂ ਕਰਾ ਕੇ ਉਨ੍ਹਾਂ ਦੀ ਸੋਚ ਬਦਲੀ ਜਾ ਸਕਦੀ ਹੈ। ਨੌਜਵਾਨਾਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਤੁਹਾਡਾ ਕਿਰਦਾਰ ਏਨਾ ਉੱਚਾ ਹੋਵੇ ਕਿ ਹਰ ਔਰਤ ਤੁਹਾਡੀ ਹਾਜ਼ਰੀ ਵਿੱਚ ਬਿਨਾਂ ਕਿਸੇ ਡਰ ਦੇ ਵਿਚਰ ਸਕੇ। ਅਕਸਰ ਦੇਖਦੇ ਹਾਂ ਕਿ ਕਈ ਵਾਰ ਔਰਤਾਂ ਪ੍ਰਤੀ ਮੈਲੀ ਸੋਚ ਰੱਖਣ ਵਾਲੇ ਵਿਅਕਤੀ ਦਿਨ-ਦਿਹਾੜੇ ਤੇ ਭਰੇ ਬਾਜ਼ਾਰਾਂ ਵਿੱਚ ਹੀ ਕਿਸੇ ਔਰਤ ਨੂੰ ਪਰੇਸ਼ਾਨ ਕਰਦੇ ਹੋਏ ਉਸ ਦਾ ਨਿਰਾਦਰ ਕਰਦੇ ਹਨ, ਪਰ ਆਲੇ-ਦੁਆਲੇ ਵਿਚਰਦੇ ਲੋਕ ਆਰਾਮ ਨਾਲ ਆਪਣੇ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ। ਕੋਈ ਵੀ ਇਸ ਨਿਰਾਦਰੀ ਦੇ ਵਿਰੁੱਧ ਆਵਾਜ਼ ਨਹੀਂ ਉਠਾਉਂਦਾ।
ਜਿਹੜਾ ਵਿਅਕਤੀ ਆਪਣੀ ਮਾਂ, ਭੈਣ, ਧੀ ਜਾਂ ਹੋਰ ਔਰਤਾਂ ਪ੍ਰਤੀ ਆਪਣੇ ਮਨ ਵਿੱਚ ਸਤਿਕਾਰ ਦੀ ਭਾਵਨਾ ਰੱਖਦਾ ਹੈ, ਉਸ ਨੂੰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਿਰੁੱਧ ਵੀ ਡਟ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਰੌਲਾ ਪਾ ਕੇ ਹੋਰ ਲੋਕਾਂ ਨੂੰ ਇਕੱਠੇ ਕਰਨਾ ਚਾਹੀਦਾ ਹੈ ਤਾਂ ਕਿ ਔਰਤ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਸ ਦੀ ਅਜਿਹੇ ਗੁੰਡਿਆਂ ਤੋਂ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ। ਨੌਜਵਾਨ ਮੁੰਡਿਆਂ ਨੂੰ ਇਹ ਅਹਿਸਾਸ ਕਰਾਉਣ ਦੀ ਲੋੜ ਹੈ ਕਿ ਜੇ ਕੋਈ ਲੜਕੀ ਕਿਤੇ ਵੀ ਮੁਸੀਬਤ ਵਿੱਚ ਹੈ ਤਾਂ ਉਸ ਨੂੰ ਅਜਿਹੀ ਭਾਵਨਾ ਨਾਲ ਹੀ ਸੰਕਟ ਵਿੱਚੋਂ ਕੱਢਣ ਦੇ ਯਤਨ ਕੀਤੇ ਜਾਣ, ਜਿਵੇਂ ਤੁਸੀਂ ਆਪਣੇ ਘਰ ਦੀ ਕਿਸੇ ਔਰਤ ਦੀ ਇੱਜ਼ਤ ਬਚਾਉਣ ਲਈ ਕਰਦੇ ਹੋ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਾਰੇ ਮਾਪਿਆਂ ਦੀ ਇਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਚੰਗੇ ਇਨਸਾਨ ਬਣਨ। ਜੇ ਕਾਲਜ, ਯੂਨੀਵਰਸਿਟੀ ਪੜ੍ਹਦਾ ਤੁਹਾਡਾ ਬੱਚਾ ਪੜ੍ਹਾਈ ਵਿੱਚ ਬਹੁਤੇ ਨੰਬਰ ਨਹੀਂ ਵੀ ਲੈ ਸਕਿਆ ਤਾਂ ਕੋਈ ਗੱਲ ਨਹੀਂ, ਉਸ ਵਿਚ ਇਨਸਾਨੀਅਤ ਵਾਲੇ ਗੁਣ ਜ਼ਰੂਰ ਹੋਣੇ ਚਾਹੀਦੇ ਹਨ। ਜੇ ਤੁਸੀਂ ਆਪਣੀਆਂ ਕੋਸ਼ਿਸ਼ਾਂ ਨਾਲ ਆਪਣੇ ਬੱਚੇ ਦੇ ਮਨ ਵਿੱਚ ਅਜਿਹੀਆਂ ਕਦਰਾਂ-ਕੀਮਤਾਂ ਪੈਦਾ ਕਰਨ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਤੁਹਾਡੇ ਜਿਹਾ ਖ਼ੁਸ਼ਕਿਸਮਤ ਕੋਈ ਨਹੀਂ ਹੋਵੇਗਾ। ਤੁਸੀਂ ਨਰੋਏ ਸਮਾਜ ਲਈ ਵੀ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਅ ਰਹੇ ਹੋਵੋਗੇ। ਅੱਜ ਸਾਡਾ ਸਭ ਤੋਂ ਵੱਧ ਜ਼ੋਰ ਇਸ ਗੱਲ ’ਤੇ ਹੀ ਲੱਗਾ ਹੋਇਆ ਹੈ ਕਿ ਸਾਡੇ ਬੱਚੇ ਡਾਕਟਰ, ਇੰਜੀਨੀਅਰ ਜਾਂ ਵਿਦੇਸ਼ਾਂ ਵਿੱਚ ਜਾ ਕੇ ਵੱਧ ਤੋਂ ਵੱਧ ਪੈਸਾ ਕਮਾਉਣ ਦੇ ਯੋਗ ਹੋ ਜਾਣ। ਕਿਸੇ ਤਰ੍ਹਾਂ ਵੀ ਇਨਸਾਨੀ ਗੁਣਾਂ ਨੂੰ ਘਟਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਸਮਾਜਿਕ ਮਾਹੌਲ ਨੂੰ ਦੇਖਦਿਆਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਜੋਕੀ ਨੌਜਵਾਨ ਪੀੜ੍ਹੀ ਨੂੰ ਨਰੋਈਆਂ ਕਦਰਾਂ-ਕੀਮਤਾਂ ਦੇ ਰਾਹ ਤੋਰਿਆ ਜਾਵੇ।
ਸੰਪਰਕ: 98153-56086