ਚਿੱਠੀ ਲੈ ਜਾ ਵੇ ਕਾਸਦਾ ਮੇਰੀ...
ਜਗਤਾਰ ਸਿੰਘ ਮਾਨਸਾ
ਚਿੱਠੀ, ਖ਼ਤ, ਪੱਤਰ ਦਾ ਇਹ ਤਾਂ ਨਹੀਂ ਪਤਾ ਕਿ ਇਸ ਦਾ ਮਨੁੱਖ ਨਾਲ ਕਦੋਂ ਦਾ ਸਬੰਧ ਹੈ? ਪਰ ਇਹ ਹੈ ਬਹੁਤ ਪੁਰਾਣਾ। ਚਿੱਠੀ ਦਾ ਸ਼ਬਦੀ ਅਰਥ ਸੰਦੇਸ਼ ਭੇਜਣਾ ਜਾਂ ਪ੍ਰਾਪਤ ਕਰਨਾ ਅਤੇ ਸੰਦੇਸ਼ ਰਾਹੀਂ ਹੀ ਆਪਸੀ ਗੱਲਬਾਤ ਕਰਨ ਤੋਂ ਹੈ। ਇਤਿਹਾਸ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਲਿਖੇ ਸੰਦੇਸ਼ ਪੱਤਰ ਮਿਲਦੇ ਹਨ। ਜਦੋਂ ਤੋਂ ਲਿੱਪੀ ਹੋਂਦ ਵਿੱਚ ਆ ਗਈ, ਸੰਦੇਸ਼ ਭੇਜਣੇ ਸ਼ੁਰੂ ਹੋ ਗਏ ਸਨ। ਚਿੱਠੀਆਂ ਪਹਿਲਾਂ ਕਬੂਤਰਾਂ ਜਾਂ ਕਾਸਦਾਂ ਦੁਆਰਾ ਭੇਜੀਆਂ ਜਾਂਦੀਆਂ ਸਨ। ਇਸ ਤੋਂ ਹੀ ਮੌਜੂਦਾ ਡਾਕਖਾਨਾ ਪੈਦਾ ਹੋਇਆ। ਡਾਕੀਏ ਨੂੰ ਪ੍ਰਾਹੁਣੇ ਵਾਂਗ ਉਡੀਕਿਆ ਜਾਂਦਾ ਸੀ। ਉਸ ਦੀ ਟਹਿਲ ਸੇਵਾ ਵੀ ਹੁੰਦੀ ਸੀ। ਉਸ ਨੂੰ ਚੰਗੀ ਖ਼ਬਰ ਲਈ ਸ਼ਗਨ ਵੀ ਦਿੱਤੇ ਜਾਂਦੇ ਸਨ। ਇਹ ਕੰਮ ਵੱਡੀ ਪੱਧਰ ’ਤੇ ਸਮਾਜ ਦਾ ਹਿੱਸਾ ਬਣਿਆ। ਵੀਹ ਕੁ ਸਾਲ ਪਹਿਲਾਂ ਇਨ੍ਹਾਂ ਦਾ ਪ੍ਰਚਲਣ ਆਮ ਸੀ। ਟੈਲੀਫੋਨ ਦਾ ਯੁੱਗ ਸ਼ੁਰੂ ਹੋਇਆ ਤਾਂ ਚਿੱਠੀ ਹਾਸ਼ੀਏ ’ਤੇ ਜਾਣ ਲੱਗੀ ਤਾਂ ਸੱਜਣਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਨੇ ਚਿੱਠੀਆਂ ਲਿਖਣੀਆਂ ਛੱਡ ਦਿੱਤੀਆਂ। ਗੀਤ ਆਉਣ ਲੱਗੇ;
ਤੁਸੀਂ ਚਿੱਠੀਆਂ ਪਾਉਣੀਆਂ ਭੁੱਲਗੇ
ਜਦੋਂ ਦਾ ਟੈਲੀਫੋਨ ਲੱਗਿਆ।
ਚਿੱਠੀ ਮਿੱਤਰ, ਰਿਸ਼ਤੇਦਾਰ ਨੂੰ ਲਿਖੀ ਹੋਈ, ਦਫ਼ਤਰੀ ਚਿੱਠੀ, ਪ੍ਰੇਮ ਪੱਤਰ, ਸਿਫਾਰਸ਼ੀ ਚਿੱਠੀ, ਬੇਰੰਗ ਚਿੱਠੀ, ਦੁੱਖ ਦੀ ਚਿੱਠੀ, ਨੌਕਰੀ ਦੀ ਚਿੱਠੀ, ਵਿਆਹ ਦੀ ਸਾਹਿ ਚਿੱਠੀ, ਬੈਂਕ ਦੀ ਚਿੱਠੀ ਦੇ ਰੂਪ ਵਿੱਚ ਮਿਲਦੀਆਂ ਹਨ। ਇਤਿਹਾਸ ਵਿੱਚ ਕਈ ਪ੍ਰਸਿੱਧ ਚਿੱਠੀਆਂ ਦਾ ਜ਼ਿਕਰ ਮਿਲਦਾ ਹੈ। ਨਹਿਰੂ ਦੀਆਂ ਧੀ ਨੂੰ ਲਿਖੀਆਂ ਚਿੱਠੀਆਂ ਅਤੇ ਹੋਰ ਇਤਿਹਾਸਕ ਪ੍ਰਸਿੱਧੀ ਪ੍ਰਾਪਤ ਬੰਦਿਆਂ ਦੀਆਂ ਲਿਖੀਆਂ ਚਿੱਠੀਆਂ ਦਾ ਜ਼ਿਕਰ ਆਮ ਹੀ ਮਿਲਦਾ ਹੈ। ਆਇਨਸਟਾਈਨ ਦੇ ਅਧਿਆਪਕ ਦੁਆਰਾ ਆਇਨਸਟਾਈਨ ਦੀ ਨਾਲਾਇਕੀ ਬਾਰੇ ਉਸ ਦੀ ਮਾਤਾ ਨੂੰ ਲਿਖੀ ਚਿੱਠੀ, ਜਿਸ ਨੂੰ ਉਸ ਦੀ ਮਾਂ ਨੇ ਲੁਕੋ ਲਿਆ ਸੀ, ਪਰ ਉਹ ਇੱਕ ਵੱਡਾ ਵਿਗਿਆਨੀ ਬਣਿਆ। ਉਹ ਚਿੱਠੀ ਬਾਅਦ ਵਿੱਚ ਆਇਨਸਟਾਈਨ ਨੇ ਪੜ੍ਹੀ, ਜਿਸ ਵਿੱਚ ਉਸ ਨੂੰ ਨਾਲਾਇਕ ਲਿਖਿਆ ਗਿਆ ਸੀ, ਪਰ ਉਸ ਦੀ ਮਾਂ ਦੀ ਮਿਹਨਤ ਨੇ ਉਹ ਪੱਤਰ ਗ਼ਲਤ ਸਾਬਤ ਕਰ ਦਿੱਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਭੇਜਿਆ ਜ਼ਫ਼ਰਨਾਮਾ, ਉਸ ਦੇ ਜ਼ੁਲਮ ਦੇ ਖਿਲਾਫ਼ ਫ਼ਤਿਹ ਦੀ ਚਿੱਠੀ ਦੇ ਤੌਰ ’ਤੇ ਮੰਨਿਆ ਜਾਂਦਾ ਹੈ। ਇਹ ਸਿੱਖ ਇਤਿਹਾਸ ਵਿੱਚ ਵੱਡਾ ਤੇ ਉੱਚਾ ਪੱਤਰ ਮੰਨਿਆ ਜਾਂਦਾ ਹੈ। ਮਹਾਰਾਣੀ ਜਿੰਦਾਂ, ਖਾਲਸਾ ਰਾਜ ਦੀ ਚਿੰਤਾਜਨਕ ਸਥਿਤੀ ਉੱਤੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਚਿੱਠੀ ਲਿਖਦੀ ਹੈ।
ਕਾਲੇ ਪਾਣੀਓਂ ਮੌੜ ਨੂੰ ਖ਼ਤ ਕਿਸ਼ਨੇ ਪਾਇਆ
ਬਦਲਾ ਲੈ ਲਈਂ ਜਿਉਂਣਿਆ ਜੇ ਮਾਂ ਦਾ ਜਾਇਆ।
ਅੱਜਕੱਲ੍ਹ ਰਾਜਨੀਤੀ ਵਿੱਚ ਸਿਫਾਰਸ਼ੀ ਚਿੱਠੀਆਂ ਦੀ ਚਰਚਾ ਬਹੁਤ ਰਹਿੰਦੀ ਹੈ ਕਿ ਕਿਸੇ ਅਹੁਦੇ ਲਈ ਚਿੱਠੀ ਵਿੱਚੋਂ ਕਿਸ ਦਾ ਨਾਮ ਨਿਕਲਦਾ ਹੈ। ਪਹਿਲਾਂ ਘਰਾਂ ਵਿੱਚ ਭੈਣ-ਭਾਈ ਦੀ ਖੈਰ ਸੁੱਖ ਵਜੋਂ ਫ਼ੌਜੀ ਦੀ ਚਿੱਠੀ ਬਹੁਤ ਉਡੀਕੀ ਜਾਂਦੀ ਸੀ। ਜੇਕਰ ਆ ਜਾਂਦੀ ਤਾਂ ਜ਼ਿਆਦਾਤਰ ਲੋਕ ਅਨਪੜ੍ਹ ਹੋਣ ਕਾਰਨ ਆਂਢ ਗੁਆਂਢ ਵਿੱਚੋਂ ਕੋਈ ਨਾ ਕੋਈ ਪੰਜ ਚਾਰ ਜਮਾਤਾਂ ਪੜ੍ਹਿਆ ਬੰਦਾ ਲੱਭਿਆ ਜਾਂਦਾ ਸੀ। ਪੜ੍ਹਕੇ ਚਿੱਠੀ ਕਿਸੇ ਤਾਰ ਵਿੱਚ ਪਾ ਕੇ ਟੰਗ ਦਿੱਤੀ ਜਾਂਦੀ। ਵਰ੍ਹਿਆਂ ਤੱਕ ਇਹ ਇੰਝ ਹੀ ਸੰਭਾਲੀਆਂ ਹੋਈਆਂ ਪਈਆਂ ਰਹਿੰਦੀਆਂ ਸਨ। ਵਾਪਸੀ ਚਿੱਠੀ ਵੀ ਭੇਜੀ ਜਾਂਦੀ ਸੀ।
ਚਿੱਠੀ ਲਿਖਣੀ ਵੀ ਕਲਾ ਹੈ, ਕਈਆਂ ਨੂੰ ਬੜੀਆਂ ਸੋਹਣੀਆਂ ਚਿੱਠੀਆਂ ਲਿਖਣੀਆਂ ਆਉਂਦੀਆਂ ਹੁੰਦੀਆਂ ਹਨ। ਸੋਹਣੇ ਸ਼ਬਦਾਂ ਦੀ ਚੋਣ ਵੀ ਇੱਕ ਕਲਾ ਹੈ। ਵਧੀਆ ਢੰਗ ਨਾਲ ਲਿਖੀ ਚਿੱਠੀ ਵੱਡੇ ਵੱਡੇ ਕੰਮ ਕਰਵਾ ਦਿੰਦੀ ਹੈ। ਲਿਖਤੁਮ ਮਤਲਬ ਪਹਿਲਾਂ ਲਿਖਣ ਵਾਲੇ ਦਾ ਨਾਮ ਲਿਖਿਆ ਜਾਂਦਾ, ਫਿਰ ਖੈਰ ਸੁੱਖ, ਫਿਰ ਘਰਾਂ ਦੇ ਫ਼ਿਕਰ ਫਾਕੇ। ਇਸ ਲਈ ਚਿੱਠੀ ਲਿਖਣ ਵਾਲਾ ਪਹਿਲਾਂ ਕੋਈ ਵਿਸ਼ਵਾਸਯੋਗ ਵਿਅਕਤੀ ਲੱਭਣਾ ਜਾਂ ਫਿਰ ਇਹ ਕੰਮ ਡਾਕੀਏ ਤੋਂ ਕਰਵਾਇਆ ਜਾਂਦਾ ਸੀ;
ਚਿੱਠੀ ਲਿਖਦੇ ਪਾੜ੍ਹਿਆ ਮੇਰੀ
ਪਤਾਸੇ ਪੰਜ ਤੂੰ ਲੈ ਲਈਂ।
ਆਸ਼ਕ ਦੀ ਮਸ਼ੂਕ ਨੂੰ ਪਹਿਲੀ ਚਿੱਠੀ ਸਭ ਤੋਂ ਔਖੀ ਲਿਖੀ ਜਾਂਦੀ ਸੀ। ਉਸ ਨੂੰ ਪਤਾ ਨਹੀਂ ਕਿੰਨੇ ਕਾਗਜ਼ ਖ਼ਰਾਬ ਕਰਨੇ ਪੈਂਦੇ ਸਨ। ਇਹੀ ਸੁਆਲ ਵੱਡਾ ਹੁੰਦਾ ਸੀ ਕਿ ਕਿਵੇਂ ਤੇ ਕੀ ਲਿਖਾਂ? ਹੁਣ ਮੋਬਾਈਲ ਨੇ ਸਭ ਆਸਾਨ ਕਰ ਦਿੱਤਾ ਹੈ। ਨਾਲ ਹੀ ਲਿਖੇ ਲਿਖਾਏ ਫਾਰਮੈੱਟ ਵੀ ਮਿਲ ਜਾਂਦੇ ਹਨ। ਈਮੇਲ ਵੀ ਇਸੇ ਦਾ ਰੂਪ ਹੈ। ਬਹੁਤੀ ਵਾਰ ਚਿੱਠੀ ਕਿਸੇ ਖ਼ਾਸ ਵਿਅਕਤੀ ਲਈ ਭੇਜੀ ਹੋਵੇ ਤਾਂ ਬਾਹਰ ਲਿਖਿਆ ਹੁੰਦਾ ਹੈ ਕਿ ਇਸ ਨੂੰ ਉਹੀ ਵਿਅਕਤੀ ਖੋਲ੍ਹੇ, ਪਰ ਅਸੀਂ ਇਹ ਸਲੀਕੇ ਘੱਟ ਹੀ ਸਿੱਖੇ ਹਨ। ਲੋਕ ਚੋਰੀ ਚੋਰੀ ਦੂਜਿਆਂ ਦੇ ਦਸਤਾਵੇਜ਼ ਪੜ੍ਹਨ ਲਈ ਮੌਕੇ ਦੀ ਤਾਕ ਵਿੱਚ ਰਹਿੰਦੇ ਹਨ। ਪਹਿਲਾਂ ਕਈ ਵਾਰੀ ਸਾਦੇ ਕਾਗਜ਼ ’ਤੇ ਲਿਖ ਕੇ ਵੀ ਚਿੱਠੀ ਪਾ ਦਿੱਤੀ ਜਾਂਦੀ ਸੀ, ਇਸ ਨੂੰ ਬੇਰੰਗ ਚਿੱਠੀ ਕਿਹਾ ਜਾਂਦਾ ਸੀ;
ਜਦ ਆਉਂਦੀਆਂ ਕਲੇਜੇ ਸੱਲ ਪਾਉਂਦੀਆਂ
ਤੇਰੀਆਂ ਬੇਰੰਗ ਚਿੱਠੀਆਂ।
ਸਾਹਿ ਬੰਨ੍ਹੀ ਚਿੱਠੀ ਸਾਦੇ ਕਾਗਜ਼ ’ਤੇ ਮੌਲੀਆਂ ਬੰਨ੍ਹ ਕੇ ਹਲਦੀ ਲਾ ਕੇ ਭੇਜੀਆਂ ਜਾਂਦੀਆਂ ਹਨ। ਅਜਿਹੀ ਚਿੱਠੀ ਨੂੰ ਲੋਕ ਬੇਸਬਰੀ ਨਾਲ ਉਡੀਕਦੇ ਹਨ। ਅੱਜਕੱਲ੍ਹ ਬਾਜ਼ਾਰ ਵਿੱਚ ਸੋਹਣੀਆਂ ਸੋਹਣੀਆਂ ਰੇਡੀਮੇਡ ਚਿੱਠੀਆਂ ਮਿਲਦੀਆਂ ਹਨ। ਅਜਿਹੀਆਂ ਚਿੱਠੀਆਂ ਆਉਣ ’ਤੇ ਭੰਗੜੇ ਪੈਂਦੇ ਨੇ ਅਤੇ ਗੀਤ ਗਾਏ ਜਾਂਦੇ ਨੇ;
ਸ਼ਗਨਾਂ ਵਾਲੀ ਵੀਰ ਦੀ
ਸਾਹਿ ਚਿੱਠੀ ਮੈਂ ਤੇਲ ਚੋ ਚੋ ਲੰਘਾਈ
ਮੈਂ ਵਾਰੀ।
***
ਸਹੁਰੇ ਰਾਜੇ ਸਾਹਿ ਬੰਨ੍ਹਿਆ
ਵੀਰੇ ਬਾਬਲ ਸ਼ਗਨ ਮਨਾਏ
ਮੈਂ ਵਾਰੀ।
***
ਮੰਨ ਵਧਾਈਆਂ ਮਾਂ ਰਾਣੀਏ
ਤੇਰੇ ਘਰ ਸ਼ਗਨ ਆਏ
ਮੈਂ ਵਾਰੀ।
ਇਸ ਤਰ੍ਹਾਂ ਹੀ ਪਾਟੀ ਹੋਈ ਚਿੱਠੀ ਕਿਸੇ ਦੇ ਮਰਨ ਦਾ ਸੁਨੇਹਾ ਮੰਨੀ ਜਾਂਦੀ ਸੀ। ਬਹੁਤੀ ਵਾਰ ਵੈਸੇ ਹੀ ਚਿੱਠੀ ਪਾਟ ਜਾਂਦੀ ਤਾਂ ਰੋਣੇ ਧੋਣੇ ਸ਼ੁਰੂ ਹੋ ਜਾਂਦੇ ਸਨ। ਕਹਿੰਦੇ ਨੇ ਇੱਕ ਵਾਰ ਕਿਸੇ ਮਹਾਜਨ ਪਰਿਵਾਰ ਦੇ ਘਰ ਲੰਡੇ ਇਬਾਰਤ ਵਿੱਚ ਲਿਖੀ ਹੋਈ ਚਿੱਠੀ ਆਈ ਕਿ ਲਾਲਾ ਜੀ ਅਜਮੇਰ ਗਏ। ਅੱਗੇ ਵਾਲਿਆਂ ਨੇ ਲਗਾਂ-ਮਾਤਰਾਂ ਗ਼ਲਤ ਸਮਝ ਲਈਆਂ। ਉਨ੍ਹਾਂ ਲਿਖਿਆ ਹੋਇਆ ਪੜ੍ਹਿਆ ਕਿ ਲਾਲਾ ਜੀ ਅੱਜ ਮਰ ਗਏ। ਰੋਣੇ ਧੋਣੇ ਸ਼ੁਰੂ ਹੋ ਗਏ। ਮੇਰੇ ਮਾਮਾ ਜੀ ਨੇ ਫ਼ੌਜ ਵਿੱਚੋਂ ਚਿੱਠੀ ਲਿਖੀ ਕਿ ਮੇਰਾ ਟੌਵਲ (towel) ਭੇਜ ਦਿਓ, ਪੜ੍ਹਨ ਵਾਲੇ ਨੂੰ ਅੰਗਰੇਜ਼ੀ ਨਾ ਆਵੇ। ਉਹ ਟੁੱਟੀ ਫੁੱਟੀ ਅੰਗਰੇਜ਼ੀ ਪੜ੍ਹ ਕਹਿੰਦਾ ਤਬਲਾ ਮੰਗਵਾਇਆ ਹੈ। ਮੇਰੀ ਨਾਨੀ ਮਿੱਟੀ ਦਾ ਵਧੀਆ ਤਬਲਾ ਚੁੱਕੀ ਫਿਰੇ।
ਪੰਜਾਬੀ ਸਾਹਿਤ ਵਿੱਚ ਵੀਹ ਕੁ ਸਾਲ ਪਹਿਲਾਂ ਤੱਕ ਚਿੱਠੀ ਸ਼ਬਦ ’ਤੇ ਆਮ ਗੀਤ, ਟੱਪੇ, ਬੋਲੀਆਂ ਤੇ ਬਾਤਾਂ ਲਿਖੀਆਂ ਜਾਂਦੀਆਂ ਸਨ, ਪਰ ਟੈਲੀਫੋਨ, ਮੋਬਾਈਲ ਦੇ ਰੁਝਾਨ ਨੇ ਇਹ ਖ਼ਤਮ ਕਰ ਦਿੱਤੇ ਹਨ। ਹੁਣ ਇਸ ਤਰ੍ਹਾਂ ਦੀਆਂ ਰਚਨਾਵਾਂ ਨਹੀਂ ਸੁਣਨ ਨੂੰ ਮਿਲਦੀਆਂ;
ਚਿੱਠੀ ਲਿਖਤੀ ਮੈਂ ਸਾਰੀ
ਮੇਰੀ ਮੱਤ ਗਈ ਮਾਰੀ
ਪੂਰੀ ਕਰਕੇ ਤਿਆਰੀ
ਜਦ ਲਿਖਣ ਲੱਗੀ ਮੈਂ ਤੇਰਾ ਨਾਂ
ਚੰਨਾ ਮੈਂ ਤੇਰਾਂ ਨਾ ਭੁੱਲਗੀ।
***
ਚਿੱਠੀਏ ਨੀਂ ਚਿੱਠੀਏ
ਹੰਝੂਆਂ ਨਾਲ ਲਿਖੀਏ।
***
ਮੈਂ ਚਿੱਠੀ ਲਿਖਾਂ ਤੈਨੂੰ
ਹੱਥਾਂ ਗੋਰਿਆਂ ਦੇ ਨਾਲ ਵੇ
ਹੋਰ ਸਾਰੇ ਸੁੱਖ ਚੰਨਾ
ਸਾਡਾ ਬੁਰਾ ਹਾਲ ਵੇ।
***
ਐਡਾ ਖ਼ਤ ਲਿਖਕੇ ਪਾ ਸੱਜਣਾ
ਮੇਰੀ ਉਮਰ ਬੀਤ ਜਾਏ ਪੜ੍ਹਦੀ ਦੀ।
***
ਚਿੱਠੀਆਂ ਸਾਹਿਬਾਂ ਜੱਟੀ ਨੇ
ਲਿਖ ਮਿਰਜ਼ੇ ਨੂੰ ਪਾਈਆਂ।
***
ਕਾਵਾਂ ਵੇ ਸੁਣ ਕਾਵਾਂ
ਜਾਂਦਾ ਹੋਇਆ ਦੱਸ ਨਾ ਗਿਆ
ਲਿਖ ਚਿੱਠੀਆਂ ਕਿੱਧਰ ਨੂੰ ਪਾਵਾਂ।
***
ਚਿੱਠੀ ਪਾ ਵੇ ਅੰਮਾਂ ਦਿਆ ਜਾਇਆ
ਭੈਣ ਪ੍ਰਦੇਸਣ ਨੂੰ।
ਚਿੱਠੀ ਦੁੱਖ-ਸੁੱਖ ਤੇ ਪੰਜਾਬੀ ਸੱਭਿਆਚਾਰ, ਪੰਜਾਬੀ ਜੀਵਨ ਤੇ ਪੰਜਾਬੀ ਸਾਹਿਤ ਦਾ ਬਹੁਤ ਪਿਆਰਾ ਤੇ ਨਾ ਭੁੱਲਣਯੋਗ ਹਿੱਸਾ ਰਿਹਾ ਹੈ। ਤਕਨੀਕ ਨੇ ਬਹੁਤ ਕੁਝ ਬਦਲ ਦਿੱਤਾ। ਉੱਥੇ ਹੀ ਇਹ ਚਿੱਠੀ ਨੂੰ ਨਿਗਲ ਗਈ। ਹੁਣ ਚਿੱਠੀ ਸਿਰਫ਼ ਸਕੂਲਾਂ ਦੀਆਂ ਕਿਤਾਬਾਂ ਵਿੱਚ ਬੱਚਿਆਂ ਦੇ ਲਿਖਣ ਦੀ ਸ਼ੈਅ ਬਣ ਕੇ ਰਹਿ ਗਈ ਹੈ, ਜਿਸ ਪ੍ਰਤੀ ਨਾ ਅਧਿਆਪਕ ਅਤੇ ਨਾ ਹੀ ਬੱਚੇ ਸੁਹਿਰਦ ਹਨ। ਹਾਂ ਅੱਜਕਲ੍ਹ ਕਦੇ ਕਦੇ ਬੈਂਕ ਤੋਂ ਜਾਂ ਸਰਕਾਰੀ ਚਿੱਠੀਆਂ ਆ ਜਾਂਦੀਆਂ ਹਨ। ਉਨ੍ਹਾਂ ਦਾ ਬੱਚਿਆਂ ਨਾਲ ਕੋਈ ਸਬੰਧ ਨਹੀਂ ਹੁੰਦਾ। ਨਵੇਂ ਬੱਚੇ ਇਸ ਤੋਂ ਦੂਰ ਹਨ। ਉਹ ਇਸ ਦਾ ਇਤਿਹਾਸ ਜਾਂ ਮਹੱਤਵ ਨਹੀਂ ਜਾਣਦੇ। ਸਕੂਲਾਂ ਵਿੱਚ ਇਹ ਕਲਾ ਜ਼ਰੂਰ ਸਿਖਾਉਣੀ ਚਾਹੀਦੀ ਹੈ ਤਾਂ ਕਿ ਇਸ ਦਾ ਵਜੂਦ ਕਾਇਮ ਰਹਿ ਸਕੇ।
ਸੰਪਰਕ: 94636-03091