‘ਠੱਗ ਲਾਈਫ’ ਦੀ ਰਿਲੀਜ਼ ਵਿੱਚ ਵਿਘਨ ਪਾਉਣ ਵਾਲਿਆਂ ਵਿਰੁੱਧ ਕਾਰਵਾਈ ਕਰੋ: ਸੁਪਰੀਮ ਕੋਰਟ
ਨਵੀਂ ਦਿੱਲੀ, 19 ਜੂਨ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਰਨਾਟਕ ਸਰਕਾਰ ਨੂੰ ਕਿਹਾ ਕਿ ਉਹ ਕਮਲ ਹਾਸਨ ਦੀ ਫਿਲਮ ‘ਠੱਗ ਲਾਈਫ’ ਦੀ ਸਕ੍ਰੀਨਿੰਗ ਵਿੱਚ ਵਿਘਨ ਪਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਜਸਟਿਸ ਉੱਜਲ ਭੂਈਆਂ ਅਤੇ ਜਸਟਿਸ ਮਨਮੋਹਨ ਦੇ ਬੈਂਚ ਨੇ ਰਾਜ ਸਰਕਾਰ ਦੇ ਇਸ ਭਰੋਸੇ ਨੂੰ ਦਰਜ ਕੀਤਾ ਕਿ ਜੇਕਰ ਰਾਜ ਵਿੱਚ ਫਿਲਮ ਦਿਖਾਈ ਜਾਂਦੀ ਹੈ ਤਾਂ ਉਹ ਸਿਨੇਮਾਘਰਾਂ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰੇਗੀ।
ਬੈਂਚ ਨੇ ਕਿਹਾ ਕਿ ਉਹ ਅਜਿਹੀ ਸਥਿਤੀ ਨਹੀਂ ਪੈਦਾ ਕਰਨਾ ਚਾਹੁੰਦਾ ਜਿਸ ਵਿੱਚ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਵੇ ਅਤੇ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕ ਦਿੱਤਾ ਜਾਵੇ, ਜਾਂ ਸਟੈਂਡਅੱਪ ਸ਼ੋਅ ਰੱਦ ਕਰ ਦਿੱਤਾ ਜਾਵੇ ਜਾਂ ਕਿਸੇ ਕਲਾਕਾਰ ਨੂੰ ਕਵਿਤਾ ਸੁਣਾਉਣ ਤੋਂ ਰੋਕਿਆ ਜਾਵੇ। ਨਤੀਜੇ ਵਜੋਂ ਬੈਂਚ ਨੇ ਸੂਬਾ ਸਰਕਾਰ ਨੂੰ ਫਿਲਮ ਦੀ ਰਿਲੀਜ਼ ਲਈ ਖ਼ਤਰਾ ਪੈਦਾ ਕਰਨ ਵਾਲੇ ਕਿਸੇ ਵੀ ਵੰਡ ਪਾਊ ਤੱਤ ਨੂੰ ਰੋਕਣ ਲਈ ਕਿਹਾ।
ਸੁਪਰੀਮ ਕੋਰਟ ਨੇ ਰਾਜ ਸਰਕਾਰ ਦੇ ਭਰੋਸੇ ਤੋਂ ਬਾਅਦ ਜਨਹਿੱਤ ਪਟੀਸ਼ਨ ਨੂੰ ਬੰਦ ਕਰ ਦਿੱਤਾ ਅਤੇ ਕਿਹਾ ਕਿ ਕੋਈ ਦਿਸ਼ਾ-ਨਿਰਦੇਸ਼ ਜਾਂ ਨਿਰਦੇਸ਼ ਦੇਣ ਦੀ ਲੋੜ ਨਹੀਂ ਹੈ। ਇਸ ਬਾਰੇ 17 ਜੂਨ ਨੂੰ ਸੁਪਰੀਮ ਕੋਰਟ ਨੇ ਕਰਨਾਟਕ ਸਰਕਾਰ ’ਤੇ ਸਖ਼ਤ ਟਿੱਪਣੀ ਕੀਤੀ, ਜਦੋਂ ਅਦਾਕਾਰ ਦੀ ਫਿਲਮ ਸੂਬੇ ਦੇ ਸਿਨੇਮਾਘਰਾਂ ਵਿੱਚ ਨਹੀਂ ਦਿਖਾਈ ਗਈ। ਕੋਰਟ ਨੇ ਕਿਹਾ ਕਿ ਭੀੜ ਅਤੇ ਚੌਕਸੀ ਨੂੰ ਸੜਕਾਂ ’ਤੇ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। -ਪੀਟੀਆਈ