ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਝਾਂ ਦੀ ਪ੍ਰਤੀਕ ਸਾਂਝੀ

ਪਹਿਲਾਂ ਪਹਿਲ ਹਰ ਛੋਟੇ-ਵੱਡੇ ਤਿਉਹਾਰ ਦਾ ਸਾਰਿਆਂ ਨੂੰ ਅੰਤਾਂ ਦਾ ਚਾਅ ਹੁੰਦਾ ਸੀ। ਜਿਉਂ ਜਿਉਂ ਕੋਈ ਤਿਉਹਾਰ ਨੇੜੇ ਆਈ ਜਾਂਦਾ ਤਾਂ ਖ਼ੁਸ਼ੀ ਹੋਰ ਵਧਦੀ ਜਾਂਦੀ। ਸ਼ਰਾਧ ਖ਼ਤਮ ਹੋਣ ’ਤੇ ਨਰਾਤੇ ਸ਼ੁਰੂ ਹੋ ਜਾਂਦੇ ਹਨ। ਹੁਣ ਤਾਂ ਸਮੇਂ ਦੀ ਰਫ਼ਤਾਰ ਨੇ...
Advertisement

ਪਹਿਲਾਂ ਪਹਿਲ ਹਰ ਛੋਟੇ-ਵੱਡੇ ਤਿਉਹਾਰ ਦਾ ਸਾਰਿਆਂ ਨੂੰ ਅੰਤਾਂ ਦਾ ਚਾਅ ਹੁੰਦਾ ਸੀ। ਜਿਉਂ ਜਿਉਂ ਕੋਈ ਤਿਉਹਾਰ ਨੇੜੇ ਆਈ ਜਾਂਦਾ ਤਾਂ ਖ਼ੁਸ਼ੀ ਹੋਰ ਵਧਦੀ ਜਾਂਦੀ। ਸ਼ਰਾਧ ਖ਼ਤਮ ਹੋਣ ’ਤੇ ਨਰਾਤੇ ਸ਼ੁਰੂ ਹੋ ਜਾਂਦੇ ਹਨ। ਹੁਣ ਤਾਂ ਸਮੇਂ ਦੀ ਰਫ਼ਤਾਰ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਪਹਿਲਾਂ ਪਿੰਡਾਂ, ਸ਼ਹਿਰਾਂ ਵਿੱਚ ਦੁਸਹਿਰੇ ਤੋਂ ਪਹਿਲਾਂ ਨਰਾਤਿਆਂ ਵਿੱਚ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਸੀ। ਸਾਂਝੀ ਸ਼ਬਦ ਸਾਂਝ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਆਥਣ ਵੇਲ਼ਾ ਹੁੰਦਾ ਹੈ। ਆਥਣ ਵੇਲ਼ੇ ਹੀ ਸਾਂਝੀ ਦੀ ਆਰਤੀ ਉਤਾਰੀ ਜਾਂਦੀ ਹੈ। ਦੂਜੇ ਅਰਥਾਂ ਵਿੱਚ ਸਾਂਝੀ ਤੋਂ ਭਾਵ ਇਕੱਠਿਆਂ ਮਿਲ ਕੇ ਕੰਮ ਕਰਨ ਤੋਂ ਵੀ ਲਿਆ ਜਾਂਦਾ ਹੈ।

ਕੁੜੀਆਂ ਨਰਾਤਿਆਂ ਤੋਂ ਪਹਿਲਾਂ ਮਿੱਟੀ ਦੇ ਚੰਦ, ਤਾਰੇ ਤੇ ਸੂਰਜ ਦੇ ਆਕਾਰ (ਸ਼ਕਲਾਂ) ਤਿਆਰ ਕਰ ਲੈਂਦੀਆਂ ਸਨ‌। ਜਦੋਂ ਇਹ ਸੁੱਕ ਜਾਂਦੇ ਤਾਂ ਇਨ੍ਹਾਂ ’ਤੇ ਵੱਖ-ਵੱਖ ਰੰਗਾਂ ਦਾ ਪੋਚਾ ਫੇਰਿਆ ਜਾਂਦਾ ਅਤੇ ਫਿਰ ਮੱਸਿਆ ਵਾਲੇ ਦਿਨ ਘਰ ਦੇ ਇੱਕ ਪਾਸੇ ਕੰਧ ’ਤੇ ਗੋਹੇ ਦਾ ਲੇਪ ਕਰਕੇ ਇਹ ਚੰਦ, ਸਿਤਾਰੇ ਉਸ ’ਤੇ ਜੜ ਦਿੱਤੇ ਜਾਂਦੇ ਅਤੇ ਸਾਂਝੀ ਮਾਈ ਦਾ ਆਕਾਰ ਤਿਆਰ ਕਰ ਲਿਆ ਜਾਂਦਾ। ਇਸ ਦੇ ਨਾਲ ਹੀ ਬਰੋਟੇ ਦਾ ਆਕਾਰ ਵੀ ਬਣਾਇਆ ਜਾਂਦਾ। ਉੱਥੇ ਥੱਲੇ ਹੀ ਸਾਂਝੀ ਦੀ ਖੇਤੀ ਦੇ ਰੂਪ ਵਿੱਚ ਜੌਂ ਬੀਜ ਦਿੱਤੇ ਜਾਂਦੇ। ਅਸਲ ਵਿੱਚ ਜੌਂ ਬੀਜਣਾ ਘਰ ਵਿੱਚ ਪਏ ਅਨਾਜ ਦੀ ਪਰਖ ਕਰਨਾ ਹੁੰਦਾ ਸੀ ਕਿ ਇਹ ਅਗਲੀ ਖੇਤੀ ਲਈ ਉੱਗਣਯੋਗ ਹਨ ਜਾਂ ਨਹੀਂ। ਫਿਰ ਸ਼ੁਰੂ ਹੁੰਦੀ ਸਾਂਝੀ ਮਾਈ ਦੀ ਪੂਜਾ। ਇਹ ਬੀਤੇ ਸਮੇਂ ਦੀਆਂ ਗੱਲਾਂ ਹਨ, ਉਦੋਂ ਮਨੋਰੰਜਨ ਦੇ ਸਾਧਨ ਬਹੁਤ ਘੱਟ ਸਨ। ਬੱਚੇ ਤੇ ਵੱਡੇ ਸਾਰੇ ਇਹੋ ਜਿਹੇ ਸਮੇਂ ਬੜੇ ਆਨੰਦ ਵਿੱਚ ਹੁੰਦੇ ਸਨ।

Advertisement

ਮੈਨੂੰ ਯਾਦ ਹੈ ਜਦੋਂ ਸਾਡੇ ਗੁਆਂਢ ਵਿੱਚ ਬਹੁਤੇ ਘਰਾਂ ਵਿੱਚ ਸਾਂਝੀ ਲਗਾਈ ਜਾਂਦੀ ਤੇ ਇਸ ਦੀ ਪੂਜਾ ਕੀਤੀ ਜਾਂਦੀ ਸੀ। ਸ਼ਾਮ ਨੂੰ ਮੂੰਹ ਹਨੇਰਾ ਹੋਣ ’ਤੇ ਆਲੇ ਦੁਆਲੇ ਤੋਂ ਸਾਂਝੀ ਮਾਈ ਦੀ ਆਰਤੀ ਦੇ ਬੋਲ ਜਿਉਂ ਹੀ ਸਾਡੇ ਕੰਨੀਂ ਪੈਂਦੇ ਅਸੀਂ ਸਾਰੇ ਆੜੀ ਤਕਰੀਬਨ ਹਰ ਘਰ ਵਿੱਚ ਸਾਂਝੀ ਦੇ ਗਾਏ ਜਾਂਦੇ ਗੀਤਾਂ ਨੂੰ ਸੁਣਦੇ ਤੇ ਥੋੜ੍ਹਾ ਬਹੁਤਾ ਚੌੜ ਵਿੱਚ ਗਾ ਵੀ ਲੈਂਦੇ, ਪਰ ਅਸਲ ਵਿੱਚ ਸਾਡਾ ਮਕਸਦ ਆਰਤੀ ਪਿੱਛੋਂ ਮਿਲਣ ਵਾਲਾ ਭੋਗ ਹਾਸਲ ਕਰਨਾ ਹੀ ਹੁੰਦਾ ਸੀ। ਗੁਆਂਢ ਦੀਆਂ ਪੰਜ-ਸੱਤ ਘਰਾਂ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਸਾਂਝੀ ਲਾਉਂਦੀਆਂ ਹੁੰਦੀਆਂ ਸਨ। ਆਰਤੀ ਦੇ ਭੋਗ ਵਿੱਚ ਵੰਡੇ ਜਾਂਦੇ ਪ੍ਰਸ਼ਾਦ ਦੀ ਵਾਰੀ, ਵਾਰੋ ਵਾਰੀ ਹਰ ਘਰ ਦੀ ਹੁੰਦੀ। ਜਦੋਂ ਸਾਡੀ ਵਾਰੀ ਆਉਂਦੀ ਤਾਂ ਮੇਰੀਆਂ ਵੱਡੀਆਂ ਭੈਣਾਂ ਨੂੰ ਸਾਡੀ ਮਾਂ ਘਿਓ ਵਿੱਚ ਆਟਾ ਭੁੰਨ ਕੇ ਵਿੱਚ ਖੰਡ ਪਾ ਕੇ ਸੁੱਕ-ਬਰੂਰੀ ਪੰਜੀਰੀ ਬਣਾ ਕੇ ਦਿੰਦੀ ਜਾਂ ਫਿਰ ਕਦੇ ਹੱਟੀ ਤੋਂ ਮਿੱਠੀਆਂ ਖਿੱਲਾਂ ਲੈ ਲਈਆਂ ਜਾਂਦੀਆਂ। ਸਾਨੂੰ ਇਹ ਹੁੰਦਾ ਕਿ ਫਟਾਫਟ ਇੱਕ ਘਰੋਂ ਪ੍ਰਸ਼ਾਦ ਲੈ ਕੇ ਦੂਜੇ ਪਾਸੇ ਤੋਂ ਆਉਂਦੀਆਂ ਆਰਤੀ ਦੀਆਂ ਆਵਾਜ਼ਾਂ ਵੱਲ ਦੌੜ ਜਾਣਾ, ਤੇ ਫਿਰ ਉੱਥੋਂ ਪ੍ਰਸ਼ਾਦ ਲੈਣਾ। ਕੁੜੀਆਂ ਸਾਂਝੀ ਮਾਈ ਦੇ ਸਾਹਮਣੇ ਘਿਓ ਦਾ ਦੀਵਾ ਜਗਾ ਕੇ ਆਰਤੀ ਕਰਦੀਆਂ ਤੇ ਗੀਤ ਗਾਉਂਦੀਆਂ;

ਤੂੰ ਜਾਗ ਸਾਂਝੀ ਜਾਗ

ਤੇਰੇ ਮੱਥੇ ਲੱਗੇ ਭਾਗ

ਤੇਰੇ ਪੱਟੀਆਂ ਸਿਰ ਸੁਹਾਗ

ਸਾਂਝੀ ਮਾਈ ਪਟੜੇ ਖੋਲ੍ਹ

ਕੁੜੀਆਂ ਆਈਆਂ ਤੇਰੇ ਕੋਲ

ਜਾਗੂੰਗੀ ਜਗਾਉਂਗੀ

ਕੋਠੇ ਚੜ੍ਹ ਕੇ ਗਾਉਂਗੀ।

ਉਹ ਭਲਾ ਜ਼ਮਾਨਾ ਸੀ। ਛੋਟੀਆਂ ਬੱਚੀਆਂ, ਚੌਦਾਂ-ਪੰਦਰਾਂ ਸਾਲਾਂ ਦੀਆਂ ਕੁੜੀਆਂ ਇੱਕ-ਦੂਜੇ ਦੇ ਘਰ ਬੇਖੌਫ਼ ਜਾਂਦੀਆਂ ਸਨ। ਕਿਸੇ ਕਿਸਮ ਦੀ ਕੋਈ ਉੱਨੀ ਇੱਕੀ ਹੋਣ ਦਾ ਉੱਕਾ ਹੀ ਡਰ ਨਹੀਂ ਸੀ ਹੁੰਦਾ। ਸਾਰੇ ਧੀਆਂ ਧਿਆਣੀਆਂ ਨੂੰ ਆਪਣੀਆਂ ਧੀਆਂ ਹੀ ਸਮਝਦੇ ਸਨ।

ਅਸਲ ਵਿੱਚ ਸਾਂਝੀ ਨੂੰ ਲੋਕ ਦੇਵੀ ਦੇ ਇੱਕ ਰੂਪ ਵਿੱਚ ਹੀ ਪੂਜਿਆ ਜਾਂਦਾ ਸੀ। ਕੁੜੀਆਂ ਆਪਣੇ ਵੀਰਾਂ ਦੀ ਸੁੱਖ ਮੰਗਦੀਆਂ ਹੋਈਆਂ ਇਹ ਗੀਤ ਗਾਉਂਦੀਆਂ ਸਨ;

ਪਹਿਲੀ ਆਰਤੀ ਕਰਾਂ ਕਰਾਰ

ਜੀਵੇ ਮੇਰਾ ਵੀਰ ਪਿਆਰ

ਵੀਰ ਪਿਆਰ ਦੀਆਂ ਅੜੀਆਂ

ਸ਼ਿਵ ਦੁਆਲੇ ਖੜ੍ਹੀਆਂ

ਸਾਂਝੀ ਮਾਈ ਦੀ ਗਹਿਣਿਆਂ ਦੀ ਮੰਗ ਪੂਰੀ ਕਰਨ ਦਾ ਇਹ ਗੀਤ ਵੀ ਗਾਇਆ ਜਾਂਦਾ;

ਮੇਰੀ ਸਾਂਝੀ ਤਾਂ ਮੰਗਦੀ

ਛੱਜ ਭਰ ਗਹਿਣੇ ?

ਕਿੱਥੋਂ ਲਿਆਵਾਂ ਮੇਰੀ ਸਾਂਝੀ

ਮੈਂ ਛੱਜ ਭਰ ਗਹਿਣੇ

ਵੀਰ ਮੇਰਾ ਸੁਨਿਆਰੇ ਦਾ ਸਾਖੀ

ਨੀਂ ਮੈਂ ਉੱਥੋਂ ਲਿਆਵਾਂ ਛੱਜ ਭਰ ਗਹਿਣੇ

ਤੂੰ ਲੈ ਮੇਰੀ ਸਾਂਝੀ

ਛੱਜ ਭਰ ਗਹਿਣੇ

ਕੁੜੀਆਂ ਆਰਤੀ ਕਰਦੀਆਂ ਦੇਵੀ ਰੂਪ ਸਾਂਝੀ ਮਾਈ ਤੋਂ ਆਪਣੇ ਆਰ-ਪਰਿਵਾਰ ਦੀ ਹਰ ਤਰ੍ਹਾਂ ਦੀ ਸੁੱਖ ਮੰਗਦੀਆਂ। ਨਰਾਤਿਆਂ ਦੇ ਆਖਰੀ ਦਿਨ ਤੱਕ ਖ਼ੂਬ ਰੌਣਕਾਂ ਲੱਗੀਆਂ ਰਹਿੰਦੀਆਂ। ਦੁਸਹਿਰੇ ਵਾਲੇ ਦਿਨ ਜਲਦੀ ਉੱਠ ਕੇ, ਅੰਮ੍ਰਿਤ ਵੇਲੇ ਸਾਰੀਆਂ ਕੁੜੀਆਂ ਕੰਧ ’ਤੇ ਲਗਾਈ ਸਾਂਝੀ ਮਾਈ ਦੇ ਸਾਰੇ ਸਿਤਾਰਿਆਂ ਨੂੰ ਉਤਾਰ ਕੇ ਇਨ੍ਹਾਂ ਨੂੰ ਕਿਸੇ ਬੱਠਲ ਵਿੱਚ ਪਾ ਕੇ ਪਿੰਡ ਤੋਂ ਬਾਹਰ ਟੋਭੇ ਜਾਂ ਸੂਏ ਵਿੱਚ ਇਸ ਨੂੰ ਜਲ-ਪ੍ਰਵਾਹ ਕਰਦੀਆਂ ਹੋਈਆਂ ਇਹ ਗੀਤ ਗਾਉਂਦੀਆਂ;

ਨਾ ਰੋ ਮੇਰੀਏ ਸਾਂਝੀਏ

ਵਰ੍ਹੇ ਦਿਨਾਂ ਨੂੰ ਫੇਰ ਆਵਾਂਗੇ

ਤੈਨੂੰ ਫੇਰ ਲਿਆਵਾਂਗੇ।

ਸਾਂਝ ਦੇ ਪ੍ਰਤੀਕ ਇਸ ਤਰ੍ਹਾਂ ਦੇ ਛੋਟੇ-ਛੋਟੇ ਤਿਉਹਾਰ ਅੱਜ ਤਕਰੀਬਨ ਖ਼ਤਮ ਹੁੰਦੇ ਜਾ ਰਹੇ ਹਨ। ਥੋੜ੍ਹੀ ਮੋਟੀ ਯਾਦ ਜੋ ਇਨ੍ਹਾਂ ਬਾਬਤ ਬਚੀ ਹੈ ਉਹ ਸਿਰਫ਼ ਇਸ ਵਿਚਰ ਰਹੀ ਪੀੜ੍ਹੀ ਕੋਲ ਹੀ ਹੈ। ਇਸ ਤੋਂ ਬਾਅਦ ਨਵੀਂ ਆ ਰਹੀ ਪੀੜ੍ਹੀ ਇਸ ਤੋਂ ਬਿਲਕੁਲ ਸੱਖਣੀ ਹੀ ਹੋਵੇਗੀ। ਇਕੱਲੇ ਇਸ ਤਿਉਹਾਰ ਬਾਰੇ ਹੀ ਨਹੀਂ ਹੋਰ ਵੀ ਸਾਡੇ ਰਿਵਾਇਤੀ ਤਿਉਹਾਰਾਂ ਤੋਂ ਸਾਡਾ ਸਮਾਜ ਮੂੰਹ ਮੋੜਦਾ ਜਾ ਰਿਹਾ ਹੈ। ਸਾਡੇ ਵੱਡ-ਵਡੇਰਿਆਂ, ਬਜ਼ੁਰਗਾਂ ਨੇ ਇਹ ਤਿਉਹਾਰ ਸਾਡੀ ਸਾਂਝ ਨੂੰ ਕਾਇਮ ਰੱਖਣ ਲਈ ਅਤੇ ਮਿਲ ਜੁਲ ਕੇ ਰਹਿਣ ਦੀ ਭਾਵਨਾ ਨੂੰ ਹੋਰ ਪੀਡੀ ਕਰਨ ਲਈ ਬਣਾਏ ਸਨ। ਇਨ੍ਹਾਂ ਨੂੰ ਬੇਸ਼ੱਕ ਅਸੀਂ ਮਿੱਥ ਹੀ ਸਮਝ ਲਈਏ, ਪਰ ਇਸ ਨਾਲ ਸਾਂਝਾਂ ਦੀ ਤੰਦ ਹੋਰ ਵੀ ਗੂੜ੍ਹੀ ਹੁੰਦੀ ਸੀ ਅਤੇ ਬਹਾਨੇ ਨਾਲ ਪਰਿਵਾਰ ਦੀ ਸਾਂਝ ਵੀ ਬਣੀ ਰਹਿੰਦੀ ਸੀ। ਅੱਜ ਦਾ ਤਕਨੀਕੀ ਯੁੱਗ ਸਾਡੇ ਇਹੋ ਜਿਹੇ ਤਿਉਹਾਰਾਂ ਨੂੰ ਨਿਗਲ ਗਿਆ ਹੈ। ਹੁਣ ਦੂਜਿਆਂ ਨਾਲ ਤਾਂ ਕੀ ਅਸੀਂ ਆਪਣੇ ਪਰਿਵਾਰ ਨਾਲ ਵੀ ਮਿਲ ਕੇ ਨਹੀਂ ਬੈਠ ਰਹੇ। ਅੱਜ ਸਾਂਝੀ ਹੋਰ ਕੁਝ ਨਹੀਂ ਮੰਗਦੀ, ਉਸ ਨੂੰ ਕਿਸੇ ਤਰ੍ਹਾਂ ਦੇ ਪਦਾਰਥਾਂ ਦੀ ਲੋੜ ਨਹੀਂ ਸਿਰਫ਼ ਸ਼ਾਇਦ ਇਹ ਹੀ ਚਾਹੁੰਦੀ ਹੋਵੇ ਕਿ ਮੁੜ ਕੇ ਪਰਿਵਾਰਕ ਸਾਂਝਾਂ ਪਰਤ ਆਉਣ।

ਸੰਪਰਕ: 86995-35708

Advertisement
Show comments