ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਿੱਠਾ ਬੋਲਣਾ ਕਲਾ ਹੈ...

ਮਿੱਠਾ ਬੋਲਣਾ ਕਲਾ ਹੈ ਜੋ ਨਹੀਂ ਹੁੰਦੀ ਹਰ ਕੋਲ ਲੈਂਦਾ ਸਭ ਕੁਝ ਗਵਾ ਓਹ ਜੋ ਬੋਲੇ ਕੌੜੇ ਬੋਲ ਹਰ ਸਮੇਂ ਮਿੱਠਾ ਬੋਲਣਾ, ਹਰ ਗੱਲ ਸਰਲ ਸਮਝਾ ਕੇ ਬੋਲਣਾ ਅਤੇ ਮਿੱਠਾ ਬੋਲ ਕੇ ਦੂਜਿਆਂ ਦਾ ਦਿਲ ਜਿੱਤ ਲੈਣਾ ਵੀ ਇੱਕ ਕਲਾ...
Advertisement

ਮਿੱਠਾ ਬੋਲਣਾ ਕਲਾ ਹੈ ਜੋ ਨਹੀਂ ਹੁੰਦੀ ਹਰ ਕੋਲ

ਲੈਂਦਾ ਸਭ ਕੁਝ ਗਵਾ ਓਹ ਜੋ ਬੋਲੇ ਕੌੜੇ ਬੋਲ

Advertisement

ਹਰ ਸਮੇਂ ਮਿੱਠਾ ਬੋਲਣਾ, ਹਰ ਗੱਲ ਸਰਲ ਸਮਝਾ ਕੇ ਬੋਲਣਾ ਅਤੇ ਮਿੱਠਾ ਬੋਲ ਕੇ ਦੂਜਿਆਂ ਦਾ ਦਿਲ ਜਿੱਤ ਲੈਣਾ ਵੀ ਇੱਕ ਕਲਾ ਹੈ। ਬੋਲਣਾ ਕੋਈ ਔਖਾ ਨਹੀਂ ਹੈ, ਪਰ ਮਿੱਠਾ ਬੋਲਣਾ ਬਹੁਤਾ ਸੌਖਾ ਵੀ ਨਹੀਂ ਹੁੰਦਾ। ਮਿੱਠਾ ਬੋਲਣਾ ਵਿਅਕਤੀ ਦੀ ਸ਼ਖ਼ਸੀਅਤ ਦੀ ਪਛਾਣ ਕਰਵਾਉਂਦਾ ਹੈ। ਮਿੱਠਾ ਬੋਲਣ ਵਾਲੇ ਦਾ ਚਿਹਰਾ ਹਰ ਸਮੇਂ ਹਸੂੰ ਹਸੂੰ ਕਰਦਾ ਰਹਿੰਦਾ ਹੈ। ਉਸ ਨੂੰ ਬਾਕੀ ਦੇ ਸਾਰੇ ਇਨਸਾਨ ਚੰਗੇ ਭਾਵ ਆਪਣੇ ਵਰਗੇ ਹੀ ਲੱਗਦੇ ਹਨ ਤੇ ਉਹ ਸਭ ਦਾ ਚਹੇਤਾ ਬਣ ਜਾਂਦਾ ਹੈ। ਕੌੜਾ ਭਾਵ ਮੰਦਾ ਬੋਲਣ ਵਾਲਾ ਇਨਸਾਨ ਸਭਨਾਂ ਦੀਆਂ ਅੱਖਾਂ ਵਿੱਚ ਸਦਾ ਰੜਕਦਾ ਰਹਿੰਦਾ ਹੈ ਅਤੇ ਹਰ ਕੋਈ ਉਸ ਤੋਂ ਕੰਨੀ ਕਤਰਾਉਂਦਾ ਹੈ।

ਮਿੱਠਾ ਬੋਲਣਾ ਇੱਕ ਹੁਨਰ, ਅੰਦਾਜ਼ ਅਤੇ ਆਪਣੇ ਆਪ ’ਚ ਇੱਕ ਪਛਾਣ ਹੁੰਦੀ ਹੈ ਕਿਉਂਕਿ ਜਿਸ ਇਨਸਾਨ ਦਾ ਬੋਲ ਮਿੱਠਾ ਹੋਵੇ, ਉਸ ਦੇ ਮੂੰਹੋਂ ਸਦਾ ਹੀ ਫੁੱਲਾਂ ਜਿਹੀ ਖ਼ੁਸ਼ਬੂ ਆਉਂਦੀ ਹੈ। ਇਸ ਦੇ ਉਲਟ ਜਿਹੜਾ ਇਨਸਾਨ ਕੌੜਾ ਬੋਲੇਗਾ, ਉਸ ਦੇ ਮੂੰਹੋਂ ਬੋਲੀ ਹਰ ਗੱਲ ਕੰਡਿਆਂ ਵਾਂਗ ਚੁਭਦੀ ਰਹਿੰਦੀ ਹੈ। ਕੌੜਾ ਬੋਲਣ ਵਾਲੇ ਇਨਸਾਨ ਨਾਲ ਕੋਈ ਵੀ ਵਾਰਤਾਲਾਪ ਨਹੀਂ ਕਰਨੀ ਚਾਹੁੰਦਾ। ਹਮੇਸ਼ਾਂ ਸੋਚ ਸਮਝ ਕੇ ਅਤੇ ਦੂਸਰੇ ਨੂੰ ਸਾਰੀ ਗੱਲ ਸਮਝਾ ਕੇ ਮਿੱਠਾ ਬੋਲਣਾ ਚਾਹੀਦਾ ਹੈ ਜਿਸ ਨਾਲ ਹਰ ਇੱਕ ਸੁਣਨ ਵਾਲਾ ਤੁਹਾਡਾ ਕਾਇਲ ਹੋ ਜਾਵੇ। ਬਹੁਤੇ ਵਿਦਵਾਨ ਨਹੀਂ ਬਣਨਾ ਚਾਹੀਦਾ ਸਗੋਂ ਆਪਣੀ ਕਹੀ ਹੋਈ ਗੱਲ ਦੂਸਰਿਆਂ ਨੂੰ ਸਰਲ ਅਤੇ ਮਿੱਠੀ ਬੋਲੀ ਵਿੱਚ ਸਮਝਾਉਣਾ ਇੱਕ ਕਲਾ ਹੈ। ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ, ਨੇਤਾ, ਕਲਾਕਾਰ ਅਤੇ ਡਾਕਟਰ ਸਭ ਮਿੱਠੇ ਬੋਲਣ ਸਦਕਾ ਹੀ ਸਾਰਿਆਂ ਦੇ ਦਿਲਾਂ ’ਤੇ ਰਾਜ ਕਰਦੇ ਹਨ। ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਸਮੇਂ ਜੇਕਰ ਬਹੁਤ ਸਖ਼ਤ ਸ਼ਬਦਾਂ ਵਿੱਚ ਕੋਈ ਗੱਲ ਬੱਚਿਆਂ ਨੂੰ ਸਮਝਾਉਣਗੇ ਤਾਂ ਜ਼ਿਆਦਾ ਬੱਚੇ ਉਨ੍ਹਾਂ ਦੀ ਕਹੀ ਗੱਲ ਨਹੀਂ ਸਮਝਣਗੇ। ਜੇਕਰ ਉਹੀ ਗੱਲ ਪਿਆਰ ਨਾਲ ਸਮਝਾਉਣਗੇ ਤਾਂ ਸਭ ਬੱਚੇ ਉਸ ਨੂੰ ਗ੍ਰਹਿਣ ਕਰ ਲੈਂਦੇ ਹਨ। ਇਸੇ ਤਰ੍ਹਾਂ ਕਲਾਕਾਰ ਆਪਣੀ ਮਿੱਠੀ ਬੋਲੀ ਨਾਲ ਸਭਨਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ ਅਤੇ ਆਪਾਂ ਉਨ੍ਹਾਂ ਦੇ ਗਾਏ ਹੋਏ ਗੀਤ ਵਾਰ ਵਾਰ ਸੁਣਦੇ ਹਾਂ। ਨੇਤਾ ਵੀ ਮਿੱਠਾ ਬੋਲ ਕੇ ਜਨਤਾ ’ਤੇ ਰਾਜ ਕਰਦੇ ਹਨ। ਆਮ ਕਹਾਵਤ ਹੈ ਕਿ ‘ਲੱਛੇਦਾਰ ਭਾਸ਼ਣ ਆਉਣਾ ਚਾਹੀਦਾ ਹੈ, ਬਚਦੀ ਆਸ ਫਿਰ ਝੰਡੀ ਵਾਲੀ ਕਾਰ ਦੀ ਏ।’ ਮਿੱਠੇ ਬੋਲ ਬੋਲਣ ਵਾਲੇ ਨੇਤਾ ਦਾ ਭਾਸ਼ਣ ਸਾਰੇ ਹੀ ਧਿਆਨਪੂਰਵਕ ਸੁਣਦੇ ਹਨ। ਜਿਹੜਾ ਨੇਤਾ ਮੰਦਾ ਭਾਵ ਕੌੜਾ ਬੋਲਦਾ ਹੈ, ਉਸ ਦੀ ਸਭਾ ਵਿੱਚ ਕਦੇ ਵੀ ਇਕੱਠ ਨਹੀਂ ਹੋਵੇਗਾ ਤੇ ਕੋਈ ਵੀ ਉਸ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੋਏਗਾ।

ਆਪਾਂ ਆਮ ਹੀ ਮਰੀਜ਼ਾਂ ਤੋਂ ਸੁਣਦੇ ਹਾਂ ਕਿ ਫਲਾਣਾ ਡਾਕਟਰ ਅੱਧਾ ਇਲਾਜ ਤਾਂ ਮਿੱਠਾ ਬੋਲ ਕੇ ਹੀ ਕਰ ਦਿੰਦਾ ਹੈ ਭਾਵ ਮਿੱਠਾ ਬੋਲ ਕੇ ਹੀ ਮਰੀਜ਼ ਦਾ ਦਿਲ ਜਿੱਤ ਲੈਂਦਾ ਹੈ। ਅਜਿਹੇ ਡਾਕਟਰਾਂ ਕੋਲ ਮਰੀਜ਼ਾਂ ਦੀ ਭੀੜ ਹਮੇਸ਼ਾਂ ਜ਼ਿਆਦਾ ਹੁੰਦੀ ਹੈ। ਦੂਜੇ ਪਾਸੇ ਕਈ ਅਜਿਹੇ ਡਾਕਟਰ ਵੀ ਹਨ ਜੋ ਆਏ ਹੋਏ ਮਰੀਜ਼ ਨੂੰ ਦਵਾਈ ਦੇਣ ਤੋਂ ਪਹਿਲਾਂ ਹੀ ਆਪਣੀ ਭੱਦੀ ਸ਼ਬਦਾਵਲੀ ਨਾਲ ਹੋਰ ਵੀ ਬਿਮਾਰ ਕਰ ਦਿੰਦੇ ਹਨ। ਨੇਤਾ ਲੋਕ ਮਿੱਠੀ ਬੋਲੀ ਬੋਲ ਕੇ ਤੁਹਾਡੀਆਂ ਵੋਟਾਂ ’ਤੇ ਆਪਣਾ ਅਧਿਕਾਰ ਜਮਾ ਲੈਂਦੇ ਹਨ। ਆਪਣੀ ਕਲਾ ਦੇ ਨਾਲ ਹੀ ਤੁਹਾਡੀਆਂ ਜੇਬਾਂ ’ਤੇ ਵੀ ਕਬਜ਼ਾ ਕਰ ਲੈਂਦੇ ਹਨ। ਤੁਸੀਂ ਨਾ ਚਾਹੁੰਦੇ ਹੋਏ ਵੀ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਆਪਣੇ ਮੁਹੱਲੇ ਵਿੱਚੋਂ ਸਾਰਿਆਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਫੰਡ ਦੇਣ ਬਾਰੇ ਸੋਚਣ ਲਈ ਵੀ ਮਜਬੂਰ ਹੋ ਜਾਂਦੇ ਹੋ। ਇਹ ਸਿਰਫ਼ ਉਨ੍ਹਾਂ ਦੀ ਮਿੱਠੀ ਬੋਲੀ ਦੀ ਕਰਾਮਾਤ ਹੁੰਦੀ ਹੈ। ਮਿੱਠੀ ਬੋਲੀ ਨਾਲ ਹੀ ਇੱਕ ਰਾਜਾ ਆਪਣੀ ਪਰਜਾ ’ਤੇ ਵਧੀਆ ਰਾਜ ਕਈ ਪੁਸ਼ਤਾਂ ਤੱਕ ਚਲਾ ਸਕਦਾ ਹੈ ਭਾਵੇਂ ਕਿ ਉਹਦੀ ਅਗਲੀ ਸੰਤਾਨ ਉਸ ਦੇ ਤੁਲ ਵੀ ਨਾ ਹੋਵੇ, ਪਰ ਰਾਜੇ ਦੀ ਮਿੱਠੀ ਬੋਲੀ ਦੀ ਲੋਕਾਂ ਦੇ ਦਿਲਾਂ ’ਤੇ ਹਮੇਸ਼ਾਂ ਛਾਪ ਰਹਿੰਦੀ ਹੈ। ਸਾਡੀ ਮਿੱਠੀ ਬੋਲੀ ਹੀ ਸਾਨੂੰ ਰੰਕ ਤੋਂ ਰਾਜਾ ਭਾਵ ਵੱਡੇ ਇਨਸਾਨ ਬਣਾ ਦਿੰਦੀ ਹੈ ਅਤੇ ਜੇਕਰ ਭੱਦੀ ਭਾਵ ਕੌੜੀ ਬੋਲੀ ਬੋਲਾਂਗੇ ਤਾਂ ਰਾਜੇ ਤੋਂ ਰੰਕ ਵੀ ਬਣਾ ਦਿੰਦੀ ਹੈ।

ਮਦਾਰੀ, ਭੰਡ ਅਤੇ ਮਰਾਸੀ ਆਪੋ ਆਪਣੀ ਮਿੱਠੀ ਸ਼ੈਲੀ ਨਾਲ ਲੋਕਾਂ ਦਾ ਮਨ ਜਿੱਤਦੇ ਹਨ। ਉਨ੍ਹਾਂ ਦੀਆਂ ਮਜ਼ਾਕੀਆ ਗੱਲਾਂ ਹਰ ਇਨਸਾਨ ਨੂੰ ਮਿੱਠੀਆਂ ਭਾਵ ਚੰਗੀਆਂ ਲੱਗਦੀਆਂ ਹਨ ਅਤੇ ਉਨ੍ਹਾਂ ਦੀ ਮਿੱਠੀ ਬੋਲੀ ਸੁਣ ਕੇ ਹੀ ਅਤੇ ਉਨ੍ਹਾਂ ਦੀਆਂ ਗੱਲਾਂ ਕਹਿਣ ਤੇ ਕਰਨ ਦੇ ਅੰਦਾਜ਼ ਨਾਲ ਹੀ ਅਸੀਂ ਆਪਣੀ ਜੇਬ ਵਿੱਚੋਂ 10-20 ਜਾਂ 50 ਰੁਪਏ ਉਨ੍ਹਾਂ ਨੂੰ ਇਨਾਮ ਦੇ ਤੌਰ ’ਤੇ ਝੱਟ ਦੇ ਦਿੰਦੇ ਹਾਂ। ਇਸੇ ਤਰ੍ਹਾਂ ਕਿਸੇ ਚੰਗੇ ਫਿਲਮੀ ਕਲਾਕਾਰ ਜਿਸ ਦੇ ਡਾਇਲਾਗ ਵਧੀਆ ਹੋਣਗੇ, ਉਸ ਦੀ ਹੀ ਜ਼ਿਆਦਾ ਚੜ੍ਹਾਈ ਹੋਵੇਗੀ। ਆਮ ਜਨਤਾ ਅਜਿਹੇ ਕਲਾਕਾਰਾਂ ਦੀਆਂ ਫਿਲਮਾਂ ਹੀ ਪਸੰਦ ਕਰੇਗੀ। ਦੇਸ਼ ਵਿੱਚ ਅਜਿਹੇ ਬਹੁਤ ਸਾਰੇ ਗਾਇਕ ਹੋਏ ਹਨ ਜਿਨ੍ਹਾਂ ਦੇ ਗਾਏ ਹੋਏ ਗੀਤ ਸਦਾਬਹਾਰ ਹੋ ਗਏ ਹਨ। ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਅਸੀਂ ਅੱਜ ਤੱਕ ਉਨ੍ਹਾਂ ਦੇ ਬੋਲਾਂ ਨੂੰ ਵਾਰ ਵਾਰ ਸੁਣਦੇ ਹਾਂ ਭਾਵੇਂ ਸਰੀਰਕ ਤੌਰ ’ਤੇ ਉਹ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੀਆਂ ਆਵਾਜ਼ਾਂ ਅੱਜ ਵੀ ਸਾਡੇ ਕੰਨਾਂ ਵਿੱਚ ਗੂੰਜਦੀਆਂ ਹਨ ਅਤੇ ਰਹਿੰਦੀ ਦੁਨੀਆ ਤੱਕ ਗੂੰਜਦੀਆਂ ਰਹਿਣਗੀਆਂ। ਉਨ੍ਹਾਂ ਵਿੱਚੋਂ ਮੁਕੇਸ਼, ਮੁਹੰਮਦ ਰਫੀ, ਲਾਲ ਚੰਦ ਯਮਲਾ ਜੱਟ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਕੁਲਦੀਪ ਮਾਣਕ, ਸੁਰਜੀਤ ਬਿੰਦਰਖੀਆ ਅਤੇ ਹੋਰ ਵੀ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਦੀਆਂ ਆਵਾਜ਼ਾਂ ਦੇ ਲੋਕ ਅੱਜ ਵੀ ਦੀਵਾਨੇ ਹਨ। ਇਹ ਸਿਰਫ਼ ਉਨ੍ਹਾਂ ਦੀ ਮਿੱਠੀ ਬੋਲੀ ਦੀ ਹੀ ਕਰਾਮਾਤ ਹੈ ਜਿਸ ਕਰਕੇ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ। ਮਿੱਠੀ ਬੋਲੀ ਹੀ ਸਫਲਤਾ ਦਾ ਆਧਾਰ ਹੁੰਦੀ ਹੈ। ਚੰਗਾ ਤੇ ਮਿੱਠਾ ਬੋਲਣਾ ਹਰ ਇਨਸਾਨ ਲਈ ਜ਼ਰੂਰੀ ਹੈ, ਇਹੀ ਸਫਲਤਾ ਦੀ ਮੰਜ਼ਿਲ ਤੈਅ ਕਰਦਾ ਹੈ। ਜੇਕਰ ਤੁਸੀਂ ਚੰਗਾ ਅਤੇ ਮਿੱਠਾ ਬੋਲੋਗੇ ਤਾਂ ਦੁਨੀਆ ਹਮੇਸ਼ਾਂ ਤੁਹਾਡਾ ਰਾਹ ਤੱਕੇਗੀ, ਤੁਹਾਡਾ ਸਨਮਾਨ ਕਰੇਗੀ ਤੇ ਤੁਹਾਨੂੰ ਯਾਦ ਕਰੇਗੀ। ਜੇਕਰ ਤੁਸੀਂ ਆਪਣੀ ਭੈੜੀ ਭਾਵ ਮੰਦੀ ਬੋਲੀ ਨਾਲ ਆਪਣਾ ਕਰੀਅਰ ਖ਼ਤਮ ਕਰੋਗੇ ਤਾਂ ਦੁਨੀਆ ਤੁਹਾਡੀ ਔਲਾਦ ਨੂੰ ਵੀ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖੇਗੀ। ਸੋ ਆਓ ਅੱਜ ਹੀ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀਏ ਕਿ ਹਮੇਸ਼ਾਂ ਮਿੱਠਾ ਬੋਲ ਕੇ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਵਾਂਗੇ ਤੇ ਵਧੀਆ ਤੇ ਮਿੱਠਾ ਬੋਲ ਕੇ ਦੁਨੀਆ ਦਾ ਦਿਲ ਜਿੱਤ ਕੇ ਹੀ ਜਾਵਾਂਗੇ।

ਸੰਪਰਕ: 95691-49556

Advertisement
Show comments