ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੁਰਮਾ ਪੰਜ ਰੱਤੀਆਂ...

ਜਗਜੀਤ ਸਿੰਘ ਲੋਹਟਬੱਦੀ ਸੁਰਮਾ ਪੰਜਾਬੀਆਂ ਦੇ ਸ਼ਿੰਗਾਰ ਦਾ ਅਨਿੱਖੜਵਾਂ ਅੰਗ ਹੈ। ਇਹ ਔਰਤਾਂ ਦੇ ਸੋਲਾਂ ਸ਼ਿੰਗਾਰਾਂ ਵਿੱਚੋਂ ਇੱਕ ਹੈ। ਸੁਰਮ ਸਲਾਈ ਨੇ ਸਾਡੇ ਸੱਭਿਆਚਾਰ, ਸਾਡੇ ਵਿਰਸੇ, ਸਾਡੇ ਰਹਿਣ ਸਹਿਣ ਦੀ ਹੁਸੀਨ ਫਿਤਰਤ ਨੂੰ ਰੰਗਤ ਦਿੱਤੀ ਹੈ। ਰੰਗਲੇ ਪੰਜਾਬੀਆਂ ਨੇ ਜ਼ਿੰਦਗੀ...
Advertisement

ਜਗਜੀਤ ਸਿੰਘ ਲੋਹਟਬੱਦੀ

ਸੁਰਮਾ ਪੰਜਾਬੀਆਂ ਦੇ ਸ਼ਿੰਗਾਰ ਦਾ ਅਨਿੱਖੜਵਾਂ ਅੰਗ ਹੈ। ਇਹ ਔਰਤਾਂ ਦੇ ਸੋਲਾਂ ਸ਼ਿੰਗਾਰਾਂ ਵਿੱਚੋਂ ਇੱਕ ਹੈ। ਸੁਰਮ ਸਲਾਈ ਨੇ ਸਾਡੇ ਸੱਭਿਆਚਾਰ, ਸਾਡੇ ਵਿਰਸੇ, ਸਾਡੇ ਰਹਿਣ ਸਹਿਣ ਦੀ ਹੁਸੀਨ ਫਿਤਰਤ ਨੂੰ ਰੰਗਤ ਦਿੱਤੀ ਹੈ। ਰੰਗਲੇ ਪੰਜਾਬੀਆਂ ਨੇ ਜ਼ਿੰਦਗੀ ਦੀਆਂ ਬੇਸ਼ੁਮਾਰ ਖ਼ੁਸ਼ੀਆਂ ਗ਼ਮੀਆਂ ਆਪਣੇ ਪਿੰਡੇ ’ਤੇ ਹੰਢਾਈਆਂ ਹਨ। ਹਰਿਆਲੀ-ਸੋਕਾ, ਗਰਮੀ-ਸਰਦੀ ਅਤੇ ਹੜ੍ਹ-ਔੜ ਨੂੰ ਬਰਾਬਰ ਦੀ ਸ਼ਿੱਦਤ ਨਾਲ ਖਿੜੇ ਮੱਥੇ ਸਵੀਕਾਰਿਆ ਹੈ। ਇੰਦਰਧਨੁਸ਼ੀ ਰੰਗਾਂ ਦੇ ਨਾਲ ਨਾਲ ਕਾਲੇ ਕਲੋਟੇ ਸੁਰਮੇ ਨੂੰ ਵੀ ਜੀਵਨ ਦਾ ਅਨਮੋਲ ਤੋਹਫ਼ਾ ਮੰਨ ਕੇ ਅੱਖਾਂ ਵਿੱਚ ਵਸਾਇਆ ਹੈ। ਸੁਰਮਾ, ਕਾਜਲ, ਲੋਅ ਅਤੇ ਅੰਜਨ ਸਾਡੇ ਦੁੱਖ ਸੁੱਖ ਦੇ ਭਾਈਵਾਲ ਬਣੇ ਹਨ। ਪੰਜਾਬੀ ਜੀਵਨ ਜਾਚ ਵਿੱਚੋਂ ਇਨ੍ਹਾਂ ਦਾ ਮਨਫ਼ੀ ਹੋਣਾ ਸਾਡੇ ਰਸਮੋਂ ਰਿਵਾਜਾਂ ਨੂੰ ਫਿੱਕਾ ਕਰ ਦੇਵੇਗਾ।

ਸਾਡੇ ਲੋਕ ਗੀਤਾਂ, ਲੋਕ ਬੋਲੀਆਂ ਵਿੱਚ ਸੁਰਮੇ ਨੂੰ ਅਹਿਮ ਸਥਾਨ ਦਿੱਤਾ ਗਿਆ ਹੈ। ਡਾ. ਹਰਚੰਦ ਸਿੰਘ ਸਰਹਿੰਦੀ ਲਿਖਦੇ ਨੇ, “ਕਿਸੇ ਕੌਮ ਜਾਂ ਸਮਾਜ ਦੇ ਸੱਭਿਆਚਾਰਕ ਜੀਵਨ ਦੀ ਝਲਕ ਉਸ ਦੇ ਲੋਕ ਸਾਹਿਤ ਵਿੱਚ ਬਹੁਤ ਨੇੜਿਓਂ ਦੇਖੀ ਜਾ ਸਕਦੀ ਹੈ। ਲੋਕ ਗੀਤ ਕਿਸੇ ਸਮੁੱਚੀ ਕੌਮ ਦੇ ਸੁਭਾਅ ਅਤੇ ਸਮਾਜਿਕ ਜੀਵਨ ਦੀ ਮੂੰਹ ਬੋਲਦੀ ਤਸਵੀਰ ਹੁੰਦੇ ਹਨ।” ਇਸ ਦੀਆਂ ਵੰਨਗੀਆਂ ਹਨ :

Advertisement

* ਸੁਰਮਾ ਪੰਜ ਰੱਤੀਆਂ

ਪਾ ਕੇ ਮੋੜ ’ਤੇ ਖੜ੍ਹਗੀ।

* ਬਾਰੀਂ ਬਰਸੀਂ ਖੱਟਣ ਗਿਆ ਸੀ

ਖੱਟ ਕੇ ਲਿਆਂਦੇ ਪਾਵੇ।

ਸੁਰਮਾ ਤਾਂ ਪਾਈਏ

ਜੇ ਮਟਕਾਉਣਾ ਆਵੇ।

ਪੁਰਾਤਨ ਸਮਿਆਂ ਤੋਂ ਹੀ ਸੁਰਮਾ ਅੱਖਾਂ ਦੀ ਸ਼ਿੰਗਾਰ ਸਮੱਗਰੀ ਰਿਹਾ ਹੈ। ਇਹ ਗੈਲੇਨਾ ਨੂੰ ਪੀਹ ਕੇ ਅਤੇ ਕੋਈ ਦੂਸਰੀ ਧਾਤ ਮਿਲਾ ਕੇ ਬਣਾਇਆ ਜਾਂਦਾ ਹੈ। ਕਾਲੀ ਅਤੇ ਚਮਕੀਲੀ ਧਾਤ ਦਾ ਇਹ ਮਿਸ਼ਰਣ ਅੱਖਾਂ ਨੂੰ ਰੋਗਾਂ ਤੋਂ ਬਚਾਉਣ ਜਾਂ ਉਨ੍ਹਾਂ ਨੂੰ ਸਮੁੰਦਰ ਸਾਂਵਲੇ ਰੰਗ ਦੀਆਂ ਬਣਾਉਣ ਲਈ ਹਮੇਸ਼ਾ ਵਰਤਿਆ ਜਾਂਦਾ ਰਿਹਾ ਹੈ। ‘ਮੇਘਦੂਤ’ ਵਿੱਚ ਕਾਲੀਦਾਸ ਨੇ ਬਿਰਹਣ ਯਕਸ਼ਣੀ ਅਤੇ ਹੋਰ ਬਿਰਹਣਾਂ ਨੂੰ ਜਿਨ੍ਹਾਂ ਦੇ ਪਤੀ ਪ੍ਰਦੇਸ ਵਿੱਚ ਸਨ, ਸੁਰਮੇ ਤੋਂ ਸੱਖਣੇ ਨੈਣਾਂ ਵਾਲੀਆਂ ਕਿਹਾ ਹੈ। ਬਾਲਮੀਕੀ ਰਮਾਇਣ ਵਿੱਚ ਵੀ ‘ਅੰਜਨ ਗਿਰਿ’ (ਸੁਰਮੇ ਦਾ ਪਹਾੜ) ਨੂੰ ਬਾਰੀਕ ਪੀਸ ਕੇ ਸਲਾਈ ਜਾਂ ਸੁਰਮਚੂ ਨਾਲ ਅੱਖਾਂ ਵਿੱਚ ਪਾਉਣ ਦਾ ਵਰਣਨ ਮਿਲਦਾ ਹੈ। ਸੁਹਾਗਣਾਂ ਭਾਗਣਾਂ ਦੀ ਨਿਸ਼ਾਨੀ ਇਹ ਔਰਤ ਦੇ ਰੂਪ ਨੂੰ ਕਈ ਗੁਣਾ ਵਧਾ ਕੇ ਉਸ ਨੂੰ ਆਕਰਸ਼ਿਕ ਦਿੱਖ ਪ੍ਰਦਾਨ ਕਰਦਾ ਹੈ।

ਮੁਸਲਮਾਨਾਂ ਵਿੱਚ ਇਹ ਮੰਨਤ ਹੈ ਕਿ ਜਦੋਂ ਪੈਗੰਬਰ ਮੂਸਾ ਅੱਲ੍ਹਾ ਦੇ ਦਰਸ਼ਨ ਕਰਨ ਲਈ ਤੂਰ ਪਹਾੜ ਉੱਤੇ ਪਹੁੰਚਿਆ ਤਾਂ ਉਸ ਨੂੰ ਇੱਕ ਰੱਬੀ ਆਵਾਜ਼ ਸੁਣਾਈ ਦਿੱਤੀ ਕਿ ਉਸ ਅੱਲ੍ਹਾ ਦੇ ਨੂਰ ਦੀ ਕੋਈ ਦੁਨਿਆਵੀ ਅੱਖ ਝਾਲ ਨਹੀਂ ਝੱਲ ਸਕਦੀ। ਇਸ ਲਈ ਮੂਸਾ ਨੂੰ ਕੇਵਲ ਅੱਲ੍ਹਾ ਦੇ ਨੂਰ ਦੀ ਇੱਕ ਕਿਰਨ ਦਾ ਹੀ ਦੀਦਾਰ ਹੋ ਸਕਦਾ ਹੈ। ਜਦੋਂ ਇਸ ਨੂਰ ਦੀ ਇੱਕ ਕਿਰਨ ਪ੍ਰਕਾਸ਼ਮਾਨ ਹੋਈ ਤਾਂ ਉਹ ਇੱਕ ਚੱਟਾਨ ਨਾਲ ਜਾ ਟਕਰਾਈ ਅਤੇ ਉਹ ਪੱਥਰ ਉਸੇ ਵੇਲੇ ਸੜ ਕੇ ਕਾਲਾ ਪੱਥਰ ਬਣ ਗਿਆ। ਇਸੇ ਕਾਲੇ ਪੱਥਰ ਤੋਂ ਸੰਸਾਰ ਦਾ ਪਹਿਲਾ ਸੁਰਮਾ ਬਣਾਇਆ ਗਿਆ। ਖ਼ੁਦਾ ਦੀ ਨਜ਼ਰ ਨਾਲ ਰੰਗੇ ਇਸ ਕਾਲੇ ਰੰਗ ਨੂੰ ਇੱਕ ਵਿਲੱਖਣ ਤੇ ਉੱਚ ਦਰਜਾ ਮਿਲਿਆ ਹੋਇਆ ਹੈ:

ਮੈਂ ਕਾਲੀ ਮੇਰਾ ਮਾਹੀ ਵੀ ਕਾਲਾ

ਅਸੀਂ ਕਾਲੇ ਲੋਕ ਸਦੀਂਦੇ।

ਕੋਹਿਤੂਰ ਪਹਾੜ ਦਾ ਸੁਰਮਾ ਵੀ ਕਾਲਾ

ਲੋਕੀਂ ਅੱਖੀਆਂ ਵਿੱਚ ਪਵੀਂਦੇ।

ਕੁਰਾਨ ਸ਼ਰੀਫ਼ ਦੇ ਹਰਫ਼ ਵੀ ਕਾਲੇ

ਜੋ ਵਿੱਚ ਮਸੀਤ ਪੜੀਂਦੇ।

ਬੁੱਲੇ ਸ਼ਾਹ ਗੋਰੇ ਰੰਗ ਨੂੰ ਕੋਈ ਨਾ ਪੁੱਛਦਾ

ਜੋ ਗਲੀਓਂ ਗਲੀਂ ਵਿਕੀਂਦੇ।

ਲੋਕ ਗਾਥਾਵਾਂ ਵਿੱਚ ਸੁਲੇਮਾਨੀ ਸੁਰਮੇ ਦੀ ਵੀ ਹਵਾਲਾ ਮਿਲਦਾ ਹੈ ਜਿਸ ਨੂੰ ਪਾਉਣ ਨਾਲ ਪ੍ਰਾਣੀ ਦੂਸਰਿਆਂ ਨੂੰ ਤਾਂ ਦੇਖ ਸਕਦਾ ਹੈ, ਪਰ ਉਹ ਆਪ ਅਦ੍ਰਿਸ਼ ਹੋ ਜਾਂਦਾ ਹੈ। ਸਾਡੇ ਜ਼ਿਹਨ ਵਿੱਚ ਕਾਲਾ ਰੰਗ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਨੂੰ ਕਿਸੇ ਸੋਗੀ ਪਲਾਂ ਦੀ ਤਰਜਮਾਨੀ ਮੰਨਿਆ ਜਾਂਦਾ ਹੈ, ਪਰ ਕਾਲੇ ਸੁਰਮੇ ਨੂੰ ਸਾਡੇ ਸਭ ਤੋਂ ਨਾਜ਼ੁਕ ਅੰਗ ਅੱਖ ਦਾ ਸ਼ਿੰਗਾਰ ਬਣਾਇਆ ਜਾਂਦਾ ਹੈ। ਕਾਲੇ ਲੋਕ, ਕਾਲਾ ਰੰਗ, ਕਾਲਾ ਪਹਿਰਾਵਾ ਨਾ ਤਾਂ ਸਮੂਹਿਕ ਤੌਰ ’ਤੇ ਕਿਸੇ ਕੌਮ, ਕਿਸੇ ਨਸਲ ਨੂੰ ਮਨਹੂਸ ਬਣਾਉਂਦਾ ਹੈ ਤੇ ਨਾ ਹੀ ਗੋਰੇ ਰੰਗ ਜਾਂ ਚਿੱਟੀ ਚਮੜੀ ਨੂੰ ਤਰਜੀਹੀ ਦਰਜਾ ਮਿਲਦਾ ਹੈ। ਰੰਗਾਂ ਵਿਚਲੀ ਵੰਨ ਸੁਵੰਨਤਾ ਹੀ ਸੁਹੱਪਣ ਦਾ ਖ਼ੁਆਬ ਸਿਰਜਦੀ ਹੈ। ਖ਼ੂਬਸੂਰਤੀ ਦੇਖੋ ਕਿ ਦੁਨੀਆ ਦੇ ਸਾਰੇ ਪਵਿੱਤਰ ਗ੍ਰੰਥ ਕਾਲੇ ਅੱਖਰਾਂ ਵਿੱਚ ਲਿਖੇ ਗਏ ਹਨ।

ਕੁਝ ਸਮਾਂ ਪਹਿਲਾਂ ਤੱਕ ਆਮ ਘਰਾਂ ਵਿੱਚ ਸੁਰਮੇ ਦੀਆਂ ਡਲੀਆਂ ਬਾਜ਼ਾਰੋਂ ਲਿਆ ਕੇ ਖਰਲ ਵੱਟਾ ਜਾਂ ਮਾਮ ਜਿਸਤੇ ਵਿੱਚ ਰਗੜ ਕੇ ਇਸ ਨੂੰ ਬਾਰੀਕ ਕੀਤਾ ਜਾਂਦਾ ਸੀ। ਇਹ ਕੰਮ ਕਈ ਕਈ ਦਿਨ ਚੱਲਦਾ ਰਹਿੰਦਾ ਸੀ ਤਾਂ ਕਿ ਇਹ ਪੂਰੀ ਤਰ੍ਹਾਂ ਮਹੀਨ ਹੋ ਜਾਵੇ। ਚੰਨ ਚਾਨਣੀ ਰਾਤ ਦੀਆਂ ਕਿਰਨਾਂ ਦੀ ਸਮਾਈ ਵੀ ਇਸ ਵਿੱਚ ਲਾਭਕਾਰੀ ਗਿਣੀ ਜਾਂਦੀ ਸੀ। ਪਿੱਛੋਂ ਕੱਪੜ-ਛਾਣ ਕਰ ਕੇ ਇਸ ਨੂੰ ਜ਼ਿਆਦਾਤਰ ਪਿੱਤਲ ਦੀ ਸੁਰਮੇਦਾਨੀ ਵਿੱਚ ਪਾ ਲਿਆ ਜਾਂਦਾ ਸੀ;

ਸੜਕੇ ਸੜਕੇ ਮੈਂ ਰੋਟੀ ਲਿਜਾਵਾਂ, ਲੱਭ ਪਈ ਸੁਰਮੇਦਾਨੀ

ਘਰ ਆ ਕੇ ਮੈਂ ਪਾਉਣ ਲੱਗੀ, ਮੱਚਦੀ ਫਿਰੇ ਜੇਠਾਣੀ

ਮਿੰਨਤਾਂ ਨਾ ਕਰ ਵੇ, ਮੈਂ ਰੋਟੀ ਨ੍ਹੀਂ ਖਾਣੀ।

ਬਦਲਦੇ ਸਮਿਆਂ ਨਾਲ ਜਦੋਂ ਘਰਾਂ ਵਿੱਚ ਸੁਰਮਾ ਪੀਸਣ ਦਾ ਰਿਵਾਜ ਘਟ ਗਿਆ ਤਾਂ ਬਾਜ਼ਾਰੂ ਸੁਰਮੇ ’ਤੇ ਬੋਲੀ ਪਾਈ ਜਾਂਦੀ ਸੀ;

ਸੁਰਮਾ ਵਿਕਣਾ ਆਇਆ

ਇੱਕ ਲੱਪ ਸੁਰਮੇ ਦੀ

ਸ਼ਾਵਾ! ਇੱਕ ਲੱਪ ਸੁਰਮੇ ਦੀ।

ਹੋਰਾਂ ਨੇ ਲਿੱਤਾ ਪੈਸੇ ਧੇਲੇ

ਸੱਸ ਨੇ ਟਕਾ ਭਨਾਇਆ

ਇੱਕ ਲੱਪ ਸੁਰਮੇ ਦੀ।

ਹੋਰਾਂ ਪਾਇਆ ਸ਼ੀਸ਼ੀ ਬੋਤਲ

ਸੱਸ ਨੇ ਮੱਟ ਭਰਾਇਆ

ਇੱਕ ਲੱਪ ਸੁਰਮੇ ਦੀ।

ਹੋਰਾਂ ਪਾਈ ਇੱਕ ਸਲਾਈ

ਸੱਸ ਨੇ ਲੱਪ ਭਰ ਪਾਇਆ

ਇੱਕ ਲੱਪ ਸੁਰਮੇ ਦੀ!

ਬੱਚੇ ਦੇ ਜਨਮ ਤੋਂ ਲੈ ਕੇ ਹੀ ਸੁਰਮਾ ਜਾਂ ਕੱਜਲ ਪਾਉਣ ਦੀ ਪਰੰਪਰਾ ਰਹੀ ਹੈ। ਨਵਜੰਮੇ ਬਾਲ ਲਈ ਕੱਜਲ ਉੱਤਮ ਮੰਨਿਆ ਗਿਆ ਹੈ। ਜੱਚਾ ਅਤੇ ਬੱਚਾ ਦੋਹਾਂ ਲਈ ਇਹ ਸੁਗਾਤ ਸਮਝੀ ਗਈ ਹੈ। ਮਾਂ ਵੱਲੋਂ ਬੱਚੇ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਉਸ ਦੇ ਕੰਨ ਦੇ ਪਿੱਛੇ ਜਾਂ ਮੱਥੇ ਦੇ ਇੱਕ ਪਾਸੇ ਕਾਲਾ ਟਿੱਕਾ ਲਗਾਉਣ ਦੀ ਰੀਤ ਅੱਜ ਵੀ ਪ੍ਰਚੱਲਿਤ ਹੈ। ਕੁਝ ਪੰਜਾਬੀ ਗੱਭਰੂਆਂ ਵਿੱਚ ਵੀ ਸੁਰਮਾ ਪਾਉਣ ਨੂੰ ਲੈ ਕੇ ਉਤਸ਼ਾਹ ਰਹਿੰਦਾ ਹੈ। ਖ਼ਾਸ ਕਰ ਕੇ ਮੇਲਿਆਂ ਮੁਸ੍ਵਾਬਿਆਂ ਵਿੱਚ ਸੁਰਮਾ ਪਾਏ ਚੋਬਰਾਂ ਦੀ ਆਪਣੀ ਹੀ ਠੁੱਕ ਸਮਝੀ ਜਾਂਦੀ ਹੈ, ਪਰ ਕੁਆਰੀਆਂ ਕੁੜੀਆਂ ਵਿੱਚ ਸੁਰਮਾ ਜਾਂ ਕੱਜਲ ਪਾਉਣ ਦੀ ਇੱਕ ਤਰ੍ਹਾਂ ਮਨਾਹੀ ਹੀ ਹੁੰਦੀ ਹੈ ਤੇ ਗੱਲਾਂ, ਬੋਲੀਆਂ ਵਿੱਚ ਇਸ ਨੂੰ ਵਰਜਿਤ ਕੀਤਾ ਜਾਂਦਾ ਹੈ;

* ਬਾਰੀ ਹੇਠ ਖੜੋਤੀਏ, ਮੂਲੀ ਪੱਤ ਫੜਾ

ਅੱਗ ਲੱਗੇ ਤੇਰੇ ਰੂਪ ਨੂੰ, ਥੋੜ੍ਹਾ ਸੁਰਮਾ ਪਾ।

* ਧਾਰੀ ਬੰਨ੍ਹ ਸੁਰਮਾ ਨਾ ਪਾਈਏ

ਧੀਏ ਘਰ ਮਾਪਿਆਂ ਦੇ।

ਇਸੇ ਤਰ੍ਹਾਂ ਲੰਮੀ ਧਾਰ ਬੰਨ੍ਹ ਕੇ ਸੁਰਮਾ ਪਾਉਣਾ ਜਿਸ ਨੂੰ ਪੂਛਾਂ ਵਾਲਾ ਸੁਰਮਾ ਕਿਹਾ ਜਾਂਦਾ ਹੈ, ਵੀ ਚੰਗਾ ਨਹੀਂ ਸਮਝਿਆ ਜਾਂਦਾ। ਪੰਜਾਬੀਆਂ ਦਾ ਸਭ ਤੋਂ ਸ਼ਗਨਾਂ ਭਰਿਆ ਦਿਨ ਘੋੜੀ ਚੜ੍ਹਨ ਵੇਲੇ ਲਾੜੇ ਦੀਆਂ ਭਾਬੀਆਂ ਵੱਲੋਂ ‘ਸੁਰਮਾ ਪਵਾਈ’ ਮੰਨਿਆ ਜਾਂਦਾ ਹੈ। ਖ਼ੁਸ਼ੀਆਂ ਭਰੇ ਇਸ ਸਮੇਂ ਜਿੱਥੇ ਨਵੀਂ ਬਹੂ ਦੇ ਘਰ ਆਉਣ ਦਾ ਚਾਅ ਹੁੰਦਾ ਹੈ, ਉੱਥੇ ਭਾਬੀਆਂ ਦਾ ਦਿਓਰ ਨੂੰ ਮਿੱਠੇ ਮਿੱਠੇ ਮਿਹਣੇ ਦੇਣ ਤੇ ਹੱਕ ਨਾਲ ਸ਼ਗਨ ਲੈਣਾ ਵੀ ਹੁੰਦਾ ਹੈ;

ਪਹਿਲੀ ਸਲਾਈ ਵੇ ਦਿਓਰਾ ਰਸ ਭਰੀ, ਦੂਜੀ ਗੁਲਨਾਰ

ਤੀਜੀ ਸਲਾਈ ਤਾਂ ਪਾਵਾਂ, ਜੇ ਮੁਹਰਾਂ ਦੇਵੇਂ ਚਾਰ।

ਸ਼ੀਸ਼ਾ ਸੁਰਮਾ ਦੋ ਜਣੇ, ਵੇ ਦਿਓਰਾ

ਦੋਵੇਂ ਸਕੇ ਭਰਾ

ਇੱਕ ਪਾਈਏ, ਇੱਕ ਵੇਖੀਏ

ਤੈਨੂੰ ਨਵੀਂ ਬੰਨੋ ਦਾ ਚਾਅ।

ਅਸੀਸਾਂ ਤੇ ਚੋਭਾਂ ਇਸ ਪਿਆਰੇ ਰਿਸ਼ਤੇ ਨੂੰ ਹੋਰ ਪਕੇਰਾ ਕਰਦੀਆਂ ਹਨ;

ਭਾਬੋ ਸੁਹਾਗਣ ਤੈਨੂੰ ਸੁਰਮਾ ਪਾਵੇ

ਪੀਲੀ ਪੀਲੀ ਦਾਲ ਤੇਰੀ ਘੋੜੀ ਚਰੇ।

ਅੰਦਰ ਵਿਛਾਵਾਂ ਮਖ਼ਮਲ ਦਿਓਰਾ

ਬਾਹਰ ਕਰਾਂ ਛਿੜਕਾਅ

ਮੱਥਾ ਟੇਕਣਾ ਭੁੱਲ ਗਿਓਂ

ਤੈਨੂੰ ਨਵੀਂ ਬਹੂ ਦਾ ਚਾਅ।

ਸੁਰਮਾ ਕਦੇ ਉਦਾਸ ਰਸਮ ਦਾ ਗਵਾਹ ਵੀ ਬਣਦਾ ਹੈ। ਜਦੋਂ ਕੋਈ ਪੰਜਾਬਣ ਸੁਹਾਗ ਭਾਗ ਵਾਲੀ ਮਰਦੀ ਹੈ ਤਾਂ ਉਸ ਨੂੰ ਸੁਹਾਗਣ ਭਾਗਣ ਵਾਲਾ ਹਾਰ ਸ਼ਿੰਗਾਰ ਲਾ ਕੇ ਹੀ ਚਿਤਾ ਤੱਕ ਲਿਜਾਇਆ ਜਾਂਦਾ ਹੈ। ਹੱਥਾਂ ’ਤੇ ਮਹਿੰਦੀ, ਬੁੱਲ੍ਹਾਂ ’ਤੇ ਸੁਰਖੀ, ਅੱਖਾਂ ’ਚ ਸੁਰਮਾ, ਬਾਹਾਂ ਵਿੱਚ ਪਾਈਆਂ ਲਾਲ ਚੂੜੀਆਂ, ਉਸ ਦੇ ਪਤੀ ਦੀ ਲਮੇਰੀ ਉਮਰ ਦਾ ਸੂਚਕ ਗਿਣਿਆ ਜਾਂਦਾ ਹੈ।

ਵਿਲੱਖਣ ਰੀਤ ਹੈ ਕਿ ਕਾਲਾ ਸੁਰਮਾ ਪੰਜਾਬੀਆਂ ਦੀ ਰੰਗ ਬਿਰੰਗੀ ਜ਼ਿੰਦਗੀ ਦਾ ਗੂੜ੍ਹਾ ਹਸਤਾਖਰ ਹੈ। ਚੰਗੇ ਮੰਦੇ ਦਿਨਾਂ ਦਾ ਗਵਾਹ...ਲੋਕ ਗੀਤਾਂ ਤੇ ਲੋਕ ਬੋਲੀਆਂ ਦਾ ਮੋਹਰੀ ਬੁਲਾਵਾ ਹੈ। ਹਰਮਨ ਦੀ ‘ਰਾਣੀ ਤੱਤ’ ਵਿੱਚੋਂ ਦੋ ਸਤਰਾਂ ਹਨ;

ਨਵੇਲੀ ਹੈ ਅੱਖ ਵੀ, ਨਵੇਲਾ ਹੈ ਸੁਰਮਾ

ਆਥਣ ਨੂੰ ਸੂਰਜ ਨੇ ਪੱਤਣਾਂ ’ਤੇ ਖੁਰਨਾ

ਸਲਾਮਤ ਰਹੂ ਪਾਤਸ਼ਾਹੀ ਜ਼ਮੀਂ ਦੀ

ਆ ਜਾ ਇਸ ਭੁਲੇਖੇ ਦਾ ਧੂਣਾ ਤਪਾਈਏ

ਜ਼ੁਲਫ਼ਾਂ ਦੇ ਛੱਲੇ, ਫ਼ਕੀਰਾਂ ਦੇ ਜੇਵਰ

ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ!

ਸੰਪਰਕ: 89684-33500

Advertisement