ਸੁਆਣੀ ਅਤੇ ਸਾਗ
ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਸਰਦੀਆਂ ਵਿੱਚ ਇਹ ਆਮ ਹੀ ਹਰ ਘਰ ਵਿੱਚ ਬਣਿਆ ਹੁੰਦਾ ਹੈ। ਮੱਕੀ ਦੀ ਰੋਟੀ ਨਾਲ ਖਾਧੇ ਸਾਗ ਤੇ ਨਾਲ ਪੀਤੀ ਲੱਸੀ ਦਾ ਸੁਆਦ ਹੀ ਵੱਖਰਾ ਹੈ। ਇਸ ਸੁਆਦ ਨੂੰ ਮਾਣਨ ਲਈ ਪੰਜਾਬਣਾਂ ਸਾਗ ਨੂੰ ਬਹੁਤ ਮਿਹਨਤ ਅਤੇ ਸਲੀਕੇ ਨਾਲ ਬਣਾਉਂਦੀਆਂ ਹਨ। ਪੰਜਾਬਣਾਂ ਜਾਣਦੀਆਂ ਹਨ ਕਿ ਸਾਗ ਬਣਾਉਣਾ ਵੀ ਇੱਕ ਕਲਾ ਹੈ ਅਤੇ ਇਸ ਵਿੱਚ ਉਨ੍ਹਾਂ ਦਾ ਨਿਪੁੰਨ ਹੋਣਾ ਲਾਜ਼ਮੀ ਹੈ।
ਸਾਗ ਬਣਾਉਣਾ ਕਈ ਪ੍ਰਕਿਰਿਆਵਾਂ ਵਿੱਚੋਂ ਲੰਘਦਾ ਹੈ। ਸਭ ਤੋਂ ਪਹਿਲਾਂ ਘਰ ਦੀਆਂ ਸੁਆਣੀਆਂ ਨੂੰ ਖੇਤਾਂ ਵਿੱਚੋਂ ਸਾਗ ਤੋੜ ਕੇ ਲਿਆਉਣਾ ਪੈਂਦਾ ਹੈ। ਇਹ ਆਮ ਹੀ ਕਿਹਾ ਜਾਂਦਾ ਸੀ ਕਿ ਪਿੰਡਾਂ ਦੀਆਂ ਮੁਟਿਆਰਾਂ ਸਾਗ ਤੋੜਨ ਦੀ ਕਲਾ ਵਿੱਚ ਬਹੁਤ ਮਾਹਿਰ ਹਨ। ਪੰਜਾਬੀ ਸੱਭਿਆਚਾਰ ਵਿੱਚ ਅਨੇਕਾਂ ਗੀਤ, ਲੋਕ ਗੀਤ, ਕਹਾਣੀਆਂ, ਚੁਟਕਲੇ ਅਤੇ ਕਹਾਵਤਾਂ ਸਾਗ ਤੋੜਨ ਨਾਲ ਜੁੜੀਆਂ ਹੋਈਆਂ ਹਨ। ਇੱਕ ਗੀਤ ਹੈ;
ਗੰਦਲ ਵਰਗੀ ਕੁੜੀ ਕਿ ਗੰਦਲਾਂ ਤੋੜਦੀ ਫਿਰੇ
ਉਹਨੂੰ ਗੰਦਲਾਂ ਦੀ ਭੁੱਲ ਗਈ ਪਛਾਣ
ਕਿ ਕਣਕਾਂ ਮਰੋੜਦੀ ਫਿਰੇ।
ਸਰ੍ਹੋਂ ਦੇ ਖੇਤਾਂ ਵਿੱਚ ਨਰਮ ਨਰਮ ਸਰ੍ਹੋਂ ਦੀਆਂ ਗੰਦਲਾਂ ਦੀ ਤੁਲਨਾ ਪੰਜਾਬੀ ਮੁਟਿਆਰ ਨਾਲ ਕੀਤੀ ਜਾਂਦੀ ਸੀ। ਇਸ ਤਰ੍ਹਾਂ ਕੁੜੀਆਂ ਦਾ ਵੀ ਖੇਤਾਂ ਵਿੱਚ ਜਾ ਕੇ ਤਾਜ਼ਾ ਸਾਗ ਤੋੜਨ ਵਿੱਚ ਬੜਾ ਮਨ ਲੱਗਦਾ ਸੀ ਅਤੇ ਉਹ ਵੱਖਰੇ ਹੀ ਅੰਦਾਜ਼ ਨਾਲ ਸਰ੍ਹੋਂ ਦਾ ਸਾਗ ਤੋੜਦੀਆਂ ਸਨ। ਕੁੜੀਆਂ/ਔਰਤਾਂ ਇਕੱਠੀਆਂ ਹੋ ਕੇ ਖੇਤੋਂ ਸਾਗ ਤੋੜਨ ਜਾਂਦੀਆਂ ਹੁੰਦੀਆਂ ਸਨ। ਜਦੋਂ ਸਰ੍ਹੋਂ ਨੂੰ ਪੀਲੇ ਫੁੱਲ ਨਿਕਲਦੇ ਤਾਂ ਮੁਟਿਆਰਾਂ ਉੱਤੇ ਵੀ ਰੰਗ ਦਾ ਨਵਾਂ ਨਿਖਾਰ ਆ ਜਾਂਦਾ ਅਤੇ ਅਕਸਰ ਉਹ ਕਹਿੰਦੀਆਂ ਸੁਣੀਆਂ ਜਾਂਦੀਆਂ;
ਤੇਰੇ ਖੇਤ ਦੀ ਸਰ੍ਹੋਂ ਬਣ ਜਾਵਾਂ
ਚੁੰਨੀ ਲੈ ਕੇ ਪੀਲੇ ਰੰਗ ਦੀ
ਇਸੇ ਤਰ੍ਹਾਂ ਸਾਗ ਨੂੰ ਤੋੜਨ ਤੋਂ ਬਾਅਦ ਘਰ ਲਿਆ ਕੇ ਚੁਗਣਾ ਅਤੇ ਫਿਰ ਦਾਤੀ ਨਾਲ ਚੀਰ ਕੇ ਬਾਰੀਕ ਬਣਾ ਕੇ ਮਿੱਟੀ ਦੀ ਤੌੜੀ ਵਿੱਚ ਚੁੱਲ੍ਹੇ ਸਾਗ ਧਰਨਾ ਬਹੁਤ ਹੀ ਮਿਹਨਤ, ਸਿਦਕ ਅਤੇ ਸਲੀਕੇ ਦਾ ਕੰਮ ਹੁੰਦਾ ਹੈ ਜੋ ਸਾਡੇ ਘਰਾਂ ਦੀ ਸੁਆਣੀਆਂ ਸਦੀਆਂ ਤੋਂ ਕਰਦੀਆਂ ਆ ਰਹੀਆਂ ਹਨ। ਪਿੰਡਾਂ ਵਿੱਚ ਤਾਂ ਸਾਗ ਬਣਾਉਣਾ ਕਿਸੇ ਵੀ ਔਰਤ ਦਾ ਹੁਨਰ ਮੰਨਿਆ ਜਾਂਦਾ ਹੈ। ਇੱਥੋਂ ਤੱਕ ਕਿ ਪੁਰਾਣੇ ਸਮੇਂ ਵਿੱਚ ਜਦੋਂ ਕਦੇ ਕੁੜੀਆਂ ਦੇ ਵਿਆਹ ਲਈ ਕੋਈ ਰਿਸ਼ਤੇ ਲਈ ਦੇਖਣ ਆਉਂਦਾ ਸੀ ਤਾਂ ਕੁੜੀ ਦੀ ਮਾਂ ਬਹੁਤ ਹੀ ਮਾਣ ਨਾਲ ਕਹਿੰਦੀ ਸੀ ਕਿ ਸਾਡੀ ਕੁੜੀ ਤਾਂ ਸਾਗ ਵੀ ਬਹੁਤ ਸੁਆਦ ਬਣਾਉਂਦੀ ਹੈ ਅਤੇ ਮੱਕੀ ਦੀ ਰੋਟੀ ਵੀ ਬਣਾ ਲੈਂਦੀ ਹੈ। ਇਸ ਗੱਲ ਤੋਂ ਹੀ ਪੰਜਾਬੀ ਸੱਭਿਆਚਾਰ ਦੀ ਅਨੂਠੀ ਪਛਾਣ ਹੋ ਜਾਂਦੀ ਹੈ। ਸਾਗ ਨੂੰ ਬਹੁਤ ਲੰਬੇ ਸਮੇਂ ਲਈ ਚੁੱਲ੍ਹੇ ਉੱਪਰ ਤੌੜੀ ਵਿੱਚ ਰਿੰਨ੍ਹਿਆ ਜਾਂਦਾ ਹੈ ਅਤੇ ਲੋੜ ਅਨੁਸਾਰ ਉਸ ਵਿੱਚ ਨਮਕ, ਮਿਰਚਾ ਪਾਈਆਂ ਜਾਂਦੀਆਂ ਹਨ। ਹਰੀਆਂ ਮਿਰਚਾਂ ਸਾਗ ਨੂੰ ਹੋਰ ਵੀ ਸੁਆਦ ਬਣਾ ਦਿੰਦੀਆਂ ਹਨ। ਇੱਥੇ ਹੀ ਬਸ ਨਹੀਂ ਸਾਗ ਦੇ ਚੰਗੀ ਤਰ੍ਹਾਂ ਰਿੰਨ੍ਹੇ ਜਾਣ ’ਤੇ ਸੁਆਣੀ ਵੱਲੋਂ ਉਸ ਵਿੱਚ ਮੱਕੀ ਦੇ ਆਟੇ ਦਾ ਆਲਣ ਪਾ ਕੇ ਉਸ ਨੂੰ ਖੂਬ ਘੋਟਿਆ ਜਾਂਦਾ ਹੈ। ਸਾਗ ਘੋਟਣਾ ਵੀ ਇੱਕ ਨਿਰਾਲੀ ਕਲਾ ਹੈ, ਜਿੰਨਾ ਸਾਗ ਵਧੀਆ ਘੋਟਿਆ ਜਾਵੇ, ਓਨਾ ਹੀ ਉਹ ਵੱਧ ਸੁਆਦ ਬਣਦਾ ਹੈ ਅਤੇ ਇਸ ਦੀ ਕਲਾ ਕੇਵਲ ਘਰ ਦੀਆਂ ਸੁਆਣੀਆਂ ਕੋਲ ਹੀ ਹੁੰਦੀ ਹੈ। ਸਾਗ ਬਣਨ ਤੋਂ ਬਾਅਦ ਬਹੁਤ ਹੀ ਸਲੀਕੇ ਨਾਲ ਇਸ ਨੂੰ ਮੱਕੀ ਦੀ ਰੋਟੀ ਨਾਲ ਮੱਖਣ ਪਾ ਕੇ ਘਰ ਦੀ ਬਣਾਈ ਲੱਸੀ ਨਾਲ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਵਰਤਾਇਆ ਜਾਂਦਾ ਹੈ।
ਅੱਜਕੱਲ੍ਹ ਦੇ ਜ਼ਮਾਨੇ ਵਿੱਚ ਉਹ ਪੁਰਾਣੀਆਂ ਸਾਗ ਬਣਾਉਣ ਦੀਆਂ ਸਾਡੀਆਂ ਬਜ਼ੁਰਗ ਸੁਆਣੀਆਂ ਵਾਲੀਆਂ ਵਿਧੀਆਂ ਖ਼ਤਮ ਹੀ ਹੋ ਗਈਆਂ ਹਨ। ਸਾਗ ਵੀ ਮਿੱਟੀ ਦੀ ਤੌੜੀ ਦੀ ਥਾਂ ਕੂਕਰਾਂ ਵਿੱਚ ਬਣਨ ਲੱਗੇ ਹਨ। ਜਦੋਂ ਕੂਕਰ ਸੀਟੀ ਮਾਰਦਾ ਹੈ ਤਾਂ ਔਰਤਾਂ ਇਹ ਸਮਝ ਲੈਂਦੀਆਂ ਹਨ ਕਿ ਸਾਗ ਬਣ ਗਿਆ ਹੈ, ਉਹ ਪਹਿਲਾਂ ਵਾਲੀ ਮਿਹਨਤ, ਪੁਰਾਣੇ ਢੰਗ ਅਤੇ ਸਾਗ ਦੇ ਘੋਟਣੇ ਤੋਂ ਟਾਲਾ ਵੱਟਣ ਲੱਗੀਆਂ ਹਨ। ਹੁਣ ਸਾਗ ਨੂੰ ਨਾ ਤਾਂ ਪਹਿਲਾਂ ਵਾਂਗ ਕੱਟਿਆ ਜਾਂਦਾ ਹੈ ਅਤੇ ਨਾ ਹੀ ਘੋਟਿਆ ਜਾਂਦਾ ਹੈ। ਜਿੱਥੇ ਪਹਿਲਾਂ ਸਾਗ ਚੁੱਲ੍ਹੇ ਦੀ ਮੱਠੀ-ਮੱਠੀ ਅੱਗ ਵਿੱਚ ਘੰਟਿਆਂ ਬੱਧੀ ਰਿੱਝਦਾ ਰਹਿੰਦਾ ਸੀ, ਉੱਥੇ ਹੁਣ ਇਹ ਕੂਕਰ ਵਿੱਚ ਝਟਪਟ ਤਿਆਰ ਹੋ ਜਾਂਦਾ ਹੈ। ਘੋਟਣ ਦੇ ਨਾਂ ’ਤੇ ਇਸ ਨੂੰ ਮਿਕਸੀ ਵਿੱਚ ਪਾ ਕੇ ਸਕਿੰਟਾਂ ਵਿੱਚ ਤਿਆਰ ਕਰ ਲਿਆ ਜਾਂਦਾ ਹੈ। ਬੇਸ਼ੱਕ ਹੁਣ ਸਾਗ ਬਣਾਉਣ ਦੀ ਪ੍ਰਕਿਰਿਆ ਬਹੁਤ ਘੱਟ ਸਮੇਂ ਦੀ ਰਹਿ ਗਈ ਹੈ, ਪਰ ਸਾਗ ਦਾ ਪਹਿਲਾਂ ਵਾਲਾ ਸੁਆਦ ਗਾਇਬ ਹੋ ਗਿਆ ਹੈ।
ਸੰਪਰਕ: 98764-52223
