ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਆਉਣ ਨ੍ਹੇਰੀਆਂ ਜਾਣ ਨ੍ਹੇਰੀਆਂ...

ਜੋਗਿੰਦਰ ਕੌਰ ਅਗਨੀਹੋਤਰੀ ਕੁਦਰਤ ਨੇ ਆਪਣੀ ਗੋਦ ਵਿੱਚ ਬਹੁਤ ਕੁਝ ਛੁਪਾ ਕੇ ਰੱਖਿਆ ਹੋਇਆ ਹੈ। ਇਹ ਕਿਸੇ ਵਿਅਕਤੀ ਦੇ ਵੱਸ ਵਿੱਚ ਨਹੀਂ ਹੈ। ਭਾਵੇਂ ਰੁੱਤਾਂ ਬਦਲਦੀਆਂ ਹਨ, ਪਰ ਇਹ ਸਭ ਕੁਝ ਕੁਦਰਤ ਦੇ ਹੱਥ ਹੀ ਹੈ। ਮਨੁੱਖ ਨੇ ਪ੍ਰਕਿਰਤੀ ਨਾਲ...
Advertisement

ਜੋਗਿੰਦਰ ਕੌਰ ਅਗਨੀਹੋਤਰੀ

ਕੁਦਰਤ ਨੇ ਆਪਣੀ ਗੋਦ ਵਿੱਚ ਬਹੁਤ ਕੁਝ ਛੁਪਾ ਕੇ ਰੱਖਿਆ ਹੋਇਆ ਹੈ। ਇਹ ਕਿਸੇ ਵਿਅਕਤੀ ਦੇ ਵੱਸ ਵਿੱਚ ਨਹੀਂ ਹੈ। ਭਾਵੇਂ ਰੁੱਤਾਂ ਬਦਲਦੀਆਂ ਹਨ, ਪਰ ਇਹ ਸਭ ਕੁਝ ਕੁਦਰਤ ਦੇ ਹੱਥ ਹੀ ਹੈ। ਮਨੁੱਖ ਨੇ ਪ੍ਰਕਿਰਤੀ ਨਾਲ ਖਿਲਵਾੜ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਫਿਰ ਵੀ ਕੁਦਰਤ ਬਲਵਾਨ ਹੈ। ਧਰਤੀ ’ਤੇ ਘਾਹ ਫੂਸ ਨੂੰ ਅੱਗ ਲਾਉਣ ਦੇ ਬਾਵਜੂਦ ਇਹ ਘਾਹ ਫਿਰ ਹਰਾ ਹੋ ਜਾਂਦਾ ਹੈ। ਉੱਚੇ ਪਰਬਤਾਂ ਅਤੇ ਬਰਾਨੀ ਇਲਾਕਿਆਂ ਵਿੱਚ ਜਿੱਥੇ ਪਾਣੀ ਦਾ ਕੋਈ ਸਾਧਨ ਨਹੀਂ ਹੁੰਦਾ, ਉੱਥੇ ਵੀ ਕੁਦਰਤ ਆਪਣਾ ਰੰਗ ਦਿਖਾਉਂਦੀ ਹੈ ਅਤੇ ਉਸੇ ਵਾਤਾਵਰਨ ਵਿੱਚ ਉਹੋ ਜਿਹੇ ਹੀ ਪੌਦੇ ਪੈਦਾ ਹੋ ਜਾਂਦੇ ਹਨ। ਇਹ ਸਭ ਕੁਝ ਕੁਦਰਤੀ ਤਾਕਤ ਨਾਲ ਹੀ ਸੰਭਵ ਹੈ।

Advertisement

ਆਮ ਤੌਰ ’ਤੇ ਇਹ ਕਿਹਾ ਜਾਂਦਾ ਹੈ ਕਿ ਜਿੰਨੀਆਂ ਹਨੇਰੀਆਂ ਓਨੇ ਮੀਂਹ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਨੇਰੀ ਹੀ ਮੀਂਹ ਦਾ ਆਧਾਰ ਹੈ। ਲਗਾਤਾਰ ਪੈ ਰਹੀ ਗਰਮੀ ਨਾਲ ਜਦੋਂ ਵਾਤਾਵਰਨ ਗਰਮ ਹੋ ਜਾਂਦਾ ਹੈ ਤਾਂ ਫਿਰ ਹਨੇਰੀ ਅਤੇ ਬੱਦਲ ਹੀ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਆਉਂਦੇ ਹਨ। ਭਾਵੇਂ ਹਨੇਰੀ ਨਾਲ ਨੁਕਸਾਨ ਵੀ ਹੁੰਦਾ ਹੈ, ਪਰ ਇਹ ਪ੍ਰਾਣੀਆਂ ਨੂੰ ਘੁੱਟਵੇਂ ਵਾਤਾਵਰਨ ਤੋਂ ਨਿਜਾਤ ਦਿਵਾਉਂਦੀ ਹੈ। ਇਸ ਨਾਲ ਕੁੱਲ ਜੀਵ ਜੰਤੂ ਖ਼ੁਸ਼ ਹੋ ਜਾਂਦੇ ਹਨ। ਸ੍ਰਿਸ਼ਟੀ ਦੇ ਸਭ ਜੀਵ-ਜੰਤੂ, ਪਸ਼ੂ-ਪੰਛੀ, ਮਨੁੱਖ ਅਤੇ ਰੁੱਖ ਵੀ ਇਨ੍ਹਾਂ ਦੇ ਨਾਲ ਹੀ ਜਿਊਂਦੇ ਰਹਿ ਸਕਦੇ ਹਨ।

ਜਦੋਂ ਹਨੇਰੀ ਆਉਂਦੀ ਹੈ ਤਾਂ ਉਹ ਇੰਨੀ ਤੇਜ਼ੀ ਨਾਲ ਆਉਂਦੀ ਹੈ ਕਿ ਆਲੇ ਦੁਆਲੇ ਦਾ ਕੂੜਾ ਵੀ ਆਪਣੇ ਨਾਲ ਲਿਜਾ ਕੇ ਪਤਾ ਨਹੀਂ ਕਿੱਥੋਂ ਦਾ ਕਿੱਥੇ ਸੁੱਟਦੀ ਹੈ। ਘਰਾਂ ਵਿੱਚ ਹਨੇਰੀ ਆਉਣ ਦੇ ਲੱਛਣਾਂ ਨੂੰ ਦੇਖ ਕੇ ਔਰਤਾਂ ਚੁੱਲ੍ਹੇ ਹਾਰੇ ਢਕ ਦਿੰਦੀਆਂ ਹਨ ਤਾਂ ਕਿ ਇਨ੍ਹਾਂ ਵਿੱਚੋਂ ਅੱਗ ਉੱਡ ਕੇ ਕਿਸੇ ਲੱਕੜ ਬਾਲਣ ਜਾਂ ਹੋਰ ਚੀਜ਼ਾਂ ਦਾ ਨੁਕਸਾਨ ਨਾ ਕਰ ਦੇਵੇ। ਵੈਸੇ ਤਾਂ ਪੁਰਾਣੇ ਸਮਿਆਂ ਵਿੱਚ ਔਰਤਾਂ ਰਾਤ ਨੂੰ ਵੀ ਹਵਾ ਤੋਂ ਬਚਾਅ ਲਈ ਅੱਗ ਦੱਬ ਕੇ ਪੈਂਦੀਆਂ ਸਨ। ਇਸ ਨਾਲ ਦੂਹਰਾ ਫਾਇਦਾ ਹੁੰਦਾ ਸੀ। ਇਸ ਨਾਲ ਘਰ ਦੀ ਬੱਚਤ ਵੀ ਹੁੰਦੀ ਸੀ ਕਿਉਂਕਿ ਹਰ ਰੋਜ਼ ਤੀਲ੍ਹਾਂ ਵਾਲੀ ਡੱਬੀ ਵਰਤਣ ਕਰਕੇ ਉਹ ਜਲਦੀ ਖ਼ਤਮ ਹੋ ਜਾਂਦੀ ਸੀ। ਪੈਸੇ ਦੇ ਸਾਧਨ ਸੀਮਤ ਹੋਣ ਕਰਕੇ ਇਸ ਚੀਜ਼ ਦੀ ਬੱਚਤ ਕਰਨੀ ਪੈਂਦੀ। ਉਹ ਵੀ ਵੇਲਾ ਸੀ ਜਦ ਲੋਕ ਇੱਕ ਦੂਜੇ ਦੇ ਘਰਾਂ ਵਿੱਚੋਂ ਅੱਗ ਵੀ ਮੰਗ ਕੇ ਲੈ ਜਾਂਦੇ ਸਨ। ਸੋ ਸੁੱਘੜ ਸੁਆਣੀਆਂ ਚੁੱਲ੍ਹੇ ਵਿੱਚ ਪਾਥੀ ਰੱਖ ਕੇ ਉੱਤੇ ਸਵਾਹ ਪਾ ਕੇ ਚੰਗੀ ਤਰ੍ਹਾਂ ਦੱਬ ਦਿੰਦੀਆਂ ਸਨ। ਸਵੇਰ ਵੇਲੇ ਉਹੀ ਅੱਗ ਕਾਇਮ ਹੁੰਦੀ ਤੇ ਉਸ ਨੂੰ ਦੁਬਾਰਾ ਫੇਰ ਮਚਾ ਲਿਆ ਜਾਂਦਾ। ਇਸ ਤਰ੍ਹਾਂ ਇਹ ਸਿਲਸਿਲਾ ਕਾਫ਼ੀ ਦੇਰ ਤੱਕ ਚੱਲਦਾ ਰਿਹਾ।

ਆਮ ਤੌਰ ’ਤੇ ਇਹ ਕਿਹਾ ਜਾਂਦਾ ਹੈ ਕਿ ਪੁੱਤਰ ਜੰਮੇ ਦੀ ਇੱਕ ਘਰ ਖ਼ੁਸ਼ੀ ਹੁੰਦੀ ਹੈ ਜਦੋਂਕਿ ਮੀਂਹ ਪਏ ਦੀ ਹਰ ਘਰ ਖ਼ੁਸ਼ੀ ਹੁੰਦੀ ਹੈ। ਸੋ ਹਨੇਰੀ ਆਉਣ ’ਤੇ ਵੀ ਲੋਕ ਘਬਰਾਉਂਦੇ ਨਹੀਂ ਸਨ ਬਲਕਿ ਉਨ੍ਹਾਂ ਨੂੰ ਚਾਅ ਚੜ੍ਹ ਜਾਂਦਾ ਕਿ ਚਲੋ ਮੀਂਹ ਆਵੇਗਾ ਹੀ। ਉਂਜ ਭਾਵੇਂ ਹਨੇਰੀ ਆਉਣ ਕਰਕੇ ਕਈ ਵਾਰ ਕੱਪੜੇ ਲੀੜੇ ਵੀ ਉੱਡ ਜਾਂਦੇ ਹਨ ਤੇ ਹਲਕੀਆਂ ਚੀਜ਼ਾਂ ਵੀ। ਖੇਤਾਂ ਵਿੱਚ ਖੜ੍ਹੇ ਦਰੱਖਤ ਵੀ ਕਈ ਵਾਰ ਟੁੱਟ ਜਾਂਦੇ ਹਨ ਜਾਂ ਜੜ੍ਹਾਂ ਵਿੱਚੋਂ ਉੱਖੜ ਜਾਂਦੇ ਹਨ, ਪਰ ਕੁਦਰਤ ਵਲੀ ਹੈ ਇਸ ਦਾ ਥਾਹ ਕਿਸੇ ਨਹੀਂ ਪਾਇਆ।

ਪੰਜਾਬ ਦੇ ਜ਼ਿਲ੍ਹੇ ਬਠਿੰਡੇ ਦੀ ਵਿਸ਼ੇਸ਼ ਥਾਂ ਹੈ। ਬਠਿੰਡੇ ਦਾ ਕਿਲ੍ਹਾ ਰਜ਼ੀਆ ਸੁਲਤਾਨਾ ਦੀ ਮਲਕੀਅਤ ਰਿਹਾ ਹੈ। ਰਾਜਿਆਂ ਦੀ ਇਹ ਪ੍ਰਸਿੱਧ ਵਿਰਾਸਤ ਹਨੇਰੀਆਂ ਦੇ ਥਪੇੜਿਆਂ ਨਾਲ ਕਮਜ਼ੋਰ ਹੋਣ ਕਰਕੇ ਟੁੱਟ ਫੁੱਟ ਰਹੀ ਹੈ। ਸਾਡੇ ਲੋਕ ਗੀਤ ਉਦੋਂ ਹੀ ਤਿਆਰ ਹੁੰਦੇ ਹਨ ਜਦੋਂ ਲੋਕਾਂ ਵਿੱਚ ਕਿਸੇ ਚੀਜ਼ ਦਾ ਪ੍ਰਭਾਵ ਬਣੇ ਅਤੇ ਮਨ ਵਿੱਚੋਂ ਭਾਵ ਉੱਠਣ। ਸੋ ਇਸ ਕਿਲ੍ਹੇ ਦੇ ਥੋੜ੍ਹਾ ਥੋੜ੍ਹਾ ਢਹਿਣ ਨਾਲ ਇਹ ਗੀਤ ਉੱਭਰਿਆ ਅਤੇ ਲੋਕਾਂ ਦੇ ਮੂੰਹ ’ਤੇ ਇੰਜ ਚੜਿ੍ਹਆ;

ਨ੍ਹੇਰੀ ਆਈ ਸੀ

ਬਠਿੰਡੇ ਵਾਲਾ ਕਿਲ੍ਹਾ ਢਹਿ ਗਿਆ

ਨ੍ਹੇਰੀ ਆਈ ਸੀ।

ਸੋ ਜੋ ਮਹਿਸੂਸ ਕੀਤਾ ਗਿਆ ਉਹੀ ਲੋਕ ਗੀਤ ਬਣ ਕੇ ਸਾਹਮਣੇ ਆ ਗਿਆ। ਹਨੇਰੀ ਇੰਨੀ ਤੇਜ਼ੀ ਨਾਲ ਆਉਂਦੀ ਹੈ ਕਿ ਲੋਕਾਂ ਨੂੰ ਉਹ ਚੰਗੀ ਲੱਗਦੀ ਹੈ ਕਿਉਂਕਿ ਪਲਾਂ ਵਿੱਚ ਹੀ ਵਾਤਾਵਰਨ ਨੂੰ ਮੀਂਹ ਦੇ ਕਾਬਲ ਬਣਾ ਦਿੰਦੀ ਹੈ। ਪਿੰਡਾਂ ਵਿੱਚ ਅਜਿਹੀ ਕਹਾਵਤ ਨੂੰ ਇਸ ਤਰ੍ਹਾਂ ਵਰਤਿਆ ਜਾਂਦਾ ਹੈ; ਬਸ ਕੰਮ ਦੀ ਹਨੇਰੀ ਲਿਆ ਦਿਓ। ਭਾਵ ਹਨੇਰੀ ਵਾਂਗ ਤੇਜ਼ੀ ਨਾਲ ਕੰਮ ਕਰੋ। ਭਾਵੇਂ ਹਨੇਰੀ ਦਾ ਇਸ਼ਕ ਮੁਸ਼ਕ ਦੇ ਚੱਕਰ ਨਾਲ ਕੋਈ ਸਬੰਧ ਨਹੀਂ, ਪਰ ਕਈ ਵਾਰ ਪ੍ਰੇਮੀ ਜੋੜੇ ਹਨੇਰੀ ਦਾ ਫਾਇਦਾ ਉਠਾ ਕੇ ਘਰੋਂ ਭੱਜ ਜਾਂਦੇ ਹਨ। ਉਂਜ ਇਸ ਦੇ ਤੇਜ਼ੀ ਨਾਲ ਆਉਣ ਅਤੇ ਸ਼ਾਂਤ ਵਾਤਾਵਰਨ ਦੇਣ ਕਰਕੇ ਇਸ ਦਾ ਜ਼ਿਕਰ ਲੋਕ ਗੀਤਾਂ ਵਿੱਚ ਕੀਤਾ ਜਾਂਦਾ ਹੈ। ਇੱਕ ਪ੍ਰੇਮਿਕਾ ਆਪਣੇ ਪ੍ਰੇਮੀ ਦੀ ਸੁੰਦਰਤਾ ਦਾ ਵਰਣਨ ਕਰਦੀ ਹੋਈ ਇਸ ਤਰ੍ਹਾਂ ਬੋਲੀ ਪਾਉਂਦੀ ਹੈ;

ਆਉਣ ਨ੍ਹੇਰੀਆਂ ਜਾਣ ਨ੍ਹੇਰੀਆਂ

ਮੁੰਡਿਆ ਸੱਥ ਦੇ ਵਿਚਾਲੇ, ਗੱਲਾਂ ਹੋਣ ਤੇਰੀਆਂ।

ਇਸੇ ਤਰ੍ਹਾਂ ਭਾਵੇਂ ਪ੍ਰੇਮਿਕਾ ਆਪਣੇ ਪ੍ਰੇਮੀ ਦੀ ਪ੍ਰਸ਼ੰਸਾ ਕਰਦੀ ਹੋਈ ਇਹ ਦੱਸਣ ਦੀ ਕੋਸ਼ਿਸ਼ ਕਰਦੀ ਹੈ ਕਿ ਤੂੰ ਦੁਨੀਆ ਦੇ ਸਭ ਤੋਂ ਵੱਧ ਖ਼ੂਬਸੂਰਤ ਲੋਕਾਂ ਵਿੱਚ ਸਭ ਤੋਂ ਉੱਤੇ ਹੈ ਅਤੇ ਗੁਣਵਾਨ ਹੈ, ਪ੍ਰੰਤੂ ਪ੍ਰੇਮੀ ਉਸ ਦੀ ਸੁੰਦਰਤਾ ਦਾ ਵਰਣਨ ਹੋਰ ਸ਼ਬਦਾਂ ਵਿੱਚ ਕਰਦਾ ਹੈ। ਉਹ ਉਸ ਦੇ ਨਸ਼ੀਲੇ ਨੈਣਾਂ ਦੀ ਪ੍ਰਸ਼ੰਸਾ ਕਰਦਾ ਹੋਇਆ ਕਹਿੰਦਾ ਹੈ;

ਆਉਣ ਨ੍ਹੇਰੀਆਂ ਜਾਣ ਨ੍ਹੇਰੀਆਂ

ਬਿੱਲੋ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ।

ਭਾਂਤ ਭਾਂਤ ਦੇ ਬੀਜਾਂ ਦੀ ਆਮਦ ਹਨੇਰੀਆਂ ਕਾਰਨ ਹੀ ਸੰਭਵ ਹੋਈ ਹੈ ਕਿਉਂਕਿ ਇਸ ਦੇ ਨਾਲ ਹੀ ਰੁੱਖਾਂ, ਵੇਲਾਂ ਅਤੇ ਪੌਦਿਆਂ ਦੇ ਬੀਜ ਉੱਡ ਉੱਡ ਕੇ ਦੂਰ ਦੁਰਾਡੇ ਜਾ ਕੇ ਡਿੱਗੇ। ਇਨ੍ਹਾਂ ਬੀਜਾਂ ਦੇ ਡਿੱਗਣ ਨਾਲ ਅਨੇਕਾਂ ਬੀਜ ਹੋਰ ਪੈਦਾ ਹੋਏ।

ਸੰਪਰਕ: 94178-40323

Advertisement