ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁਝ ਕਹਿ ਰਿਹੈ ਜੀਵਨ ਦਾ ਠਹਿਰਾਅ

ਕੀ ਤੁਹਾਨੂੰ ਕਦੇ ਮਹਿਸੂਸ ਹੋਇਆ ਹੈ ਕਿ ਜੀਵਨ ਰੁਕ ਜਿਹਾ ਗਿਆ ਹੋਵੇ? ਕੋਈ ਵੀ ਕੰਮ ਪੂਰਾ ਨਹੀਂ ਹੋ ਰਿਹਾ, ਜਿਵੇਂ ਸਾਡੇ ਲਈ ਹਰ ਰਸਤਾ ਬੰਦ ਹੋ ਗਿਆ ਹੋਵੇ। ਦੁਨੀਆ ਦਾ ਹਰ ਸੁਝਾਇਆ ਹੱਲ ਬੇਅਸਰ ਨਜ਼ਰ ਆਉਂਦਾ ਹੈ। ਅਸੀਂ ਹਰ ਤਹੱਈਆ...
Advertisement

ਕੀ ਤੁਹਾਨੂੰ ਕਦੇ ਮਹਿਸੂਸ ਹੋਇਆ ਹੈ ਕਿ ਜੀਵਨ ਰੁਕ ਜਿਹਾ ਗਿਆ ਹੋਵੇ? ਕੋਈ ਵੀ ਕੰਮ ਪੂਰਾ ਨਹੀਂ ਹੋ ਰਿਹਾ, ਜਿਵੇਂ ਸਾਡੇ ਲਈ ਹਰ ਰਸਤਾ ਬੰਦ ਹੋ ਗਿਆ ਹੋਵੇ। ਦੁਨੀਆ ਦਾ ਹਰ ਸੁਝਾਇਆ ਹੱਲ ਬੇਅਸਰ ਨਜ਼ਰ ਆਉਂਦਾ ਹੈ। ਅਸੀਂ ਹਰ ਤਹੱਈਆ ਕਰਦੇ ਹਾਂ ਇਸ ਖੜੋਤ ਵਿੱਚੋਂ ਬਾਹਰ ਨਿਕਲਣ ਲਈ, ਪਰ ਮਹਿਸੂਸ ਕਰਦੇ ਹਾਂ ਕਿ ਇਸ ਗੁੰਝਲ ਵਿੱਚ ਹੋਰ ਉਲਝਦੇ ਜਾ ਰਹੇ ਹਾਂ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਜ਼ਿੰਦਗੀ ਸਾਨੂੰ ਅਸਿੱਧੇ ਤੌਰ ’ਤੇ ਸੁਨੇਹਾ ਭੇਜ ਰਹੀ ਹੁੰਦੀ ਹੈ, ਪਰ ਅਸੀਂ ਅਕਸਰ ਉਸ ਸੁਨੇਹੇ ਨੂੰ ਮਹਿਜ਼ ਇੱਕ ਸਜ਼ਾ ਸਮਝ ਲੈਂਦੇ ਹਾਂ।

ਅਸਲ ਵਿੱਚ ਇਹ ਸੁਨੇਹਾ ਹੈ, ‘ਤੁਹਾਡੀ ਰੂਹ ਨੂੰ ਆਰਾਮ ਦੀ ਜ਼ਰੂਰਤ ਹੈ। ਇਹ ਥੱਕ ਗਈ ਹੈ ਨਾ-ਮੁੱਕਣ ਵਾਲੇ ਰੁਝੇਵਿਆਂ ਤੋਂ, ਇਹ ਸਿਰਫ਼ ਕੁਝ ਪਲਾਂ ਲਈ ਸਾਹ ਲੈਣਾ ਚਾਹੁੰਦੀ ਹੈ।’ ਜੀਵਨ ਕਹਿ ਰਿਹਾ ਹੁੰਦਾ ਹੈ ਕਿ ਆਪਣੇ ਮਨ ਨਾਲ ਗੱਲਾਂ ਕਰ, ਉਸ ਨਾਲ ਸਮਾਂ ਬਿਤਾ, ਪਰ ਅਸੀਂ ਅਣਜਾਣਪੁਣੇ ਵਿੱਚ ਇਹ ਸਮਝ ਰਹੇ ਹੁੰਦੇ ਹਾਂ ਕਿ ਇਹ ਸ਼ਾਇਦ ਕਿਸੇ ਬੁਰੇ ਕਰਮ ਦਾ ਨਤੀਜਾ ਹੈ ਜਾਂ ਸ਼ਾਇਦ ਅਸੀਂ ਕੁਝ ਗ਼ਲਤ ਕਰ ਬੈਠੇ ਹਾਂ ਤੇ ਹੁਣ ਉਸ ਦਾ ਰਿਣ ਚੁਕਾ ਰਹੇ ਹਾਂ, ਪਰ ਅਜਿਹਾ ਨਹੀਂ ਹੈ। ਸਾਡੀ ਜ਼ਿੰਦਗੀ ਤਾਂ ਸਾਡਾ ਖ਼ਿਆਲ ਰੱਖ ਰਹੀ ਹੁੰਦੀ ਹੈ। ਸਾਡੀ ਆਤਮਾ ਨੂੰ ਕਿਸੇ ਗ਼ਲਤ ਰਸਤੇ ’ਤੇ ਭਟਕਣ ਤੋਂ ਬਚਾ ਰਹੀ ਹੁੰਦੀ ਹੈ।

Advertisement

ਜਦ ਕਦੇ ਵੀ ਚੰਗੀ ਚੱਲਦੀ ਜ਼ਿੰਦਗੀ ਰੁਕਣ ਲੱਗ ਜਾਵੇ ਜਾਂ ਸਭ ਕੁਝ ਖੜ੍ਹ ਜਾਵੇ ਤਾਂ ਆਪਣੀ ਤੜਫ਼ ਨੂੰ ਸ਼ਾਂਤ ਕਰਕੇ ਸਮਝਣ ਦੀ ਕੋਸ਼ਿਸ਼ ਕਰੋ। ਤੁਹਾਡੀ ਜ਼ਿੰਦਗੀ ਰੁਕਣ ਲਈ ਤਾਂ ਨਹੀਂ ਕਹਿ ਰਹੀ, ਆਰਾਮ ਕਰਨ ਲਈ ਤਾਂ ਨਹੀਂ ਤੜਫ਼ ਰਹੀ। ਜੇਕਰ ਅਜਿਹਾ ਮਹਿਸੂਸ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ? ਬਸ ਕੁਝ ਖ਼ਾਸ ਕਰਨ ਦੀ ਲੋੜ ਨਹੀਂ। ਤੁਹਾਨੂੰ ਆਰਾਮ ਦੀ ਲੋੜ ਹੈ। ਇੱਥੇ ਸਿਰਫ਼ ਸਰੀਰਕ ਆਰਾਮ ਨਾਲ ਗੱਲ ਨਹੀਂ ਬਣਨੀ ਸਗੋਂ ਮਨ ਨੂੰ ਆਰਾਮ ਦੇਣਾ ਪੈਣਾ ਹੈ।

ਸਭ ਤੋਂ ਪਹਿਲਾਂ ਤਾਂ ਕੁਝ ਦਿਨਾਂ ਲਈ ਮਕਸਦਹੀਣ ਹੋ ਜਾਓ, ਭਾਵ ਬੇਤਰਤੀਬੇ ਜਿਹੇ ਬਣ ਜਾਓ। ਜਨਮ ਤੋਂ ਲੈ ਕੇ ਹੁਣ ਤੱਕ ਹਰ ਕੰਮ ਮਕਸਦ ਤਹਿਤ ਹੀ ਤਾਂ ਕੀਤਾ ਹੈ। ਰੁਝੇਵਿਆਂ ਭਰੀ ਜ਼ਿੰਦਗੀ ਦੇ ਇੱਕ ਮਿੱਥ ਲਏ ਰੁਟੀਨ ਨੇ ਰੂਹ ਨੂੰ ਬੇਸੁਆਦਾ ਜਿਹਾ ਕਰ ਦਿੱਤਾ ਹੈ। ਜਦੋਂ ਇਸ ਰੁਟੀਨ ਦੇ ਬੰਧਨਾਂ ਤੋਂ ਖ਼ੁਦ ਨੂੰ ਮੁਕਤ ਕਰੋਗੇ ਤਾਂ ਮਨ ਨੂੰ ਆਪਣੇ-ਆਪ ਆਰਾਮ ਮਹਿਸੂਸ ਹੋਵੇਗਾ।

ਇਸ ਤੋਂ ਬਾਅਦ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਜੀਵਨ ਦਾ ਹਿੱਸਾ ਬਣਾਓ ਜੋ ਮਨ ਦੀ ਬਕਾਵਟ ਨੂੰ ਦੂਰ ਕਰਨ। ਇੱਕ ਲੰਮੀ ਸੈਰ ’ਤੇ ਨਿਕਲ ਜਾਵੋ, ਬਿਨਾਂ ਕਦਮ ਗਿਣੇ ਜਾਂ ਦੂਰੀ ਦੀ ਪਰਵਾਹ ਕੀਤੇ। ਦੂਰ ਤੱਕ ਜਾਓ, ਭੁੱਲੇ-ਭਟਕਿਆਂ ਵਾਂਗ, ਆਸਾ-ਪਾਸਾ ਨਿਹਾਰਦੇ ਹੋਏ। ਜੇ ਇਹ ਮੁਨਾਸਿਬ ਨਾ ਹੋਵੇ ਤਾਂ ਬਚਪਨ ਦਾ ਕੋਈ ਭੁੱਲਿਆ-ਵਿਸਰਿਆ ਸ਼ੌਕ ਮੁੜ ਕੇ ਜਿਊਣ ਦੀ ਕੋਸ਼ਿਸ਼ ਕਰੋ। ਹੋਰ ਨਹੀਂ ਤਾਂ ਆਪਣੇ ਆਪੇ ਨਾਲ ਚੁੱਪ-ਚੁਪੀਤੇ ਜਿਹੇ ਬੈਠ ਜਾਓ। ਕਾਗਜ਼ ’ਤੇ ਕੋਈ ਰੰਗ ਹੀ ਬਿਖੇਰ ਲਓ, ਕੋਈ ਬੇਤਰਤੀਬੀ ਜਿਹੀ ਤਸਵੀਰ ਹੀ ਬਣਾ ਲਓ, ਪਰ ਧਿਆਨ ਰੱਖਣਾ ਜੋ ਵੀ ਕਰਨਾ ਹੈ, ਉਸ ਪਿੱਛੇ ਮਕਸਦ ਕੋਈ ਨਾ ਹੋਵੇ। ਸਾਨੂੰ ਇਸ ਤਰ੍ਹਾਂ ਲੱਗੇ ਕਿ ਅਸੀਂ ਜ਼ਖ਼ਮੀ ਰੂਹ ਨੂੰ ਆਰਾਮ ਦੇ ਰਹੇ ਹਾਂ ਨਾ ਕਿ ਕੁਝ ਗਿਣ-ਮਿੱਥ ਕੇ ਕਰ ਰਹੇ ਹਾਂ। ਅਜਿਹਾ ਬਸ ਕੁਝ ਦਿਨਾਂ ਲਈ ਹੀ ਤਾਂ ਕਰਨਾ ਹੈ। ਜਦੋਂ ਮਨ ਖਿੜ ਗਿਆ, ਫਿਰ ਵਾਪਸ ਆਪਣੀ ਰੁਟੀਨ ਵਿੱਚ ਆ ਜਾਣਾ ਹੈ।

ਇਸ ਦੌਰਾਨ ਭੁੱਲ ਜਾਣਾ ਹੈ ਕਿ ਦੁਨੀਆ ਅੱਗੇ ਵਧ ਰਹੀ ਹੈ ਤੇ ਤੁਸੀਂ ਕਿਤੇ ਪਿੱਛੇ ਤਾਂ ਨਹੀਂ ਰਹਿ ਜਾਓਗੇ। ਕੁਝ ਦਿਨਾਂ ਲਈ ਨਾਕਾਰ ਦੇਣਾ ਇਸ ਗੱਲ ਨੂੰ ਕਿ ਲੋਕ ਤੁਹਾਨੂੰ ਬੇਤਰਤੀਬਾ ਕਹਿਣਗੇ। ਬਸ ਇੱਕ ਗੱਲ ਯਾਦ ਰੱਖਣੀ ‘ਕਿ ਤੁਸੀਂ ਪਹਿਲਾਂ ਆਪਣੇ ਆਪ ਲਈ ਹੋ, ਫਿਰ ਬਾਕੀਆਂ ਲਈ।’ ਇਹ ਸਭ ਕੁਝ ਦਿਨਾਂ ਦਾ ਬੇਸੁਰਾਪਣ ਜੀਵਨ ਨੂੰ ਇੱਕ ਨਵਾਂਪਣ ਜਿਹਾ ਦੇਵੇਗਾ। ਤੁਸੀਂ ਆਪਣੇ ਅੰਦਰ ਕੁਝ ਖਿੜਿਆ ਮਹਿਸੂਸ ਕਰੋਗੇ, ਕੁਝ ਨਵਾਂ ਤੇ ਨਰੋਆ।

ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਘਰਾਂ ਵਿੱਚ ਜਦੋਂ ਸੁਆਣੀਆਂ ਕੁਝ ਉਣਦੀਆਂ ਹੋਣ ਤਾਂ ਕਈ ਵਾਰ ਉੰਨ ਦਾ ਗੋਲਾ ਉਲਝ ਜਾਂਦਾ ਹੈ, ਬਿਲਕੁਲ ਸਾਡੀ ਜ਼ਿੰਦਗੀ ਦੀ ਤਰ੍ਹਾਂ। ਬਾਰ-ਬਾਰ ਕੋਸ਼ਿਸ ਕਰਨ ’ਤੇ ਉਹ ਸੁਲਝਣ ਦੀ ਥਾਂ ਹੋਰ ਉਲਝ ਜਾਵੇ ਤਾਂ ਉਹ ਉਸ ਗੋਲੇ ਨੂੰ ਉੱਥੇ ਰੱਖ ਜਾਂ ਆਰਾਮ ਕਰਨ ਲੱਗ ਜਾਂਦੀਆਂ ਹਨ ਜਾਂ ਕੋਈ ਹੋਰ ਆਹਰ ਕਰਨ ਲੱਗ ਜਾਂਦੀਆਂ ਹਨ। ਕੁਝ ਸਮੇਂ ਬਾਅਦ ਉਹ ਮੁੜ ਆ ਕੇ ਪਹਿਲਾਂ ਉਸ ਦਾ ਸਿਰਾ ਲੱਭਦੀਆਂ ਹਨ ਤੇ ਹੌਲੀ-ਹੌਲੀ ਹਰ ਗੰਢ ਸਰਕਾ ਕੇ ਵਾਪਸ ਉਣਨ ਵਿੱਚ ਰੁੱਝ ਜਾਂਦੀਆਂ ਹਨ।

ਇਹੀ ਜੀਵਨ ਹੈ। ਜੇ ਉਲਝ ਜਾਵੇ ਤਾਂ ਸੁਲਝਦਾ ਜ਼ਰੂਰ ਹੈ, ਪਰ ਕੁਝ ਪਲ ਆਰਾਮ ਦੇ ਕੇ। ਕੁਝ ਸਮਾਂ ਲਾ ਕੇ, ਪਰ ਜੇ ਲਗਾਤਾਰ ਉੱਧਰ ਹੀ ਲੱਗੇ ਰਹੀਏ ਤਾਂ ਉਲਝਣ ਜ਼ਿਆਦਾ ਵਧਣ ਲੱਗਦੀ ਹੈ। ਨਾਲ ਹੀ ਸਮਾਂ ਤੇ ਊਰਜਾ ਵੀ ਵਿਅਰਥ ਹੋ ਜਾਂਦੀ ਹੈ। ਸਮਾਂ ਸਭ ਤੋਂ ਵੱਡੀ ਚੀਜ਼ ਹੈ ਜੋ ਗੁੰਝਲਾਂ ਸੁਲਝਾਉਣ ਦੀ ਤਾਕਤ ਦਿੰਦਾ ਹੈ। ਜੀਵਨ ਦਾ ਠਹਿਰਾਅ ਸਿਰਫ਼ ਰੁਕ ਜਾਣਾ ਹੀ ਨਹੀਂ ਹੁੰਦਾ, ਸਗੋਂ ਅੱਗੇ ਤੁਰਨ ਦੀ ਤਿਆਰੀ ਕਰਨਾ ਵੀ ਹੁੰਦਾ ਹੈ। ਇਸ ਲਈ ਜਦੋਂ ਵੀ ਜੀਵਨ ਰੁਕਦਾ ਮਹਿਸੂਸ ਹੋਵੇ ਤਾਂ ਇਸ ਤੋਂ ਮੁਨਕਰ ਨਾ ਹੋਵੇ। ਸਗੋਂ ਰੁਕੋ, ਸਮਝੋ ਤੇ ਆਪਣੇ ਖੰਭਾਂ ਨੂੰ ਮੁੜ ਉੱਡਣ ਲਈ ਮਜ਼ਬੂਤ ਕਰ ਲਓ।

ਸੰਪਰਕ: 95015-32509

Advertisement
Show comments