ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ...
ਰੁੱਖ ਅਤੇ ਮਨੁੱਖ ਦਾ ਰਿਸ਼ਤਾ ਆਦਿ ਜੁਗਾਦਿ ਤੋਂ ਹੈ ਪਰ ਹੁਣ ਇਸ ਰਿਸ਼ਤੇ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ। ਇਸ ਸੰਤੁਲਨ ਨੂੰ ਠੀਕ ਕਰਨ ਲਈ ਸੂਬੇ ਵਿੱਚ ਰੁੱਖ ਲਗਾਉਣ ਦੀਆਂ ਹਰੇਕ ਵਰ੍ਹੇ ਮੁਹਿੰਮਾਂ ਚੱਲਦੀਆਂ ਹਨ ਪਰ ਇਹ ਕੇਵਲ ਵਿਖਾਵਾ ਬਣ ਕੇ ਰਹਿ ਜਾਂਦੀਆਂ ਹਨ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਕਿਹੜਾ ਰੁੱਖ ਕਦੋਂ ਕਿਵੇਂ ਅਤੇ ਕਿੱਥੇ ਲਗਾਉਣਾ ਹੈ।
ਇਸ ਘਾਟ ਨੂੰ ਪੂਰਾ ਕਰਨ ਲਈ ਡਾ. ਬਲਵਿੰਦਰ ਸਿੰਘ ਲੱਖੇਵਾਲੀ ਪਿਛਲੇ ਦੋ ਦਹਾਕਿਆਂ ਤੋਂ ਸਰਗਰਮ ਹੈ। ਆਪਣੀ ਪੀ.ਐੱਚਡੀ. ਦੀ ਪੜ੍ਹਾਈ ਪੂਰੀ ਕਰਨ ਉਪਰੰਤ ਉਸ ਨੇ ਆਪਣਾ ਸਾਰਾ ਸਮਾਂ ਪੰਜਾਬ ਦੇ ਧਰਤ-ਦ੍ਰਿਸ਼, ਇਸ ਦੇ ਰੁੱਖਾਂ, ਫ਼ਲ-ਬੂਟਿਆਂ ਤੇ ਉਨ੍ਹਾਂ ਦੇ ਵਿਕਾਸ ਅਤੇ ਸਾਂਭ-ਸੰਭਾਲ ਨੂੰ ਸਮਰਪਿਤ ਕਰ ਦਿੱਤਾ ਹੈ। ਪੰਜਾਬੀਆਂ ਨੂੰ ਰੁੱਖਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ, ਕਿਹੜਾ ਰੁੱਖ ਕਦੋਂ ਅਤੇ ਕਿਵੇਂ ਲਗਾਉਣ ਬਾਰੇ ਜਾਣਕਾਰੀ ਦੇਣ ਲਈ ਰੁੱਖਾਂ ਬਾਰੇ ਲਿਖਣਾ ਸ਼ੁਰੂ ਕੀਤਾ। ਉਸ ਦੇ ਲੇਖ ਪੰਜਾਬੀ ਦੀਆਂ ਸਾਰੀਆਂ ਪ੍ਰਮੁੱਖ ਅਖ਼ਬਾਰਾਂ ਤੇ ਰਸਾਲਿਆਂ ਨੇ ਛਾਪਣੇ ਸ਼ਰੂ ਕੀਤੇ। ਰੁੱਖਾਂ ਸਬੰਧੀ ਉਸ ਦੀ ਪਹਿਲੀ ਪੁਸਤਕ ‘ਬਿਰਖਾਂ ਬਾਝ ਨਾ ਸੋਂਹਦੀ ਧਰਤੀ’ 2017 ਅਤੇ ਦੂਜੀ ਪੁਸਤਕ ‘ਬਗੀਚੀ ਬਣਾਉਣ ਦੀ ਕਲਾ ਲੈਂਡਸਕੈਪਿੰਗ’ 2020 ਵਿੱਚ ਪਾਠਕਾਂ ਦੇ ਸਨਮੁਖ ਹੋਈ। ਇਨ੍ਹਾਂ ਤੋਂ ਇਲਾਵਾ ਉਸ ਦੀਆਂ ਕਈ ਹੋਰ ਪੁਸਤਕਾਂ ਆਈਆਂ। ਉਸ ਦੀਆਂ ਲਿਖਤਾਂ ਨੇ ਪੰਜਾਬੀਆਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਂਦਿਆਂ ਧਰਤੀ ਉੱਤੇ ਰੁੱਖਾਂ ਦੀ ਮਹੱਤਤਾ ਨੂੰ ਦਰਸਾਇਆ।
ਲੱਖੇਵਾਲੀ ਦਾ ਬਹੁਤਾ ਰੁਝਾਨ ਪੰਜਾਬ ਦੇ ਰਵਾਇਤੀ ਰੁੱਖਾਂ ਦੀ ਸਾਂਭ-ਸੰਭਾਲ ਅਤੇ ਇਨ੍ਹਾਂ ਦੀ ਲੁਆਈ ਨੂੰ ਉਤਸ਼ਾਹਿਤ ਕਰਨ ਵੱਲ ਹੈ। ਪੰਜਾਬ ਵਿੱਚ ਜੰਗਲ ਨਹੀਂ ਹਨ ਅਤੇ ਕੋਈ ਵਿਹਲੀ ਧਰਤੀ ਵੀ ਨਹੀਂ, ਜਿੱਥੇ ਜੰਗਲ ਬਣਾਏ ਜਾ ਸਕਣ। ਇੱਥੇ ਤਾਂ ਖੇਤਾਂ ਦੇ ਬੰਨ੍ਹਿਆਂ, ਸੜਕਾਂ ਦੇ ਕੰਢੇ ਜਾਂ ਬੰਬੀਆਂ ਉੱਤੇ ਹੀ ਰੁੱਖ ਲਗਾਏ ਜਾ ਸਕਦੇ ਹਨ। ਕਿਹੜੇ ਰੁੱਖ, ਕਿੱਥੇ ਅਤੇ ਕਿਵੇਂ ਲਗਾਉਣੇ ਹਨ ਤਾਂ ਜੋ ਫ਼ਸਲਾਂ ਦਾ ਵੀ ਨੁਕਸਾਨ ਨਾ ਹੋਵੇ ਇਸ ਬਾਰੇ ਜਾਣਕਾਰੀ ਦੇਣ ਲਈ ਉਸ ਦੀ ਪੁਸਤਕ ‘ਖੇਤਾਂ ਵਿੱਚ ਰੁੱਖ ਕਿਉਂ ਅਤੇ ਕਿਵੇਂ’ ਛਪ ਕੇ ਕੁਝ ਦਿਨ ਪਹਿਲਾਂ ਹੀ ਆਈ ਹੈ। ਇਸ ਪੁਸਤਕ ਨੂੰ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਰੁੱਖ ਬੂਟੇ ਲਾਉਣ ਤੋਂ ਪਹਿਲਾਂ ਦੀ ਵਿਉਂਤਬੰਦੀ, ਰਾਹ ਪਹਿਆਂ ਲਈ ਰੁੱਖ, ਫ਼ਲਦਾਰ ਰੁੱਖਾਂ ਦੀ ਲੋੜ, ਦਵਾਈਆਂ ਵਾਲੇ ਰੁੱਖਾਂ ਦੀ ਅਹਿਮੀਅਤ, ਛਾਂ-ਰੁੱਖਾਂ ਦੀ ਮਹੱਤਤਾ, ਖੇਤਾਂ ਦੁਆਲੇ ਵਾੜ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਾਣੀ ਦੇ ਸਰੋਤਾਂ ਨੇੜੇ ਰੁੱਖ, ਸੋਹਣੀ ਦਿੱਖ ਲਈ ਸੋਹਣੇ ਰੁੱਖ ਬਾਰੇ ਵੀ ਜਾਣਕਾਰੀ ਦਿੱਤੀ ਹੈ। ਆਮ ਤੌਰ ’ਤੇ ਕਿਸਾਨ ਦਾ ਗਿਲਾ ਹੁੰਦਾ ਹੈ ਕਿ ਰੁੱਖਾਂ ਦਾ ਛੌਰਾ ਫ਼ਸਲਾਂ ਲਈ ਮਾਰੂ ਹੁੰਦਾ ਹੈ ਅਤੇ ਰੁੱਖਾਂ ਉੱਤੇ ਪੰਛੀਆਂ ਦੇ ਘਰ ਵੀ ਫ਼ਸਲਾਂ ਦਾ ਨੁਕਸਾਨ ਕਰਦੇ ਹਨ। ਇਸ ਬਾਰੇ ਵੀ ਉਸ ਨੇ ਰੁੱਖਾਂ ਵਿੱਚ ਪੰਛੀਆਂ ਦੇ ਰੈਣ-ਬਸੇਰੇ ਵਰ ਜਾਂ ਸਰਾਪ ਕਾਂਡ ਵਿੱਚ ਜਾਣਕਾਰੀ ਦਿੱਤੀ ਹੈ।
ਉਸ ਨੇ ਪੂਰੇ ਸੂਬੇ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਮੁਹਿੰਮ ਦਾ ਮੰਤਵ ਕੇਵਲ |ਰੁੱਖ ਲਗਾਉਣਾ ਹੀ ਨਹੀਂ ਸਗੋਂ ਰੁੱਖ ਪ੍ਰੇਮੀਆਂ ਨੂੰ ਅਮਲੀ ਸਿਖਲਾਈ ਵੀ ਦੇਣਾ ਹੈ। ਇਸ ਮੁਹਿੰਮ ਨੂੰ ਉਸ ਨੇ ਲੱਖੇਵਾਲੀ ਮਾਡਲ ਦਾ ਨਾਮ ਦਿੱਤਾ ਹੈ ਕਿਉਂਕਿ ਇਸ ਦਾ ਆਰੰਭ ਉਸ ਨੇ ਜ਼ਿਲ੍ਹਾ ਮੁਕਤਸਰ ਦੇ ਆਪਣੇ ਪਿੰਡ ਲੱਖੇਵਾਲੀ ਤੋਂ ਕੀਤਾ ਸੀ। ਅਜਿਹਾ ਕਰਨ ਨਾਲ ਉਸ ਨੂੰ ਇਹ ਪਤਾ ਲਗਦਾ ਹੈ ਕਿ ਰੁੱਖ ਲਗਾਉਣ ਅਤੇ ਪਾਲਣ ਵਿੱਚ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਰੁੱਖਾਂ ਦੀ ਘਾਟ ਅਤੇ ਮਨੁੱਖੀ ਲਾਪਰਵਾਹੀ ਸਦਕਾ ਸੂਬੇ ਵਿੱਚ ਪ੍ਰਦੂਸ਼ਣ ਵਧ ਰਿਹਾ ਹੈ, ਇਸ ਨਾਲ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ। ਲੱਖੇਵਾਲੀ ਨੇ ਪੰਜਾਬ ਦੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਆਪਣੇ ਸਾਥੀ ਡਾ. ਬ੍ਰਿਜ ਮੋਹਨ ਭਾਰਦਵਾਜ ਨਾਲ ਮਿਲ ਕੇ ‘ਸੋਚ’ ਨਾਮਕ ਸੰਸਥਾ ਦਾ ਗਠਨ ਕੀਤਾ ਹੈ। ਇਸ ਸੰਸਥਾ ਨੂੰ ਸੰਤ ਬਾਬਾ ਗੁਰਮੀਤ ਸਿੰਘ ਹੋਰਾਂ ਦਾ ਥਾਪੜਾ ਅਤੇ ਆਸ਼ੀਰਵਾਦ ਪ੍ਰਾਪਤ ਹੈ। ਇਸ ਸੰਸਥਾ ਵੱਲੋਂ ਪਿੰਡਾਂ ਵਿੱਚ ਰੁੱਖ ਲਗਾਉਣ, ਬਗੀਚੀਆਂ ਬਣਾਉਣ, ਛੱਪੜਾਂ ਦੀ ਸਾਂਭ-ਸੰਭਾਲ ਅਤੇ ਕੁਦਰਤੀ ਖੇਤੀ ਦੇ ਪ੍ਰਚਾਰ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਲੋਕਾਂ ਵਿੱਚ ਚੇਤਨਾ ਨੂੰ ਉਜਾਗਰ ਕਰਨ ਲਈ ਹਰੇਕ ਵਰ੍ਹੇ ਰਾਜ ਪੱਧਰ ਦਾ ਵਾਤਾਵਰਨ ਸੰਭਾਲ ਮੇਲਾ ਲਗਾਇਆ ਜਾਂਦਾ ਹੈ। ਹੋਰ ਢੁੱਕਵੇਂ ਪ੍ਰੋਗਰਾਮਾਂ ਦੇ ਨਾਲੋਂ ਨਾਲ ਲੱਖਾਂ ਰੁਪਏ ਦੇ ਇਨਾਮ ਵਧੀਆ ਕਾਰਗੁਜ਼ਾਰੀ ਕਰਨ ਲਈ ਦਿੱਤੇ ਜਾਂਦੇ ਹਨ। ‘ਸੋਚ’ ਸੰਸਥਾ ਅਧੀਨ ਵਾਤਾਵਰਨ ਸੰਭਾਲ ਲਈ ਵਧੀਆ ਕਾਰਗੁਜ਼ਾਰੀ ਲਈ ਪੰਜ ਇਨਾਮ ਹਨ। ਪਹਿਲਾ ਇਨਾਮ ‘ਨਿਰਮਲ ਜਲ’ ਹੈ ਜਿਸ ਦੀ ਇਨਾਮ ਰਾਸ਼ੀ ਇੱਕ ਲੱਖ ਰੁਪਏ ਹੈ। ਇਹ ਇਨਾਮ ਉਸ ਪੰਚਾਇਤ ਜਾਂ ਸੰਸਥਾ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਛੱਪੜ ਜਾਂ ਤਲਾਅ ਨੂੰ ਬਿਨਾਂ ਪੱਕਾ ਕੀਤਿਆਂ ਕੁਦਰਤੀ ਰੂਪ ਵਿੱਚ ਸੰਭਾਲਿਆ ਹੁੰਦਾ ਹੈ। ਦੂਜਾ ਇਨਾਮ ‘ਮੇਰੀ ਮਿੱਟੀ ਮੇਰਾ ਸੋਨਾ’ ਜਿਸ ਦੀ ਰਾਸ਼ੀ ਪੰਜਾਹ ਹਜ਼ਾਰ ਰੁਪਏ ਹੈ। ਪੰਜਾਬ ਦੇ ਕੁਦਰਤ ਪੱਖੀ ਸੋਚ ਰੱਖਣ ਵਾਲੇ ਉਸ ਕਿਸਾਨ ਨੂੰ ਦਿੱਤਾ ਜਾਂਦਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਧਰਤੀ ਨੂੰ ਮਾਂ ਰੂਪ ਸਮਝਦਿਆਂ ਹੋਇਆਂ ਨਾ ਤਾਂ ਖੇਤਾਂ ਵਿੱਚ ਨਾੜ ਨੂੰ ਅੱਗ ਲਾਉਂਦਾ ਹੈ ਅਤੇ ਨਾ ਹੀ ਰਸਾਇਣਾਂ ਦੀ ਵਰਤੋਂ ਕਰਦਾ ਹੈ। ਤੀਜਾ ਇਨਾਮ ‘ਰੁੱਖਾਂ ਦਾ ਰਾਖਾ’ ਹੈ। ਇਸ ਦੀ ਇਨਾਮ ਰਾਸ਼ੀ ਵੀ ਪੰਜਾਹ ਹਜ਼ਾਰ ਰੁਪਏ ਹੈ। ਇਹ ਇਨਾਮ ਸੂਬੇ ਵਿੱਚ ਰੁੱਖ ਲਗਾਉਣ ਅਤੇ ਸਾਂਭ-ਸੰਭਾਲ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਵਿਅਕਤੀ ਵਿਸ਼ੇਸ਼ ਲਈ ਹੈ। ਚੌਥਾ ਇਨਾਮ ਬਹੁ-ਭਾਂਤੀ ਖੇਤੀ ਲਈ ਹੈ। ਇਸ ਦੀ ਵੀ ਇਨਾਮ ਰਾਸ਼ੀ ਪੰਜਾਹ ਹਜ਼ਾਰ ਰੁਪਏ ਹੀ ਹੈ। ਇਹ ਇਨਾਮ ਉਸ ਕਿਸਾਨ ਨੂੰ ਦਿੱਤਾ ਜਾਂਦਾ ਹੈ, ਜਿਹੜਾ ਕਣਕ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਬਹੁ-ਭਾਂਤੀ ਖੇਤੀ ਕਰਦਾ ਹੈ। ਪੰਜਵਾਂ ਇਨਾਮ ਜੰਗਲੀ ਜੀਵ ਸੁਰੱਖਿਆ ਲਈ ਹੈ। ਇਨ੍ਹਾਂ ਤੋਂ ਇਲਾਵਾ ਵਾਤਾਵਰਨ ਸੰਭਾਲ ਸਬੰਧੀ ਬਣਾਈਆਂ ਲਘੂ ਫਿਲਮਾਂ ਅਤੇ ਫੋਟੋਗ੍ਰਾਫੀ ਲਈ ਵੀ ਵਿਸ਼ੇਸ਼ ਇਨਾਮ ਰੱਖੇ ਗਏ ਹਨ। ਸਕੂਲੀ ਬੱਚਿਆਂ ਨੂੰ ਵਾਤਾਵਰਨ ਸੰਭਾਲ ਸਬੰਧੀ ਉਤਸ਼ਾਹਿਤ ਕਰਨ ਲਈ ਵਿਗਿਆਨ ਮਾਡਲ ਮੁਕਾਬਲਾ ਵੀ ਕਰਵਾਇਆ ਜਾਂਦਾ ਹੈ। ਇਸ ਸੰਸਥਾ ਦੇ ਕੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਿਲ੍ਹਾ ਪੱਧਰ ਉੱਤੇ ਵੀ ਇਕਾਈਆਂ ਬਣਾਈਆਂ ਗਈਆਂ ਹਨ, ਜਿਹੜੀਆਂ ਜ਼ਿਲ੍ਹਾ ਪੱਧਰ ਉੱਤੇ ਵਾਤਾਵਰਨ ਸੰਭਾਲ ਸਬੰਧੀ ਮੇਲੇ ਲਗਾਉਂਦੀਆਂ ਹਨ ਅਤੇ ਰੁੱਖ ਲਗਾਓ ਮੁਹਿੰਮਾਂ ਚਲਾਉਂਦੀਆਂ ਹਨ। ਲੱਖੇਵਾਲੀ ਨੂੰ ਅਲੋਪ ਹੋ ਰਹੇ ਵਿਰਾਸਤੀ ਰੁੱਖ ਬੂਟਿਆਂ ਦੀ ਵਧੇਰੇ ਚਿੰਤਾ ਹੈ। ਉਹ ਇਨ੍ਹਾਂ ਨੂੰ ਜੀਵਤ ਰੱਖਣ ਲਈ ਯਤਨਸ਼ੀਲ ਹੈ ਅਤੇ ਇਨ੍ਹਾਂ ਦੀ ਲੁਆਈ ਨੂੰ ਉਤਸ਼ਾਹਿਤ ਕਰਦਾ ਹੈ। ਹੋਰ ਸੰਸਥਾਵਾਂ ਦੇ ਨਾਲੋ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਸ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਲੱਖੇਵਾਲੀ ਸਾਡੀ ਨਵੀਂ ਪੀੜ੍ਹੀ ਲਈ ਮਿਸਾਲ ਕਾਇਮ ਕਰ ਰਿਹਾ ਹੈ। ਸਾਡੀ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਦੀ ਸੰਭਾਲ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਰੁੱਖਾਂ ਦੀ ਸੰਗਤ ਮਨੁੱਖ ਵਿੱਚੋਂ ਬੇਚੈਨੀ, ਮਾਯੂਸੀ ਅਤੇ ਘਬਰਾਹਟ ਨੂੰ ਦੂਰ ਕਰਦੀ ਹੈ ਅਤੇ ਕੁਝ ਨਵਾਂ ਕਰਨ ਲਈ ਵੀ ਉਕਸਾਉਂਦੀ ਹੈ। ਲੱਖੇਵਾਲੀ ਆਪਣੇ ਵਿੱਤ ਅਤੇ ਸੂਝ ਅਨੁਸਾਰ ਉਨ੍ਹਾਂ ਸਾਰੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਇਸ ਬਾਰੇ ਸਲਾਹ ਮਸ਼ਵਰਾ ਦੇਣ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ ਜਿਹੜੇ ਰੁੱਖਾਂ ਨਾਲ ਪ੍ਰੇਮ ਕਰਦੇ ਹਨ ਅਤੇ ਵਿਗੜ ਰਹੇ ਵਾਤਾਵਰਨ ਦੀ ਸ਼ੁੱਧਤਾ ਲਈ ਯਤਨਸ਼ੀਲ ਹਨ।
ਲੱਖੇਵਾਲੀ ਦੇ ਅਹਿਮ ਪ੍ਰਾਜੈਕਟ
ਗੁਰੂ ਗ੍ਰੰਥ ਸਾਹਿਬ ਬਾਗ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਦਰੱਖਤਾਂ ਦਾ ਹਵਾਲਾ ਮਿਲਦਾ ਹੈ, ਉਨ੍ਹਾਂ ਦੇ ਆਧਾਰ ’ਤੇ ਅਮਰੀਕਾ ਸਥਿਤ ਵਾਤਾਵਰਨ ਸੰਸਥਾ ‘ਈਕੋਸਿੱਖ’ ਵੱਲੋਂ ‘ਗੁਰੂ ਗ੍ਰੰਥ ਸਾਹਿਬ ਬਾਗ’ ਬਣਾਇਆ ਜਾ ਰਿਹਾ ਹੈ। ਲੱਖੇਵਾਲੀ ਇਸ ਪ੍ਰਾਜੈਕਟ ਦੇ ਸਲਾਹਕਾਰ ਹਨ ਜੋ ਜ਼ਿਲ੍ਹਾ ਮੋਗਾ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਚੱਲ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਇਸ ਲਈ ਲਗਭਗ 60 ਕਿਸਮਾਂ ਦੇ ਪੌਦੇ ਲਗਾਉਣ ਲਈ ਪੰਜ ਏਕੜ ਜ਼ਮੀਨ ਮੁਹੱਈਆ ਕਰਵਾਈ ਗਈ।
ਬਾਬੇ ਨਾਨਕ ਦੀ ਝਿੜੀ: ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਲੱਖੇਵਾਲੀ ਦੀ ਸਲਾਹਕਾਰੀ ਅਧੀਨ ਖਾਲਸਾ ਏਡ ਇੰਟਰਨੈਸ਼ਨਲ ਨੇ ਪੰਜਾਬ ਵਿੱਚ ਜੈਵਿਕ ਵਿਭਿੰਨਤਾ ਲਈ ਦੇਸੀ ਰੁੱਖ ਲਗਾਉਣ ਦਾ ਪ੍ਰਾਜੈਕਟ ‘ਬਾਬੇ ਨਾਨਕ ਦੀ ਝਿੜੀ’ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਇਸ ਨਾਲ ਸੂਬੇ ਵਿੱਚ ਲੁਪਤ ਹੋ ਰਹੇ ਅਤੇ ਦੇਸੀ ਰੁੱਖ ਲਗਾ ਕੇ ਪੰਜਾਬ ਭਰ ਵਿੱਚ ਮਿੰਨੀ ਜੰਗਲ ਬਣਾਉਣ ਦਾ ਸੰਕਲਪ ਪੇਸ਼ ਕੀਤਾ ਹੈ।
ਬੀਜ ਬੈਂਕ: ਸੰਤ ਬਾਬਾ ਗੁਰਮੀਤ ਸਿੰਘ ਦੇ ਸਹਿਯੋਗ ਨਾਲ ਉਸ ਨੇ ਪਿੰਡ ਖੋਸਾ ਰਣਧੀਰ (ਮੋਗਾ) ਵਿਖੇ ‘ਗੁਰੂ ਨਾਨਕ ਬਿਰਖ ਬੀਜ ਬੈਂਕ’ ਨਾਮਕ ਬੀਜ ਬੈਂਕ ਦੀ ਸਥਾਪਨਾ ਕੀਤੀ ਹੈ। ਇਸ ਤਹਿਤ ਦੇਸੀ ਰੁੱਖਾਂ ਦੇ ਬੂਟੇ ਜੋ ਬਾਜ਼ਾਰ ਵਿੱਚ ਉਪਲੱਬਧ ਨਹੀਂ ਹਨ, ਉਨ੍ਹਾਂ ਨੂੰ ਲੋਕਾਂ ਵਿੱਚ ਮੁਫ਼ਤ ਵੰਡਿਆ ਜਾਂਦਾ ਹੈ।
ਹੀਲਿੰਗ ਫੌਰੈਸਟ, ਅਬੋਹਰ: ਅਬੋਹਰ ਨੇੜੇ ਪਿੰਡ ਖਿੱਪਾਂਵਾਲੀ ਵਿਖੇ ਜੈਵ ਵਿਭਿੰਨਤਾ ਸੰਭਾਲ ਲਈ ਹੀਲਿੰਗ ਫੌਰੈਸਟ ਬਣਾਇਆ ਗਿਆ ਹੈ। ਇਸ ਝਿੜੀ ਵਿੱਚ ਜਲਕੁੰਡ ਅਤੇ ਬੈਠਣ ਵਾਲੀਆਂ ਥਾਵਾਂ ਦੇ ਨਾਲ ਘੁੰਮਣ ਲਈ ਰਸਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਰਾਸਤੀ ਰੁੱਖਾਂ, ਬਾਂਸ ਅਤੇ ਦਵਾਈਆਂ ਵਾਲੇ ਪੌਦਿਆਂ ਦੀ ਸੰਘਣੀ ਬਿਜਾਈ ਕੀਤੀ ਗਈ ਹੈ। ਇਨ੍ਹਾਂ ਪੌਦਿਆਂ ਵਿੱਚ ਸੈਰ ਕਰਨ ਨਾਲ ਸੈਲਾਨੀਆਂ ਦੀ ਮਨੋਵਿਗਿਆਨਕ ਤੰਦਰੁਸਤੀ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ।
ਨੌਜਵਾਨ ਪੀੜ੍ਹੀ ਨੂੰ ਵਾਤਾਵਰਨ ਦੀ ਰਾਖੀ ਪ੍ਰਤੀ ਸੁਚੇਤ ਕਰਨ ਲਈ ਨੇਚਰ ਵਾਕ, ਰੁੱਖਾਂ ਨਾਲ ਜਾਣ ਪਛਾਣ, ਕੈਂਪ ਅਤੇ ਵਾਤਾਵਰਨ ਸਬੰਧੀ ਮੁਕਾਬਲੇ ਆਦਿ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।
