ਛੋਟਾ ਪਰਦਾ
ਧਰਮਪਾਲ
ਸਯਾਮੀ ਖੇਰ ਦੀ ਘਰ ਵਾਪਸੀ
ਅਦਾਕਾਰਾ ਸਯਾਮੀ ਖੇਰ ‘ਸਪੈਸ਼ਲ ਓਪਸ ਸੀਜ਼ਨ 2’ ਦੇ ਸੈੱਟ ’ਤੇ ਵਾਪਸ ਆ ਗਈ ਹੈ। ਉਸ ਨੂੰ ਇਹ ਘਰ ਵਾਪਸੀ ਵਰਗਾ ਮਹਿਸੂਸ ਹੁੰਦਾ ਹੈ। ਪਹਿਲੇ ਸੀਜ਼ਨ ਤੋਂ ਪੰਜ ਸਾਲ ਬਾਅਦ ਸਯਾਮੀ ਨਿਰਦੇਸ਼ਕ ਨੀਰਜ ਪਾਂਡੇ ਅਤੇ ਸਹਿ-ਅਦਾਕਾਰ ਕੇਕੇ ਮੈਨਨ ਨਾਲ ਦੁਬਾਰਾ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹੈ, ਖ਼ਾਸ ਕਰਕੇ ਇਸ ਪ੍ਰਸਿੱਧ ਜਾਸੂਸੀ ਥ੍ਰਿਲਰ ਸੀਰੀਜ਼ ਦੇ ਨਵੇਂ ਸੀਜ਼ਨ ਵਿੱਚ।
ਸਯਾਮੀ ਨੇ ਕਿਹਾ, ‘‘ਪੰਜ ਸਾਲਾਂ ਬਾਅਦ ‘ਸਪੈਸ਼ਲ ਓਪਸ’ ਦੇ ਸੈੱਟ ’ਤੇ ਵਾਪਸ ਜਾਣਾ ਬਹੁਤ ਭਾਵੁਕ ਸੀ। ਇਸ ਨੇ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਵਾਪਸ ਲਿਆ ਦਿੱਤੀਆਂ, ਦ੍ਰਿਸ਼ਾਂ ਦੀ ਤੀਬਰਤਾ ਤੋਂ ਲੈ ਕੇ ਟੀਮ ਨਾਲ ਬਿਤਾਏ ਪਲਾਂ ਤੱਕ। ਨੀਰਜ ਪਾਂਡੇ ਸਰ ਅਤੇ ਕੇਕੇ ਮੈਨਨ ਨਾਲ ਦੁਬਾਰਾ ਕੰਮ ਕਰਨਾ ਹਰ ਵਾਰ ਨਵੀਆਂ ਚੀਜ਼ਾਂ ਸਿੱਖਣ ਦਾ ਮੌਕਾ ਹੁੰਦਾ ਹੈ। ਦੋਵਾਂ ਦੀ ਕਹਾਣੀ ਸੁਣਾਉਣ ਦੀ ਡੂੰਘਾਈ ਅਤੇ ਦ੍ਰਿਸ਼ਟੀ ਤੁਹਾਨੂੰ ਹਰ ਵਾਰ ਆਪਣਾ ਸਭ ਤੋਂ ਵਧੀਆ ਦੇਣ ਲਈ ਪ੍ਰੇਰਿਤ ਕਰਦੀ ਹੈ।’’
ਜਿਵੇਂ-ਜਿਵੇਂ ਜੀਓ ਹੌਟਸਟਾਰ ’ਤੇ ‘ਸਪੈਸ਼ਲ ਓਪਸ ਸੀਜ਼ਨ 2’ ਦੇ ਰਿਲੀਜ਼ ਹੋਣ ਦੀ ਉਡੀਕ ਵਧਦੀ ਜਾ ਰਹੀ ਹੈ, ਪ੍ਰਸ਼ੰਸਕ ਇਸ ਥ੍ਰਿਲਰ ਜਾਸੂਸੀ ਵਿੱਚ ਸਯਾਮੀ ਨੂੰ ਉਸ ਦੇ ਕਿਰਦਾਰ ਵਿੱਚ ਵਾਪਸ ਦੇਖਣ ਲਈ ਉਤਸ਼ਾਹਿਤ ਹਨ। ਸੈਯਾਮੀ ਨੂੰ ਹਾਲ ਹੀ ਵਿੱਚ ਪ੍ਰਤੀਕ ਗਾਂਧੀ ਦੇ ਨਾਲ ਅਗਨੀ ਵਿੱਚ ਦੇਖਿਆ ਗਿਆ ਸੀ। ਉਹ ਹੁਣ ਅਗਲੇ ਹਫ਼ਤੇ ਰਿਲੀਜ਼ ਹੋਣ ਵਾਲੀ ‘ਸਪੈਸ਼ਲ ਓਪਸ ਸੀਜ਼ਨ 2’ ਵਿੱਚ ਦਿਖਾਈ ਦੇਵੇਗੀ ਅਤੇ ਰੋਸ਼ਨ ਮੈਥਿਊ ਨਾਲ ਆਪਣੇ ਮਲਿਆਲਮ ਡੈਬਿਊ ਦੀ ਤਿਆਰੀ ਵੀ ਕਰ ਰਹੀ ਹੈ। ਸਯਾਮੀ ਇੱਕ ਵਾਰ ਫਿਰ ਸੀਜ਼ਨ 2 ਵਿੱਚ ਵਿਸ਼ੇਸ਼ ਏਜੰਟ ਦੀ ਭੂਮਿਕਾ ਵਿੱਚ ਵਾਪਸ ਆਵੇਗੀ। ਇਸ ਵਾਰ ਉਹ ਕਈ ਅਸਲੀ ਲੜਾਈਆਂ ਕਰਦੀ ਹੋਈ ਨਜ਼ਰ ਆਵੇਗੀ, ਜਿਸ ਲਈ ਉਸ ਨੇ ਵਿਸ਼ੇਸ਼ ਸਿਖਲਾਈ ਵੀ ਲਈ ਹੈ।
ਸ਼ਿਵਾਂਗੀ ਜੋਸ਼ੀ ਵੱਲੋਂ ਹਰਸ਼ਦ ਦੀ ਪ੍ਰਸ਼ੰਸਾ
ਸੋਨੀ ਐਂਟਰਟੇਨਮੈਂਟ ਚੈਨਲ ਦੇ ਪ੍ਰਸਿੱਧ ਸ਼ੋਅ ‘ਬੜੇ ਅੱਛੇ ਲਗਤੇ ਹੈਂ - ਨਵਾਂ ਸੀਜ਼ਨ’ ਨਾ ਸਿਰਫ਼ ਆਪਣੀ ਭਾਵਨਾਤਮਕ ਕਹਾਣੀ ਲਈ, ਸਗੋਂ ਇਸ ਦੀ ਮੁੱਖ ਜੋੜੀ ਹਰਸ਼ਦ ਚੋਪੜਾ (ਰਿਸ਼ਭ) ਅਤੇ ਸ਼ਿਵਾਂਗੀ ਜੋਸ਼ੀ (ਭਾਗਿਆਸ਼੍ਰੀ) ਵਿਚਕਾਰ ਸ਼ਾਨਦਾਰ ਰੁਮਾਂਟਿਕ ਤਾਲਮੇਲ ਲਈ ਵੀ ਦਰਸ਼ਕਾਂ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ। ਜਿੱਥੇ ਦਰਸ਼ਕ ਪਰਦੇ ’ਤੇ ਉਨ੍ਹਾਂ ਦੇ ਪ੍ਰਦਰਸ਼ਨ ਲਈ ਦੀਵਾਨੇ ਹਨ, ਉੱਥੇ ਪਰਦੇ ਪਿੱਛੇ ਵੀ ਉਨ੍ਹਾਂ ਦੀ ਆਪਸੀ ਪ੍ਰਸ਼ੰਸਾ ਦਿਖਾਈ ਦਿੰਦੀ ਹੈ।
ਹਾਲ ਹੀ ਵਿੱਚ ਸ਼ਿਵਾਂਗੀ ਜੋਸ਼ੀ ਨੇ ਹਰਸ਼ਦ ਨਾਲ ਕੰਮ ਕਰਨ ਦੇ ਆਪਣੇ ਅਨੁਭਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਪਣੇ ਸਹਿ-ਕਲਾਕਾਰ ਦੀ ਪ੍ਰਸ਼ੰਸਾ ਤੋਂ ਇਲਾਵਾ ਕੁਝ ਨਹੀਂ ਕਿਹਾ। ਆਪਣੇ ਸਹਿ-ਕਲਾਕਾਰ ਬਾਰੇ ਗੱਲ ਕਰਦੇ ਹੋਏ, ਸ਼ਿਵਾਂਗੀ ਨੇ ਕਿਹਾ, ‘‘ਹਰਸ਼ਦ ਹਰ ਰੋਜ਼ ਸੈੱਟ ’ਤੇ ਵੱਖਰੀ ਊਰਜਾ ਲਿਆਉਂਦਾ ਹੈ। ਉਸ ਦਾ ਸਮਰਪਣ ਅਤੇ ਪ੍ਰਤਿਭਾ ਸੱਚਮੁੱਚ ਪ੍ਰੇਰਨਾਦਾਇਕ ਹੈ। ਉਸ ਦੀ ਅਦਾਕਾਰੀ ਵਿੱਚ ਇੱਕ ਸਹਿਜਤਾ ਹੈ ਜੋ ਸਾਡੇ ਦ੍ਰਿਸ਼ਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੀ ਹੈ।’’ ਸਮੇਂ ਦੇ ਨਾਲ ਅਸੀਂ ਇੱਕ ਖ਼ੂਬਸੂਰਤ ਰਿਸ਼ਤਾ ਵਿਕਸਿਤ ਕੀਤਾ ਹੈ। ਸਾਡੇ ਵਿਚਕਾਰ ਆਪਸੀ ਸਤਿਕਾਰ ਹੈ ਜੋ ਭਾਵਨਾਤਮਕ ਦ੍ਰਿਸ਼ਾਂ ਨੂੰ ਡੂੰਘਾਈ ਦੇਣ ਵਿੱਚ ਬਹੁਤ ਮਦਦ ਕਰਦਾ ਹੈ।’’
ਦੋਵਾਂ ਵਿਚਕਾਰ ਤਾਲਮੇਲ ਸ਼ੋਅ ਦੇ ਸਭ ਤੋਂ ਵੱਡੇ ਆਕਰਸ਼ਣਾਂ ਵਿੱਚੋਂ ਇੱਕ ਬਣ ਗਿਆ ਹੈ। ਇਹ ਸਪੱਸ਼ਟ ਹੈ ਕਿ ਸਕਰੀਨ ਤੋਂ ਬਾਹਰ ਉਨ੍ਹਾਂ ਦੀ ਚੰਗੀ ਸਾਂਝ ਭਾਵਨਾਤਮਕ ਪਲਾਂ ਨੂੰ ਜਨਮ ਦਿੰਦੀ ਹੈ ਜਿਨ੍ਹਾਂ ਨਾਲ ਦਰਸ਼ਕ ਜੁੜਦੇ ਹਨ। ਜਿਵੇਂ-ਜਿਵੇਂ ਕਹਾਣੀ ਅੱਗੇ ਵਧਦੀ ਹੈ, ਦਰਸ਼ਕਾਂ ਨੂੰ ਇਸ ਸ਼ਾਨਦਾਰ ਜੋੜੀ ਦੇ ਹੋਰ ਦਿਲ ਨੂੰ ਛੂਹ ਲੈਣ ਵਾਲੇ ਦ੍ਰਿਸ਼ ਦੇਖਣ ਨੂੰ ਮਿਲਣਗੇ।
ਰਣਵਿਜੈ ਬਣਿਆ ‘ਛੋਰੀਆਂ ਚਲੀ ਗਾਓਂ’ ਦਾ ਮੇਜ਼ਬਾਨ
ਜ਼ੀ ਟੀਵੀ ਨਵਾਂ ਰਿਐਲਿਟੀ ਸ਼ੋਅ ‘ਛੋਰੀਆਂ ਚਲੀ ਗਾਓਂ’ ਲੈ ਕੇ ਆ ਰਿਹਾ ਹੈ। ਇਹ ਸ਼ੋਅ ‘ਭਾਰਤ’ ਅਤੇ ‘ਨਿਊ ਇੰਡੀਆ’ ਦੀਆਂ ਦੋ ਵੱਖ-ਵੱਖ ਦੁਨੀਆ ਨੂੰ ਇਕੱਠਾ ਕਰਨ ਬਾਰੇ ਹੈ। ਜ਼ੀ ਟੀਵੀ ਦੀ ਨਵੀਂ ਬ੍ਰਾਂਡ ਪਛਾਣ ‘ਆਪਕਾ ਅਪਨਾ ਜ਼ੀ’ ਤਹਿਤ ਆ ਰਿਹਾ ਇਹ ਸ਼ੋਅ ਦਰਸ਼ਕਾਂ ਨੂੰ ਪਰਿਵਰਤਨ, ਸੱਭਿਆਚਾਰ ਵਿੱਚ ਡੁੱਬਣ ਅਤੇ ਮਨੁੱਖੀ ਰਿਸ਼ਤਿਆਂ ਦੀ ਸੁੰਦਰਤਾ ਦੀ ਗਹਿਰੀ ਯਾਤਰਾ ’ਤੇ ਲੈ ਕੇ ਜਾਵੇਗਾ।
ਇਸ ਵਿਲੱਖਣ ਸ਼ੋਅ ਵਿੱਚ 12 ਕਾਮਯਾਬ ਸੁਤੰਤਰ ਸ਼ਹਿਰੀ ਕੁੜੀਆਂ ਆਪਣੇ ਸ਼ਹਿਰਾਂ ਦੀ ਤੇਜ਼ ਰਫ਼ਤਾਰ ਅਤੇ ਆਰਾਮਦਾਇਕ ਜ਼ਿੰਦਗੀ ਛੱਡ ਕੇ ਭਾਰਤ ਦੇ ਇੱਕ ਪਿੰਡ ਵਿੱਚ 60 ਦਿਨ ਤੋਂ ਵੱਧ ਸਮਾਂ ਬਿਤਾਉਣਗੀਆਂ। ਉੱਥੇ ਨਾ ਤਾਂ ਮੋਬਾਈਲ ਹੋਣਗੇ, ਨਾ ਹੀ ਕੋਈ ਐਸ਼ੋ-ਆਰਾਮ ਦੀ ਚੀਜ਼ ਹੋਵੇਗੀ ਅਤੇ ਨਾ ਹੀ ਕੋਈ ਸ਼ਾਰਟਕੱਟ ਹੋਵੇਗਾ। ਉਨ੍ਹਾਂ ਨੂੰ ਅਸਲ ਪਿੰਡ ਦੇ ਕੰਮ ਕਰਨੇ ਪੈਣਗੇ, ਰੋਜ਼ਾਨਾ ਜ਼ਿੰਦਗੀ ਵਿੱਚੋਂ ਲੰਘਣਾ ਪਵੇਗਾ ਅਤੇ ਸਦੀਆਂ ਪੁਰਾਣੀਆਂ ਪਰੰਪਰਾਵਾਂ ਦੀ ਸਾਦਗੀ ਅਤੇ ਸੋਚ ਨੂੰ ਅਪਣਾਉਣਾ ਪਵੇਗਾ। ਇਸ ਸ਼ੋਅ ਦੀ ਕਹਾਣੀ ਤਿੰਨ ਮਜ਼ਬੂਤ ਪਹਿਲੂਆਂ ’ਤੇ ਆਧਾਰਿਤ ਹੈ - ਇੱਕ ਪਿੰਡ ਵਿੱਚ ਰਹਿਣਾ ਅਤੇ ਉੱਥੋਂ ਦੀ ਜ਼ਿੰਦਗੀ ਦੇ ਅਨੁਕੂਲ ਹੋਣਾ, ਪਿੰਡ ਦੇ ਸੱਭਿਆਚਾਰ ਵਿੱਚ ਪੂਰੀ ਤਰ੍ਹਾਂ ਲੀਨ ਹੋ ਜਾਣਾ ਅਤੇ ਆਪਣੇ ਅੰਦਰ ਭਾਵਨਾਤਮਕ ਤਬਦੀਲੀ ਨੂੰ ਮਹਿਸੂਸ ਕਰਨਾ ਅਤੇ ਨਾਲ ਹੀ ਮੁਕਾਬਲੇ ਅਤੇ ਸਮਾਜਿਕ ਸਮਝ ਦੀ ਭਾਵਨਾ ਨਾਲ ਅੱਗੇ ਵਧਣਾ। ਕਈ ਵਾਰ ਤੁਹਾਨੂੰ ਚੁੱਲ੍ਹਾ ਬਾਲਣਾ ਪਵੇਗਾ, ਕਈ ਵਾਰ ਤੁਹਾਨੂੰ ਪਿੰਡ ਵਾਸੀਆਂ ਨਾਲ ਦਿਲੋਂ ਮਹਿਸੂਸ ਕੀਤਾ ਰਿਸ਼ਤਾ ਬਣਾਉਣਾ ਪਵੇਗਾ। ਹਰ ਐਪੀਸੋਡ ਹਾਸੇ, ਟਕਰਾਅ, ਸਿੱਖਣ ਅਤੇ ਪ੍ਰੇਰਨਾ ਦੀ ਇੱਕ ਵੱਖਰੀ ਦੁਨੀਆ ਦਿਖਾਏਗਾ।
ਇਸ ਯਾਤਰਾ ਵਿੱਚ ਜਾਨ ਪਾਉਣ ਲਈ ਸ਼ੋਅ ਵਿੱਚ ਮਸ਼ਹੂਰ ਟੀਵੀ ਸ਼ਖ਼ਸੀਅਤ ਰਣਵਿਜੈ ਸਿੰਘਾ ਸ਼ਾਮਲ ਹੋਇਆ ਹੈ ਜੋ ਸ਼ੋਅ ਦੀ ਮੇਜ਼ਬਾਨੀ ਕਰੇਗਾ। ਇਸ ਵਿੱਚ ਉਹ ਸਿਰਫ਼ ਇੱਕ ਐਂਕਰ ਨਹੀਂ ਹੋਵੇਗਾ, ਬਲਕਿ ਇੱਕ ਸਲਾਹਕਾਰ, ਪ੍ਰੇਰਕ, ਮਾਰਗਦਰਸ਼ਕ, ਕਹਾਣੀਕਾਰ ਅਤੇ ਪਿੰਡ ਵਾਸੀਆਂ ਦੀ ਆਵਾਜ਼ ਵੀ ਹੋਵੇਗਾ। ਉਸ ਦੀ ਸਾਦਗੀ ਅਤੇ ਅਸਲ ਭਾਰਤ ਨਾਲ ਜੁੜਾਅ ਉਸ ਨੂੰ ਇਸ ਸ਼ੋਅ ਲਈ ਸੰਪੂਰਨ ਤੌਰ ’ਤੇ ਫਿੱਟ ਬਣਾਉਂਦਾ ਹੈ।
‘ਛੋਰੀਆਂ ਚਲੀ ਗਾਓਂ’ ਨਾਲ ਆਪਣੇ ਸਬੰਧਾਂ ਬਾਰੇ ਗੱਲ ਕਰਦੇ ਹੋਏ, ਰਣਵਿਜੈ ਨੇ ਕਿਹਾ, ‘‘ਜਿਵੇਂ ਹੀ ਮੈਂ ‘ਛੋਰੀਆਂ ਚਲੀ ਗਾਓਂ’ ਦਾ ਵਿਚਾਰ ਸੁਣਿਆ, ਮੈਂ ਤੁਰੰਤ ਇਸ ਨਾਲ ਜੁੜ ਗਿਆ। ਮੈਂ ਆਪਣੀ ਜ਼ਿੰਦਗੀ ਵਿੱਚ ਸ਼ਹਿਰ ਦੀਆਂ ਸਾਰੀਆਂ ਸਹੂਲਤਾਂ ਦੇਖੀਆਂ ਹਨ ਅਤੇ ਮੇਰਾ ਹਮੇਸ਼ਾਂ ਪਿੰਡ ਅਤੇ ਮਿੱਟੀ ਨਾਲ ਡੂੰਘਾ ਰਿਸ਼ਤਾ ਰਿਹਾ ਹੈ, ਇਸ ਲਈ ਇਸ ਸ਼ੋਅ ਨੇ ਮੇਰੇ ਦਿਲ ਨੂੰ ਛੂਹ ਲਿਆ। ਇਹ ਸਿਰਫ਼ ਇੱਕ ਰਿਐਲਿਟੀ ਸ਼ੋਅ ਨਹੀਂ ਹੈ, ਸਗੋਂ ਇਹ ਇੱਕ ਯਾਤਰਾ ਹੈ ਜੋ ਵਿਚਾਰਾਂ ਨੂੰ ਬਦਲਦੀ ਹੈ।’’
‘‘ਅੱਜਕੱਲ੍ਹ, ਜਦੋਂ ਸਭ ਕੁਝ ਚਾਹੇ ਉਹ ਖਾਣਾ ਹੋਵੇ ਜਾਂ ਆਰਾਮ - ਇੱਕ ਬਟਨ ਦੇ ਕਲਿੱਕ ’ਤੇ ਉਪਲੱਬਧ ਹੈ। ਇਹ ਸ਼ੋਅ ਉਸ ਆਰਾਮ ਨੂੰ ਚੁਣੌਤੀ ਦਿੰਦਾ ਹੈ। ਇੱਥੇ ਪ੍ਰਤੀਯੋਗੀ ਸੱਚਮੁੱਚ ਸਮਝਣਗੇ ਕਿ ਸਖ਼ਤ ਮਿਹਨਤ ਕਰਕੇ ਭੋਜਨ ਕਮਾਉਣ ਦਾ ਕੀ ਅਰਥ ਹੈ। ਇਸ ਸ਼ੋਅ ਦੀ ਮੇਜ਼ਬਾਨੀ ਕਰਨਾ ਮੇਰੇ ਲਈ ਅਸਲ ਤਬਦੀਲੀ ਦੇਖਣ, ਸੱਚੀਆਂ ਭਾਵਨਾਵਾਂ ਨੂੰ ਮਹਿਸੂਸ ਕਰਨ ਅਤੇ ਮਨੁੱਖ ਦੇ ਅੰਦਰ ਛੁਪੀ ਸ਼ਕਤੀ ਨੂੰ ਪਛਾਣਨ ਦਾ ਮੌਕਾ ਹੈ।’’
ਉਹ ਅੱਗੇ ਕਹਿੰਦਾ ਹੈ, ‘‘ਮੈਨੂੰ ਇਸ ਸ਼ੋਅ ਦਾ ਹਿੱਸਾ ਬਣ ਕੇ ਖ਼ੁਸ਼ੀ ਹੋ ਰਹੀ ਹੈ ਕਿਉਂਕਿ ਇਹ ਬਹੁਤ ਹੀ ਸਾਦਾ ਹੈ, ਇਸ ਦਾ ਡੂੰਘਾ ਅਰਥ ਹੈ ਅਤੇ ਇਹ ਮਨੋਰੰਜਕ ਵੀ ਹੈ। ਮੈਨੂੰ ਲੱਗਦਾ ਹੈ ਕਿ ਲੋਕ ਇਸ ਸ਼ੋਅ ਨੂੰ ਸਿਰਫ਼ ਦੇਖਣਗੇ ਹੀ ਨਹੀਂ, ਉਹ ਇਸ ਨੂੰ ਮਹਿਸੂਸ ਵੀ ਕਰਨਗੇ ਅਤੇ ਸ਼ਾਇਦ ਇਸ ਰਾਹੀਂ ਆਪਣੇ ਆਪ ਦਾ ਇੱਕ ਹਿੱਸਾ ਦੁਬਾਰਾ ਖੋਜਣਗੇ।’’