ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਮਦਾਰ ਆਵਾਜ਼ ਦੀ ਗਾਇਕਾ ਜਗਮੋਹਣ ਕੌਰ

ਸੁਖਵਿੰਦਰ ਸਿੰਘ ਮੁੱਲਾਂਪੁਰ ਗਾਇਕ ਦੀ ਗਾਇਕੀ ਦਾ ਮੁੱਲ ਉਸ ਦੇ ਗਲੇ ਤੋਂ ਪੈਂਦਾ ਹੈ। ਇਹ ਕੁਦਰਤ ਦੀ ਦੇਣ ਹੈ। ਕੁਲਦੀਪ ਮਾਣਕ, ਆਲਮ ਲੁਹਾਰ, ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ ਅਤੇ ਸਾਂਝੇ ਪੰਜਾਬ ਦੀ ਧੀ ਰੇਸ਼ਮਾ ਆਦਿ ਭਾਵੇਂ ਇਸ ਦਨੀਆ ਤੋਂ ਚਲੇ ਗਏ,...
Advertisement

ਸੁਖਵਿੰਦਰ ਸਿੰਘ ਮੁੱਲਾਂਪੁਰ

ਗਾਇਕ ਦੀ ਗਾਇਕੀ ਦਾ ਮੁੱਲ ਉਸ ਦੇ ਗਲੇ ਤੋਂ ਪੈਂਦਾ ਹੈ। ਇਹ ਕੁਦਰਤ ਦੀ ਦੇਣ ਹੈ। ਕੁਲਦੀਪ ਮਾਣਕ, ਆਲਮ ਲੁਹਾਰ, ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ ਅਤੇ ਸਾਂਝੇ ਪੰਜਾਬ ਦੀ ਧੀ ਰੇਸ਼ਮਾ ਆਦਿ ਭਾਵੇਂ ਇਸ ਦਨੀਆ ਤੋਂ ਚਲੇ ਗਏ, ਪਰ ਕੁਦਰਤ ਵੱਲੋਂ ਮਿਲੇ ਗਲੇ ਦੀ ਦਾਤ ਕਰਕੇ ਸਦਾ ਲਈ ਜਿਊਂਂਦੇ ਰਹਿਣਗੇ।

Advertisement

ਇਨ੍ਹਾਂ ਵਿੱਚੋਂ ਇੱਕ ਹੋਰ ਨਾਮਵਰ ਗਾਇਕਾ ਹੋਈ ਹੈ ਜਗਮੋਹਣ ਕੌਰ। ਉਸ ਦਾ ਜਨਮ 6 ਅਪਰੈਲ 1948 ਨੂੰ ਪਠਾਨਕੋਟ ਵਿੱਚ ਹੋਇਆ, ਪਰ ਉਸ ਦਾ ਪਿੰਡ ਬੂਰ ਮਾਜਰਾ ਜ਼ਿਲ੍ਹਾ ਰੋਪੜ ਸੀ। ਉਸ ਦੇ ਪਿਤਾ ਦਾ ਨਾਮ ਗੁਰਬਚਨ ਸਿੰਘ ਕੰਗ ਅਤੇ ਮਾਤਾ ਦਾ ਨਾਮ ਪਰਕਾਸ਼ ਕੌਰ ਸੀ। ਉਸ ਨੇ ਪੜ੍ਹਾਈ ਬੂਰ ਮਾਜਰੇ ਪਿੰਡ ਵਿੱਚ ਰਹਿ ਕੇ ਕੀਤੀ। ਪੜ੍ਹਾਈ ਪੂਰੀ ਕਰਕੇ ਉਹ ਚੰਡੀਗੜ੍ਹ ਦੇ ਨੇੜੇ ਇੱਕ ਸਕੂਲ ਵਿੱਚ ਅਧਿਆਪਕਾ ਲੱਗ ਗਈ। ਉਸ ਦੇ ਪਿਤਾ ਸਾਹਿਤਕਾਰ ਸਨ, ਉੱਥੋਂ ਹੀ ਉਸ ਨੂੰ ਗਾਉਣ ਦੀ ਚੇਟਕ ਲੱਗ ਗਈ।

ਕੇ. ਦੀਪ ਵਧੀਆ ਗਾਇਕ ਸੀ ਅਤੇ ਉਸ ਨੂੰ ਵਧੀਆ ਸਹਿ-ਗਾਇਕਾ ਦੀ ਲੋੜ ਸੀ। ਕਿਸੇ ਨੇ ਕੇ. ਦੀਪ ਨੂੰ ਸਲਾਹ ਦਿੱਤੀ ਕਿ ਇੱਕ ਜਗਮੋਹਣ ਕੌਰ ਨਾਂ ਦੀ ਕੁੜੀ ਹੈ, ਉਹ ਬਹੁਤ ਵਧੀਆ ਗਾ ਲੈਂਦੀ ਹੈ। ਜੇਕਰ ਤੂੰ ਉਸ ਨਾਲ ਤਾਲਮੇਲ ਕਰਨਾ ਹੈ ਤਾਂ ਕਲਕੱਤੇ ਜਾ ਕੇ ਕਰ ਲਵੀਂ ਕਿਉਂਕਿ ਉਹ ਕਲਕੱਤੇ ਪ੍ਰੋਗਰਾਮ ਪੇਸ਼ ਕਰਨ ਜਾ ਰਹੀ ਹੈ। ਜਗਮੋਹਣ ਕੌਰ ਨੂੰ ਕਲਕੱਤੇ ਪਹੁੰਚਣ ਸਮੇਂ ਦੇਖਣ ਵਾਲਿਆਂ ਅਤੇ ਸੁਣਨ ਵਾਲਿਆਂ ਦੀ ਭੀੜ ਲੱਗ ਗਈ। ਕੇ. ਦੀਪ ਨੇ ਵੀ ਕਲਕੱਤੇ ਜਾ ਕੇ ਆਪਣਾ ਪ੍ਰੋਗਰਾਮ ਪੇਸ਼ ਕੀਤਾ ਅਤੇ ਜਗਮੋਹਣ ਕੌਰ ਨਾਲ ਤਾਲਮੇਲ ਵੀ ਕੀਤਾ। ਜਦ ਕੇ. ਦੀਪ ਨੂੰ ਗੱਲਬਾਤ ਸਿਰੇ ਲੱਗਦੀ ਦਿਸੀ ਤਾਂ ਉਸ ਨੇ ਵਿਆਹ ਦੀ ਪੇਸ਼ਕਸ਼ ਰੱਖ ਦਿੱਤੀ। ਜਗਮੋਹਣ ਕੌਰ ਦੀ ਪਹਿਲਾਂ ਮੰਗਣੀ ਹੋ ਗਈ ਸੀ। ਜਗਮੋਹਣ ਕੌਰ ਨੇ ਪਰਿਵਾਰ ਨੂੰ ਰਾਜ਼ੀ ਕਰਕੇ ਉੱਧਰ ਜਵਾਬ ਦੇ ਕੇ ਕੇ. ਦੀਪ ਨਾਲ ਵਿਆਹ ਕਰਵਾ ਲਿਆ। ਜਗਮੋਹਨ ਕੌਰ ਨੇ ਵਿਆਹ ਪਿੱਛੋਂ ਨੌਕਰੀ ਛੱਡ ਕੇ ਪੱਕੇ ਤੌਰ ’ਤੇ ਕੇ. ਦੀਪ ਨਾਲ ਗਾਇਕੀ ਦੇ ਖੇਤਰ ਨੂੰ ਅਪਣਾ ਲਿਆ। ਉਨ੍ਹਾਂ ਦੇ ਘਰ ਇੱਕ ਲੜਕੀ ਤੇ ਲੜਕਾ ਪੈਦਾ ਹੋਇਆ। ਜਗਮੋਹਨ ਕੌਰ ਨੇ ਬਹੁਤ ਸਾਰੇ ਸੋਲੋ ਗੀਤ ਗਾਏ ਜੋ ਸਾਰੇ ਹੀ ਲੋਕਾਂ ਨੇ ਪਸੰਦ ਕੀਤੇ। ਉਸ ਦਾ ਸਭ ਤੋਂ ਪਹਿਲਾ ਗੀਤ ਜਿਸ ਨੂੰ ਲੋਕ ਅਕਾਸ਼ਵਾਣੀ ਜਲੰਧਰ ਤੋਂ ਬਹੁਤ ਪਿਆਰ ਨਾਲ ਸੁਣਦੇ ਸਨ, ਉਹ ਸੀ, ‘ਬਾਪੂ ਵੇ ਅੱਡ ਹੁੰਨੀ ਆਂ।’

ਉਸ ਦੇ ਗਾਏ ਲੋਕ ਤੱਥ ਵੀ ਬਹੁਤ ਮਸ਼ਹੂਰ ਹੋਏ;

ਡੁੱਬੇ ਨਾ ਕੋਈ ਸੰਤਾਂ ਦਾ ਤਾਰਿਆ

ਬਚੇ ਨਾ ਧੁਰੋ ਕੋਈ ਸਾਧਾਂ ਦਾ ਮਾਰਿਆ

ਪੁੱਤਰ ਅਜ਼ਾਦ ਬੁਰਾ ਗੁੱਸੇ ਵਿੱਚ ਸਾਧ ਬੁਰਾ

ਉਸ ਵੇਲੇ ਸਾਧ ਕੋਲੋਂ ਰੱਬ ਡਰਦਾ

ਪਰ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ

--

ਮੱਲ ਅਤੇ ਵੱਲ ਲੰਮੇ ਪਏ ਨੇ ਵਧਦੇ

ਜੱਟ ਅਤੇ ਝੋਟਾ ਨਹੀਓਂ ਖਾਰ ਛੱਡਦੇ

ਝੂਠਿਆਂ ਨੂੰ ਸੱਚੀ ਗੱਲ ਮਾੜੀ ਲੱਗਦੀ

ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ

ਉਸ ਨੇ ਆਪਣੀ ਗਇਕੀ ਦੇ ਦਮ ’ਤੇ ਕੈਨੇਡਾ, ਅਮਰੀਕਾ, ਇੰਗਲੈਂਡ, ਨਾਰਵੇ ਆਦਿ ਕਈ ਵਿਦੇਸ਼ੀ ਟੂਰ ਲਾਏ। 1974 ਵਿੱਚ ਬੀਬੀਸੀ ਲੰਡਨ ਵਾਲਿਆਂ ਨੇ ਆਪਣੇ ਸਟੂਡੀਓ ਵਿੱਚ ਬੁਲਾ ਕੇ ਜਗਮੋਹਣ ਕੌਰ ਦੇ ਗੀਤਾਂ ਦੀ ਵੀਡੀਓ ਰਿਕਾਡਿੰਗ ਕੀਤੀ। ਉਹ ਗੀਤ ਸਨ;

ਹਾਜੀ ਲੋਕ ਮੱਕੇ ਵੱਲ ਜਾਂਦੇ ਤੇ ਮੇਰਾ ਰਾਂਝਾ ਮੇਰਾ ਮੱਕਾ

ਮੈਂ ਤੇ ਮੰਗ ਰਾਝਣ ਦੀ ਹੋਈ

ਮੇਰਾ ਬਾਬਲ ਕਰਦਾ ਧੱਕਾ

ਨੀਂ ਮੈਂ ਕਮਲੀ ਆਂ ਨੀਂ ਮੈਂ ਕਮਲੀ ਆਂ

--

ਮੇਰਾ ਰੁਠੜਾ ਯਾਰ ਨੀਂ ਮੰਨਦਾ

ਨੀਂ ਮੈਂ ਕੀਹਨੂੰ ਆਖਾ।

ਜਗਮੋਹਣ ਕੌਰ ਦਾ ‘ਮਿਰਜ਼ਾ’ ਲੋਕ ਬੜੇ ਧਿਆਨ ਨਾਲ ਸੁਣਦੇ ਸਨ। ਇੱਕ ਵਾਰ ਕੇ. ਦੀਪ ਤੇ ਜਗਮੋਹਣ ਕੌਰ ਸਾਡੇ ਪਿੰਡ ਮੁੱਲਾਂਪੁਰ (ਦਾਖਾ) ਵਿਖੇ ਪ੍ਰੋਗਰਾਮ ਪੇਸ਼ ਕਰਨ ਆਏ ਤਾਂ ਕਿਸੇ ਨੇ ਜਗਮੋਹਣ ਕੌਰ ਕੋਲੋਂ ਹੀਰ-ਰਾਂਝੇ ਦਾ ਗੀਤ ਸੁਣਨ ਦੀ ਫਰਮਾਇਸ਼ ਕਰ ਦਿੱਤੀ। ਜਗਮੋਹਣ ਕੌਰ ਨੇ ਜਵਾਬ ਦੇ ਦਿੱਤਾ ਕਿ ਉਹ ਤਾਂ ਵਿਚਾਰਾ ਬਾਰਾਂ ਸਾਲ ਮੱਝੀਆਂ ਚਾਰਦਾ ਰਿਹਾ, ਫਿਰ ਵੀ ਘਾਟਾ ਖਾ ਗਿਆ, ਇਸ ਕਰਕੇ ਮੈਂ ਉਸ ਦਾ ਗੀਤ ਕਦੇ ਸਟੇਜ ’ਤੇ ਨਹੀਂ ਗਾਇਆ, ਸਿਰਫ਼ ‘ਮਿਰਜ਼ਾ’ ਹੀ ਗਾਉਂਦੀ ਹਾਂ ਜਿਸ ਨੇ ਦਲੇਰੀ ਦਾ ਕੰਮ ਕੀਤਾ। ਉਸ ਨੇ ਮਿਰਜ਼ਾ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਲੋਕ ਝੂਮਣ ਲੱਗ ਪਏ।

1994 ਵਿੱਚ ਪੰਜਾਬੀ ਭਵਨ ਲੁਧਿਆਣਾ ਵਿਖੇ ਉਸ ਨੂੰ ‘ਮਿਸ ਪੰਜਾਬਣ 94 ਮਲਿਕਾ ਏ ਤਰੰਨੁਮ’ ਯਾਨੀ ਗੀਤਾਂ ਦੀ ਮਲਿਕਾ ਦਾ ਖ਼ਿਤਾਬ ਮਿਲਿਆ। ਉੱਥੇ ਉਸ ਨੇ ਇਹ ਗੀਤ ਗਾਇਆ;

ਵੇ ਮੈਂ ਅੱਖੀਆਂ ’ਚ ਪਾਵਾਂ ਕਿਵੇਂ ਕੱਜਲਾ

ਵੇ ਅੱਖੀਆਂ ’ਚ ਤੂੰ ਵੱਸਦਾ

ਜਗਮੋਹਣ ਕੌਰ ’ਤੇ ਕੇ. ਦੀਪ ਦੀ ਕਾਮੇਡੀ ਕਲਾਕਾਰੀ ਵੀ ਸਿਖਰਾਂ ’ਤੇ ਸੀ। ਇਹ ਪੋਸਤੀ ਤੇ ਮਾਈ ਮੋਹਣੋ ਦੇ ਨਾਮ ਨਾਲ ਜਾਣੇ ਜਾਂਦੇ ਹਨ। ਇਨ੍ਹਾਂ ਦੀਆਂ ਕਾਮੇਡੀ ਕਲਾਕਾਰੀ ਦੀਆਂ ਬਹੁਤ ਰਿਕਾਰਡਿੰਗਾਂ ਆਈਆਂ ਜਿਵੇਂ ‘ਪੋਸਤੀ ਦੁਬਈ ਵਿੱਚ’, ‘ਪੋਸਤੀ ਲੰਡਨ ਵਿੱਚ’ ਅਤੇ ‘ਪੋਸਤੀ ਕੈਨੇਡਾ’ ਵਿੱਚ ਆਦਿ। ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਨੂੰ ਗਾਉਣ ਦਾ ਸਿਹਰਾ ਵੀ ਸਭ ਤੋਂ ਪਹਿਲਾਂ ਇਨ੍ਹਾਂ ਦੋਹਾਂ ਨੂੰ ਹੀ ਜਾਂਦਾ ਹੈ। ਇਸ ਜੋੜੀ ਨੇ ਬਹੁਤ ਸਾਰੇ ਦੋਗਾਣੇ ਗਾਏ। ਉਨ੍ਹਾਂ ਵਿੱਚੋਂ ਗੁਰਦੇਵ ਮਾਨ ਦਾ ਲਿਖਿਆ ਗੀਤ ‘ਪੂਦਨਾ’ ਬਹੁਤ ਮਕਬੂਲ ਹੋਇਆ। ਸਭ ਤੋਂ ਪਹਿਲਾਂ ਇਨ੍ਹਾਂ ਦਾ ਦੋਗਾਣਾ ਚਮਨ ਲਾਲ ਸ਼ੁਗਲ ਦਾ ਲਿਖਿਆ 1972 ਵਿੱਚ ਆਇਆ;

ਮੇਰੀ ਗੱਲ ਸੁਣੋ ਸਰਦਾਰ ਜੀ

ਮੈਨੂੰ ਸਾੜ੍ਹੀ ਇੱਕ ਲਿਆ ਦਿਓ

ਨਖਰੇ ਵਾਲੀ ਨਾਰ ਦਾ ਤੁਸੀਂ

ਜਲਵਾ ਹੋਰ ਵਧਾ ਦਿਓ

ਫਿਰ ਇਸ ਜੋੜੀ ਨੇ ਬਹੁਤ ਮਕਬੂਲ ਗੀਤ ਗਾਏ ਜਿਨ੍ਹਾਂ ਨੂੰ ਲੋਕ ਅੱਜ ਵੀ ਸੁਣਦੇ ਹਨ;

ਅੱਡੀ ਤਾਂ ਮੇਰੀ ਕੌਲ ਕੱਚ ਦੀ ਗੂਠੇ ’ਤੇ ਸਿਰਨਾਵਾਂ

ਲਿਖ ਲਿਖ ਚਿੱਠੀਆਂ ਡਾਕ ’ਚ ਪਾਵਾਂ

ਵੇ ਧੁਰ ਦੇ ਪਤੇ ਮੰਗਾਵਾਂ

ਰੱਖ ਲਿਆ ਮੇਮਾਂ ਨੇ ਵਿਹੁ ਖਾ ਕੇ ਮਰ ਜਾਵਾਂ।

---

ਸਿਖਰ ਦੁਪਹਿਰੇ ਚੰਨਾ ਧੁੱਪੇ ਗੇੜਾ ਮਾਰਦੀ ਦਾ

ਜਾਂਦਾ ਸੁੱਕਦਾ ਸਰੀਰ ਵਿੱਚੋਂ ਖੂਨ ਹਾਣੀਆ

ਖੇਤੋਂ ਘਰ ਨੂੰ ਲਵਾਦੇ ਵੇ ਟੈਲੀਫੋਨ ਹਾਣੀਆ

ਕੇ. ਦੀਪ ਅਤੇ ਜਗਮੋਹਣ ਨੇ ਬਹੁਤ ਸਾਰੇ ਗੀਤਕਾਰਾਂ ਦੇ ਗੀਤ ਗਾਏ ਜਿਵੇਂ ਬਲਦੇਵ ਸਿੰਘ ਸਾਬਰ, ਬਾਬੂ ਸਿਘ ਮਾਨ, ਇੰਦਰਜੀਤ ਹਸਨਪੁਰੀ, ਜਸਵੰਤ ਸੰਦੀਲਾ, ਗੁਰਦੇਵ ਸਿੰਘ ਮਾਨ, ਸ਼ੰਕਰ ਵਾਲਾ ਸ਼ੌਂਕੀ, ਕਰਮ ਸਿੰਘ ਯੋਗੀ, ਸਨਮੁੱਖ ਆਜ਼ਾਦ, ਨਾਜ ਗੋਪਾਲ ਪੁਰੀ, ਸਾਜਨ ਰਾਏਕੋਟੀ, ਅਭਿਨਾਸ਼ ਭਾਖੜੀ, ਢਿੱਲੋਂ ਮਹਿਰਾਜ ਵਾਲਾ, ਚਰਨ ਸਿੰਘ ਸਫ਼ਰੀ ਆਦਿ। ਜਗਮੋਹਨ ਕੌਰ ਨੇ ਬਹੁਤ ਸਾਰੇ ਧਾਰਮਿਕ ਗੀਤ ਵੀ ਗਾਏ ਜਿਵੇਂ;

ਅੱਜ ਤੱਕ ਸਰਹੰਦ ਦੀਆਂ ਕੰਧਾਂ ਨੂੰ ਪਈ

ਗੁਜਰੀ ਚੇਤੇ ਆਉਂਦੀ ਏ

ਅੱਜ ਧਰਤੀ ਮਾਛੀਵਾੜੇ ਦੀ ਪਈ

ਗੁਜਰੀ ਗੁਜਰੀ ਗਾਉਂਦੀ ਏ

--

ਚੰਨਾਂ ’ਚੋਂ ਚੰਨ ਗੁਜਰੀ ਦਾ ਚੰਨ ਚਮਕੀਲਾ ਏ

--

ਕਲਗੀਧਰ ਪ੍ਰੀਤਮ ਪਿਆਰੇ ਅੱਜ

ਯਾਦ ਜ਼ਮਾਨਾ ਕਰਦਾ ਏ

ਪੁੱਤਰ ਦੇਸ਼ ਲਈ ਹੱਸ ਹੱਸ ਦੇਣੇ

ਇਹ ਜਿਗਰਾ ਕਲਗੀਧਰ ਦਾ ਏ

ਛੇ ਦਸੰਬਰ 1997 ਨੂੰ 49 ਸਾਲ ਦੀ ਉਮਰ ਵਿੱਚ ਇਹ ਲੋਕ ਗਾਇਕਾ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੀ ਰੁਖ਼ਸਤ ਹੋ ਗਈ, ਪਰ ਉਸ ਦੀ ਗਾਇਕੀ ਦਾ ਰਸ ਪਹਿਲਾਂ ਵਾਂਗ ਹੀ ਮਹਿਕਾਂ ਬਿਖੇਰਦਾ ਰਹੇਗਾ।

ਸੰਪਰਕ: 99141-84794

Advertisement