ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੁੱਤੀ ਕਸੂਰੀ... ਗਿਆਨ ਚੰਦ ਧਵਨ

ਅਣਮੁੱਲੇ ਗੀਤਕਾਰ-1
Advertisement

ਅਸ਼ੋਕ ਬਾਂਸਲ ਮਾਨਸਾ

ਕਵਿਤਾ, ਕਹਾਣੀਆਂ, ਗੀਤ, ਨਾਵਲ, ਨਾਟਕ, ਸਭ ਮਨੁੱਖੀ ਅਨੁਭਵ ਦੀ ਜ਼ਮੀਨ ’ਤੇ ਉੱਗਦੇ ਹਨ। ਇਨ੍ਹਾਂ ਵਿੱਚੋਂ ਗਾਇਆ ਗਿਆ ਗੀਤ ਸਿੱਧਾ ਲੋਕਾਂ ਦੇ ਮਨਾਂ ਤੱਕ ਪਹੁੰਚਦਾ ਹੈ। ਗੀਤ ਲੋਕ ਮਨ ਵਿੱਚ ਤੁਰੰਤ ਪ੍ਰਵਾਨ ਜਾਂ ਅਪ੍ਰਵਾਨ ਹੋ ਜਾਂਦਾ ਹੈ। ਪ੍ਰਵਾਨ ਹੋਏ ਕਈ ਗੀਤ ਲੋਕ ਗੀਤਾਂ ਵਾਂਗ ਮਕਬੂਲ ਹੋ ਕੇ ਲੋਕ ਸੱਭਿਆਚਾਰ ਦਾ ਹਿੱਸਾ ਬਣ ਜਾਂਦੇ ਹਨ। ਅਸ਼ੋਕ ਬਾਂਸਲ ਮਾਨਸਾ ਅਜਿਹੇ ਗੀਤਾਂ ਦੇ ਰਚਣਹਾਰਿਆਂ ਨਾਲ ਸਾਡੀ ਜਾਣ-ਪਛਾਣ ਕਰਾ ਰਿਹਾ ਹੈ। ਉਨ੍ਹਾਂ ਨੇ ਦੁਰਲੱਭ ਗੀਤਕਾਰਾਂ ਨੂੰ ‘ਮਿੱਟੀ ਨੂੰ ਫਰੋਲ ਜੋਗੀਆ’ ਨਾਂ ਦੀ ਕਿਤਾਬ ਦੇ ਭਾਗ ਪਹਿਲਾ ਵਿੱਚ ਸਹੇਜਿਆ ਹੈ। ਇਸ ਵਿੱਚੋਂ ਅਸੀਂ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।

ਸੰਨ 2018 ਦੀ ਇੰਗਲੈਂਡ ਫੇਰੀ ਸਮੇਂ ਲੰਡਨ ਦੇ ਹੇਜ਼ ਇਲਾਕੇ ਵਿੱਚ ਮੈਨੂੰ ਮੇਰੇ ਦੋਸਤ ਲਖਵਿੰਦਰ ਗਿੱਲ ‘ਪਿੰਕ ਸਿਟੀ’ ਵਾਲੇ ਦੀ ਦੌਲਤ ਯਾਨੀ ਪਾਕਿਸਤਾਨ ਦੇ ਬਣੇ ਕੁਝ ਭਾਰਤੀ ਪੰਜਾਬੀ ਗਾਇਕਾਂ ਦੇ ਰਿਕਾਰਡ ਮਿਲੇ। ਉਸ ਦਾ ਕਾਰਨ ਇਹ ਸੀ ਕਿ ਵਿਸ਼ਵ ਪ੍ਰਸਿੱਧ ਸੰਗੀਤ ਕੰਪਨੀ ਹਿਜ਼ ਮਾਸਟਰਜ਼ ਵਾਇਸ (ਐੱਚ. ਐੱਮ. ਵੀ.) ਇੰਗਲੈਂਡ ਦੀ ਹੀ ਸੀ। ਵੱਖ ਵੱਖ ਦੇਸ਼ਾਂ ਵਿੱਚ ਉਸ ਦੀਆਂ ਸ਼ਾਖਾਵਾਂ ਸਨ, ਪਰ ਉਸ ਦਾ ਮੁੱਖ ਦਫ਼ਤਰ ਹੇਜ਼, ਲੰਡਨ ਵਿੱਚ ਹੀ ਸੀ। ਭਾਰਤ ਦੀ ਵੰਡ ਤੋਂ ਬਾਅਦ ਉਸ ਦੀ ਕਲਕੱਤਾ ਸ਼ਾਖਾ ਤੋਂ ਬਿਨਾਂ ਅੱਗੇ ਕਰਾਚੀ ਅਤੇ ਢਾਕੇ ਵੀ ਸ਼ਾਖਾਵਾਂ ਖੁੱਲ੍ਹ ਗਈਆਂ।

Advertisement

ਪਾਕਿਸਤਾਨੀ ਮੂਲ ਦੇ ਵੱਡੇ ਗਾਇਕਾਂ ਦੇ ਰਿਕਾਰਡ ਕਲਕੱਤੇ ਵੀ ਬਣੇ ਜਿਵੇਂ ਕਿ ਨੂਰਜਹਾਂ, ਮਹਿਦੀ ਹਸਨ, ਆਲਮ ਲੁਹਾਰ, ਰੇਸ਼ਮਾ ਅਤੇ ਸ਼ੌਕਤ ਅਲੀ। ਇਵੇਂ ਹੀ ਭਾਰਤੀ ਮੂਲ ਦੇ ਪ੍ਰਸਿੱਧ ਗਾਇਕਾਂ ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਲਾਲ ਚੰਦ ਯਮਲਾ ਜੱਟ ਅਤੇ ਮੁਹੰਮਦ ਸਦੀਕ ਦੇ ਰਿਕਾਰਡ ਕਰਾਚੀ ਵਿੱਚ ਵੀ ਬਣੇ। ਲੰਡਨ ’ਚੋਂ ਜਿਹੜੇ ਰਿਕਾਰਡ ਮੈਨੂੰ ਮਿਲੇ ਉਨ੍ਹਾਂ ਨੂੰ ਦੇਖ ਕੇ ਮੇਰੀ ਰੂਹ ਰੁਸ਼ਨਾ ਗਈ। ਉੱਥੋਂ ਜੋ ਰਿਕਾਰਡ ਮੈਨੂੰ ਮਿਲੇ ਉਨ੍ਹਾਂ ’ਚੋਂ ਪ੍ਰਮੁੱਖ ਹਨ:

* ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ

(ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ)

* ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ

(ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ)

* ਬਾਜਰੇ ਦਾ ਸਿੱਟਾ ਅਸਾਂ ਤਲੀ ’ਤੇ ਮਰੋੜਿਆ

(ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ)

* ਜੁੱਤੀ ਕਸੂਰੀ ਪੈਰੀਂ ਨਾ ਪੂਰੀ (ਸੁਰਿੰਦਰ ਕੌਰ)

ਇਹ ਸਾਰੇ ਗੀਤ ਜੀ. ਸੀ. ਧਵਨ ਦੇ ਲਿਖੇ ਹੋਏ ਹਨ। ਵਤਨ ਪਰਤ ਕੇ ਆਪਣੇ ਘਰ ਨਿੱਕੀ ਜਿਹੀ ਲਾਇਬ੍ਰੇਰੀ ’ਚ ਰਿਕਾਰਡਾਂ ਦੀ ਫਰੋਲਾ-ਫਰਾਲੀ ਕਰਦਿਆਂ ਐੱਚ.ਐੱਮ.ਵੀ. ਕਲਕੱਤਾ ਦਾ ਬਣਿਆ ਇੱਕ ਰਿਕਾਰਡ ਨਜ਼ਰੀਂ ਪੈ ਗਿਆ:

ਜੁੱਤੀ ਕਸੂਰੀ ਪੈਰੀਂ ਨਾ ਪੂਰੀ (ਆਵਾਜ਼: ਸੁਰਿੰਦਰ ਕੌਰ, ਗੀਤਕਾਰ ਗਿਆਨ ਚੰਦ ਧਵਨ)

ਹੁਣ ਇੱਕ ਗੱਲ ਤਾਂ ਸਪੱਸ਼ਟ ਹੋ ਗਈ ਸੀ ਕਿ ਇਹ ਜੀ. ਸੀ. ਧਵਨ ਤੇ ਗਿਆਨ ਚੰਦ ਧਵਨ ਇੱਕੋ ਹੀ ਇਨਸਾਨ ਹੈ। ਫਰੋਲਾ-ਫਰੋਲੀ ਦਰਮਿਆਨ ਐੱਚ.ਐੱਮ.ਵੀ. ਕਲਕੱਤਾ ਦਾ ਹੀ ਬਣਿਆ ਇੱਕ ਹੋਰ ਰਿਕਾਰਡ ਲੱਭ ਗਿਆ:

ਤੇਰੇ ਰੰਗ ਦੇ ਨੇ ਦੁਸ਼ਮਣ ਸਾਰੇ

(ਆਵਾਜ਼: ਮੁਹੰਮਦ ਸਦੀਕ, ਗੀਤਕਾਰ: ਗਿਆਨ ਚੰਦ ਧਵਨ)

ਮੈਂ ਤੁਰੰਤ ਮੁਹੰਮਦ ਸਦੀਕ ਨੂੰ ਫੋਨ ਕੀਤਾ, ‘‘ਸਦੀਕ ਸਾਹਿਬ! ਇਹ ਗਿਆਨ ਚੰਦ ਧਵਨ ਜੀ ਕੌਣ ਨੇ?’’

ਸਦੀਕ ਸਾਹਿਬ ਨੇ ਕਿਹਾ, ‘‘ਬਾਂਸਲ, ਮੈਂ ਨਹੀਂ ਜਾਣਦਾ ਇਨ੍ਹਾਂ ਨੂੰ।’’ ਉਨ੍ਹਾਂ ਇੰਨਾ ਕਿਹਾ ਤਾਂ ਮੇਰਾ ਦੂਸਰਾ ਸੁਆਲ ਸੀ, ‘‘ਸਦੀਕ ਸਾਹਿਬ, ਤੁਸੀਂ ਤਾਂ 1965 ’ਚ ਇਨ੍ਹਾਂ ਦੇ ਗੀਤ ਵੀ ਰਿਕਾਰਡ ਕਰਵਾਏ ਹੋਏ ਹਨ?’’ ਮੈਂ ‘ਝੱਗਾ ਵੈਲ ਦਾ ਤੇ ਉੱਤੇ ਲੱਗੇ ਤਾਰੇ, ਨਾ ’ਕੱਲੀ ਕਿਤੇ ਜਾਈਂ ਬੱਲੀਏ’ ਗੀਤ ਦਾ ਹਵਾਲਾ ਦਿੱਤਾ।

ਇਸ ’ਤੇ ਸਦੀਕ ਸਾਹਿਬ ਕਹਿੰਦੇ, ‘‘ਬਾਂਸਲ, ਇਹ ਦਿੱਲੀ ਦੇ ਰਹਿਣ ਵਾਲੇ ਬਹੁਤ ਵੱਡੇ ਗੀਤਕਾਰ ਸਨ। ਸੁਰਿੰਦਰ ਕੌਰ, ਪ੍ਰਕਾਸ਼ ਕੌਰ ਤੇ ਮਸਤਾਨਾ ਜੀ ਨੇ ਇਨ੍ਹਾਂ ਦੇ ਬਹੁਤ ਗੀਤ ਗਾਏ ਨੇ, ਪਰ ਮੈਨੂੰ ਐੱਚ. ਐੱਮ. ਵੀ. ਕੰਪਨੀ ਦੇ ਮੈਨੇਜਰ ਬਾਬੂ ਸੰਤ ਰਾਮ ਨੇ ਇਹ ਗੀਤ ਦਿੱਤੇ ਸਨ। ਮੈਨੂੰ ਗੀਤ ਬਹੁਤ ਚੰਗੇ ਲੱਗੇ ਤੇ ਮੈਂ ਕੰਪੋਜ਼ ਕਰਕੇ ਰਿਕਾਰਡ ਕਰਵਾ ਦਿੱਤੇ, ਪਰ ਮੈਂ ਧਵਨ ਸਾਹਿਬ ਨੂੰ ਕਦੇ ਨਹੀਂ ਮਿਲਿਆ।’’

ਲੱਭਦੇ ਲਭਾਉਂਦਿਆਂ ਇੱਕ ਦਿਨ ਦਿੱਲੀ ਬੈਠਿਆਂ, ਕਿਸੇ ਮਿੱਤਰ ਕੋਲ ਗੱਲ ਚੱਲੀ। ਉਸ ਨੇ ਦੱਸਿਆ ਕਿ ਦੱਖਣੀ ਦਿੱਲੀ ’ਚ ਇੱਕ ਗਹਿਣਿਆਂ ਦਾ ਸ਼ੋਅ ਰੂਮ ਹੈ ਜਿੱਥੇ ਮੈਂ ਇੱਕ ਵਾਰ ਮੁੰਦਰੀ ਲੈਣ ਗਿਆ ਸੀ। ਗੱਲਾਂ-ਗੱਲਾਂ ਵਿੱਚ ਪਤਾ ਲੱਗਾ ਕਿ ਪੁਰਾਣੇ ਪੰਜਾਬੀ ਗੀਤ ਉਨ੍ਹਾਂ ਦੇ ਕਿਸੇ ਦਾਦੇ-ਪੜਦਾਦੇ ਦੇ ਲਿਖੇ ਹੋਏ ਹਨ। ਮੈਂ ਉਸ ਸ਼ੋਅ ਰੂਮ ਦਾ ਫੋਨ ਨੰਬਰ ਲੈ ਕੇ ਪੁੱਛਿਆ, ‘‘ਜਨਾਬ ਤੁਸੀਂ ਗਿਆਨ ਚੰਦ ਧਵਨ ਨੂੰ ਜਾਣਦੇ ਹੋ?’’

ਅੱਗੋਂ ਜੁਆਬ ਦੀ ਜਗ੍ਹਾ ਸੁਆਲ ਮਿਲਿਆ, ‘‘ਤੁਸੀਂ ਕੌਣ?’’

ਮੈਂ ਆਪਣਾ ਨਾਮ, ਪਤਾ, ਟਿਕਾਣਾ ਤੇ ਮਨੋਰਥ ਦੱਸਿਆ ਤਾਂ ਜੁਆਬ ਮਿਲਿਆ,

‘‘ਜੀ, ਗਿਆਨ ਚੰਦ ਧਵਨ ਸਾਹਿਬ ਮੇਰੇ ਪਾਪਾ ਦੇ ਨਾਨਾ ਜੀ ਸਨ। ਮੇਰੇ ਪਾਪਾ ਦਾ ਨਾਮ ਵੀ ਅਸ਼ੋਕ ਬਾਂਸਲ ਹੀ ਸੀ। ਮੇਰਾ ਨਾਮ ਚੇਤਨ ਬਾਂਸਲ ਹੈ। ਅਗਲੇ ਹਫ਼ਤੇ ਤੁਸੀਂ ਜਦੋਂ ਮਰਜ਼ੀ ਆ ਜਾਇਓ। ਜਿੰਨੀ ਹੋ ਸਕੀ, ਮੈਂ ਤੁਹਾਨੂੰ ਜਾਣਕਾਰੀ ਮੁਹੱਈਆ ਕਰਵਾ ਦਿਆਂਗਾ।’’

ਮੈਂ ਮਿੱਥੇ ਸਮੇਂ ’ਤੇ ਦਿੱਲੀ ਜਾ ਪਹੁੰਚਿਆ। ਦੱਖਣੀ ਦਿੱਲੀ ਸਥਿਤ ‘ਬਾਂਸਲ ਜਿਊਲਰਜ਼’ ’ਤੇ ਚਾਹ-ਪਾਣੀ ਪੀਣ ਉਪਰੰਤ ਚੇਤਨ ਬਾਂਸਲ ਮੈਨੂੰ ਸਾਊਥ ਐਕਸ ਲੈ ਗਿਆ। ਮਕਾਨ ਨੰਬਰ 27 ਦੀ ਕੰਧ ’ਤੇ ਅੰਗਰੇਜ਼ੀ ’ਚ ਚਿੱਟੇ ਪੱਥਰ ਉੱਪਰ ਕਾਲੇ ਅੱਖਰਾਂ ’ਚ ਉੱਕਰਿਆ ਕਵੀ ‘ਗਿਆਨ ਚੰਦ ਧਵਨ’ ਦਾ ਨਾਮ ਪੜ੍ਹ ਕੇ ਮੈਂ ਕੁਝ ਪਲ ਉਸ ਪੱਥਰ ਨੂੰ ਨਿਹਾਰਦਾ ਰਿਹਾ ਤੇ ਆਪਣੇ ਕੈਮਰੇ ’ਚ ਫੋਟੋ ਵੀ ਖਿੱਚ ਲਈ। ਚੇਤਨ ਨੇ ਡੋਰ ਬੈੱਲ ਮਾਰੀ ਤਾਂ ਅੰਦਰੋਂ ਇੱਕ ਬਜ਼ੁਰਗ ਔਰਤ ਨੇ ਦਰਵਾਜ਼ਾ ਖੋਲ੍ਹਿਆ। ਚੇਤਨ ਵੀ ਆਪਣੇ ਪਿਤਾ ਦੇ ਨਾਨਕੇ ਘਰ ਵੀਹ ਵਰ੍ਹਿਆਂ ਬਾਅਦ ਆਇਆ ਸੀ। ਚੇਤਨ ਨੇ ਉਸ ਬਜ਼ੁਰਗ ਮਾਈ ਨੂੰ ਦੱਸਿਆ ਕਿ ਉਹ ਅਸ਼ੋਕ ਦਾ ਬੇਟਾ ਚੇਤਨ ਹੈ। ਬਜ਼ੁਰਗ ਔਰਤ ਨੇ ਝੱਟ ਪਹਿਚਾਣ ਲਿਆ ਤੇ ਸਾਨੂੰ ਅੰਦਰ ਲੈ ਗਈ। ਚੇਤਨ ਨੇ ਜਾਣ ਪਹਿਚਾਣ ਕਰਵਾਉਂਦਿਆਂ ਮਾਤਾ ਬਾਰੇ ਦੱਸਿਆ ਕਿ ਇਹ ਮੇਰੇ ਪਿਤਾ ਜੀ ਦੀ ਵੱਡੀ ਮਾਮੀ ਹੈ। ਯਾਨੀ ਕਿ ਗਿਆਨ ਚੰਦ ਧਵਨ ਦੀ ਵੱਡੀ ਨੂੰਹ। ਮਾਤਾ ਸਾਨੂੰ ਅੰਦਰ ਲੈ ਗਈ।

‘‘ਮਾਤਾ ਜੀ ਆਪਣੇ ਬਾਰੇ ਕੁਝ ਦੱਸੋ?’’ ਮੇਰਾ ਪਹਿਲਾ ਸੁਆਲ ਸੀ।

ਮਾਤਾ ਜੀ ਬੋਲੇ, ‘‘ਮੇਰਾ ਨਾਮ ਰਮੇਸ਼ ਹੈ ਬੱਚੇ। ਮੇਰੇ ਪਤੀ ਦਾ ਦੇਹਾਂਤ ਹੋ ਚੁੱਕਿਆ ਐ। ਉਨ੍ਹਾਂ ਦਾ ਨਾਮ ਓਮ ਪ੍ਰਕਾਸ਼ ਧਵਨ ਸੀ। ਉਹ ਰੇਲਵੇ ਵਿਭਾਗ ’ਚ ਨੌਕਰੀ ਕਰਦੇ ਸਨ।’’

‘‘ਮਾਤਾ ਜੀ ਆਪਣੇ ਸਹੁਰਾ ਸਾਹਿਬ ਬਾਰੇ ਵੀ ਕੁਝ ਦੱਸੋ।’’ ‘‘ਗਿਆਨ ਚੰਦ ਧਵਨ ਜੀ ਮੇਰੇ ਸਹੁਰਾ ਸਾਹਿਬ ਸਨ। ਪਿਤਾ ਜੀ ਕਵੀ ਸਨ ਤੇ ਇਸੇ ਕਮਰੇ ਵਿੱਚ ਬਹਿ ਕੇ ਲਿਖਦੇ ਰਹਿੰਦੇ ਸਨ। ਪਿਤਾ ਜੀ ਕਵਿਤਾ ਬੋਲਣ ਮੁਸ਼ਾਇਰਿਆਂ ’ਤੇ ਜਾਂਦੇ ਰਹਿੰਦੇ ਸਨ। ਵੱਡੇ-ਵੱਡੇ ਕਵੀ ਸਾਡੇ ਘਰ ਆਉਂਦੇ ਸਨ। ਗਾਇਕ ਕਲਾਕਾਰ ਵੀ ਬਹੁਤ ਆਉਂਦੇ ਸਨ। ਇਨ੍ਹਾਂ ’ਚ ਪ੍ਰਕਾਸ਼ ਕੌਰ, ਸੁਰਿੰਦਰ ਕੌਰ ਤੇ ਇੱਕ ਉਨ੍ਹਾਂ ਦੀ ਹੋਰ ਭੈਣ ਹੁੰਦੀ ਸੀ। ਆਸਾ ਸਿੰਘ ਮਸਤਾਨਾ ਤੇ ਦੂਸਰਾ ਉਹ ਜਿਹੜਾ ਇਕਤਾਰਾ ਫੜ ਕੇ ਗਾਉਂਦਾ ਸੀ, ਰਮਤਾ। ਇਹ ਸਾਰੇ ਪਿਤਾ ਜੀ ਦੇ ਲਿਖੇ ਗੀਤ ਹੀ ਗਾਉਂਦੇ ਹੁੰਦੇ ਸਨ। ਆਹ ਅਲਮਾਰੀ ’ਚ ਉਨ੍ਹਾਂ ਦੇ ਕਾਗਜ਼ ਪੱਤਰ ਪਏ ਹੁੰਦੇ ਸਨ। ਅਸੀਂ ਉਨ੍ਹਾਂ ਦੇ ਕਾਗਜ਼ਾਂ ਨੂੰ ਹੱਥ ਨਹੀਂ ਸੀ ਲਾ ਸਕਦੇ।’’

ਮਾਤਾ ਜੀ ਨੇ ਅੱਗੇ ਕਿਹਾ ‘‘ਬੱਚੇ, ਆਹ ਹੀ ਉਹ ਤਖਤਪੋਸ਼ ਹੈ ਜਿਸ ’ਤੇ ਪਿਤਾ ਜੀ ਨੇ ਸਾਰੀ ਉਮਰ ਬਹਿ ਕੇ ਲਿਖਿਆ।’’

‘‘ਮਾਤਾ ਜੀ ਉਨ੍ਹਾਂ ਦੇ ਹੱਥ ਲਿਖਤ ਕਾਗਜ਼ ਪਏ ਨੇ ਕਿਧਰੇ?’’ ਮੈਂ ਕਿਹਾ।

ਮਾਤਾ ਜੀ ਬੋਲੀ, ‘‘ਪਿੱਛੇ ਜਿਹੇ ਇਸ ਅਲਮਾਰੀ ਨੂੰ ਸਿਉਂਕ ਲੱਗ ਗਈ ਅਤੇ ਕਾਗਜ਼ ਗਲ਼ ਸੜ ਗਏ। ਮੈਂ ਉਨ੍ਹਾਂ ਦਾ ਟੋਕਰਾ ਭਰ ਕੇ ਕੂੜੇ ’ਚ ਸੁੱਟ ਦਿੱਤਾ।’’ ਕੂੜੇ ’ਚ ਸੁੱਟਣਾ ਸੁਣ ਕੇ ਮੇਰਾ ਰੋਮ-ਰੋਮ ਦਰਦ ਨਾਲ ਵਿੰਨ੍ਹਿਆ ਗਿਆ। ਮੈਂ ਮਨ ਹੀ ਮਨ ’ਚ ਕਿਹਾ ਕਿ ਅਸਲ ’ਚ ਸਿਉਂਕ ਕਾਗਜ਼ਾਂ ਨੂੰ ਨਹੀਂ, ਪੰਜਾਬੀ ਜ਼ੁਬਾਨ ਦੇ ਵਾਰਸਾਂ ਨੂੰ ਲੱਗ ਚੁੱਕੀ ਹੈ।

ਫਿਰ ਮੈਂ ਅੱਗੇ ਪੁੱਛਿਆ, ‘‘ਮਾਤਾ ਜੀ ਕੋਈ ਹੋਰ ਯਾਦ ਜੋ ਤੁਹਾਡੇ ਚੇਤੇ ’ਚ ਹੋਵੇ?’’

ਉਹ ਬੋਲੀ, ‘‘ਬੱਚੇ, ਮੇਰਾ ਨਵਾਂ ਵਿਆਹ ਹੋਇਆ ਸੀ। ਉਦੋਂ ਅਸਾਂ ਕਿਸ਼ਨਗੰਜ ਰੇਲਵੇ ਸਟੇਸ਼ਨ ਦੇ ਕੁਆਰਟਰਾਂ ’ਚ ਰਹਿੰਦੇ ਸਾਂ। ਵਿਆਹ ਤੋਂ ਹਫ਼ਤਾ ਕੁ ਬਾਅਦ ਮੇਰੇ ਪਤੀ ਦਫ਼ਤਰੋਂ ਲੇਟ ਹੋ ਗਏ। ਮੈਂ ਸ਼ਾਮੀਂ ਰੋਟੀ ਬਣਾ ਕੇ ਉਨ੍ਹਾਂ ਦੀ ਉਡੀਕ ਕਰਦੀ ਸਾਂ। ਮੈਂ ਇੱਕ ਦੋ-ਵਾਰ ਦਰਵਾਜ਼ੇ ਵੱਲ ਗਈ ਤੇ ਪਿਤਾ ਜੀ ਨੇ ਮੈਨੂੰ ਇਉਂ ਤੁਰੀ ਫਿਰਦੀ ਨੂੰ ਦੇਖ ਲਿਆ। ਉਨ੍ਹਾਂ ਨੇ ਤਾਂ ਮੇਰੇ ’ਤੇ ਈ ਗੀਤ ਲਿਖ ਛੱਡਿਆ।

ਲੌਢੇ ਵੇਲੇ ਮਾਹੀਏ ਆਉਣਾ ਮੰਨ ਪਕਾਵਾਂ ਕਣਕ ਦਾ

ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ

ਬੇਟਾ ਇਸ ਨੂੰ ਵੀ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ ਈ ਗਾਇਆ ਸੀ।’’ ਮਾਤਾ ਨੇ ਦੱਸਿਆ।

ਮਹਾਨ ਕਵੀ ਤੇ ਗੀਤਕਾਰ ਜੀ. ਸੀ. ਧਵਨ ਉਰਫ਼ ਲਾਲਾ ਗਿਆਨ ਚੰਦ ਧਵਨ ਦਾ ਜਨਮ 2 ਮਈ 1902 ਨੂੰ ਤਿੱਲੀਆਂ ਵਾਲੀ ਖੂਹੀ, ਵੱਛੋ ਵਾਲੀ ਲਾਹੌਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਮਿਹਰ ਚੰਦ ਧਵਨ ਸੀ। ਸਕੂਲ ਪੜ੍ਹਦੇ ਸਮੇਂ ਉਨ੍ਹਾਂ ਨੂੰ ਕਵਿਤਾ ਦੀ ਚੇਟਕ ਲੱਗ ਗਈ। ਗਿਆਨ ਚੰਦ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਲਾਹੌਰ ਤੋਂ ਹੀ ਕੀਤੀ। ਇਸ ਪਿੱਛੋਂ ਉਨ੍ਹਾਂ ਨੂੰ ਲਾਹੌਰ ਰੇਲਵੇ ਸਟੇਸ਼ਨ ’ਤੇ ਕਲਰਕ ਦੀ ਨੌਕਰੀ ਮਿਲ ਗਈ। ਵੰਡ ਤੋਂ ਬਾਅਦ ਇਸੇ ਨੌਕਰੀ ਦੇ ਆਧਾਰ ’ਤੇ ਉਹ ਦਿੱਲੀ ਆ ਗਏ।

ਧਵਨ ਦੇ ਗੀਤ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਧਵਨ ਨੇ ਗੀਤਾਂ ਵਿੱਚ ਆਪਣਾ ਨਾਮ ਪਾਉਣ ਦੀ ਲੋੜ ਨਹੀਂ ਸਮਝੀ। ਇਸੇ ਕਰ ਕੇ ਹੁਣ ਦੇ ਵਿਦਵਾਨ ਉਨ੍ਹਾਂ ਦੇ ਗੀਤਾਂ ਨੂੰ ਲੋਕ-ਗੀਤ ਹੀ ਦੱਸੀ ਜਾ ਰਹੇ ਹਨ। ਜੋ ਗੀਤ ਮੇਰੀ ਲਾਇਬ੍ਰੇਰੀ ਵਿੱਚ ਮੌਜੂਦ ਹਨ ਤੇ ਜਿਨ੍ਹਾਂ ਉੱਪਰ ਗੀਤਕਾਰ ਗਿਆਨ ਚੰਦ ਧਵਨ ਦਾ ਨਾਮ ਲਿਖਿਆ ਹੋਇਆ ਹੈ :

* ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ’ਤੇ ਮਰੋੜਿਆ

ਰੁਠੜਾ ਜਾਂਦਾ ਮਾਹੀਆ ਵੇ ਅਸਾਂ ਗਲੀ ਵਿੱਚੋਂ ਮੋੜਿਆ

* ਕਾਲੇ ਕਾਲੇ ਬੱਦਲ ਆਏ ਚੁੱਕੀ ਪਿਆਰ ਹਨੇਰੀ

ਅੱਜ ਨਾ ਸਾਥੋਂ ਰੁਸੀਂ ਢੋਲਾ, ਸਹੁੰ ਏ ਤੈਨੂੰ ਮੇਰੀ

(ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ)

* ਜੁੱਤੀ ਕਸੂਰੀ ਪੈਰੀਂ ਨਾ ਪੂਰੀ

ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ

* ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ

ਬੜਾ ਪੁਆੜਾ ਪੈ ਗਿਆ (ਸੁਰਿੰਦਰ ਕੌਰ)

Wਅੰਬਰਸਰੇ ਦੀਆਂ ਵੜੀਆਂ ਵੇ ਮੈਂ ਖਾਂਦੀ ਨਾ

ਤੂੰ ਮਰੇਨਾਂ ਛੜੀਆਂ ਹੁਣ ਮੈਂ ਸਹਿੰਦੀ ਨਾ

(ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ)

* ਉੱਥੇ ਲੈ ਚੱਲ ਚਰਖਾ ਮੇਰਾ ਵੇ ਜਿੱਥੇ ਤੇਰੇ ਹਲ਼ ਚੱਲਦੇ

ਸੱਜਰੀ ਵਿਆਹੀ ਮੇਰਾ ਜੀਅ ਨਹੀਂਓ ਲੱਗਦਾ

(ਸੁਰਿੰਦਰ ਕੌਰ)

* ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ

(ਪ੍ਰਕਾਸ਼ ਕੌਰ)

* ਲੌਢੇ ਵੇਲੇ ਮਾਹੀਏ ਆਉਣਾ ਮੰਨ ਪਕਾਵਾਂ ਕਣਕ ਦਾ

ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ

(ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ)

* ਬੱਲੇ ਬੱਲੇ ਬਈ ਨਵੀਂ ਵਹੁਟੀ ਦੁੱਧ ਰਿੜਕੇ

ਗੋਲ-ਮੋਲ ਸੋਹਣਾ ਮੁੱਖ, ਚੌਧਵੀਂ ਦਾ ਜਿਵੇਂ ਚੰਨ

(ਸੁਰਿੰਦਰ ਕੌਰ ਅਤੇ ਨਰਿੰਦਰ ਕੌਰ)

ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਗਾਏ ਅਨੇਕਾਂ ਗੀਤਾਂ ਤੋਂ ਇਲਾਵਾ ਇਨ੍ਹਾਂ ਦੀ ਨਿੱਕੀ ਭੈਣ ਨਰਿੰਦਰ ਕੌਰ ਨੇ ਵੀ ਧਵਨ ਸਾਹਿਬ ਦੇ ਬਹੁਤ ਗੀਤ ਗਾਏ :

ਛੱਡ ਕੇ ਮਾਪੇ ਪਿੰਡ ਦੀਆਂ ਗਲ਼ੀਆਂ,

ਚੱਲੀ ਦੇਸ ਪਰਾਏ ਨੀਂ

ਬਹਿਣ ਲੱਗੇ ਅੱਜ ਡੋਲੀ ਲਾਡੋ,

ਚੈਨ ਨਾ ਸਾਨੂੰ ਆਏ ਨੀਂ

* ਗੋਰੇ-ਗੋਰੇ ਪੈਰਾਂ ’ਚ ਝਾਂਜਰ ਛਣਕਦੇ

ਲਾਇਆ ਏ ਸੋਹਲਾ ਸ਼ਿੰਗਾਰ ਤੂੰ

ਆਪਣੇ ਸਮੇਂ ਦੀ ਪ੍ਰਸਿੱਧ ਗਾਇਕਾ ਰਿਪੂਦਮਨ ਸੈਲੀ ਨੇ ਵੀ ਧਵਨ ਸਾਹਿਬ ਦੇ ਬਹੁਤ ਗੀਤ ਗਾਏ:

* ਮੇਰਾ ਡਿੱਗ ਪਿਆ ਕਿਧਰੇ ਝੁਮਕਾ,

ਜਲੰਧਰ ਸੈਲ ਕਰੇਂਦੀ ਦਾ

* ਕੁੜਤੀ ਮੇਰੀ ਛੀਂਟ ਦੀ, ਦੁਪੱਟਾ ਮੇਰਾ ਲਹਿਰੀਆ

ਲੈਣ ਕਾਹਨੂੰ ਆਇਓਂ ਸਾਨੂੰ, ਪੇਕੇ ਹੁਣ ਵੈਰੀਆ

ਜਾਹ ਮਾਂ ਦੀਆਂ ਪੱਕੀਆਂ ਖਾ

ਹੁਣ ਢੋਲਾ ਵੇ, ਜਾਂਦਾ ਈ ਤੇਰੇ ਨਾਲ ਸਾਡਾ ਪੌਲਾ ਵੇ

ਗਾਇਕ ਆਸਾ ਸਿੰਘ ਮਸਤਾਨਾ ਨੇ ਧਵਨ ਦੇ ਪਤਾ ਨਹੀਂ ਕਿੰਨੇ ਕੁ ਗੀਤ ਰਿਕਾਰਡ ਕਰਵਾਏ ਹਨ, ਪਰ ਜਿਨ੍ਹਾਂ ਦੇ ਤਵੇ ਮੇਰੇ ਕੋਲ ਮੌਜੂਦ ਹਨ, ਉਨ੍ਹਾਂ ਵਿੱਚੋਂ ਕੁਝ ਹਨ :

* ਅੱਜ ਸਾਰੇ ਛੱਡ ਜੰਜਾਲ ਕੁੜੇ,

ਮੇਲੇ ਨੂੰ ਚੱਲ ਮੇਰੇ ਨਾਲ ਕੁੜੇ

* ਸੋਹਣਾ ਵਾਰ ’ਤੇ ਘੜੀ ਸੁਲੱਖਣੀ ਜੇ

ਬੱਧਾ ਦੁਲ੍ਹੇ ਸਿਰ ਅੱਜ ਕਰਤਾਰ ਸਿਹਰਾ

ਆਪਣੇ ਸਮੇਂ ਦੇ ਹਾਸਰਸ ਗਾਇਕ ਹਜ਼ਾਰਾ ਸਿੰਘ ਰਮਤਾ ਨੇ ਵੀ ਧਵਨ ਸਾਹਿਬ ਦੀਆਂ ਲਿਖੀਆਂ ਹਾਸਰਸ ਕਵਿਤਾਵਾਂ ਗਾਈਆਂ, ਜਿਨ੍ਹਾਂ ਵਿੱਚੋਂ ਇੱਕ ਹੈ ‘ਰਮਤੇ ਦਾ ਵਿਆਹ’।

ਮੁਹੰਮਦ ਰਫ਼ੀ ਦੀ ਆਵਾਜ਼ ਵਿੱਚ ਧਵਨ ਦੇ ਦੋ ਗੈਰ-ਫਿਲਮੀ ਗੀਤ ਵੀ ਰਿਕਾਰਡ ਹੋਏ:

* ਮੁੰਡੇ ਮਰ ਗਏ ਕਮਾਈਆਂ ਕਰਦੇ

ਨੀਂ ਹਾਲੇ ਤੇਰੇ ਬੰਦ ਨਾ ਬਣੇ

* ਸਾਡੀ ਰੁੱਸ ਗਈ ਝਾਂਜਰਾਂ ਵਾਲੀ

ਤੇ ਸਾਡੇ ਭਾਣੇ ਰੱਬ ਰੁੱਸਿਆ

ਪੰਜਾਬ ਦੇ ਪੇਂਡੂ ਖੇਤਰ ਦੇ ਬਹੁਤ ਵੱਡੇ ਗਾਇਕ ਮੁਹੰਮਦ ਸਦੀਕ ਦੀ ਆਵਾਜ਼ ਵਿੱਚ ਧਵਨ ਦੇ ਰਿਕਾਰਡ ਹੋਏ ਗੀਤ ਹਨ:

* ਝੱਗਾ ਵੈਲ ਦਾ ਤੇ ਉੱਤੇ ਲੱਗੇ ਤਾਰੇ

ਨਾ ’ਕੱਲੀ ਕਿਤੇ ਜਾਈਂ ਬੱਲੀਏ

ਤੇਰੇ ਰੰਗ ਦੇ ਨੇ ਦੁਸ਼ਮਣ ਸਾਰੇ

* ਮੇਰਾ ਢੋਲ ਨੀਂ ਮੱਕੀ ਦਾ ਰਾਖਾ,

ਡੱਬ ਵਿੱਚ ਲਿਆਵੇ ਛੱਲੀਆਂ

ਮੁਹੰਮਦ ਸਦੀਕ ਤੋਂ ਇਲਾਵਾ ਸਦੀਕ ਦੇ ਛੋਟੇ ਭਰਾ ਸਰਦਾਰ ਅਲੀ ਦੀ ਆਵਾਜ਼ ਵਿੱਚ ਵੀ ਧਵਨ ਦਾ ਗੀਤ ਰਿਕਾਰਡ ਹੋਇਆ:

ਚੀਕੇ ਚਰਖਾ ਗੋਬਿੰਦੀਏ ਤੇਰਾ

ਮੋਹਣੀ ਦੱਤਾ, ਵਿਦਿਆ ਨਾਥ ਸੇਠ, ਕੰਵਰ ਲਾਲ ਅਗਨੀਹੋਤਰੀ, ਕੇ. ਦੀਪ ਸਮੇਤ ਆਪਣੇ ਸਮੇਂ ਦੇ ਪ੍ਰਸਿੱਧ ਗਾਇਕਾਂ ਨੇ ਜੀ.ਸੀ. ਧਵਨ ਦੇ ਗੀਤ ਗਾਏ। ਪੰਜਾਬੀ ਗੀਤਕਾਰੀ ਨੂੰ ਅਮੀਰ ਕਰਨ ਵਾਲਾ ਇਹ ਗੀਤਕਾਰ 27 ਫਰਵਰੀ 1987 ਨੂੰ ਦੁਨੀਆ ਨੂੰ ਅਲਵਿਦਾ ਆਖ ਗਿਆ, ਪਰ ਉਨ੍ਹਾਂ ਦੀ ਕਲਮ ਵਿੱਚੋਂ ਨਿਕਲੇ ਅਮਰ ਗੀਤ ਰਹਿੰਦੀ ਦੁਨੀਆ ਤੱਕ ਸਾਡੇ ਕੰਨਾਂ ਵਿੱਚ ਰਸ ਘੋਲਦੇ ਰਹਿਣਗੇ।

ਸੰਪਰਕ: 98151-30226

Advertisement
Tags :
ਕਸੂਰੀ…ਗਿਆਨਜੁੱਤੀ