ਆਇਆ ਸਾਵਣ, ਦਿਲ ਪਰਚਾਵਣ...
ਜੇਠ-ਹਾੜ ਦੇ ਅੱਗ ਵਰਸਾਉਂਦੇ ਮਹੀਨਿਆਂ ਤੋਂ ਬਾਅਦ ਸਾਉਣ ਦਾ ਮਹੀਨਾ ਚੜ੍ਹਦਾ ਹੈ। ਜਿਉਂ ਹੀ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ ਹਨ, ਚਾਰੇ ਪਾਸੇ ਕਿਣਮਿਣ ਕਣੀਆਂ ਛਹਿਬਰ ਲਾ ਦਿੰਦੀਆਂ ਹਨ। ਤਦ ਇੰਝ ਜਾਪਦਾ ਹੈ, ਜਿਵੇਂ ਭੱਠ ਵਾਂਗੂ ਤਪੀ ਧਰਤੀ ਵੀ ਪੈਂਦੇ ਸਾਉਣ ਦੇ ਛਰਾਟਿਆਂ ਨੂੰ ਦਿਲ ਖੋਲ੍ਹ ਕੇ ‘ਜੀ ਆਇਆਂ ਨੂੰ’ ਆਖ ਰਹੀ ਹੋਵੇ। ਇਨ੍ਹੀਂ ਦਿਨੀਂ ਪਸ਼ੂ, ਪੰਛੀਆਂ, ਫ਼ਸਲਾਂ, ਰੁੱਖਾਂ, ਫੁੱਲ ਬੂਟਿਆਂ ਵਿੱਚ ਇੱਕ ਨਵੀਂ ਰੰਗਤ, ਖ਼ੂਬਸੂਰਤੀ, ਮਸਤੀ ਅਤੇ ਅੰਗੜਾਈ ਭਰ ਜਾਂਦੀ ਹੈ। ਅਜਿਹੇ ਖ਼ੂਬਸੂਰਤ ਅਤੇ ਰੰਗੀਨ ਮਾਹੌਲ ਵਿੱਚ ਕੁੜੀਆਂ ਚਿੜੀਆਂ, ਮੁਟਿਆਰਾਂ ਅਤੇ ਵਿਆਹੀਆਂ ਵਰ੍ਹੀਆਂ ਸੁਆਣੀਆਂ ਭਲਾਂ ਕਿਵੇਂ ਪਿੱਛੇ ਰਹਿ ਸਕਦੀਆਂ ਹਨ।
ਸਾਉਣ ਮਹੀਨੇ ਦੀ ਤੀਜ ਤੋਂ ਤੀਆਂ ਦੇ ਤਿਉਹਾਰ ਦੀ ਆਰੰਭਤਾ ਹੋ ਜਾਂਦੀ ਹੈ। ਸਾਉਣ ਮਹੀਨੇ ਦੇ ਸ਼ੁਰੂ ਵਿੱਚ ਆਉਂਦਾ ਤੀਆਂ ਦਾ ਤਿਉਹਾਰ ਅਸਲ ਵਿੱਚ ਧੀਆਂ ਦਾ ਤਿਉਹਾਰ ਹੈ ਜੋ ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਬੜੀ ਸ਼ਾਨੋ ਸ਼ੌਕਤ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਾਉਣ ਦੇ ਮਹੀਨੇ ਦੇ ਆਰੰਭ ਵਿੱਚ ਆਉਣ ਕਾਰਨ ਇਸ ਨੂੰ ‘ਸਾਵਿਆਂ ਦਾ ਤਿਉਹਾਰ’ ਵੀ ਕਿਹਾ ਜਾਂਦਾ ਹੈ। ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ - ‘‘ਸਾਵਨ ਸੁਦੀ 3 ਦਾ ਤਿਉਹਾਰ, ਜਿਸ ਨੂੰ ਖ਼ਾਸ ਕਰਕੇ ਕਿਸ਼ੋਰੀਆਂ, ਮੁਟਿਆਰਾਂ, ਸੱਜ ਵਿਆਹੀਆਂ ਵਹੁਟੀਆਂ, ਇਸਤਰੀਆਂ ਮਨਾਉਂਦੀਆਂ ਹਨ। ਉਹ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਹਨ, ਨੱਚਦੀਆਂ ਟੱਪਦੀਆਂ ਬੋਲੀਆਂ ਪਾਉਂਦੀਆਂ ਗੀਤ ਗਾਉਂਦੀਆਂ ਹਨ। ਤੀਜ ਤਿਥਿ ਅਤੇ ਤਿੰਨ ਦਿਨ ਉਤਸਵ ਰਹਿਣ ਕਰਕੇ ਤੀਆਂ ਸੰਗਯਾ ਹੈ।’’ ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਉਂ ‘ਗੌਰੀ ਤ੍ਰਿਤੀਯਾ’ ਹੈ।
ਸਾਉਣ ਦੇ ਮਹੀਨੇ ਵਿਆਹੀਆਂ ਮੁਟਿਆਰਾਂ ਨੂੰ ਉਨ੍ਹਾਂ ਦੇ ਵੀਰ ਉਨ੍ਹਾਂ ਨੂੰ ਸਹੁਰਿਆਂ ਤੋਂ ਲੈਣ ਜਾਂਦੇ ਹਨ। ਉੱਧਰ ਭੈਣਾਂ ਵੀ ਆਪਣੇ ਪੇਕੇ ਪਿੰਡ ਦਾ ਰਾਹ ਵੇਖਦੀਆਂ ਔਂਸੀਆਂ ਪਾਉਂਦੀਆਂ ਹਨ। ਕੋਠੇ ਤੋਂ ਕਾਂ ਉਡਾਉਂਦੀਆਂ ਹਨ। ਪਾਣੀ ਦੀਆਂ ਲਹਿਰਾਂ ਅਤੇ ਚੰਦ ਦੀਆਂ ਰਿਸ਼ਮਾਂ ਰਾਹੋਂ ਆਪਣੇ ਵੀਰ ਨੂੰ ਬੁਲਾਉਂਦੀਆਂ ਰਹਿੰਦੀਆਂ ਹਨ;
ਔਂਸੀ ਮਾਤਾ ਰਾਹ ਦੇਹ
ਰਾਹ ਦੇਹ ਜਾਂ ਥਾਹ ਦੇਹ।
***
ਉੱਡ ਉੱਡ ਕਾਵਾਂ, ਕੁੱਟ ਚੂਰੀ ਪਾਵਾਂ
ਜੇ ਮੇਰਾ ਵੀਰਨ ਆਉਂਦਾ ਹੋਵੇ!
ਜੇਕਰ ਭੈਣ ਨੂੰ ਦੂਰ ਰਾਹਾਂ ਵਿੱਚ ਮਿੱਟੀ ਦੀ ਧੂੜ ਜਾਂ ਗਰਦ ਉੱਡਦੀ ਦਿਖਾਈ ਦੇ ਜਾਵੇ, ਪ੍ਰੰਤੂ ਵੀਰੇ ਦਾ ਬੋਤਾ ਨਜ਼ਰੀਂ ਨਾ ਪਵੇ। ਤਦ ਭੈਣ ਦੇ ਮਨ ਨੂੰ ਬੜੀ ਬੇਚੈਨੀ ਲੱਗ ਜਾਂਦੀ ਹੈ। ਉਹ ਬੜੀ ਕਾਹਲੀ ਪੈ ਜਾਂਦੀ ਹੈ। ਆਪ ਮੁਹਾਰੇ ਉਸ ਦੇ ਬੁੱਲ੍ਹਾਂ ’ਤੇ ਇਹ ਬੋਲ ਆ ਜਾਂਦੇ ਹਨ;
ਬੋਤਾ ਵੀਰੇ ਦਾ ਨਜ਼ਰ ਨਾ ਆਵੇ
ਉੱਡਦੀ ਧੂੜ ਦਿੱਸੇ।
ਜਦੋਂ ਸੌਣ ਦੀਆਂ ਕਾਲੀਆਂ ਘਟਾਵਾਂ ਚੜ੍ਹ-ਚੜ੍ਹ ਆ ਰਹੀਆਂ ਹੋਣ। ਅਜਿਹੇ ਖ਼ੂਬਸੂਰਤ ਮੌਸਮ ਵਿੱਚ ਜੇਕਰ ਦੂਰੋਂ ਬੋਤਾ ਆਉਂਦਾ ਦਿਖਾਈ ਦੇ ਜਾਵੇ ਤਾਂ ਭੈਣ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ;
ਬੋਤਾ ਮੇਰੇ ਵੀਰਨੇ ਦਾ
ਜਿਉਂ ਕਾਲੀਆਂ ਘਟਾਵਾਂ ਵਿੱਚ ਬਗਲਾ।
ਭੈਣ ਜਦੋਂ ਆਪਣੇ ਵੀਰੇ ਦਾ ਬੋਤਾ ਵੇਖ ਲੈਂਦੀ ਹੈ ਤਾਂ ਉਸ ਦੀ ਚਾਲ ਈ ਬਦਲ ਜਾਂਦੀ ਹੈ। ਉਸ ਵਿੱਚ ਠਰ੍ਹੰਮਾ ਅਤੇ ਤਾਣ ਵਧ ਜਾਂਦਾ ਹੈ;
ਜਦੋਂ ਦੇਖਿਆ ਵੀਰ ਦਾ ਬੋਤਾ
ਮੱਲ ਵਾਂਗੂ ਪੱਬ ਚੱਕਦੀ।
***
ਮੁੰਨੀਆਂ ਰੰਗੀਨ ਗੱਡੀਆਂ
ਬੋਤਾ ਬੰਨ੍ਹ ਦੇ ਸਰਵਣਾ ਵੀਰਾ।
ਭੈਣ ਆਪਣੇ ਵੀਰ ਲਈ ਹਾਰੇ ਵਿੱਚ ਧਰੀ ਦੁੱਧ ਦੀ ਕਾੜ੍ਹਨੀ ਵਿੱਚੋਂ ਸਣੇ ਮਲਾਈ ਦੁੱਧ ਦਾ ਛੰਨਾ ਭਰਦੀ ਹੈ, ਪ੍ਰੰਤੂ ਵੀਰ ਦੀ ਟਹਿਲ ਸੇਵਾ ਕਰਨ ਤੋਂ ਪਹਿਲਾਂ ਉਸ ਬੋਤੇ ਦੀ ਖ਼ਿਦਮਤ ਕਰਨੀ ਹੋਰ ਵੀ ਵਧੇਰੇ ਜ਼ਰੂਰੀ ਹੁੰਦੀ ਹੈ, ਜਿਹੜਾ ਉਸ ਦੇ ਮਾਂ ਜਾਏ ਨੂੰ ਇੰਨੀਂ ਦੂਰੋਂ ਉਸ ਦੇ ਸਹੁਰੇ ਘਰ ਤੱਕ ਲੈ ਕੇ ਆਇਆ ਹੈ। ਇਸੇ ਲਈ ਤਾਂ ਉਹ ਬੋਤੇ ਦੀ ਮਨਪਸੰਦ ਖ਼ੁਰਾਕ ਗੁਆਰੇ ਦੀਆਂ ਫਲੀਆਂ ਦਾ ਪਹਿਲਾਂ ਤੋਂ ਹੀ ਪ੍ਰਬੰਧ ਕਰ ਕੇ ਰੱਖਦੀ ਹੈ;
ਤੈਨੂੰ ਵੀਰਾ ਦੁੱਧ ਦਾ ਛੰਨਾ
ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ।
ਦੂਜੇ ਪਾਸੇ ਉਹਦਾ ਵੀਰ ਬੋਤਾ ਬੰਨ੍ਹਣ ਤੋਂ ਪਹਿਲਾਂ ਆਪਣੀ ਮਾਂ ਜਾਈ ਭੈਣ ਨੂੰ ਮੱਥਾ ਟੇਕਣਾ, ਸਹੁਰੇ ਘਰ ਦੇ ਮੈਂਬਰਾਂ ਦੀ ਸੁੱਖ ਸਾਂਦ ਪੁੱਛਣੀ ਅਤੇ ਦੱਸਣੀ ਬਹੁਤ ਜ਼ਰੂਰੀ ਸਮਝਦਾ ਹੈ। ਇਸ ਲਈ ਉਹ ਬੋਤੇ ਦੀ ਮੁਹਾਰ ਨੂੰ ਜਿੱਥੇ ਕਿਤੇ ਵੀ ਉਸ ਨੂੰ ਥਾਂ ਲੱਭਦਾ ਹੈ, ਉੱਥੇ ਅੜਕਾ ਦਿੰਦਾ ਹੈ। ਪਹਿਲਾਂ ਵੱਡੀ ਭੈਣ ਨੂੰ ਮੱਥਾ ਟੇਕਣ ਦੀ ਰਸਮ ਪੂਰੀ ਕਰਦਾ ਹੈ;
ਬੋਤਾ ਭੈਣੇ ਫੇਰ ਬੰਨ੍ਹ ਲੂੰ
ਮੱਥਾ ਟੇਕਦਾਂ ਅੰਮੀ ਦੀਏ ਜਾਈਏ।
ਵੀਰ ਦੀ ਆਮਦ ਨਾਲ ਚਾਵਾਂ ਨਾਲ ਭਰੀ ਭੈਣ ਆਪਣੇ ਵੀਰੇ ਲਈ ਸਣੇ ਮਲਾਈ ਦੁੱਧ ਦਾ ਛੰਨਾ ਲਾਹ ਕੇ ਉਸ ਨੂੰ ਪਿਆਉਣ ਲਈ ਚੁਬਾਰੇ ਵਿੱਚ ਲੈ ਜਾਂਦੀ ਹੈ। ਫੂਕਾਂ ਮਾਰ-ਮਾਰ ਤੱਤਾ ਦੁੱਧ ਪੀਂਦੇ ਵੀਰ ਨੂੰ ਉਹ ਪੇਕੇ ਘਰ ਦੇ ਸੁੱਖ ਸੁਨੇਹੇ ਪੁੱਛਣ ਦੀ ਲੜੀ ਤੋਰ ਲੈਂਦੀ ਹੈ: ‘ਗੁਰਨਾਮੋ ਦਾ ਕੀ ਹਾਲ ਐ? ਲੰਬੜਾਂ ਦੀ ਬਹੂ ਨੂੰ ਹਾਲੇ ਉਸ ਦੇ ਪੇਕਿਆਂ ਤੋਂ ਲੈਣ ਤਾਂ ਨੀਂ ਆਏ? ਮੇਰਾ ਉਸ ਨੂੰ ਮਿਲਣ ਨੂੰ ਬੜਾ ਚਿੱਤ ਕਰਦੈ। ਸ਼ਿੰਦਰ ਦਾ ਵਿਆਹ ਕਦੋਂ ਦਾ ਰੱਖਿਐ?’
ਇਸ ਤਰ੍ਹਾਂ ਦੇ ਭਿੰਨ-ਭਿੰਨ ਪ੍ਰਸ਼ਨਾਂ ਦੇ ਕਈ ਸਰਦੇ ਬਣਦੇ ਉੱਤਰ ਵੀਰ ਦੇਈਂ ਜਾਂਦਾ ਹੈ। ਬਾਕੀ ਘਰਦਿਆਂ ਦਾ ਹਾਲ ਚਾਲ ਪੁੱਛਣ ਉਪਰੰਤ ਭੈਣ ਆਪਣੇ ਵੀਰ ਦਾ, ਉਸ ਦੀ ਵਹੁਟੀ ਅਤੇ ਭਤੀਜੇ ਦਾ ਹਾਲ ਚਾਲ ਪੁੱਛਣ ਦੀ ਵਾਰੀ ਆ ਜਾਂਦੀ ਹੈ। ਇਨ੍ਹਾਂ ਸਾਰੀਆਂ ਗੱਲਾਂ ਦੀ ਯਾਦ ਤਾਜ਼ਾ ਰੱਖਣ ਲਈ ਇਨ੍ਹਾਂ ਨੂੰ ਖ਼ੂਬਸੂਰਤ ਗੀਤਾਂ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ;
ਸਾਵਣ ਆਇਆ ਨੀਂ ਸੱਸੀਏ
ਸਾਵਣ ਆਇਆ।
ਇੱਕ ਤਾਂ ਆਇਆ
ਮੇਰਾ ਅੰਮੀ ਦਾ ਜਾਇਆ।
ਚੜ੍ਹਦੇ ਸਾਵਣ ਮੇਰਾ ਵੀਰ ਨੀਂ ਆਇਆ।
ਆ ਜਾ ਵੀਰਾ ਚੜ੍ਹ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ।
ਦੇ ਜਾ ਵੀਰਾ ਮੇਰੀ ਮਾਂ ਦੇ ਸੁਨੇਹੜੇ।
ਮਾਂ ਤਾਂ ਤੇਰੀ ਭੈਣੇ ਪਲੰਘੇ ਬਿਠਾਈ
ਪਲੰਘੋਂ ਪੀੜੇ ਬਿਠਾਈ।
ਸਾਥ ਅਟੇਰਨ ਸੂਹੀ ਰੰਗਲੀ ਰਾਮ।
ਆ ਵੇ ਵੀਰਾ ਚੜ੍ਹੀਏ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ।
ਮੇਰੀ ਭਾਬੋ ਦੇ ਸੁਨੇਹੜੇ ਰਾਮ।
ਭਾਬੋ ਤਾਂ ਤੇਰੀ ਬੀਬਾ ਗੀਗੜਾ ਜਾਇਆ,
ਨੀਂ ਤੇਰਾ ਭਤੀਜੜਾ ਜਾਇਆ
ਉੱਠਦੀ ਬਹਿੰਦੀ ਦਿੰਦੀ ਲੋਰੀਆਂ ਰਾਮ।
ਖੇਤੀਬਾੜੀ ਦੇ ਕੰਮ ਧੰਦੇ, ਕਿਸੇ ਬਿਮਾਰੀ ਕਾਰਨ ਜਾਂ ਕਿਸੇ ਹੋਰ ਬਹੁਤ ਜ਼ਰੂਰੀ ਰੁਝੇਵੇਂ ਕਾਰਨ ਤੀਆਂ ਦੇ ਦਿਨੀਂ ਜੇ ਕਿਸੇ ਭੈਣ ਦਾ ਵੀਰ ਉਹਦੇ ਪੇਕਿਆਂ ਤੋਂ ਨਾ ਆ ਸਕੇ ਤਾਂ ਝੱਟ ਤਾਹਨੇ ਮਿਹਣੇ ਮਿਲਣ ਲੱਗ ਜਾਂਦੇ ਹਨ;
ਬਹੁਤਿਆਂ ਭਰਾਵਾਂ ਵਾਲੀਏ
ਤੈਨੂੰ ਤੀਆਂ ’ਚ ਲੈਣ ਨਹੀਂ ਆਏ।
ਤੈਨੂੰ ਡਰਦੇ ਲੈਣ ਨਹੀਂ ਆਏ
ਬਹੁਤਿਆਂ ਭਰਾਵਾਂ ਵਾਲੀਏ।
ਇਸ ਪ੍ਰਕਾਰ ਦੇ ਮਿਲਦੇ ਤਾਹਨੇ ਮਿਹਣੇ ਵੀਰ ਦੀ ਉਡੀਕ ਵਿੱਚ ਤੀਬਰਤਾ ਦਾ ਹੋਰ ਗੂੜ੍ਹਾ ਰੰਗ ਘੋਲ ਦਿੰਦੇ ਹਨ। ਭਾਵੇਂ ਸੱਸ ਨੂੰ ਇਸ ਦਾ ਜਵਾਬ ਦੇਣਾ ਹੀ ਪੈਂਦਾ ਹੈ;
ਸੱਸੇ ਬਘਿਆੜ ਮੂੰਹੀਂਏਂ
ਤੈਥੋਂ ਡਰਦੇ ਲੈਣ ਨਹੀਂ ਆਏ।
ਪ੍ਰੰਤੂ ਵੀਰ ਦੇ ਆਉਣ ਦੀ ਉਡੀਕ ਹੋਰ ਵਧੇਰੇ ਟੁੰਬੀ ਜਾਂਦੀ ਹੈ;
ਵੀਰ ਮੇਰਿਆ ਅੰਮਾਂ ਦਿਆ ਜਾਇਆ
ਤੈਨੂੰ ਦੇਖੇ ਚੰਦ ਚੜ੍ਹਦਾ।
ਕੇਰਾਂ ਆ ਵੇ ਭੈਣ ਦੇ ਵਿਹੜੇ
ਤੈਨੂੰ ਦੇਖੇ ਚੰਦ ਚੜ੍ਹਦਾ।
ਇਸ ਪ੍ਰਕਾਰ ਭੈਣਾਂ ਆਪਣੇ ਵੀਰ ਦੇ ਆਉਣ ਦੀ ਬੜੀ ਸ਼ਿੱਦਤ ਅਤੇ ਬੇਸਬਰੀ ਨਾਲ ਉਡੀਕ ਕਰਦੀਆਂ ਹਨ, ਪ੍ਰੰਤੂ ਜਿਨ੍ਹਾਂ ਭੈਣਾਂ ਦੇ ਸਕੇ ਵੀਰ ਨਹੀਂ ਹੁੰਦੇ, ਉਹ ਇਨ੍ਹਾਂ ਦਿਨਾਂ ਦੇ ਕੋਮਲ ਭਾਵਾਂ ਵਿੱਚ ਵੀਰ ਦੀ ਅਣਹੋਂਦ ਦੇ ਡੂੰਘੇ ਸੱਲ੍ਹ ਵੀ ਕੋਮਲ ਹਿਰਦਿਆਂ ਉੱਤੇ ਸਹਾਰਦੀਆਂ ਹਨ। ਉਹ ਆਪਣੇ ਸੀਨੇ ਦੀਆਂ ਵਿਲਕਣੀਆਂ ਵਿੱਚ ਵੀਰ ਪ੍ਰਾਪਤੀ ਦੀ ਸਾਧਨਾ ਨੂੰ ਕਾਦਰ ਅੱਗੇ ਇੰਝ ਪ੍ਰਗਟ ਕਰਦੀਆਂ ਹਨ;
ਇੱਕ ਵੀਰ ਦੇਈਂ ਵੇ ਰੱਬਾ
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।
***
ਭੈਣਾਂ ਰੋਂਦੀਆਂ ਪਿਛੋਕੜ ਖੜ੍ਹ ਕੇ
ਜਿਨ੍ਹਾਂ ਦੇ ਘਰ ਵੀਰ ਨਹੀਂ।
ਜਦੋਂ ਘਰ ਵਿੱਚ ਇੱਕ ਵੀਰ ਜੰਮ ਪਵੇ, ਤਦ ਭੈਣ ਨੂੰ ਇੱਕ ਵੀਰ ’ਤੇ ਸਬਰ ਨਹੀਂ ਆਉਂਦਾ। ਇਸ ਲਈ ਇੱਕ ਤੋਂ ਦੋ ਵੀਰਾਂ ਦੀ ਮੰਗ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ-ਨਾਲ ਵੀਰਾਂ ਲਈ ਅਹੁਦਿਆਂ ਦੀ ਵੀ ਮੰਗ ਕੀਤੀ ਜਾਂਦੀ ਹੈ;
ਦੋ ਵੀਰ ਦੇਈਂ ਵੇ ਰੱਬਾ
ਮੇਰੀ ਸਾਰੀ ਉਮਰ ਦੇ ਮਾਪੇ।
***
ਦੋ ਵੀਰ ਦੇਈਂ ਵੇ ਰੱਬਾ
ਇੱਕ ਮੁਨਸ਼ੀ ਤੇ ਦੂਜਾ ਪਟਵਾਰੀ।
ਜਿਹੜੀਆਂ ਵਿਆਹੀਆਂ ਕੁੜੀਆਂ ਨੂੰ ਸਾਉਣ ਦੇ ਦਿਨਾਂ ਵਿੱਚ ਪੇਕੇ ਘਰ ਨਾ ਲਿਆਂਦਾ ਗਿਆ ਹੋਵੇ। ਉਨ੍ਹਾਂ ਨੂੰ ਤੀਆਂ ਤੋਂ ਕੁਝ ਦਿਨ ਪਹਿਲਾਂ ਉਸ ਦੇ ਸਹੁਰੇ ਘਰ ਸੰਧਾਰਾ ਭੇਜਿਆ ਜਾਂਦਾ ਹੈ। ਜਿਸ ਵਿੱਚ ਕੁੜਤੀ, ਸੁੱਥਣ ਦਾ ਤਿਉਰ, ਗੁੜ ਦੇ ਗੁਲਗਲੇ, ਚੌਲ, ਸ਼ੱਕਰ, ਕੁਝ ਰੁਪਏ ਸ਼ਾਮਲ ਹੁੰਦੇ ਹਨ। ਜਿਹੜੀਆਂ ਜੁਆਨ ਕੁੜੀਆਂ ਦੇ ਵਿਆਹ ਉਪਰੰਤ ਅਜੇ ਮੁਕਲਾਵੇ ਨਹੀਂ ਦਿੱਤੇ ਗਏ ਹੁੰਦੇ, ਉਨ੍ਹਾਂ ਨੂੰ ਸੰਧਾਰਾ ਸਹੁਰੇ ਘਰ ਵੱਲੋਂ ਉਨ੍ਹਾਂ ਦੇ ਪੇਕੀਂ ਘਰ ਭੇਜਿਆ ਜਾਂਦਾ ਹੈ।
ਤੀਆਂ ਤੋਂ ਇੱਕ ਦਿਨ ਪਹਿਲਾਂ ਮਹਿੰਦੀ ਲਾਉਣ ਦਾ ਦਿਨ ਹੁੰਦਾ ਹੈ। ਮੁਟਿਆਰਾਂ, ਔਰਤਾਂ ਅਤੇ ਘਰ ਦੀਆਂ ਹੋਰ ਸੁਆਣੀਆਂ ਰੜਕੇ ਦੇ ਤੀਲ੍ਹੇ ਲੈ ਕੇ ਮਹਿੰਦੀ ਨਾਲ ਹੱਥਾਂ ਉੱਤੇ ਕਈ ਪ੍ਰਕਾਰ ਦੀ ਮੀਨਾਕਾਰੀ ਕਰਦੀਆਂ ਸਨ, ਪ੍ਰੰਤੂ ਅੱਜ ਦੇ ਦੌਰ ਵਿੱਚ ਰੜਕੇ ਦੇ ਤੀਲ੍ਹੇ ਦੀ ਥਾਂ ਮਹਿੰਦੀ ਦੀਆਂ ਬਣੀਆਂ ਕੀਪਾਂ ਨੇ ਲੈ ਲਈ ਹੈ। ਇਸੇ ਕਰਕੇ ਮਹਿੰਦੀ ਦਾ ਜ਼ਿਕਰ ਤੀਆਂ ਦੇ ਗਿੱਧੇ ਵਿੱਚ ਬੜੀ ਖ਼ੁਸ਼ੀ, ਉਤਸ਼ਾਹ ਅਤੇ ਗਰਮਜੋਸ਼ੀ ਨਾਲ ਕੀਤਾ ਜਾਂਦਾ ਹੈ;
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ
ਮੈਂ ਵੀ ਆਖਾਂ ਮਹਿੰਦੀ।
ਬਾਗ਼ਾਂ ਦੇ ਵਿੱਚ ਸਸਤੀ ਮਿਲਦੀ
ਹੱਟੀਆਂ ’ਤੇ ਮਿਲਦੀ ਮਹਿੰਗੀ।
ਘੋਟ ਘੋਟ ਕੇ ਹੱਥਾਂ ਨੂੰ ਲਾਈ
ਫੋਲਕ ਬਣ-ਬਣ ਲਹਿੰਦੀ।
ਮਹਿੰਦੀ ਸ਼ਗਨਾਂ ਦੀ
ਧੋਤਿਆਂ ਕਦੇ ਨਾ ਲਹਿੰਦੀ।
ਤੀਆਂ ਵਾਲੇ ਦਿਨ ਸਾਰੀਆਂ ਜੁਆਨ ਔਰਤਾਂ ਸਵੇਰੇ ਮੂੰਹ ਹਨੇਰੇ ਕੇਸੀਂ ਇਸ਼ਨਾਨ ਕਰਕੇ ਆਪਣੇ ਕੇਸਾਂ ਨੂੰ ਨੈਣਾਂ ਕੋਲੋਂ ਕਈ ਢੰਗਾਂ ਨਾਲ ਗੁੰਦਵਾਉਂਦੀਆਂ ਹਨ ਕਿਉਂਕਿ ਵਾਲ ਗੁੰਦਣ ਦੀ ਅਸਲ ਕਲਾਕਾਰੀ ਅਤੇ ਹੁਨਰ ਨੈਣਾਂ ਦੇ ਹੱਥਾਂ ਵਿੱਚ ਹੁੰਦਾ ਹੈ;
ਸਿਰ ਗੁੰਦ ਦੇ ਕੁਪੱਤੀਏ ਨੈਣੇ
ਨੀਂ ਉੱਤੇ ਪਾ ਦੇ ਡਾਕ ਬੰਗਲਾ।
ਕਈ ਬਹੁਤੀਆਂ ਹੀ ਸ਼ੌਕੀਨ ਵਹੁਟੀਆਂ ਅਤੇ ਮੁਟਿਆਰਾਂ ਆਪਣੇ ਲੰਮੇ ਕੇਸਾਂ ਨੂੰ ਮੋਮ ਲਾ ਕੇ ਵੀ ਗੁੰਦਵਾ ਲੈਂਦੀਆਂ ਹਨ। ਅਜਿਹਾ ਕਰਨ ਨਾਲ ਇੱਕ ਤਾਂ ਸੱਪਾਂ ਵਾਂਗੂ ਮੇਲਦੇ ਲੰਮੇ ਕੇਸ ਇੱਕ ਥਾਂ ਟਿਕੇ ਰਹਿੰਦੇ ਹਨ, ਦੂਜਾ ਉਨ੍ਹਾਂ ਵਿੱਚ ਚਮਕ ਵੀ ਬਹੁਤ ਜ਼ਿਆਦਾ ਵਧ ਜਾਂਦੀ ਹੈ;
ਬਿਸ਼ਨ ਕੌਰ ਨੇ ਕੀਤੀ ਤਿਆਰੀ
ਹਾਰ ਸ਼ਿੰਗਾਰ ਲਗਾਇਆ।
ਮੋਮ ਢਾਲ ਕੇ ਗੁੰਦੀਆਂ ਪੱਟੀਆਂ
ਅੱਖੀਂ ਕੱਜਲਾ ਪਾਇਆ।
ਦੱਬ ਦੰਦਾਸਾ ਦੇਖਿਆ ਸ਼ੀਸ਼ਾ
ਚੜਿ੍ਹਆ ਰੂਪ ਸਵਾਇਆ।
ਫੌਜੀਆ ਤੱਕ ਲੈ ਵੇ
ਮੇਰੇ ਜੋਬਨ ਦਾ ਹੜ੍ਹ ਆਇਆ।
ਕੁੜੀਆਂ ਚਿੜੀਆਂ, ਮੁਟਿਆਰਾਂ, ਔਰਤਾਂ ਲਈ ਤੀਆਂ ਦਾ ਗਿੱਧਾ ਦਿਲ ਦੇ ਗੁੱਝੇ ਗੱਚ ਕੱਢਣ ਦਾ ਇੱਕ ਬਹੁਤ ਵਧੀਆ ਵਸੀਲਾ ਹੁੰਦਾ ਹੈ। ਗਿੱਧੇ ਵਿੱਚ ਹੱਥਾਂ ਦੀ ਥਾਪ ਅਤੇ ਪੈਰਾਂ ਦੀਆਂ ਅੱਡੀਆਂ ਦੀ ਗੂੰਜ ਤੱਕ ਸਾਰਾ ਜਿਸਮ ਨਾਗ ਵਾਂਗ ਮੇਲ਼੍ਹਦਾ ਹੁੰਦਾ ਹੈ। ਅਜਿਹੇ ਮੌਕੇ ’ਤੇ ਨੱਢੀਆਂ ਦੀਆਂ ਅੱਡੀਆਂ ਦੇ ਜੋਸ਼ ਨਾਲ ਧਰਤੀ ਵੀ ਕੰਬਣ ਲੱਗ ਪੈਂਦੀ ਹੈ। ਜਿਉਂ-ਜਿਉਂ ਗਿੱਧਾ ਮਘਦਾ ਜਾਂਦਾ ਹੈ, ਤਿਉਂ-ਤਿਉਂ ਨੱਚਣ ਵਾਲੀਆਂ ਮੁਟਿਆਰਾਂ ਆਪਣੇ ਆਪ ਥਾਂ ਬਦਲਦੀਆਂ ਰਹਿੰਦੀਆਂ ਹਨ। ਤੀਆਂ ਦੇ ਗਿੱਧੇ ਵਿੱਚ ਔਰਤਾਂ ਦੀਆਂ ਖ਼ੁਸ਼ੀਆਂ, ਵੇਦਨਾਵਾਂ, ਵਿਅੰਗ, ਦਿਲਾਂ ਵਿੱਚ ਟਿਕੇ ਹੋਏ ਪਿਆਰ ਦੇ ਡੂੰਘੇ ਗੁੱਝੇ ਭੇਤ, ਗੁੱਸੇ ਗਿਲੇ, ਦੁੱਖ ਸੁੱਖ ਆਦਿ ਵਿਸ਼ੇ ਵਾਰ-ਵਾਰ ਪੇਸ਼ ਕੀਤੇ ਜਾਂਦੇ ਹਨ। ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਆਉਣ ਕਾਰਨ ਗਿੱਧੇ ਵਿੱਚ ਸਾਉਣ ਦੇ ਮਹੀਨੇ ਦਾ ਜ਼ਿਕਰ ਵਾਰ-ਵਾਰ ਕੀਤਾ ਜਾਂਦਾ ਹੈ;
ਸਾਉਣ ਮਹੀਨਾ ਘਾਹ ਹੋ ਚੱਲਿਆ
ਰੱਜਣ ਮੱਝੀਆਂ ਗਾਈਂ।
ਗਿੱਧਿਆ ਪਿੰਡ ਵੜ ਵੇ
ਲਾਂਭ ਚਾਂਭ ਨਾ ਜਾਈਂ
ਗਿੱਧਿਆ ਪਿੰਡ ਵੜ ਵੇ।
ਸਾਉਣ ਦੇ ਮਹੀਨੇ ਵਿੱਚ ਜਦੋਂ ਝੜੀਆਂ ਲੱਗ ਜਾਂਦੀਆਂ ਹਨ ਤਾਂ ਮੁਟਿਆਰਾਂ ਦੀਆਂ ਅੜੀਆਂ ਸਾਹਮਣੇ ਉਨ੍ਹਾਂ ਦੀ ਇੱਕ ਨਹੀਂ ਚੱਲਦੀ। ਸਗੋਂ ਕੁੜੀਆਂ ਜੁਆਨੀ ਦੇ ਜੋਸ਼ ਵਿੱਚ ਮੱਛਰੀਆਂ ਅਤੇ ਮਸਤੀਆਂ ਹੋਈਆਂ ਵਰ੍ਹਦੇ ਸਾਉਣ ਵਿੱਚ ਹੋਰ ਵੀ ਵਧੇਰੇ ਜੋਸ਼ ਨਾਲ ਨੱਚਦੀਆਂ ਹਨ;
ਆਇਆ ਸਾਵਣ
ਦਿਲ ਪਰਚਾਵਣ
ਝੜੀ ਲੱਗ ਗੀ ਭਾਰੀ।
ਝੂਟੇ ਲੈਂਦੀ ਰਾਣੋ ਭਿੱਜ ਗਈ
ਨਾਲੇ ਰਾਮ ਪਿਆਰੀ।
ਕੁੜਤੀ ਗੁਰੋ ਦੀ ਭਿੱਜੀ ਵਰੀ ਦੀ
ਕਿਸ਼ਨੀਂ ਦੀ ਫੁਲਕਾਰੀ।
ਹਰਨਾਮੀ ਦੀ ਸੁੱਥਣ ਭਿੱਜ ਗਈ
ਭਾਰੇ ਗੋਟੇ ਵਾਲੀ।
ਸਾਉਣ ਦਿਆ ਬੱਦਲਾ ਵੇ
ਹੀਰ ਭਿਉਂਤੀ ਸਿਆਲਾਂ ਵਾਲੀ।
ਅਸਲ ਵਿੱਚ ਸੱਚ ਤਾਂ ਇਹ ਹੈ ਕਿ ਮੁਟਿਆਰਾਂ ਅਤੇ ਵਹੁਟੀਆਂ ਲਈ ਤੀਆਂ ਦਾ ਤਿਉਹਾਰ ਖੁੱਲ੍ਹ ਕੇ ਨੱਚਣ ਟੱਪਣ ਅਤੇ ਆਜ਼ਾਦੀ ਮਾਣਨ ਦਾ ਖੁੱਲ੍ਹਾ ਡੁੱਲ੍ਹਾ ਸਮਾਂ ਹੁੰਦਾ ਹੈ। ਇਸੇ ਲਈ ਤਾਂ ਉਹ ਨੱਚਦੀਆਂ, ਟੱਪਦੀਆਂ, ਹੱਸਦੀਆਂ, ਗਾਉਂਦੀਆਂ ਹੋਈਆਂ ਆਪਣੀ ਇਹ ਆਜ਼ਾਦੀ ਮਾਣਨ ਦੀ ਲੋਚਾ ਦਾ ਜ਼ਿਕਰ ਇੰਝ ਕਰਦੀਆਂ ਹਨ;
ਸਾਉਣ ਮਹੀਨਾ ਦਿਨ ਗਿੱਧੇ ਦੇ
ਸੱਭੇ ਸਹੇਲੀਆਂ ਆਈਆਂ।
ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾਂ ਚੜ੍ਹ ਆਈਆਂ।
ਘਰ ਦੀਆਂ ਆਰਥਿਕ ਤੰਗੀਆਂ-ਤੁਰਸ਼ੀਆਂ, ਥੁੜ੍ਹਾਂ ਅਤੇ ਮਜਬੂਰੀਆਂ ਦੇ ਕਾਰਨ ਕਈ ਬਾਬੁਲ ਆਪਣੀਆਂ ਲਾਡਲੀਆਂ ਧੀਆਂ ਨੂੰ ਫੌਜੀਆਂ ਨਾਲ ਵਿਆਹ ਦਿੰਦੇ ਹਨ। ਫੌਜੀ ਦੇਸ਼ ਦੀ ਸੇਵਾ ਕਰਦਾ ਹੋਇਆ ਇੱਕ ਤੋਂ ਦੂਜੀ ਮੁਹਿੰਮ ਤੱਕ ਜਾਂਦਾ ਰਹਿੰਦਾ ਹੈ। ਪਿੱਛੋਂ ਅੱਲ੍ਹੜ ਜੁਆਨੀਆਂ ਵਿਛੋੜੇ ਦੀ ਅੱਗ ਵਿੱਚ ਤੜਪ-ਤੜਪ ਜਾਂਦੀਆਂ ਹਨ। ਇੱਕ ਸੱਜ ਵਿਆਹੀ ਵਹੁਟੀ ਲੰਮੇ ਵਿਛੋੜੇ ਦੀ ਇਸ ਤੜਪ ਨੂੰ ਗਿੱਧੇ ਦੇ ਪਿੜ ਵਿੱਚ ਆਪਣੇ ਬੋਲਾਂ ਰਾਹੀਂ ਤੀਆਂ ਦੇ ਮੌਕੇ ’ਤੇ ਇੰਝ ਪ੍ਰਗਟ ਕਰਦੀ ਹੈ;
ਨੌਕਰ ਨੂੰ ਨਾ ਦੇਈਂ ਬਾਬੁਲਾ, ਹਾਲੀ ਪੁੱਤ ਬਥੇਰੇ।
ਨੌਕਰ ਪੁੱਤ ਤਾਂ ਘਰ ਨਹੀਂ ਰਹਿੰਦੇ, ਵਿੱਚ ਪ੍ਰਦੇਸਾਂ ਡੇਰੇ।
ਨੌਕਰ ਨਾਲੋਂ ਐਵੇਂ ਚੰਗੀ, ਦਿਨ ਕੱਟ ਲੂੰ ਘਰ ਤੇਰੇ।
ਮੈਂ ਤੈਨੂੰ ਵਰਜ ਰਹੀ, ਦੇਈਂ ਨਾ ਬਾਬਲਾ ਫੇਰੇ।
ਅੰਤ ਨੂੰ ਤੀਆਂ ਦੀ ਵਿਦਾਇਗੀ ਦਾ ਦਿਨ ਆ ਜਾਂਦਾ ਹੈ। ਇਸ ਮੌਕੇ ਇੱਕ ਕੁੜੀ ਨੂੰ ਲਾੜੀ ਅਤੇ ਦੂਜੀ ਨੂੰ ਲਾੜਾ ਬਣਾ ਕੇ ਵਿਆਹ ਵਾਲੀਆਂ ਸ਼ਗਨਾਂ ਦੀਆਂ ਪੂਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ। ਇਸ ਪਿੱਛੋਂ ਮੁਟਿਆਰਾਂ ਜੋੜੀਆਂ ਬਣਾ ਕੇ ਪਿੰਡ ਨੂੰ ਰਸਦੇ ਵੱਸਦੇ ਰਹਿਣ ਦੀਆਂ ਅਸੀਸਾਂ ਦੇ ਗੀਤ ਗਾਉਂਦੀਆਂ ਘਰਾਂ ਨੂੰ ਤੁਰ ਪੈਂਦੀਆਂ ਹਨ;
ਸੁੱਖ ਵੱਸਦੀ ਵੇ ਬਾਬਾ ਥੋਡੀ ਨਗਰੀ
ਜੀ ਸੁੱਖ ਵੱਸਦੀ।
ਥੋਡੇ ਹੱਥ ਕਟੋਰਾ
ਥੋਡੇ ਮੁੱਖ ਜਲੇਬੀ
ਥੋਡੇ ਸਿਰ ਪਰ ਕਲਗੀ ਸੱਜਦੀ ਜੀ
ਬਾਬਾ ਸੁੱਖ ਵੱਸਦੀ।
ਅੱਜ ਦੇ ਤੇਜ਼ ਰਫ਼ਤਾਰੀ ਯੁੱਗ ਵਿੱਚ ਬੇਸ਼ੱਕ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਦੇ ਮਹੀਨੇ ਵਿੱਚ ਪਹਿਲਾਂ ਵਾਂਗੂ ਤੀਆਂ ਦੇ ਤਿਉਹਾਰ ਨੂੰ ਮਨਾਉਣ ਵਾਲਾ ਜਜ਼ਬਾ, ਰੌਣਕਾਂ ਅਤੇ ਖਿੱਚ ਵਿੱਚ ਅੰਤਰ ਆ ਗਿਆ ਹੈ, ਪ੍ਰੰਤੂ ਫਿਰ ਵੀ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ, ਪਤਵੰਤੇ ਸੱਜਣ, ਸਮਾਜ ਸੇਵੀ ਸੰਗਠਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਤੀਆਂ ਦੇ ਤਿਉਹਾਰ ਮਨਾਉਣ ਲਈ ਖ਼ੂਬਸੂਰਤ ਉਪਰਾਲੇ ਕਰ ਰਹੇ ਹਨ। ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇਸ ਮਹਾਨ ਵਿਰਸੇ ਨੂੰ ਸਭਿਆਚਾਰ ਨਾਲ ਜੋੜ ਕੇ ਸੁਰਜੀਤ ਰੱਖਿਆ ਜਾ ਰਿਹਾ ਹੈ। ਸ਼ਾਲਾ! ਸਾਉਣ ਦੇ ਮਹੀਨੇ ਵਿੱਚ ਝੜੀਆਂ ਲੱਗਦੀਆਂ ਰਹਿਣ। ਘਰਾਂ ਵਿੱਚ ਖੀਰਾਂ ਪੂੜੇ ਪੱਕਦੇ ਰਹਿਣ। ਕੁੜੀਆਂ ਚਿੜੀਆਂ ਅਤੇ ਮੁਟਿਆਰਾਂ ਪੀਂਘਾਂ ਚੜ੍ਹਾਉਂਦੀਆਂ ਰਹਿਣ। ਲੋਕਾਂ ਵਿੱਚ ਆਪਸੀ ਸਨੇਹ, ਭਾਈਚਾਰਕ ਸਾਂਝ ਅਤੇ ਮੁਹੱਬਤੀ ਰਿਸ਼ਤੇ ਬਣੇ ਰਹਿਣ।
ਸੰਪਰਕ: 84276-85020