ਸਲਮਾਨ ਖ਼ਾਨ ਵੱਲੋਂ ‘ਬੈਟਲ ਆਫ ਗਲਵਾਨ’ ਦੀ ਸ਼ੂਟਿੰਗ ਮੁਕੰਮਲ
ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਇਹ ਫਿਲਮ 2020 ਵਿੱਚ ਭਾਰਤ ਅਤੇ ਚੀਨ ਵਿਚਕਾਰ ਹੋਏ ਗਲਵਾਨ ਘਾਟੀ ਦੇ ਸੰਘਰਸ਼ ’ਤੇ ਅਧਾਰਤ ਹੈ ਅਤੇ ਮਸ਼ਹੂਰ ਫਿਲਮ ‘ਸ਼ੂਟਆਊਟ ਐਟ ਲੋਖੰਡਵਾਲਾ’ ਦੇ ਨਿਰਦੇਸ਼ਕ ਅਪੂਰਵ ਲੱਖੀਆ ਦੇ ਨਿਰਦੇਸ਼ਨ ਹੇਠ ਬਣੀ ਹੈ।
ਫਿਲਮ ਨਿਰਮਾਤਾ ਨੇ ਵੀਰਵਾਰ ਰਾਤ ਨੂੰ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ’ਤੇ ਸ਼ੂਟਿੰਗ ਦੀ ਸਮਾਪਤੀ ਦਾ ਐਲਾਨ ਕੀਤਾ, ਜਿਸ ਵਿੱਚ ਲੇਹ, ਲੱਦਾਖ ਵਿੱਚ ਫਿਲਮਾਏ ਗਏ ਉੱਚ-ਤੀਬਰਤਾ ਵਾਲੇ ਯੁੱਧ ਡਰਾਮੇ ਦੀ ਇੱਕ ਝਲਕ ਪੇਸ਼ ਕੀਤੀ ਗਈ।
ਇੱਕ ਪ੍ਰੈੱਸ ਰਿਲੀਜ਼ ਮੁਤਾਬਕ ਇੱਕ ਵਿਸ਼ਾਲ ਪੈਮਾਨੇ ’ਤੇ ਤਿਆਰ ਕੀਤੀ ਗਈ ਫਿਲਮ ਐਕਸ਼ਨ ਅਤੇ ਦੇਸ਼ ਭਗਤੀ ਦੇ ਜੋਸ਼ ਨੂੰ ਪੇਸ਼ ਕਰਨ ਦਾ ਵਾਅਦਾ ਕਰਦੀ ਹੈ, ਜਿਸ ਵਿੱਚ 59 ਸਾਲਾ ਸਲਮਾਨ ਨੂੰ ਪਹਿਲਾਂ ਕਦੇ ਨਾ ਦੇਖੇ ਗਏ ਅਵਤਾਰ ਵਿੱਚ ਦਿਖਾਇਆ ਗਿਆ ਹੈ।
ਲੱਖੀਆ ਨੇ ਸਲਮਾਨ ਨਾਲ ਇੱਕ ਫੋਟੋ ਪੋਸਟ ਕੀਤੀ ਅਤੇ ਇਸ ਨੂੰ ਕੈਪਸ਼ਨ ਦਿੱਤਾ, ‘‘ਇਹ 45 ਦਿਨਾਂ ਦੀ ਸਮਾਪਤੀ ਹੈ।’ ਫਿਲਮ ਵਿੱਚ ਅਦਾਕਾਰਾ ਚਿਤਰਾਂਗਦਾ ਸਿੰਘ ਮੁੱਖ ਭੂਮਿਕਾ ਵਿੱਚ ਹੋਵੇਗੀ।
ਜੁਲਾਈ ਵਿੱਚ ਇੱਕ ਇੰਟਰਵਿਊ ਦੌਰਾਨ ਸਲਮਾਨ ਨੇ ਕਿਹਾ ਸੀ ਕਿ ‘ਬੈਟਲ ਆਫ ਗਲਵਾਨ’ ਉਸ ਦੇ ਕਰੀਅਰ ਦੀਆਂ ਸਭ ਤੋਂ ਵੱਧ ਸਰੀਰਕ ਤੌਰ ’ਤੇ ਮੰਗ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ।
ਉਸ ਨੇ ਕਿਹਾ, ‘‘ਇਹ ਸਰੀਰਕ ਤੌਰ ’ਤੇ ਮੰਗ ਕਰਨ ਵਾਲੀ ਹੈ। ਹਰ ਸਾਲ, ਹਰ ਮਹੀਨੇ, ਹਰ ਦਿਨ ਇਹ ਹੋਰ ਵੀ ਮੁਸ਼ਕਲ ਹੁੰਦਾ ਜਾਂਦਾ ਹੈ। ਮੈਨੂੰ ਹੁਣ (ਸਿਖਲਾਈ ਲਈ) ਹੋਰ ਸਮਾਂ ਦੇਣਾ ਪੈਂਦਾ ਹੈ। ਪਹਿਲਾਂ, ਮੈਂ ਇੱਕ ਜਾਂ ਦੋ ਹਫ਼ਤਿਆਂ ਵਿੱਚ (ਸਿਖਲਾਈ) ਕਰਦਾ ਸੀ, ਹੁਣ ਮੈਂ ਦੌੜ ਰਿਹਾ ਹਾਂ, ਲੱਤ ਮਾਰ ਰਿਹਾ ਹਾਂ, ਮੁੱਕਾ ਮਾਰ ਰਿਹਾ ਹਾਂ, ਅਤੇ ਉਹ ਸਭ ਕੁਝ। ਇਹ ਫਿਲਮ ਇਸ ਦੀ ਮੰਗ ਕਰਦੀ ਹੈ।’’
ਸਲਮਾਨ ਨੇ ਕਿਹਾ, ‘‘ਉਦਾਹਰਨ ਵਜੋਂ, ‘ਸਿਕੰਦਰ’ ਵਿੱਚ ਐਕਸ਼ਨ ਵੱਖਰਾ ਸੀ, ਕਿਰਦਾਰ ਵੱਖਰਾ ਸੀ ਪਰ ਇਹ ਸਰੀਰਕ ਤੌਰ ’ਤੇ ਮੁਸ਼ਕਲ ਹੈ। ਇਸ ਤੋਂ ਇਲਾਵਾ, ਲੱਦਾਖ ਵਿੱਚ, ਉੱਚਾਈ ’ਤੇ ਅਤੇ ਠੰਢੇ ਪਾਣੀ ਵਿੱਚ ਸ਼ੂਟਿੰਗ (ਇੱਕ ਹੋਰ ਚੁਣੌਤੀ ਹੈ) ਸਭ ਮੁਸ਼ਕਲ ਰਿਹਾ।’
ਉਸ ਨੇ ਕਿਹਾ ਕਿ ਫਿਲਮ ਰਵਾਇਤੀ ਈਦ ’ਤੇ ਰਿਲੀਜ਼ ਨਹੀਂ ਹੋਵੇਗੀ, ਇੱਕ ਤਾਰੀਖ ਜੋ ਅਕਸਰ ਉਸ ਦੀਆਂ ਫਿਲਮਾਂ ਨਾਲ ਜੁੜੀ ਹੁੰਦੀ ਹੈ, ਸਗੋਂ ਜਨਵਰੀ 2026 ਵਿੱਚ ਸਿਨੇਮਾਘਰਾਂ ਵਿੱਚ ਆਵੇਗੀ।