ਗਾਇਕ ਤਲਵਿੰਦਰ ਦੇ ਸ਼ੋਅ ਮਗਰੋਂ ਦਿੱਲੀ ਦੇ ਦਵਾਰਕਾ ਵਿੱਚ ‘ਰੋਡ ਰੇਜ’ ਦਾ ਮਾਮਲਾ; FIR ਦਰਜ
ਦਿੱਲੀ ਦੇ ਦਵਾਰਕਾ ਇਲਾਕੇ ਵਿੱਚ ਗਾਇਕ ਤਲਵਿੰਦਰ ਦੇ ਕੰਸਰਟ ਤੋਂ ਬਾਅਦ ‘ਰੋਡ ਰੇਜ’ ਦੀ ਇੱਕ ਘਟਨਾ ਕੈਮਰੇ ਵਿੱਚ ਕੈਦ ਹੋ ਗਈ, ਜਿਸ ਤੋਂ ਬਾਅਦ ਪੁਲੀਸ ਨੇ ਮੁਕੱਦਮਾ ਦਰਜ ਕਰ ਲਿਆ।
ਸ਼ਿਕਾਇਤ ਦਰਜ ਕਰਾਉਣ ਵਾਲੇ ਗ੍ਰੇਟਰ ਕੈਲਾਸ਼ ਦੇ ਵਕੀਲ ਰੋਹਿਤ ਨੇ ਦੱਸਿਆ ਕਿ ਇਹ ਘਟਨਾ 2 ਨਵੰਬਰ ਨੂੰ ਰਾਤ ਕਰੀਬ 10.30 ਵਜੇ ਹੋਈ ਜਦੋਂ ਉਹ ਅਤੇ ਉਸਦੇ ਤਿੰਨ ਦੋਸਤ (ਜਿਨ੍ਹਾਂ ਵਿੱਚ ਦੋ ਔਰਤਾਂ ਸ਼ਾਮਲ ਸਨ) ਕੰਸਰਟ ਵਾਲੀ ਥਾਂ ਤੋਂ ਬਾਹਰ ਆ ਰਹੇ ਸਨ।
ਭਾਰੀ ਜਾਮ ਵਿੱਚੋਂ ਨਿਕਲਦੇ ਸਮੇਂ ਰੋਹਿਤ ਦੀ ਕਾਰ ਇੱਕ ਕਾਲੀ ਵਰਨਾ ਨਾਲ ਹਲਕੀ ਜਿਹੀ ਛੂਹ ਗਈ। ਇਸ ਮਾਮੂਲੀ ਟੱਕਰ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ, ਜੋ ‘ਰੋਡ ਰੇਜ’ ਵਿੱਚ ਬਦਲ ਗਈ।
ਰੋਹਿਤ ਦੀ ਸ਼ਿਕਾਇਤ ’ਤੇ, ਪੁਲੀਸ ਨੇ 3 ਨਵੰਬਰ ਨੂੰ ਦਵਾਰਕਾ ਸਾਊਥ ਥਾਣੇ ਵਿੱਚ ਭਾਰਤੀ ਨਿਆ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ।
ਜਾਂਚ ਦੌਰਾਨ ਪੁਲੀਸ ਨੇ ਮੁੱਖ ਦੋਸ਼ੀ ਦੀ ਪਛਾਣ ਪੁਨੀਤ ਵਜੋਂ ਕੀਤੀ ਹੈ, ਜੋ ਕਿ ਗੋਯਲਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸਦੇ ਦੋ ਹੋਰ ਸਾਥੀ ਵੀ ਹਨ।
ਪੁਲੀਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ ਅਤੇ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲੀਸ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਕੀਤੇ ਗਏ ਸਾਰੇ ਦਾਅਵਿਆਂ ਦਾ ਨੂੰ ਗਲਤ ਦੱਸਿਆ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਸ਼ਿਕਾਇਤਕਰਤਾ ਆਪਣੀ ਗਰਭਵਤੀ ਪਤਨੀ ਨੂੰ ਹਸਪਤਾਲ ਲੈ ਜਾ ਰਿਹਾ ਸੀ, ਅਤੇ ਨਸ਼ੇ ਵਿੱਚ ਧੁੱਤ ਮੁੰਡਿਆਂ ਨੇ ਉਨ੍ਹਾਂ ਦੀ ਗੱਡੀ ਤੋੜੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਵੀਡੀਓ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਪੁਲੀਸ ਨੇ ਸ਼ਿਕਾਇਤ ਦਰਜ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।
