ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧਰਮਿੰਦਰ ਦੇ ਦੇਹਾਂਤ ’ਤੇ ਗਮਗੀਨ ਹੋਏ ਡਾਂਗੋ, ਨਸਰਾਲੀ ਤੇ ਬਨਭੌਰਾ ਪਿੰਡ ਦੇ ਵਾਸੀ

90ਵੇਂ ਜਨਮ ਦਿਨ ਮੌਕੇ ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਦੀ ਖਾਹਿਸ਼ ਅਤੇ ਪਿੰਡ ਵਿੱਚ ਪਿਤਾ ਦੇ ਨਾਂ ’ਤੇ ਸਿੱਖਿਆ ਸੰਸਥਾਨ ਨਾ ਖੋਲ੍ਹ ਸਕਣ ਦਾ ਵੀ ਅਫਸੋਸ
Advertisement

ਜ਼ਿਲ੍ਹਾ ਲੁਧਿਆਣਾ ਤੇ ਮਾਲੇਰਕੋਟਲਾ ਅਧੀਨ ਪੈਂਦੇ ਇਸ ਇਲਾਕੇ ਦੇ ਲੋਕਾਂ ਨੂੰ ਜਿੱਥੇ ਬੌਲੀਵੁੱਡ ਅਦਾਕਾਰ ਧਰਮਿੰਦਰ ਦੀ ਮੌਤ ਦਾ ਅਫਸੋਸ ਹੈ ਉੱਥੇ ਇਸ ਗੱਲ ਦਾ ਵੀ ਝੋਰਾ ਹੈ ਕਿ ਅੱਠ ਦਸੰਬਰ ਨੂੰ 90ਵੇਂ ਜਨਮਦਿਨ ਮੌਕੇ ਉਨ੍ਹਾਂ ਦੀ ਪਸੰਦ ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਖੁਆਉਣ ਦੀ ਇੱਛਾ ਵੀ ਅਧੂਰੀ ਰਹਿ ਗਈ।

ਇਤਫਾਕ ਦੀ ਗੱਲ ਹੈ ਕਿ ਧਰਮਿੰਦਰ ਦੀ ਜਨਮਭੂਮੀ ਪਿੰਡ ਨਸਰਾਲੀ, ਜੱਦੀ ਪਿੰਡ ਡਾਂਗੋਂ ਅਤੇ ਸਹੁਰਾ ਪਿੰਡ ਬਨਭੌਰਾ ਮਾਲਵੇ ਦੇ ਇਸ ਖੇਤਰ ਵਿੱਚ ਇੱਕੋ ਕਤਾਰ ਵਿੱਚ ਹਨ।

Advertisement

ਡਾਂਗੋਂ ਨਿਵਾਸੀ ਤੇ ਸਮਾਜਿਕ ਆਗੂ ਕੁਲਵਿੰਦਰ ਸਿੰਘ ਡਾਂਗੋਂ ਨੇ ਕਿਹਾ ਕਿ ਧਰਮਿੰਦਰ ਦੇ ਪ੍ਰਸ਼ੰਸਕਾਂ ਨੂੰ ਇਸ ਗੱਲ ਦਾ ਬੇਹੱਦ ਅਫਸੋਸ ਹੋਇਆ ਕਿ ਪਰਮਾਤਮਾ ਨੇ ਉਨ੍ਹਾਂ ਨੂੰ 90ਵੇਂ ਜਨਮਦਿਨ ਤੋਂ ਪਹਿਲਾਂ ਹੀ ਆਪਣੇ ਕੋਲ ਬੁਲਾ ਲਿਆ ਜਦੋਂ ਕਿ ਉਨ੍ਹਾਂ ਨੇ ਸਾਗ ਤੇ ਮੱਕੀ ਦੀ ਰੋਟੀ ਲੈ ਕੇ ਜਨਮਦਿਨ ਮਨਾਉਣ ਲਈ ਮੁੰਬਈ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।

ਜਦੋਂ ਦਿਓਲ ਪਰਿਵਾਰ ਵੱਲੋਂ ਅਗਲੇ ਮਹੀਨੇ ਧਰਮਿੰਦਰ ਦੀ ਸਿਹਤਯਾਬੀ ਤੋਂ ਬਾਅਦ ਉਨ੍ਹਾਂ ਦਾ 90ਵਾਂ ਜਨਮਦਿਨ ਮਨਾਉਣ ਦੀ ਤਿਆਰੀ ਬਾਰੇ ਪਤਾ ਲੱਗਿਆ ਸੀ ਤਾਂ ਕੁਲਵਿੰਦਰ ਹੋਰਾਂ ਨੂੰ ਅਦਾਕਾਰ ਦੀ ਉਹ ਖਾਹਿਸ਼ ਯਾਦ ਆ ਗਈ ਸੀ ਜੋ ਉਨ੍ਹਾਂ ਨੇ ਕਈ ਸਾਲ ਪਹਿਲਾਂ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਜ਼ਾਹਿਰ ਕੀਤੀ ਸੀ। ਧਰਮਿੰਦਰ ਨੇ ਉਦੋਂ ‘ਜੁਗਾੜੂ ਰੇਹੜੀ’ ਦੀ ਸਵਾਰੀ ਕਰਨ ਦੇ-ਨਾਲ ਕਿਸੇ ਵੇਲੇ ਆਪਣੇ ਪਿੰਡ ਦੇ ਚੁੱਲ੍ਹੇ ਕੋਲ ਬੈਠ ਕੇ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦਾ ਆਨੰਦ ਲੈਣ ਦੀ ਇੱਛਾ ਪ੍ਰਗਟਾਈ ਸੀ।

ਡਾਂਗੋਂ ਪਿੰਡ ਦੇ ਐਡਵੋਕੇਟ ਗੁਰਿੰਦਰ ਸਿੰਘ ਲਾਲੀ ਨੂੰ ਵੀ ਇਸ ਗੱਲ ਦਾ ਅਫਸੋਸ ਹੈ ਕਿ ਇੱਕ ਦਹਾਕੇ ਤੋਂ ਪਹਿਲਾਂ ਧਰਮਿੰਦਰ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਕੋਈ ਵਿਦਿਅਕ ਅਦਾਰਾ ਖੋਲ੍ਹਣ ਦੀ ਖਾਹਿਸ਼ ਵੀ ਅਧੂਰੀ ਰਹਿ ਗਈ ਸੀ। ਧਰਮਿੰਦਰ ਦੇ ਪਿਤਾ ਕੇਵਲ ਕ੍ਰਿਸ਼ਨ ਇੱਕ ਅਧਿਆਪਕ ਸਨ ਇਸ ਲਈ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀ ਯਾਦ ਵਿੱਚ ਕੋਈ ਸਕੂਲ, ਕਾਲਜ ਜਾਂ ਲਾਇਬ੍ਰੇਰੀ ਸਥਾਪਿਤ ਕੀਤੀ ਜਾਵੇ ਜਿਸ ਲਈ ਉਨ੍ਹਾਂ ਨੇ ਆਪਣੇ ਚਾਚੇ ਜਗੀਰ ਸਿੰਘ ਨੂੰ ਅੱਗੇ ਲੱਗਣ ਲਈ ਕਿਹਾ ਸੀ ਪਰ ਤਾਲਮੇਲ ਦੀ ਘਾਟ ਕਾਰਨ ਆਪਣੇ ਪਿੰਡ ਨਾਲ ਜੁੜੇ ਰਹਿਣ ਦਾ ਸਾਧਨ ਬਣਾਉਣ ਦੀ ਇਹ ਖਾਹਿਸ਼ ਵੀ ਪੂਰੀ ਨਾ ਹੋ ਸਕੀ।

ਸਤਬੀਰ ਸਿੰਘ ਸ਼ੀਰਾ ਬਨਭੌਰਾ ਨੇ ਦੱਸਿਆ ਕਿ ਧਰਮਿੰਦਰ ਦਾ ਵਿਆਹ ਪਿੰਡ ਬਨਭੌਰਾ ਦੀ ਪ੍ਰਕਾਸ਼ ਕੌਰ ਸੋਹੀ ਨਾਲ 1954 ਵਿੱਚ ਉਸ ਵੇਲੇ ਹੋਇਆ ਸੀ ਜਦੋਂ ਉਹ ਹਾਲੇ ਫਿਲਮਾਂ ਵਿੱਚ ਆਉਣ ਦੇ ਸਪਨੇ ਹੀ ਸੰਜੋਅ ਰਹੇ ਸਨ। ਇਨ੍ਹਾਂ ਦਿਨਾਂ ਦੌਰਾਨ ਲਾਗਲੇ ਪਿੰਡਾਂ ਦੇ ਸਰਕਾਰੀ ਟਿਊਬਵੈਲਾਂ ‘ਤੇ ਡਿਊਟੀ ਕਰਨ ਦੀ ਬਦੌਲਤ ਧਰਮਿੰਦਰ ਦੀ ਇਸ ਇਲਾਕੇ ਵਿੱਚ ਬਹੁਤ ਜਾਣ ਪਹਿਚਾਣ ਹੋ ਗਈ ਸੀ ਅਤੇ ਉਨ੍ਹਾਂ ਨੇ ਆਪਣੀ ਇੱਕ ਇੰਟਰਬਿਊ ਦੌਰਾਨ ਇਸ ਗੱਲ ਦੀ ਜ਼ਿਕਰ ਵੀ ਕੀਤਾ ਸੀ ਕਿ ਮਾਲੇਰਕੋਟਲਾ ਦੇ ਫੋਟੋਗ੍ਰਾਫਰ ਜਾਨ ਮੁਹੰਮਦ ਦੀ ਤਿਆਰ ਕੀਤੀ ਤਸਵੀਰ ਦੀ ਬਦੌਲਤ ਉਹ ਮੁੰਬਈ ਦੇ ਇੱਕ ਮੁਕਾਬਲੇ ਵਿੱਚ ਜੇਤੂ ਰਹੇ ਸਨ ਪਰ ਜਿਸ ਫਿਲਮ ਲਈ ਉਹ ਮੁਕਾਬਲਾ ਹੋਇਆ ਸੀ ਉਹ ਕਦੇ ਬਣੀ ਹੀ ਨਹੀਂ ਸੀ।

ਪ੍ਰਕਾਸ਼ ਕੌਰ ਦੇ ਕੈਨੇਡਾ ਤੋਂ ਆਏ ਇੱਕ ਭਤੀਜੇ ਵਰਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਉਹ ਆਪਣੇ ਇੱਕ ਚਾਚੇ ਜਸਵੀਰ ਸਿੰਘ ਨਾਲ ਅੱਜ ਹੀ ਮੁੰਬਈ ਲਈ ਰਵਾਨਾ ਹੋ ਰਹੇ ਹਨ। ਵਰਿੰਦਰ ਨੇ ਯਾਦ ਕਰਵਾਇਆ ਕਿ 2005 ਵਿੱਚ ਧਰਮਿੰਦਰ ਤੇ ਸੰਨੀ ਦਿਓਲ ਨੇ ਉਸ ਦੇ ਵਿਆਹ ਵਿੱਚ ਹਾਜ਼ਰੀ ਲਗਵਾ ਕੇ ਉਸਨੂੰ ਯਾਦਗਾਰੀ ਬਣਾ ਦਿੱਤਾ ਸੀ। ਉਸ ਨੇ ਕਿਹਾ ਕਿ ਫੁੱਫੜ ਜੀ ਤੇ ਵੀਰੇ ਨੂੰ ਦੇਖਣ ਲਈ ਸਾਰੇ ਪਿੰਡ ਵਾਲੇ ਆਪਣੇ ਕੋਠਿਆਂ ‘ਤੇ ਚੜ੍ਹ ਗਏ ਸਨ।

ਧਰਮਿੰਦਰ ਦੇ ਦੇਹਾਂਤ ਨਾਲ ਪਿੰਡ ਨਸਰਾਲੀ ਵਾਸੀਆਂ ਵਿੱਚ ਸੋਗ ਦੀ ਲਹਿਰ

ਪਾਇਲ (ਦੇਵਿੰਦਰ ਸਿੰਘ ਜੱਗੀ): ਪੂਰੀ ਦੁਨੀਆਂ ਵਿੱਚ ਨਾਮਣਾ ਖੱਟਣ ਵਾਲੇ ਨਾਮਵਰ ਫਿਲਮੀ ਅਦਾਕਾਰ, ਨਿਰਮਾਤਾ ਅਤੇ ਸਿਆਸਤਦਾਨ ਧਰਮਿੰਦਰ ਦਾ ਜਨਮ ਨੇੜਲੇ ਪਿੰਡ ਨਸਰਾਲੀ ਵਿਖੇ 8 ਦਸੰਬਰ 1935 ਨੂੰ ਹੋਇਆ ਸੀ, ਜਿੱਥੇ ਜਨਮ ਅਸਥਾਨ ਵਾਲਾ ਕਮਰਾ ਅੱਜ ਵੀ ਮੌਜੂਦ ਹੈ।

ਪਿੰਡ ਨਸਰਾਲੀ ਦੇ ਅਧਿਆਪਕ ਮਾਸਟਰ ਜਸਵੰਤ ਸਿੰਘ ਨਸਰਾਲੀ ਨੇ ਦੱਸਿਆ ਕਿ ਉੱਘੇ ਫਿਲਮੀ ਸਿਤਾਰੇ ਧਰਮਿੰਦਰ ਦਾ ਇਸ ਦੁਨੀਆਂ ਤੋਂ ਚਲੇ ਜਾਣਾ ਪਿੰਡ ਵਾਸੀਆਂ ਲਈ ਬੜੀ ਦੁਖਦਾਈ ਖਬਰ ਹੈ। ਧਰਮਿੰਦਰ ਦਿਓਲ ਅਦਾਕਾਰੀ ਦੇ ਨਾਲ-ਨਾਲ ਬੀਕਾਨੇਰ ਤੋਂ ਲੋਕ ਸਭਾ ਦੇ ਮੈਂਬਰ ਵੀ ਰਹੇ। ਧਰਮਿੰਦਰ ਬਾਲੀਵੁੱਡ ਦੇ 'ਹੀ-ਮੈਨ' ਅਤੇ ਐਕਸਿੰਗ ਕਿੰਗ ਰਹੇ। ਉਹਨਾਂ ਦੱਸਿਆ ਕਿ 2012 ਵਿੱਚ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮਭੂਸ਼ਣ ਨਾਲ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਦੀਆਂ ਫਿਲਮੀ ਜਗਤ ਵਿੱਚ ਆਈਆਂ ਫਿਲਮਾਂ ਇਤਿਹਾਸਕ ਮੀਲ ਪੱਥਰ ਸਾਬਤ ਹੋਈਆਂ।

Advertisement
Tags :
#Dharmendra #SarsonDaSaag #MakkiDiRoti #Dharmendra90 #PunjabRoots #Malerkotla #Ludhiana #BollywoodLegend #DharmendraFamily
Show comments