ਸੋਸ਼ਲ ਮੀਡੀਆ ਦੇ ਤਾਣੇ ’ਚ ਉਲਝੇ ਰਿਸ਼ਤੇ
ਡਾ. ਹਰਗੁਣਪ੍ਰੀਤ ਸਿੰਘ
ਆਧੁਨਿਕ ਯੁੱਗ ਵਿੱਚ ਸੋਸ਼ਲ ਮੀਡੀਆ ਮਨੁੱਖੀ ਜੀਵਨ ਦਾ ਅਟੁੱਟ ਅੰਗ ਬਣ ਗਿਆ ਹੈ ਜੋ ਨਾ ਕੇਵਲ ਜਾਣਕਾਰੀ, ਮਨੋਰੰਜਨ ਅਤੇ ਸੰਚਾਰ ਦਾ ਅਹਿਮ ਸਾਧਨ ਹੈ, ਬਲਕਿ ਇਸ ਨੇ ਮਨੁੱਖੀ ਰਿਸ਼ਤਿਆਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ। ਜੇ ਸੋਸ਼ਲ ਮੀਡੀਆ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਇਹ ਮਨੁੱਖੀ ਰਿਸ਼ਤਿਆਂ ਨੂੰ ਮਜ਼ਬੂਤ ਕਰ ਸਕਦਾ ਹੈ ਅਤੇ ਭਾਵਨਾਤਮਕ ਨਜ਼ਦੀਕੀਆਂ ਨੂੰ ਕਾਇਮ ਰੱਖਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।
ਇਸ ਦੀ ਸਾਰਥਕ ਅਤੇ ਸਕਾਰਾਤਮਕ ਵਰਤੋਂ ਸਦਕਾ ਮਾਪੇ ਵਿਦੇਸ਼ਾਂ ਵਿੱਚ ਵੱਸਦੇ ਆਪਣੇ ਬੱਚਿਆਂ ਨਾਲ ਜੁੜੇ ਰਹਿੰਦੇ ਹਨ, ਦੋਸਤਾਂ ਅਤੇ ਰਿਸ਼ਤੇਦਾਰਾਂ ਵਿੱਚ ਗੱਲਬਾਤ ਦੇ ਨਵੇਂ ਰਾਹ ਖੁੱਲ੍ਹਦੇ ਹਨ ਅਤੇ ਪੁਰਾਣੇ ਸਹਿਪਾਠੀ ਤੇ ਸਹਿਕਰਮੀ ਇੱਕ ਦੂਸਰੇ ਨਾਲ ਸੰਪਰਕ ਵਿੱਚ ਬਣੇ ਰਹਿੰਦੇ ਹਨ।
ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੈਟਫਾਰਮ ਜਿੱਥੇ ਵੱਧ ਤੋਂ ਵੱਧ ਲੋਕਾਂ ਨਾਲ ਜੁੜਨ ਦਾ ਆਸਾਨ ਮਾਧਿਅਮ ਹਨ, ਉੱਥੇ ਨਾਲ ਹੀ ਇਹ ਮਨੁੱਖੀ ਰਿਸ਼ਤਿਆਂ ਵਿੱਚ ਨਵੀਂ ਕਿਸਮ ਦੀ ਬੇਭਰੋਸਗੀ, ਦੂਰੀਆਂ ਅਤੇ ਗ਼ਲਤਫ਼ਹਿਮੀਆਂ ਨੂੰ ਵੀ ਜਨਮ ਦੇ ਰਹੇ ਹਨ। ਸੋਸ਼ਲ ਮੀਡੀਆ ਦੀ ਚਮਕਦਾਰ ਦੁਨੀਆ ਅਕਸਰ ਹਕੀਕਤ ਤੋਂ ਕੋਹਾਂ ਦੂਰ ਹੁੰਦੀ ਹੈ। ਲਾਈਕਸ, ਲਾਸਟ ਸੀਨ, ਸਟੋਰੀ ਅਤੇ ਸਟੇਟਸ ਆਦਿ ਚੀਜ਼ਾਂ ਅੱਜ ਦੀ ਪੀੜ੍ਹੀ ਲਈ ਰਿਸ਼ਤਿਆਂ ਦੀ ਸੱਚਾਈ ਜਾਂ ਝੂਠ ਦੀ ਨਿਸ਼ਾਨੀ ਬਣ ਗਈਆਂ ਹਨ। ਇੱਥੋਂ ਤੱਕ ਕਿ ਘਰ ਦੇ ਮੈਂਬਰ ਇੱਕ ਹੀ ਛੱਤ ਹੇਠ ਬੈਠੇ ਹੋਣ ਦੇ ਬਾਵਜੂਦ ਆਪਣੇ-ਆਪਣੇ ਮੋਬਾਈਲਾਂ ’ਚ ਰੁੱਝੇ ਰਹਿੰਦੇ ਹਨ। ਫਿਲਟਰਾਂ, ਐਡਿਟ ਕੀਤੀਆਂ ਤਸਵੀਰਾਂ ਅਤੇ ਬਣਾਉਟੀ ਜੀਵਨਸ਼ੈਲੀ ਨੇ ਲੋਕਾਂ ਵਿੱਚ ਆਪਣੇ ਰਿਸ਼ਤਿਆਂ ਨੂੰ ਲੈ ਕੇ ਸ਼ੱਕ ਅਤੇ ਅਸੁਰੱਖਿਆ ਪੈਦਾ ਕਰ ਦਿੱਤੀ ਹੈ। ਉਦਾਹਰਨ ਵਜੋਂ ਜਦੋਂ ਇੱਕ ਪਤੀ ਜਾਂ ਪਤਨੀ ਵੱਲੋਂ ਕਿਸੇ ਹੋਰ ਮਹਿਲਾ ਜਾਂ ਪੁਰਸ਼ ਦੀਆਂ ਪੋਸਟਾਂ ’ਤੇ ਲਗਾਤਾਰ ਲਾਈਕ ਜਾਂ ਕਮੈਂਟ ਕੀਤਾ ਜਾਂਦਾ ਹੈ ਜਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਇੱਕ ਦੂਸਰੇ ਤੋਂ ਗੁਪਤਤਾ ਰੱਖੀ ਜਾਂਦੀ ਹੈ, ਤਾਂ ਪਤੀ-ਪਤਨੀ ਦੇ ਮਨ ਵਿੱਚ ਨਿਸ਼ਚਿਤ ਤੌਰ ’ਤੇ ਬੇਭਰੋਸਗੀ ਜਨਮ ਲੈਂਦੀ ਹੈ ਜੋ ਰਿਸ਼ਤੇ ਵਿਚਲੇ ਪਿਆਰ, ਸਤਿਕਾਰ ਅਤੇ ਵਿਸ਼ਵਾਸ ਦੀ ਮਜ਼ਬੂਤ ਬੁਨਿਆਦ ਨੂੰ ਕਮਜ਼ੋਰ ਕਰ ਦਿੰਦੀ ਹੈ।
ਸੋਸ਼ਲ ਮੀਡੀਆ ਨੇ ਅਨੇਕਾਂ ਵਿਅਕਤੀਆਂ ਨੂੰ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਮਸ਼ਹੂਰ ਕਰ ਦਿੱਤਾ ਹੈ। ਹਰ ਦੂਸਰਾ ਵਿਅਕਤੀ ਬਿਨਾਂ ਕਿਸੇ ਸੰਘਰਸ਼ ਜਾਂ ਪ੍ਰਾਪਤੀ ਤੋਂ ਇਨਫਲੂਐਂਸਰ ਬਣਿਆ ਹੋਇਆ ਹੈ। ਕਿਸੇ ਨੇ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਹੋਇਆ ਹੈ, ਕੋਈ ਪੌਡਕਾਸਟ ਰਾਹੀਂ ਆਪਣੇ ਵਿਚਾਰ ਸਾਂਝੇ ਕਰ ਰਿਹਾ ਹੈ ਅਤੇ ਕੋਈ ਇੰਸਟਾਗ੍ਰਾਮ ’ਤੇ ਰੀਲਾਂ ਜ਼ਰੀਏ ਪ੍ਰਸਿੱਧੀ ਹਾਸਲ ਕਰ ਰਿਹਾ ਹੈ। ਭਾਵੇਂ ਸੋਸ਼ਲ ਮੀਡੀਆ ਦੀਆਂ ਇਨ੍ਹਾਂ ਗਤੀਵਿਧੀਆਂ ਨੇ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇ ਹਨ ਅਤੇ ਕੰਟੈਂਟ ਕ੍ਰਿਏਟਰਾਂ ਨਾਲ ਲੱਖਾਂ-ਕਰੋੜਾਂ ਲੋਕ ਬਹੁਤ ਘੱਟ ਸਮੇਂ ਅੰਦਰ ਜੁੜ ਗਏ ਹਨ, ਪਰ ਵੱਧ ਵਿਊਅਰਜ਼, ਫਾਲੋਅਰਜ਼ ਅਤੇ ਸਬਸਕ੍ਰਾਈਬਰਜ਼ ਦੀ ਦੌੜ ਵਿੱਚ ਕਈ ਵਾਰ ਅਸਲ ਜੀਵਨ ਦੇ ਰਿਸ਼ਤੇ, ਅੰਦਰੂਨੀ ਖ਼ੁਸ਼ੀ, ਮਾਨਸਿਕ ਸ਼ਾਂਤੀ ਅਤੇ ਨੈਤਿਕ ਕਦਰਾਂ ਕੀਮਤਾਂ ਪਿੱਛੇ ਰਹਿ ਜਾਂਦੀਆਂ ਹਨ। ਅਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਵਰਚੁਅਲ ਜਗਤ ਕਿਵੇਂ ਸਾਨੂੰ ਹਕੀਕੀ ਜੀਵਨ ਤੋਂ ਦੂਰ ਕਰ ਰਿਹਾ ਹੈ।
ਸਾਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਜੀਵਨ ਦੇ ਚੁਣੌਤੀਪੂਰਨ ਅਤੇ ਸੰਘਰਸ਼ ਭਰੇ ਸਮਿਆਂ ਵਿੱਚ ਸਾਡੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਨਜ਼ਦੀਕੀ ਦੋਸਤਾਂ ਦੀ ਹਾਜ਼ਰੀ, ਹੌਸਲਾ ਅਫਜ਼ਾਈ ਅਤੇ ਸਾਥ ਹੀ ਉਹ ਮਜ਼ਬੂਤ ਕੰਧ ਬਣਦੀ ਹੈ ਜਿਸ ਉੱਪਰ ਅਸੀਂ ਆਪਣਾ ਦੁਖ-ਦਰਦ ਟਿਕਾ ਸਕਦੇ ਹਾਂ, ਜਦਕਿ ਸੋਸ਼ਲ ਮੀਡੀਆ ’ਤੇ ਮਿਲਣ ਵਾਲੀ ਹਮਦਰਦੀ ਸਿਰਫ਼ ਕਮੈਂਟਾਂ, ਲਾਈਕਾਂ ਜਾਂ ਇਮੋਜੀਆਂ ਤੱਕ ਹੀ ਸੀਮਤ ਰਹਿ ਜਾਂਦੀ ਹੈ। ਸੋਸ਼ਲ ਮੀਡੀਆ ’ਤੇ ਬਣੇ ਰਿਸ਼ਤੇ ਕਈ ਵਾਰ ਬਹੁਤ ਮੁਸ਼ਕਿਲਾਂ ਦਾ ਕਾਰਨ ਬਣ ਸਕਦੇ ਹਨ ਜੇਕਰ ਉਨ੍ਹਾਂ ਨੂੰ ਸਮਝਦਾਰੀ ਨਾਲ ਨਾ ਨਿਭਾਇਆ ਜਾਵੇ।
ਅਕਸਰ ਅਜਿਹੀਆਂ ਖ਼ਬਰਾਂ ਸਾਡੇ ਸਾਹਮਣੇ ਆਉਂਦੀਆਂ ਹਨ ਜਿੱਥੇ ਸੋਸ਼ਲ ਮੀਡੀਆ ਰਾਹੀਂ ਬਣੀ ਨੇੜਤਾ ਕਾਰਨ ਵਿਆਹ ਤੋਂ ਇਨਕਾਰ ਹੋਣ ’ਤੇ ਲੜਕੇ ਜਾਂ ਲੜਕੀ ਨੇ ਆਤਮਦਾਹ ਕਰਕੇ ਜਾਂ ਇੱਕ ਦੂਸਰੇ ਦਾ ਕਤਲ ਕਰਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਦਿੱਤੀ। ਅਜਿਹੇ ਗੰਭੀਰ ਹਾਲਾਤ ਸਮਾਜ ਵਿੱਚ ਵਧ ਰਹੀ ਜਜ਼ਬਾਤੀ ਅਸਥਿਰਤਾ ਅਤੇ ਸੋਸ਼ਲ ਮੀਡੀਆ ਦੀ ਅਯੋਗ ਵਰਤੋਂ ਵੱਲ ਸੰਕੇਤ ਕਰਦੇ ਹਨ।
ਸੋਸ਼ਲ ਮੀਡੀਆ ਦੀ ਬਣਤਰ-ਬਣਾਵਟ ਹੀ ਕੁਝ ਅਜਿਹੀ ਹੈ ਕਿ ਅਸੀਂ ਭਾਵੇਂ ਇਸ ਦੀ ਵਰਤੋਂ ਪ੍ਰਤੀ ਕਿੰਨੇ ਵੀ ਸੁਚੇਤ ਕਿਉਂ ਨਾ ਹੋਈਏ, ਇਹ ਹੌਲੀ-ਹੌਲੀ ਬੁਰੀ ਆਦਤ ਬਣ ਜਾਂਦਾ ਹੈ ਜੋ ਨਾ ਕੇਵਲ ਸਾਡਾ ਕੀਮਤੀ ਸਮਾਂ ਬਰਬਾਦ ਕਰ ਦਿੰਦੀ ਹੈ, ਬਲਕਿ ਸਾਡੀਆਂ ਸਰੀਰਕ ਅਤੇ ਮਾਨਸਿਕ ਗਤੀਵਿਧੀਆਂ ’ਤੇ ਨਕਾਰਾਤਮਕ ਪ੍ਰਭਾਵ ਵੀ ਪਾਉਂਦੀ ਹੈ। ਸਾਨੂੰ ਲੱਗਦਾ ਇਹ ਹੁੰਦਾ ਹੈ ਕਿ ਇਸ ਦੀ ਵਰਤੋਂ ਦੁਆਰਾ ਅਸੀਂ ਦੁਨੀਆ ਨਾਲ ਵਧੇਰੇ ਜੁੜ ਰਹੇ ਹਾਂ, ਪਰ ਅਸਲੀਅਤ ਵਿੱਚ ਅਸੀਂ ਦੁਨੀਆ ਤੋਂ ਟੁੱਟ ਰਹੇ ਹੁੰਦੇ ਹਾਂ। ਇਹ ਇੱਕ ਅਜਿਹਾ ਭਰਮ ਪੈਦਾ ਕਰਦਾ ਹੈ ਜੋ ਨਾ ਕੇਵਲ ਸਾਡੇ ਰਿਸ਼ਤਿਆਂ ਨੂੰ ਖੋਖਲਾ ਕਰਦਾ ਹੈ, ਬਲਕਿ ਮਨੁੱਖ ਵਿੱਚ ਇਕੱਲਪੁਣਾ, ਝੂਠੀ ਮੁਕਾਬਲੇਬਾਜ਼ੀ ਅਤੇ ਮਨੋਵਿਗਿਆਨਕ ਤਣਾਅ ਵੀ ਪੈਦਾ ਕਰਦਾ ਹੈ।
ਸੋਚਣ ਵਾਲੀ ਗੱਲ ਇਹ ਹੈ ਕਿ ਰਿਸ਼ਤੇ-ਨਾਤੇ ਤਕਨਾਲੋਜੀ ਨਾਲ ਨਹੀਂ, ਬਲਕਿ ਸਾਡੀਆਂ ਭਾਵਨਾਵਾਂ, ਇਮਾਨਦਾਰੀ ਅਤੇ ਸਮਝਦਾਰੀ ਨਾਲ ਬਣਦੇ ਹਨ। ਇਸ ਲਈ ਅਸਲ ਰਿਸ਼ਤਿਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਵਿੱਚ ਸੰਤੁਲਨ ਲਿਆਉਣਾ ਬਹੁਤ ਜ਼ਰੂਰੀ ਹੈ। ਆਪਣੇ ਰੁਝੇਵਿਆਂ ਭਰੇ ਸਮੇਂ ਵਿੱਚੋਂ ਕੁਝ ਸਮਾਂ ਆਪਣੇ ਅਸਲ ਰਿਸ਼ਤਿਆਂ ਲਈ ਨਿਰਧਾਰਤ ਕਰਨਾ ਅਤੇ ਫੋਕੀ ਦਿਖਾਵੇਬਾਜ਼ੀ ਤੋਂ ਪਰਹੇਜ਼ ਕਰਨਾ, ਅੱਜ ਦੇ ਦੌਰ ਦੀ ਸਭ ਤੋਂ ਵੱਡੀ ਲੋੜ ਹੈ। ਜੀਵਨ ਦੀ ਸਫਲਤਾ ਇਸ ਗੱਲ ਵਿੱਚ ਨਹੀਂ ਕਿ ਸਾਡੇ ਕੋਲ ਕਿੰਨੇ ਡਿਜੀਟਲ ਫਾਲੋਅਰਜ਼ ਹਨ, ਸਗੋਂ ਇਸ ਵਿੱਚ ਹੈ ਕਿ ਅਸਲ ਜੀਵਨ ਵਿੱਚ ਸਾਡਾ ਸਾਥ ਦੇਣ ਵਾਲੇ ਕਿੰਨੇ ਲੋਕ ਹਨ।
ਸੰਪਰਕ: 94636-19353