ਜ਼ਿੰਦਗੀ ਦੇ ਅਸਲ ਨਾਇਕ
ਆਫ਼ਤ ਕੁਦਰਤੀ ਹੋਵੇ ਜਾਂ ਮਨੁੱਖ ਵੱਲੋਂ ਖ਼ੁਦ ਸਹੇੜੀ, ਉਹ ਦੁਖਦਾਈ ਹੀ ਹੁੰਦੀ ਹੈ। ਕੁਦਰਤੀ ਆਫ਼ਤ ਮੌਕੇ ਵੀ ਮਨੁੱਖ ਹੀ ਮਨੁੱਖ ਦਾ ਮਦਦਗਾਰ ਬਣਦਾ ਹੈ ਤੇ ਖ਼ੁਦ ਸਹੇੜੀ ਆਫ਼ਤ ਵਿੱਚ ਵੀ ਆਪ ਹੀ ਅੱਗੇ ਆਉਂਦਾ ਹੈ। ਵਰਤਮਾਨ ਵਿੱਚ ਹੜ੍ਹ ਦੇ ਰੂਪ ਵਿੱਚ ਆਈ ਆਫ਼ਤ ਨੇ ਪਿਛਲੀਆਂ ਆਫ਼ਤਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਝਾਤ ਮਾਰ ਕੇ ਵੇਖਿਆ ਜਾਵੇ ਤਾਂ ਹਰੇਕ ਥਾਂ ਮਨੁੱਖ ਹੀ ਮਨੁੱਖ ਦਾ ਮਸੀਹਾ ਬਣ ਕੇ ਆਇਆ, ਮਨੁੱਖਤਾ ਦੀ ਵੱਢ-ਟੁੱਕ ਲਈ ਉਕਸਾਉਣ ਵਾਲਾ ਓਹੀ ਮਨੁੱਖ ਸ਼ਾਂਤੀ ਜਲੂਸਾਂ ਵਿੱਚ ਚਿੱਟੇ ਝੰਡੇ ਅਤੇ ਮਸ਼ਾਲਾਂ ਹੱਥਾਂ ਵਿੱਚ ਫੜੀ ਸ਼ਾਂਤੀ ਦੂਤ ਵੀ ਬਣਿਆ।
ਸਿਆਸਤਦਾਨ ਹਮੇਸ਼ਾਂ ਸਿਆਸੀ ਰੋਟੀਆਂ ਸੇਕ-ਸੇਕ ਕੇ ਅਗਾਮੀ ਚੋਣਾਂ ਲਈ ਵੋਟਾਂ ਹੀ ਪੱਕੀਆਂ ਕਰਦੇ ਹਨ। ਇਹ ਸਾਰਾ ਕੁਝ ਹਰੇਕ ਦੀ ਯਾਦ ਦਾ ਹਿੱਸਾ ਹੈ। ਵਕਤ ਦਾ ਪਹੀਆ ਆਪਣੀ ਰਫ਼ਤਾਰ ਨਾਲ ਚੱਲਦਾ ਰਹਿੰਦਾ ਹੈ। ਸਮੇਂ ਦੇ ਬੀਤਣ ਨਾਲ ਕੁਝ ਕੌੜੀਆਂ-ਮਿੱਠੀਆਂ ਯਾਦਾਂ ਛੱਡ ਕੇ ਜਨਜੀਵਨ ਆਮ ਵਾਂਗ ਚੱਲਣ ਲੱਗ ਜਾਂਦਾ ਹੈ। ਮਨੁੱਖੀ ਫਿਤਰਤ ਇਹ ਵੀ ਹੈ ਕਿ ਮਨੁੱਖ ਬੀਤ ਗਏ ਤੋਂ ਸਬਕ ਬਹੁਤ ਘੱਟ ਲੈਂਦਾ ਹੈ। ਅੱਜ ਬੇਤਹਾਸ਼ਾ ਡਿਜੀਟਲ ਤਰੱਕੀ ਦੁਨੀਆ ਦੇ ਕੋਨੇ-ਕੋਨੇ ਦੀ ਖ਼ਬਰ ਤਸਵੀਰਾਂ ਸਮੇਤ ਘਰ-ਘਰ ਤੱਕ ਪਹੁੰਚਾ ਰਹੀ ਹੈ। ਆਪਾਂ ਬੀਤੇ ਨੂੰ ਛੱਡ ਕੇ ਵਰਤਮਾਨ ਦੀ ਗੱਲ ਕਰੀਏ। ਵਰਤਮਾਨ ਦੇ ਹੜ੍ਹ ਦੀ ਗੱਲ ਕਰਨ ਤੋਂ ਪਹਿਲਾਂ ਮਨੁੱਖ ਦੁਆਰਾ ਸਹੇੜੀ ਕਰੋਨਾ ਮਹਾਮਾਰੀ ਵਰਗੀ ਆਫ਼ਤ ਨੂੰ ਵੀ ਇਸ ਆਫ਼ਤ ਨਾਲ ਜੋੜ ਕੇ ਵੇਖਣਾ ਬਣਦਾ ਹੈ। ਉਸ ਵਕਤ ਵੀ ਆਪਣੇ ਆਪ ਨੂੰ ਲੋਕਾਂ ਦੇ ਮਸੀਹਾ ਦੱਸਣ ਵਾਲੇ ਆਧੁਨਿਕ ਤਕਨੀਕ ਜ਼ਰੀਏ ਘਰਾਂ ਵਿੱਚ ਬੈਠੇ ਵੀ ਮੂੰਹਾਂ ’ਤੇ ਮਾਸਕ ਪਾਈ ਲੋਕਾਂ ਨੂੰ, ‘ਆਹ ਕਰੋ, ਔਹ ਕਰੋ, ਤਾਲੀਆਂ-ਥਾਲੀਆਂ ਵਜਾਓ, ਮੋਮਬੱਤੀਆਂ ਜਗਾਓ, ਐਨੇ ਫੁੱਟ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖੋ’ ਦੀਆਂ ਹਦਾਇਤਾਂ ਅਤੇ ਸੰਦੇਸ਼ ਦਿੰਦੇ ਆਮ ਜਨਤਾ ਤੋਂ ਦੂਰੀ ਬਣਾ ਕੇ ਬੈਠੇ ਰਹੇ ਸਨ।
ਉਸ ਵੇਲੇ ਵੀ ਅਸਲ ਮਸੀਹਾ ਮਨੁੱਖ, ਭੁੱਖੇ ਮਰਦੇ ਮਨੁੱਖ ਨੂੰ ਵੇਖ ਕੇ ਜ਼ਰ ਨਹੀਂ ਸਕਿਆ, ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਾਹਰ ਨਿਕਲਿਆ। ਹਰੇਕ ਲੋੜਵੰਦ ਕੋਲ ਹਰ ਕਿਸਮ ਦੀ ਸਹਾਇਤਾ ਲੈ ਕੇ ਪਹੁੰਚਿਆ, ਪਰ ਕਰੋਨਾ ਕਾਲ ਨੇ ਖੂਨ ਦੇ ਰਿਸ਼ਤਿਆਂ ਉੱਪਰ ਵੀ ਪ੍ਰਸ਼ਨਚਿੰਨ੍ਹ ਲਾਇਆ ਸੀ। ਮਨੁੱਖੀ ਸੇਵਾ ਭਾਵਨਾ ਰੱਖਣ ਵਾਲਿਆਂ ਨੇ ਨਿਰਸਵਾਰਥ ਹੋ ਕੇ ਸੇਵਾ ਵੀ ਕੀਤੀ ਸੀ। ਉਸ ਵੇਲੇ ਸੋਸ਼ਲ ਮੀਡੀਆ ਨੇ ਘਰਾਂ ਵਿੱਚ ਮਾਸਕ ਪਾਈਂ ਬੈਠੇ ਉਪਦੇਸ਼ਕਾਂ ਨੂੰ ਫਿਕਰਮੰਦ ਕਰ ਦਿੱਤਾ ਕਿ ‘ਅਸੀਂ ਪਿੱਛੇ ਰਹਿ ਗਏ ਬਾਜ਼ੀ ਤਾਂ ਕੋਈ ਹੋਰ ਈ ਮਾਰ ਗਿਆ।’ ਉਹ ਵੀ ਮਾਸਕ ਪਾ ਕੇ ਖਾਣ-ਪੀਣ ਵਾਲੇ ਸਾਮਾਨ ਦੀਆਂ ਥੈਲੀਆਂ ਉੱਪਰ ਆਪਣੇ ਲੋਗੋ ਤੇ ਫੋਟੋਆਂ ਲਾ ਕੇ ਮੈਦਾਨ-ਏ ਕਰੋਨਾ ਜੰਗ ਵਿੱਚ ਕੁੱਦ ਪਏ ਸਨ। ਭੁਲੱਕੜ ਲੋਕ ਹੋਰ ਆਫ਼ਤਾਂ ਵਾਂਗ ਉਸ ਆਫ਼ਤ ਨੂੰ ਵੀ ਭੁੱਲ ਗਏ ਸਨ, ਪਰ ਬੀਤੇ ਤੋਂ ਸਿੱਖਿਆ ਕੁਝ ਨਹੀਂ। ਪਹਿਲਾਂ ਵਾਂਗ ਹੀ ਪਿਛਲੱਗੂ ਬਣ ਕੇ ਅੰਦਰੀਂ ਵੜ ਕੇ ਸਲਾਹਾਂ ਦੇਣ ਵਾਲਿਆਂ ਨੂੰ ਹੀ ਆਪਣੇ ਮਸੀਹੇ ਚੁਣ ਲਿਆ।
ਵਰਤਮਾਨ ਹੜ੍ਹ ਵਰਗੀ ਆਫ਼ਤ ਨੇ ਪੰਜਾਬ ਨੂੰ ਹੀ ਨਹੀਂ, ਹੋਰ ਸੂਬਿਆਂ ਨੂੰ ਵੀ ਕਈ ਵਾਰ ਘੇਰਿਆ ਹੈ। ਹਰੇਕ ਥਾਂ ਹਮੇਸ਼ਾਂ ਮਨੁੱਖ ਹੀ ਮਸੀਹਾ ਬਣ ਕੇ ਬਹੁੜਿਆ ਹੈ। ਇਸ ਵਾਰ ਇਸ ਆਫ਼ਤ ਨੇ ਪੰਜਾਬ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਇਹ ਵੀ ਸਿੱਧ ਹੋ ਗਿਆ ਕਿ ਦਰਿਆ ਆਪਣੇ ਰਸਤੇ ਵਿੱਚ ਰੁਕਾਵਟ ਨੂੰ ਬਰਦਾਸ਼ਤ ਨਹੀਂ ਕਰਦੇ। ਇਹ ਆਫ਼ਤ ਮਨੁੱਖ ਦੁਆਰਾ ਬਣਾਏ ਕੰਕਰੀਟ ਅਤੇ ਲੋਹੇ ਦੀਆਂ ਬਣਾਈਆਂ ਰੁਕਾਵਟਾਂ ਨੂੰ ਰੋੜ੍ਹ ਕੇ ਲੈ ਗਈ। ਰੀਝਾਂ ਨਾਲ ਬਣਾਈਆਂ ਕੰਕਰੀਟ ਦੀਆਂ ਅਲੀਸ਼ਾਨ ਕੋਠੀਆਂ ਰੇਤ ਦੇ ਘਰਾਂ ਵਾਂਗ ਵਹਿ ਗਈਆਂ। ਪਾਣੀ ਵਿੱਚ ਫਸੇ ਲੋਕਾਂ ਦੀ ਪੁਕਾਰ ਨੂੰ ਨਵੀਂ ਤਕਨੀਕ ਨੇ ਪਲਾਂ ਵਿੱਚ ਹੀ ਲੋਕਾਂ ਤੱਕ ਪਹੁੰਚਦੀ ਕਰ ਦਿੱਤਾ। ਮਸੀਹਾ ਮਨੁੱਖ ਕਿਸੇ ਦਾ ਦੁੱਖ ਵੇਖ ਹੀ ਨਹੀਂ ਸਕਦਾ। ਉਹ ਵੱਡੇ ਪੱਧਰ ’ਤੇ ਹਰੇਕ ਸਾਜੋ-ਸਾਮਾਨ ਨਾਲ ਲੈਸ ਹੋ ਕੇ ਹਮੇਸ਼ਾਂ ਵਾਂਗ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕੁਦਰਤੀ ਆਫ਼ਤ ਨਾਲ ਦਸਤਪੰਜਾ ਲੈਣ ਲਈ ਨਿਕਲ ਪਿਆ। ਕਰੋਨਾ ਕਾਲ ਵਾਂਗ ਇਸ ਵਾਰ ਵੀ ਨਵੀਂ ਤਕਨੀਕ ਨੇ ਹੀ ਸੁੱਖ ਸਹੂਲਤਾਂ ਨਾਲ ਲੈਸ ਮਸੀਹਿਆਂ ਨੂੰ ਹਲੂਣਿਆ ਕਿ ‘ਤੁਸੀਂ ਪਿੱਛੇ ਰਹਿ ਗਏ ਜੇ।’
ਕਈਆਂ ਨੇ ਜਲਦੀ ਮੌਕਾ ਸਾਂਭ ਕੇ ਬਿਨਾਂ ਵਿਤਕਰੇ ਆਪਣੇ ਆਪ ਨੂੰ ਸਹੀ ਮਸੀਹੇ ਸਾਬਤ ਵੀ ਕਰ ਲਿਆ। ਬਹੁਤੇ ਫਾਡੀ ਰਹਿ ਗਏ। ਕਈ ਲੋਕ ਤਾਂ ਹੱਲਾਸ਼ੇਰੀ ਵਾਲੇ ਦ੍ਰਿਸ਼ਾਂ ਦੀ ਥਾਂ ਏਆਈ ਨਾਲ ਬਣਾਏ ਖੌਫ਼ਨਾਕ ਦ੍ਰਿਸ਼ ਵਿਖਾਉਣ ’ਤੇ ਹੀ ਲੱਗੇ ਰਹੇ। ਹੜ੍ਹ ਰੋਕੂ ਪ੍ਰਬੰਧ ਕਰਨ ਵਾਲਿਆਂ ਦਾ ਉਤਸ਼ਾਹ ਅਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਦੇ ਜੈਕਾਰੇ ਛੱਡਦੇ, ਹੜ੍ਹ ਪੀੜਤਾਂ ਵੱਲ ਵਹੀਰਾਂ ਘੱਤ ਕੇ ਕਿਸ਼ਤੀਆਂ ਜ਼ਰੀਏ ਡੁੱਬੇ ਘਰਾਂ ਤੱਕ ਪਹੁੰਚ ਕੇ ਸੁਰੱਖਿਅਤ ਬਾਹਰ ਕੱਢ ਕੇ ਲਿਆਉਣ ਦੇ ਦ੍ਰਿਸ਼ ਵੀ ਹਰੇਕ ਨੇ ਵੇਖੇ।
ਹੁਣ ਆਪਣੇ ਆਪ ਨੂੰ ਲੋਕਾਂ ਦੇ ਮਸੀਹੇ ਹੋਣ ਦਾ ਭਰਮ ਪਾਲਣ ਵਾਲੇ ਫਾਡੀ ਰਹਿ ਗਏ। ਸਿਆਸਤਦਾਨਾਂ ਦੀ ਗੱਲ ਵੀ ਕਰ ਲਈ ਜਾਵੇ। ਇਹ ਲੋਕ ਪਹਿਲਾਂ ਤਾਂ ਮਹਿਲਾਂ ਵਿੱਚੋਂ ਹੀ ਦੇਰ ਨਾਲ ਨਿਕਲੇ, ਫਿਰ ਸਿਆਸਤ ਕਰਨਾ ਨਹੀਂ ਭੁੱਲੇ। ਇਸ ਮੌਕੇ ਕਈਆਂ ਨੇ ਚੋਣਾਂ ਜਿੱਤਣ ਲਈ ਕਹੀਆਂ ਬਹੁਤ ਸਾਰੀਆਂ ਗੱਲਾਂ ਦੀਆਂ ਪੁਰਾਣੀਆਂ ਵੀਡੀਓ ਵਿਖਾ ਕੇ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਲੋਕ ਸਭ ਕੁਝ ਯਾਦ ਰੱਖਦੇ ਹਨ, ਤੁਸੀਂ ਹੀ ਭੁੱਲ ਜਾਂਦੇ ਹੋ। ਪਿੱਛੇ ਰਹਿ ਗਿਆ ਇੱਕ ਵਿਰੋਧੀ ਧਿਰ ਦਾ ਨੇਤਾ ਨਵੀਂ ਤਕਨੀਕ ਨਾਲ ਬਣੀ ਕਿਸ਼ਤੀ ਦਾ ਜੁਗਾੜ ਕਰਕੇ ਵਿੱਚ ਬੈਠਾ ਹੀ ਆਪਣੀ ਪਾਰਟੀ ਦੇ ਸੀਨੀਅਰ ਨੇਤਾ ਦੇ ਆਜ਼ਾਦ ਵਿਧਾਇਕ ਪੁੱਤਰ ਨਾਲ ਉੱਚਾ-ਨੀਵਾਂ ਬੋਲਦਾ ਸੁਣਿਆ ਗਿਆ। ਫਿਰ ਆਪਣੇ ਛੇ ਸਾਥੀਆਂ ਨਾਲ ਪਾਣੀ ਵਿੱਚ ਘਿਰਿਆਂ ਨੂੰ ਲੈਣ ਜਾਂਦਾ ਇੰਝ ਲੱਗ ਰਿਹਾ ਸੀ ਜਿਵੇਂ ਪਿਕਨਿਕ ਨੂੰ ਜਾ ਰਿਹਾ ਹੋਵੇ। ਇਸ ਭਲੇਮਾਣਸ ਨੂੰ ਪੁੱਛਣਾ ਬਣਦਾ ਹੈ ਕਿ ਤੁਸੀਂ ਹੜ੍ਹ ਪੀੜਤਾਂ ਨੂੰ ਕਿੱਥੇ ਬੈਠਾਅ ਕੇ ਲਿਆਓਗੇ? ਉਹ ਵੀ ਮੌਜੂਦਾ ਸਰਕਾਰ ਨੂੰ ਭੰਡਦਾ ਸਿਆਸਤ ਕਰਦਾ ਹੀ ਦਿਸਿਆ।
ਲੇਟ ਪਹੁੰਚੇ ਇੱਕ ਪਾਰਟੀ ਦੇ ਹਾਰੇ ਨੇਤਾ ਨੂੰ ਅੱਗੇ ਨਹੀਂ ਜਾਣ ਦਿੱਤਾ ਸਗੋਂ ਗਾਲ੍ਹਾਂ ਦੇ ਹਾਰ ਪਾ ਕੇ ਬੁਰਾ ਭਲਾ ਬੋਲਦਿਆਂ ਲੋਕਾਂ ਨੇ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ। ਹਰੇਕ ਸਿਆਸੀ ਬੰਦੇ ਦੀ ਸ਼ਕਲ ਲੋਕ ਜਾਣਦੇ ਹਨ, ਫਿਰ ਵੀ ਉਹ ਆਪਣੀ ਗੱਡੀ ਜਾਂ ਹੜ੍ਹ ਪੀੜਤਾਂ ਲਈ ਭੇਜੀ ਹੋਈ ਕੱਚੀ-ਪੱਕੀ ਰਸਦ ਵਾਲੀ ਟਰਾਲੀ ਉੱਤੇ ਆਪਣੀ ਫੋਟੋ ਵਾਲਾ ਬੈਨਰ ਅਤੇ ਪਾਰਟੀ ਦਾ ਝੰਡਾ ਲਾਉਣਾ ਨਹੀਂ ਭੁੱਲਿਆ। ਇੱਕ ਨੇਤਾ ਨੇ ਪਸ਼ੂਆਂ ਦਾ ਚਾਰਾ ਭੇਜਣ ਦਾ ਐਲਾਨ ਕਰਕੇ ਆਪਣੇ ਵੱਡੇ ਨੇਤਾ ਨੂੰ ਉਡੀਕਣਾ ਬਿਹਤਰ ਸਮਝਿਆ। ਚਾਰ ਦਿਨ ਬਾਅਦ ਪਹੁੰਚੇ ਉਸ ਨੇਤਾ ਜੀ ਨੇ ਆਪਣੇ ਭਾਸ਼ਣ ਵਿੱਚ ਕਿਹਾ, ‘‘ਐਨੇ ਚਾਰੇ ਦਾ ਬੰਦੋਬਸਤ ਕਰ ਲਿਆ ਹੈ। ਮੈਂ ਫਲਾਣਾ ਸਾਹਿਬ ਨੂੰ ਕਹਿ ਦਿੱਤਾ ਹੈ ਕਿ ਜੇ ਹੋਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸ ਦੇਣਾ, ਮੈਂ ਟਰੱਕ ਭੇਜ ਦਿਆਂਗਾ।’’
ਉਸ ਦੇ ਜੁਆਬ ਵਿੱਚ ਕਿਸੇ ਸੋਸ਼ਲ ਮਸਖ਼ਰੇ ਦੀ ਪੋਸਟ ਵੀ ਆ ਗਈ, ‘‘ਇਹ ਤਾਂ ਚੋਣਾਂ ਜਿੱਤਣ ਵੇਲੇ ਵੀ ਆਖਦਾ ਸੀ, ਇਸ ਵਾਰ ਜਿਤਾ ਕੇ ਸਾਨੂੰ ਸੈਂਟਰ ਵਿੱਚ ਭੇਜ ਦਿਓ, ਫਿਰ ਮੈਂ ਓਥੋਂ ਨੋਟਾਂ ਦੇ ਟਰੱਕ ਭਰ ਕੇ ਭੇਜਾਂਗਾ। ਉਹ ਟਰੱਕ ਤਾਂ ਹਾਲੇ ਤੱਕ ਵੀ ਨਹੀਂ ਆਏ, ਹੁਣ ਵਾਲੇ ਟਰੱਕ ਕਦੋਂ ਪਹੁੰਚਣੇ ਨੇ! ਟਰੱਕ ਨਾਲ ਈ ਲਈ ਆਉਂਦਾ ਦਿੱਲੀਓਂ ਦੂਰ ਤਾਂ ਨਹੀਂ ਸੀ ਇਹ ਥਾਂ।’’
ਇੱਕ ਸੱਜ-ਧੱਜ ਕੇ ਆਈ ਕਲਾਕਾਰ ਬੀਬੀ ਦਰਿਆਵਾਂ ਦੇ ਮੂੰਹ ਮੋੜਨ ਵਾਲਿਆਂ ਨੂੰ ਬੋਰੀ ਨਾਲ ਪਤਾ ਨਹੀਂ ਕਿਹੜੇ ਮਘੋਰੇ ਬੰਦ ਕਰਕੇ ਪਾਣੀ ਰੋਕਣ ਦੇ ਨੁਕਤੇ ਦੱਸ ਰਹੀ ਸੀ ਤੇ ਲੋਕ ਉਸ ਦਾ ਮੇਕਅੱਪ ਅਤੇ ਐਕਸ਼ਨ ਵੇਖ ਕੇ ਸੋਚੀਂ ਪਏ ਦਿਸ ਰਹੇ ਸਨ। ਬਹੁਤੇ ਨੇਤਾ ਵੀ ਇਕੱਠ ਵਿੱਚ ਖਲੋਅ ਕੇ ਬਿਆਨ ਦੇਣ, ਫੋਟੋ ਖਿਚਵਾਉਣ ਅਤੇ ਵੀਡੀਓ ਬਣਵਾਉਣ ਤੱਕ ਹੀ ਸੀਮਤ ਰਹੇ।
ਯੂ-ਟਿਊਬਰ, ਫੇਸਬੁੱਕੀਏ ਤੇ ਆਪੂੰ ਬਣਾਏ ਜਣੇ-ਖਣੇ ਚੈਨਲਾਂ ਵਾਲੇ ਹਰੇਕ ਦੇ ਮੂੰਹ ਅੱਗੇ ਮਾਈਕ ਕਰਦੇ ਵੇਖੇ ਸੁਣੇ ਗਏ,
‘‘ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ? ਫਲਾਣੇ ਨੇ ਆਹ ਬਿਆਨ ਦਿੱਤਾ ਤੁਸੀਂ ਇਸ ਬਾਰੇ ਕੀ ਕਹੋਗੇ ? ਇਸ ਆਫ਼ਤ ਵਾਸਤੇ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ?’’ ਆਦਿ। ਇੱਕ ਵੀਡੀਓ ਵਿੱਚ ਮੌਜੂਦਾ ਸਰਕਾਰ ਦੇ ਇੱਕ ਵਿਧਾਇਕ ਵੱਲੋਂ ਇਸ ਆਫ਼ਤ ਦੇ ਸਮੇਂ ਆਪਣੀ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਬਾਰੇ ਸੱਚ ਬੋਲਦਿਆਂ ਉਂਗਲ ਚੁੱਕਣ ਬਦਲੇ ਉਸ ਨੂੰ ਕੀ ਖਮਿਆਜ਼ਾ ਭੁਗਤਣਾ ਪਵੇ ਪਤਾ ਨਹੀਂ? ਮੀਡੀਆ ਨੇ ਇੱਕ ਅਫ਼ਸਰ ਬੀਬੀ ਨੂੰ ਬਹੁਤ ਹੀ ਹਾਈਲਾਈਟ ਕੀਤਾ। ਬੇਸ਼ੱਕ ਉਹ ਆਪਣੀ ਡਿਊਟੀ ਕਰਦੀ ਲੋਕਾਂ ਦੇ ਦਿਲ ਜਿੱਤ ਰਹੀ ਸੀ, ਪਰ ਹੋਰ ਛੋਟੇ ਸਹਿਯੋਗੀ ਅਫ਼ਸਰ ਮੀਡੀਆ ਦੇ ਨਜ਼ਰੀਂ ਨਹੀਂ ਪਏ, ਜਦ ਕਿ ਉਨ੍ਹਾਂ ਦਾ ਕੰਮ ਵੀ ਸ਼ਲਾਘਾਯੋਗ ਸੀ।
ਅਜਿਹੇ ਸਮੇਂ ਕਈ ਜ਼ਿੰਮੇਵਾਰ ਲੀਡਰਾਂ ਵੱਲੋਂ ਅਜੀਬੋ-ਗਰੀਬ ਢੰਗ ਨਾਲ ਦੂਜਿਆਂ ਉੱਤੇ ਦੋਸ਼ ਲਗਾਉਣਾ ਵਧੀਆ ਨਹੀਂ ਲੱਗਾ। ਇਸ ਮੁਲਕ ਵਾਸਤੇ ਪੰਜਾਬੀ ਹਰ ਮੁਹਾਜ਼ ’ਤੇ ਹਮੇਸ਼ਾਂ ਕੰਧ ਬਣ ਕੇ ਖਲੋਤੇ ਹਨ, ਪਰ ਮੁਲਕ ਦੇ ਸਾਂਝੇ ਲੀਡਰਾਂ ਨੇ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ। ਜੇ ਕੁਝ ਕਿਹਾ ਤਾਂ ਉਹ ਵੀ ਦੇਰ ਨਾਲ। ਪੰਜਾਬ ਦੇ ਇੱਕ ਨੇਤਾ ਦੇ ਪੁਰਖੇ ਚਿਰਾਂ ਤੋਂ ਪੰਜਾਬ ਦੇ ਮੋਹਰੀ ਰਹੇ, ਪਰ ਉਸ ਨੇ ਕੇਂਦਰ ਨਾਲ ਪਾਈ ਨਵੀਂ-ਨਵੀਂ ਯਾਰੀ ਨਿਭਾਉਂਦੇ ਹੋਏ ਏਨਾ ਹੀ ਕਿਹਾ, ‘‘ਜੇ ਪੰਜਾਬ ਨੂੰ ਮਦਦ ਚਾਹੀਦੀ ਹੈ ਤਾਂ ਉਹ ਕੇਂਦਰ ਸਰਕਾਰ ਤੋਂ ਮੰਗ ਕਰੇ।’’ ਇਹ ਆਖਦਾ ਉਹ ਭੁੱਲ ਗਿਆ ਕਿ ਪੰਜਾਬ ਹੱਥ ਅੱਡਣਾ ਨਹੀਂ ਜਾਣਦਾ, ਅੱਡੇ ਹੱਥਾਂ ’ਤੇ ਕੁਝ ਧਰਨਾ ਜਾਣਦਾ ਹੈ। ਸਦਕੇ ਜਾਈਏ ਪੰਜਾਬ ਦੇ ਜਾਏ ਕਲਾਕਾਰਾਂ ਅਤੇ ਹੋਰ ਵਿੱਤੀ ਮਦਦ ਦੇਣ ਵਾਲਿਆਂ ਦੇ ਜਿਨ੍ਹਾਂ ਨੇ ਇਹ ਸਿੱਧ ਕਰ ਦਿੱਤਾ ਕਿ ਪੰਜਾਬ ਦੇ ਜੰਮਿਆਂ ਨੂੰ ਆਫ਼ਤਾਂ ਨਾਲ ਮੱਥਾ ਲਾਉਣਾ ਤੇ ਮੂੰਹ ਮੋੜਨਾ ਵੀ ਆਉਂਦਾ ਹੈ। ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਹੜ੍ਹ ਦੇ ਪਾਣੀ ਨੂੰ ਚੀਰਦਿਆਂ ਹੜ੍ਹ ਪੀੜਤਾਂ ਤੱਕ ਮਦਦ ਲੈ ਕੇ ਪਹੁੰਚਣ ਵਾਲੇ ਗੱਭਰੂਆਂ ਨੂੰ ਸਲੂਟ ਹੈ।
ਪਾਣੀ ਦਾ ਚੱਕਰ ਕੁਦਰਤੀ ਵਰਤਾਰਾ ਹੈ। ਇਹ ਰੁਕ ਨਹੀਂ ਸਕਦਾ। ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਪਵੇਗਾ ਕਿ ਇਸ ਤਬਾਹੀ ਲਈ ਅਸੀਂ ਖ਼ੁਦ ਕਿੰਨੇ ਕੁ ਜ਼ਿੰਮੇਵਾਰ ਹਾਂ। ਅਖੀਰ ਵਿੱਚ ਇਹੀ ਕਹਿਣਾ ਬਣਦਾ ਹੈ ਕਿ ਇਸ ਮੌਕੇ ਸਿਆਸਤ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਨੂੰ ਪਹਿਲ ਦੇਣੀ ਬਣਦੀ ਹੈ। ਸਿਆਸਤ ਕਰਦਿਆਂ ਨੇਤਾ ਆਪਣੇ ਆਪ ਨੂੰ ਜਿੰਨਾ ਮਰਜ਼ੀ ਦਾਤੇ ਅਖਵਾਉਣ ਦੀ ਕੋਸ਼ਿਸ਼ ਕਰਨ, ਪਰ ਜ਼ਿੰਦਗੀ ਦੇ ਅਸਲ ਨਾਇਕਾਂ ਨੂੰ ਪਛਾਣੇ ਬਗੈਰ ਬੇੜਾ ਪਾਰ ਨਹੀਂ ਹੋਣ ਲੱਗਾ ਕਿਉਂਕਿ ਆਮ ਲੋਕ ਹੀ ਲੋਕਾਈ ਦੇ ਅਸਲ ਨਾਇਕ ਬਣ ਕੇ ਉੱਭਰਦੇ ਹਨ। ਜਿੰਨਾ ਚਿਰ ਪੰਜਾਬੀ ਆਪਣੀ ਸੂਰਬੀਰਾਂ ਵਾਲੀ ਵਿਰਾਸਤ ਸਾਂਭੀ ਰੱਖਣਗੇ, ਓਨਾ ਚਿਰ ਵੱਡੀ ਤੋਂ ਵੱਡੀ ਆਫ਼ਤ ਵੀ ਇਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀ।
ਸੰਪਰਕ: 94656-56214