ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੱਭਿਆਚਾਰਕ ਗਾਇਕੀ ਦਾ ਝੰਡਾਬਰਦਾਰ ਸੀ ਰਾਜਵੀਰ ਜਵੰਦਾ

ਅੱਜ ਜਦੋਂ ਹਥਿਆਰਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਦੀ ਹਨੇਰੀ ਝੁੱਲ ਰਹੀ ਹੈ ਤਾਂ ਅਜਿਹੇ ਸਮੇਂ ਵਿੱਚ ਰਾਜਵੀਰ ਸਿੰਘ ਜਵੰਦਾ ਸੱਂਭਿਆਚਾਰਕ ਗਾਇਕੀ ਦਾ ਝੰਡਾਬਰਦਾਰ ਸੀ। ਹਮੇਸ਼ਾਂ ਵਾਦ ਵਿਵਾਦ ਤੋਂ ਦੂਰ ਰਹਿਣ ਵਾਲੇ ਇਸ ਸੁਨੱਖੇ ਗਾਇਕ ਨੇ ਪਰਿਵਾਰਕ ਗੀਤਾਂ...
Advertisement

ਅੱਜ ਜਦੋਂ ਹਥਿਆਰਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਦੀ ਹਨੇਰੀ ਝੁੱਲ ਰਹੀ ਹੈ ਤਾਂ ਅਜਿਹੇ ਸਮੇਂ ਵਿੱਚ ਰਾਜਵੀਰ ਸਿੰਘ ਜਵੰਦਾ ਸੱਂਭਿਆਚਾਰਕ ਗਾਇਕੀ ਦਾ ਝੰਡਾਬਰਦਾਰ ਸੀ। ਹਮੇਸ਼ਾਂ ਵਾਦ ਵਿਵਾਦ ਤੋਂ ਦੂਰ ਰਹਿਣ ਵਾਲੇ ਇਸ ਸੁਨੱਖੇ ਗਾਇਕ ਨੇ ਪਰਿਵਾਰਕ ਗੀਤਾਂ ਨੂੰ ਤਰਜੀਹ ਦਿੱਤੀ। ਉਸ ਦੇ ਸ਼ੁਭਚਿੰਤਕਾਂ ਦੀ ਅਥਾਹ ਗਿਣਤੀ ਮਾਰ ਧਾੜ ਵਾਲੀ ਗਾਇਕੀ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕਾਂ ਦੇ ਅਜਿਹੇ ਦਾਅਵਿਆਂ ਨੂੰ ਝੁਠਲਾਉਂਦੀ ਹੈ ਜੋ ਕਹਿੰਦੇ ਹਨ ਕਿ ਸਰੋਤੇ ਜਿਸ ਤਰ੍ਹਾਂ ਦੇ ਗੀਤ ਪਸੰਦ ਕਰਦੇ ਹਨ, ਉਹ ਉਵੇਂ ਦੇ ਹੀ ਗੀਤ ਗਾਉਂਦੇ ਹਨ।

ਉਸ ਦੀ ਗਾਇਕੀ ਦੀ ਵੱਖਰੀ ਅਤੇ ਸਾਫ਼ ਸੁਥਰੀ ਸ਼ੈਲੀ ਕਾਰਨ ਹੀ ਉਸ ਦੇ ਦੇਹਾਂਤ ਨਾਲ ਇਕੱਲਾ ਉਸ ਦਾ ਪਰਿਵਾਰ ਹੀ ਨਹੀਂ ਸਗੋਂ ਆਮ ਵਿਅਕਤੀ ਵੀ ਦੁਖੀ ਹੈ। ਉਹ ਆਪਣੀ ਸੁਰੀਲੀ ਤੇ ਸਾਫ਼ ਸੁਥਰੀ ਲੋਕ ਗਾਇਕੀ ਕਰਕੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਵੱਸਿਆ ਰਹੇਗਾ। ਅਜੇ ਤਾਂ ਉਸ ਨੇ ਨਵੇਂ ਕੀਰਤੀਮਨ ਸਥਾਪਿਤ ਕਰਨੇ ਸਨ, ਪਰ ਭਰ ਜਵਾਨੀ ਵਿੱਚ ਬਿਨ ਖਿੜਿਆਂ ਹੀ ਇਹ ਬਹੁ-ਰੰਗਾ ਖ਼ੁਸ਼ਬੋਆਂ ਵੰਡਦਾ ਫੁੱਲ ਮੁਰਝਾ ਗਿਆ।

Advertisement

ਰਾਜਵੀਰ ਸਿੰਘ ਜਵੰਦਾ ਦੇ ਗੀਤ ਸਾਫ਼ ਸੁਥਰੇ ਅਤੇ ਘਰ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਦੇ ਹਨ। ਬਹੁਤੇ ਗੀਤ ਉਹ ਆਪ ਹੀ ਲਿਖਦਾ ਤੇ ਆਪ ਹੀ ਗਾਉਂਦਾ ਸੀ। ਅੱਜਕੱਲ੍ਹ ਦੇ ਬਹੁਅਰਥੀ ਗੀਤਾਂ ਨੂੰ ਗਾਉਣ ਤੋਂ ਉਸ ਨੇ ਪ੍ਰਹੇਜ਼ ਕੀਤਾ। ਉਹ ਅਜੋਕੀ ਧੂਮ ਧੜੱਕੇ ਵਾਲੀ ਗਾਇਕੀ ਤੋਂ ਕੋਹਾਂ ਦੂਰ ਰਿਹਾ, ਜਿਸ ਕਰਕੇ ਉਸ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਬੇਸ਼ੁਮਾਰ ਹੈ। ਉਹ ਇੱਕ ਅਜਿਹਾ ਗਾਇਕ ਸੀ, ਜਿਸ ਦੇ ਲਗਪਗ ਹਰ ਰੋਜ਼ ਪ੍ਰੋਗਰਾਮ ਲੱਗਦੇ ਰਹਿੰਦੇ ਸਨ। ਉਸ ਦੇ ਪ੍ਰੋਗਰਾਮ ਦੀਆਂ ਟਿਕਟਾਂ ਮਿਲਣੀਆਂ ਔਖੀਆਂ ਹੁੰਦੀਆਂ ਸਨ। ਉਸ ਦੀ ਇੱਕ ਹੋਰ ਵਿਲੱਖਣਤਾ ਸੀ ਕਿ ਉਸ ਨੇ ਕਦੇ ਵੀ ਕੋਈ ਗੰਨਮੈਨ ਨਹੀਂ ਰੱਖਿਆ ਸੀ। ਉਹ ਇੰਨੀ ਛੋਟੀ ਉਮਰ ਵਿੱਚ ਹੀ ਨਾਮਣਾ ਖੱਟ ਗਿਆ, ਇਹੋ ਉਸ ਦੀ ਕਮਾਈ ਹੈ।

ਪੁਲੀਸ ਦੀ ਨੌਕਰੀ ਉਸ ਨੂੰ ਰਾਸ ਨਹੀਂ ਆਈ, ਹਾਲਾਂਕਿ ਪੁਲੀਸ ਵਿਭਾਗ ਦੇ ਅਧਿਕਾਰੀ ਉਸ ਨੂੰ ਨੌਕਰੀ ਛੱਡਣ ਤੋਂ ਰੋਕਦੇ ਰਹੇ। ਉਸ ਦਾ ਪਿਤਾ ਵੀ ਨਹੀਂ ਚਾਹੁੰਦਾ ਸੀ ਕਿ ਉਹ ਪੁਲੀਸ ਦੀ ਨੌਕਰੀ ਛੱਡੇ, ਪ੍ਰੰਤੂ ਉਹ ਆਖ਼ਰ ਪੁਲੀਸ ਦੀ ਨੌਕਰੀ ਛੱਡ ਕੇ ਹੀ ਹਟਿਆ ਅਤੇ ਪੂਰੀ ਤਰ੍ਹਾਂ ਗਾਇਕੀ ਨੂੰ ਸਮਰਪਿਤ ਹੋ ਗਿਆ।

ਰਾਜਵੀਰ ਜਵੰਦਾ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੋਨਾ ਵਿਖੇ ਕਰਮ ਸਿੰਘ ਜਵੰਦਾ ਅਤੇ ਪਰਮਜੀਤ ਕੌਰ ਦੇ ਘਰ ਹੋਇਆ। ਗਾਇਕੀ ਉਸ ਲਈ ਪ੍ਰਮਾਤਮਾ ਦੀ ਬਖ਼ਸ਼ਿਸ਼ ਸੀ ਕਿਉਂਕਿ ਪਰਿਵਾਰ ਦਾ ਇਸ ਖੇਤਰ ਨਾਲ ਕੋਈ ਰਿਸ਼ਤਾ ਨਹੀਂ ਸੀ। ਮਹਿਜ਼ ਗਿਆਰਾਂ ਸਾਲ ਦੀ ਉਮਰ ਵਿੱਚ ਹੀ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸਕੂਲ ਦੀਆਂ ਸੱਭਿਆਚਾਰਕ ਸਰਗਰਮੀਆਂ ਵਿੱਚ ਉਹ ਹਮੇਸ਼ਾਂ ਮੋਹਰੀ ਭੂਮਿਕਾ ਨਿਭਾਉਂਦਾ ਰਿਹਾ। ਪੜ੍ਹਾਈ ਦੌਰਾਨ ਹੀ ਉਸ ਨੇ ਉਸਤਾਦ ਲਾਲੀ ਖ਼ਾਨ ਕੋਲੋਂ ਗਾਇਕੀ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। ਦਸ ਸਾਲ ਉਹ ਸੰਗੀਤਕ ਜਗਤ ਵਿੱਚ ਸਥਾਪਿਤ ਹੋਣ ਲਈ ਜੱਦੋਜਹਿਦ ਕਰਦਾ ਰਿਹਾ। ਫਿਰ ਉਹ ਅਜਿਹਾ ਸਥਾਪਿਤ ਹੋਇਆ ਕਿ ਲੋਕਾਂ ਨੇ ਉਸ ਦੀ ਗਾਇਕੀ ਨੂੰ ਪ੍ਰਵਾਨ ਕਰਕੇ ਉਸ ਨੂੰ ਆਪਣੀਆਂ ਅੱਖਾਂ ਦਾ ਤਾਰਾ ਬਣਾ ਲਿਆ। ਲਾਲ ਚੰਦ ਯਮਲਾ ਜੱਟ ਦੀ ਗਾਇਕੀ ਦਾ ਕਾਇਲ ਹੋਣ ਕਰਕੇ ਉਸ ਨੇ ਤੂੰਬੀ ਵਜਾਉਣ ਨੂੰ ਤਰਜੀਹ ਦਿੱਤੀ। ਕਾਲਜ ਸਮੇਂ ਉਹ ਅੰਤਰ ਕਾਲਜ ਯੁਵਕ ਮੇਲਿਆਂ ਦਾ ਸ਼ਿੰਗਾਰ ਹੁੰਦਾ ਸੀ। ਪੋਸਟ ਗ੍ਰੈਜੂਏਸ਼ਨ ਲਈ 2007 ਵਿੱਚ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖਲਾ ਲਿਆ। ਇੱਥੇ ਉਸ ਨੇ ਥੀਏਟਰ ਤੇ ਟੀ.ਵੀ. ਦੀ ਪੋਸਟ ਗ੍ਰੈਜੂਏਸ਼ਨ ਕੀਤੀ। ਉਸ ਤੋਂ ਬਾਅਦ ਫਿਰ ਉਹ ਮੁਕਾਬਲੇ ਦੇ ਇਮਤਿਹਾਨ ਰਾਹੀਂ ਪੰਜਾਬ ਪੁਲੀਸ ਵਿੱਚ ਭਰਤੀ ਹੋ ਗਿਆ। ਲਗਪਗ ਨੌਂ ਸਾਲ ਉਸ ਨੇ ਪੁਲੀਸ ਵਿਭਾਗ ਵਿੱਚ ਨੌਕਰੀ ਕੀਤੀ। ਉਹ ਭਾਂਤ ਸੁਭਾਂਤ ਦੇ ਮੋਟਰ ਸਾਈਕਲਾਂ ਅਤੇ ਟਰੈਕਿੰਗ ਦਾ ਸ਼ੌਕੀਨ ਸੀ।

ਪਹਿਲੀ ਵਾਰ ਉਸ ਦਾ ਗੀਤ 2007 ਵਿੱਚ ਯੂਟਿਊਬ ’ਤੇ ਆਇਆ ਸੀ। 2016 ਵਿੱਚ ‘ਮੁਕਾਬਲਾ’ ਅਤੇ 2017 ਵਿੱਚ ‘ਕੰਗਣੀ’ ਗੀਤ ਨਾਲ ਉਸ ਦੀ ਮਕਬੂਲੀਅਤ ਵਧ ਗਈ। ਰਾਜਵੀਰ ਜਵੰਦਾ ਦੇ ‘ਕਲੀ ਜਵੰਦੇ ਦੀ’, ‘ਦੁੱਗ ਦੁੱਗ ਵਾਲੇ ਯਾਰ’, ‘ਮੁਕਾਬਲਾ’, ‘ਪਟਿਆਲਾ ਸ਼ਾਹੀ ਪੱਗ’, ‘ਕੇਸਰੀ ਝੰਡੇ’, ‘ਸ਼ਾਨਦਾਰ’, ‘ਸ਼ੌਕੀਨ’, ‘ਲੈਂਡ ਲਾਰਡ’, ‘ਸਰਨੇਮ’ ਅਤੇ ‘ਕੰਗਣੀ’ ਗੀਤ ਹਿੱਟ ਹੋ ਗਏ। ਉਸ ਤੋਂ ਬਾਅਦ ਤਾਂ ਉਹ ਸੰਗੀਤ ਪ੍ਰੇਮੀਆਂ ਦਾ ਚਹੇਤਾ ਬਣ ਗਿਆ। ਗਾਇਕੀ ਤੋਂ ਇਲਾਵਾ ਰਾਜਵੀਰ ਨੇ ਅਦਾਕਾਰੀ ਦੇ ਖੇਤਰ ਵਿੱਚ ਵੀ ਕਦਮ ਰੱਖਿਆ ਅਤੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਸਭ ਤੋਂ ਪਹਿਲਾਂ ਉਹ 2018 ਵਿੱਚ ਪੰਜਾਬੀ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਵਿੱਚ ਨਜ਼ਰ ਆਇਆ ਜੋ ਪਰਮ ਵੀਰ ਚੱਕਰ ਐਵਾਰਡੀ ਸੂਬੇਦਾਰ ਜੋਗਿੰਦਰ ਸਿੰਘ ’ਤੇ ਆਧਾਰਿਤ ਸੀ। ਇਸ ਤੋਂ ਬਾਅਦ ਉਹ ਫਿਲਮ ‘ਜਿੰਦ ਜਾਨ’ ਅਤੇ ‘ਮਿੰਦੋ ਤਸਲੀਦਾਰਨੀ’ ਵਿੱਚ ਨਜ਼ਰ ਆਇਆ।

ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਉਹ ਬਹੁਤ ਸਾਹਸੀ ਕਿਸਮ ਦਾ ਨੌਜਵਾਨ ਸੀ। ਉਹ ਅਕਸਰ ਮੋਟਰ ਸਾਈਕਲ ’ਤੇ ਪਹਾੜਾਂ ਦੀ ਸੈਰ ਕਰਨ ਜਾਂਦਾ ਸੀ। ਉਸ ਦਾ ਜ਼ਿੰਦਗੀ ਨੂੰ ਮਾਣਨ ਦਾ ਸੁਭਾਅ ਸੀ। ਉਹ ਕਹਿੰਦਾ ਹੁੰਦਾ ਸੀ ਕਿ ਜ਼ਿੰਦਗੀ ਜਿਊਣੀ ਚਾਹੀਦੀ ਹੈ, ਆਨੰਦ ਲੈਣਾ ਚਾਹੀਦਾ ਹੈ। ਉਹ ਜ਼ਿੰਦਗੀ ਦਾ ਆਨੰਦ ਮਾਣਦਾ ਵੀ ਰਿਹਾ ਹੈ। ਉਹ ਮਨਮਰਜ਼ੀ ਵਾਲਾ ਅਲਬੇਲਾ ਗੱਭਰੂ ਸੀ, ਪ੍ਰੰਤੂ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਸ ਦਾ ਸ਼ੌਕ ਹੀ ਉਸ ਦੀ ਜਾਨ ਲੈ ਕੇ ਜਾਵੇਗਾ।

ਸੰਪਰਕ: 94178-13072

Advertisement
Show comments