ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਾਹ ਦਸੇਰਾ ਬਣਦਾ ਪੰਜਾਬੀ ਸੱਭਿਆਚਾਰ

ਬਹਾਦਰ ਸਿੰਘ ਗੋਸਲ ਪੰਜਾਬੀ ਸੱਭਿਆਚਾਰ ਬਹੁਤ ਵਿਲੱਖਣ ਅਤੇ ਖ਼ੁਸ਼ੀਆਂ ਪ੍ਰਦਾਨ ਕਰਨ ਵਾਲਾ ਹੈ। ਇਸ ਨੇ ਪੰਜਾਬੀਆਂ ਦੇ ਮਨਾਂ ਨੂੰ ਮੋਹ ਕੇ ਉਨ੍ਹਾਂ ਦੇ ਜੀਵਨ ਦੀਆਂ ਹਰ ਤਰ੍ਹਾਂ ਦੀਆਂ ਘਟਨਾਵਾਂ ਨੂੰ ਦਰਸਾਉਣ ਦਾ ਯਤਨ ਕੀਤਾ ਹੈ। ਪੰਜਾਬੀ ਸੱਭਿਆਚਾਰ ਦੀ ਇਹ ਖਾਸੀਅਤ...
Advertisement
ਬਹਾਦਰ ਸਿੰਘ ਗੋਸਲ

ਪੰਜਾਬੀ ਸੱਭਿਆਚਾਰ ਬਹੁਤ ਵਿਲੱਖਣ ਅਤੇ ਖ਼ੁਸ਼ੀਆਂ ਪ੍ਰਦਾਨ ਕਰਨ ਵਾਲਾ ਹੈ। ਇਸ ਨੇ ਪੰਜਾਬੀਆਂ ਦੇ ਮਨਾਂ ਨੂੰ ਮੋਹ ਕੇ ਉਨ੍ਹਾਂ ਦੇ ਜੀਵਨ ਦੀਆਂ ਹਰ ਤਰ੍ਹਾਂ ਦੀਆਂ ਘਟਨਾਵਾਂ ਨੂੰ ਦਰਸਾਉਣ ਦਾ ਯਤਨ ਕੀਤਾ ਹੈ। ਪੰਜਾਬੀ ਸੱਭਿਆਚਾਰ ਦੀ ਇਹ ਖਾਸੀਅਤ ਰਹੀ ਹੈ ਕਿ ਇਸ ਨੇ ਪੰਜਾਬੀ ਪਰਿਵਾਰਾਂ ਦੇ ਹਰ ਦੁੱਖ-ਸੁੱਖ ਦੀ ਗੱਲ ਕੀਤੀ ਹੈ। ਜੇ ਕਿਸੇ ਪਰਿਵਾਰ ਵਿੱਚ ਖ਼ੁਸ਼ੀਆਂ ਜਾਂ ਵਿਆਹ ਦਾ ਸਮਾਂ ਆਇਆ ਹੈ ਤਾਂ ਇਸ ਨੇ ਰੱਜ ਕੇ ਉਸ ਪਰਿਵਾਰ ਦੀਆਂ ਖ਼ੁਸ਼ੀਆਂ ਵਿੱਚ ਵਾਧਾ ਕੀਤਾ। ਜੇ ਕਿਤੇ ਕਿਸੇ ਪਰਿਵਾਰ ਵਿੱਚ ਕੋਈ ਗ਼ਮੀ ਦਾ ਕਾਰਨ ਬਣਿਆ ਤਾਂ ਵੀ ਸਾਡੇ ਪੰਜਾਬੀ ਸੱਭਿਆਚਾਰ ਨੇ ਉਸ ਦੁੱਖ ਨੂੰ ਘੱਟ ਕਰਨ ਜਾਂ ਸਮਾਜਿਕ ਸਾਂਝ ਦਾ ਹਿੱਸਾ ਬਣਾਇਆ ਹੈ।

ਇਹ ਪੰਜਾਬੀ ਸੱਭਿਆਚਾਰ ਦਾ ਹੀ ਰੰਗ ਹੈ ਕਿ ਪੇਂਡੂ ਜੀਵਨ ਵਿੱਚ ਬੱਚੇ, ਬੁੱਢੇ, ਨੌਜਵਾਨ ਅਤੇ ਮੁਟਿਆਰਾਂ ਸਭ ਇਸ ਦੀ ਵਿਲੱਖਣ ਦ੍ਰਿਸ਼ਟੀ ਦਾ ਪਾਤਰ ਬਣਦੇ ਹਨ। ਛੋਟੀਆਂ ਬੱਚੀਆਂ ਵੱਲੋਂ ਗੁੱਡੇ-ਪਟੋਲਿਆਂ ਨਾਲ ਖੇਡਣ ਤੋਂ ਲੈ ਕੇ ਵੱਡੀ ਉਮਰ ਦੇ ਬਾਬਿਆਂ ਤੱਕ ਪੰਜਾਬੀ ਸੱਭਿਆਚਾਰ ਨੇ ਸਭ ਨੂੰ ਆਪਣੀ ਬੁੱਕਲ ਵਿੱਚ ਸਮੇਟਣ ਦਾ ਯਤਨ ਕੀਤਾ ਹੈ। ਇਹੀ ਕਾਰਨ ਹੈ ਕਿ ਹਰ ਉਮਰ ਦੇ ਮਨੁੱਖ ਨੇ ਪੰਜਾਬੀ ਪੇਂਡੂ ਸੱਭਿਆਚਾਰ ਦੀਆਂ ਰੰਗੀਨੀਆਂ ਨੂੰ ਮਾਣਿਆ ਹੈ।

Advertisement

ਪੰਜਾਬੀ ਸੱਭਿਆਚਾਰ ਨੇ ਜਿੱਥੇ ਮਨੁੱਖੀ ਸਮਾਜ ਨੂੰ ਰੰਗੀਲਾ ਬਣਾਇਆ ਹੈ, ਉੱਥੇ ਹੀ ਸਮੇਂ-ਸਮੇਂ ’ਤੇ ਮਨੁੱਖ ਨੂੰ ਮਾੜੇ ਕੰਮਾਂ ਤੋਂ ਵਰਜਦੇ ਹੋਏ ਅਪਾਰ ਸਿੱਖਿਆ ਵੀ ਦਿੱਤੀ ਹੈ ਤਾਂ ਕਿ ਪੰਜਾਬੀ ਸਮਾਜ ਨਰੋਆ, ਨਿੱਗਰ ਅਤੇ ਸਮਾਜਿਕ ਤੰਦਰੁਸਤੀ ਵਾਲਾ ਬਣਿਆ ਰਹੇ। ਪੰਜਾਬੀ ਸੱਭਿਆਚਾਰ ਵੱਲੋਂ ਮਨੁੱਖਾਂ ਨੂੰ ਦਿੱਤੀ ਮੱਤ ਸਾਡੇ ਇਸ ਰੰਗੀਲੇ ਸੱਭਿਆਚਾਰ ਵਿੱਚ ਉਬਾਲੇ ਖਾਂਦੀ ਨਜ਼ਰ ਆ ਰਹੀ ਹੈ। ਜਿਵੇਂ ਜਦੋਂ ਸਮਾਜ ਵਿੱਚ ਅਨਿਆਂ ਦਾ ਪ੍ਰਕੋਪ ਵਧਿਆ ਤਾਂ ਝੱਟ ਇਸ ਨੇ ਮੁੰਡਿਆਂ ਨੂੰ ਵੰਗਾਰਿਆ ਅਤੇ ਸਿੱਖਿਆ ਦੇਣ ਦਾ ਬੀੜਾ ਚੁੱਕ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਸਮਝਾਇਆ;

ਜੇ ਮੁੰਡਿਓ ਮਲਵੈਣ-ਜੱਟੀ ਨੂੰ ਵਿਆਹੁਣਾ

ਭੰਗ, ਡੋਡੇ ਖਾਣੇ ਕਰੋ ਬੰਦ ਮੁੰਡਿਓ

ਨਹੀਂ ਤਾਂ ਰਹਿ ਜਾਓਗੇ ਛੜੇ ਮਲੰਗ ਮੁੰਡਿਓ।

ਇਸੇ ਤਰ੍ਹਾਂ ਜਦੋਂ ਪੰਜਾਬੀ ਸਮਾਜ ਵਿੱਚ ਨਵਾਂ ਦੁਖਾਂਤ ਆਇਆ ਕਿ ਪੰਜਾਬ ਵਿੱਚ ਕੁੜੀਆਂ ਦੀ ਗਿਣਤੀ ਘਟਣ ਲੱਗੀ ਅਤੇ ਸਰਕਾਰਾਂ ਸਮੇਤ ਪੂਰਾ ਸਮਾਜ ਹੀ ਚਿੰਤਾ ਵਿੱਚ ਡੁੱਬ ਗਿਆ ਤਾਂ ਪੰਜਾਬੀ ਸੱਭਿਆਚਾਰ ਮਸਲੇ ਦੇ ਹੱਲ ਲਈ ਅੱਗੇ ਆਇਆ ਅਤੇ ਅਜਿਹੀ ਹੂਕ ਦਿੱਤੀ ਕਿ ਸਮਾਜ ਦੀਆਂ ਅੱਖਾਂ ਹੀ ਖੋਲ੍ਹ ਦੇਣ:

ਥਾਲੀ ਥਾਲੀ ਥਾਲੀ ਬਈ

70 ਮੁੰਡਿਆਂ ਪਿੱਛੇ ਹੁਣ ਤਾਂ

ਕੁੜੀਆਂ ਰਹਿ ਗਈਆਂ ਚਾਲੀ

ਬਈ ਕੁੜੀਆਂ ਬਾਝ ਨਾ ਗਿੱਧੇ ਸੋਂਹਦੇ

ਨਾ ਗਿੱਧਿਆਂ ਵਿੱਚ ਤਾੜੀ

ਮੁੰਡਿਓ ਨਹੀਂ ਲੱਭਣੀ

ਨਾ ਮਾਸੀ ਨਾ ਸਾਲੀ।

ਇਸੇ ਤਰ੍ਹਾਂ ਪੁਰਾਣੇ ਸਮਿਆਂ ਵਿੱਚ ਸਮਾਜ ਵਿੱਚ ਔਰਤ ਦਾ ਸਨਮਾਨ ਬੜਾ ਘੱਟ ਹੁੰਦਾ ਸੀ। ਘਰਾਂ ਪਰਿਵਾਰਾਂ ਵਿੱਚ ਵੀ ਔਰਤ ਨੂੰ ਕੰਮ ਧੰਦੇ ਵਿੱਚ ਲੱਗੀ ਰਹਿਣ ਵਾਲੀ ਸਮਝਿਆ ਜਾਂਦਾ ਸੀ। ਮਰਦ ਪ੍ਰਧਾਨ ਸਮਾਜ ਹੋਣ ਕਾਰਨ ਕਈ ਵਿਅਕਤੀ ਆਪਣੀ ਘਰਵਾਲੀ ’ਤੇ ਹੱਥ ਵੀ ਚੁੱਕ ਲੈਂਦੇ ਸਨ ਤਾਂ ਉਹ ਕਹਿੰਦੀਆਂ;

ਮਾਰਦਾ ਅੰਮੜੀਏ ਮਾਰਦਾ

ਕਿਹੜੀਆਂ ਗੱਲਾਂ ਤੋਂ ਧੀਏ ਮਾਰਦਾ

ਜੁੱਤੀ ਨਹੀਂਓ ਮਾਰਦਾ, ਉਹ ਥੱਪੜ ਨਹੀਂਓ ਮਾਰਦਾ

ਮਾਰਦਾ ਪੰਜਾਲੀ ਵਾਲਾ ਹੱਥਾ

ਪੰਜਾਲੀ ਟੁੱਟ ਜਾਊਗੀ ਮੂਰਖਾ ਵੇ ਜੱਟਾ।

ਇਸੇ ਤਰ੍ਹਾਂ ਹੀ ਜਦੋਂ ਕਿਸੇ ਘਰ ਆਈ ਨਵੀਂ ਵਹੁਟੀ ਦਾ ਪਤੀ ਕੱਬੇ ਸੁਭਾਅ ਦਾ ਮਾਲਕ ਹੁੰਦਾ ਸੀ ਤਾਂ ਉਸ ਦੀ ਘਰਵਾਲੀ ਅੰਦਰ ਹੀ ਅੰਦਰ ਉਸ ਦੇ ਮਾੜੇ ਸੁਭਾਅ ਨੂੰ ਕੋਸਦੀ ਰਹਿੰਦੀ ਅਤੇ ਆਪਣੀਆਂ ਰੀਝਾਂ ਨੂੰ ਮਨ ਵਿੱਚ ਹੀ ਸਮੇਟ ਰੱਖਦੀ, ਪਰ ਜਦੋਂ ਹਾਲਾਤ ਨਾਜ਼ੁਕ ਬਣ ਜਾਂਦੇ ਤਾਂ ਉਹ ਵੀ ਪੰਜਾਬੀ ਸੱਭਿਆਚਾਰ ਦਾ ਸਹਾਰਾ ਲੈਂਦੀ ਹੋਈ ਕਹਿੰਦੀ;

ਕਦੇ ਤਾਂ ਆ ਕੇ ਤੂੰ ਹੱਸਦਾ ਖੇਡਦਾ

ਕਦੇ ਤਾਂ ਆ ਕੇ ਨਾਲ ਨੱਚ ਮੁੰਡਿਆ

ਮੈਂ ਤਾਂ ਕੱਢ ਦੂੰਗੀ ਨੱਚ ਨੱਚ ਵੱਟ ਮੁੰਡਿਆ।

ਕਿਹਾ ਜਾਂਦਾ ਹੈ ਕਿ ਕਿਸੇ ਵੀ ਵਿਅਕਤੀ ਦਾ ਚਾਲ ਚੱਲਣ ਸਭ ਤੋਂ ਉੱਤਮ ਹੁੰਦਾ ਹੈ, ਪਰ ਜੇ ਕੋਈ ਵਿਅਕਤੀ ਆਪਣੇ ਚਾਲ ਚੱਲਣ ਤੋਂ ਡਿੱਗ ਪਵੇ ਤਾਂ ਉਸ ਦਾ ਸਮਾਜ ਵਿੱਚ ਰਹਿਣਾ ਮੁਸ਼ਕਿਲ ਬਣ ਜਾਂਦਾ ਹੈ। ਪਰਾਈਆਂ ਧੀਆਂ-ਭੈਣਾਂ ਅਤੇ ਬਿਗਾਨੀਆਂ ਨਾਰਾਂ ’ਤੇ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਪੰਜਾਬੀ ਸੱਭਿਆਚਾਰ ਸਦੀਆਂ ਤੋਂ ਹੀ ਸਮਝਾਉਂਦਾ ਆਇਆ ਹੈ ਅਤੇ ਇਸ ਲਈ ਆਵਾਜ਼ ਬੁਲੰਦ ਕੀਤੀ ਗਈ ਹੈ;

ਉੱਚਾ ਬੁਰਜ ਬਰੋਬਰ ਮੋਰੀ

ਦੀਵਾ ਕਿਸ ਵਿਧ ਧਰੀਏ

ਚਾਰੇ ਨੈਣ ਕਟਾ ਵੱਢ ਹੋ ਗੇ

ਹਾਮੀ ਕੀਹਦੀ ਭਰੀਏ

ਨਾਰ ਪਰਾਈ ਆਦਰ ਥੋੜ੍ਹਾ

ਗਲ਼ ਲੱਗ ਕੇ ਨਾ ਮਰੀਏ

ਨਾਰ ਬਿਗਾਨੀ ਦੀ-

ਬਾਂਹ ਨਾ ਮੂਰਖਾ ਫੜੀਏ

ਇੱਥੇ ਹੀ ਬਸ ਨਹੀਂ, ਮਨੁੱਖ ਦੇ ਚਰਿੱਤਰ ਨੂੰ ਉੱਚਾ ਅਤੇ ਸੁੱਚਾ ਬਣਾਉਣ ਲਈ ਪੰਜਾਬੀ ਸੱਭਿਆਚਾਰ ਨੇ ਜਿੱਥੇ ਵੱਡੀਆਂ ਸਿੱਖਿਆਵਾਂ ਦਿੱਤੀਆਂ ਹਨ, ਉੱਥੇ ਹੀ ਪੰਜਾਬੀਆਂ ਨੂੰ ਉਨ੍ਹਾਂ ਦੇ ਮਾਣ ਮੱਤੇ ਇਤਿਹਾਸ ਬਾਰੇ ਚੇਤੇ ਕਰਾਇਆ ਹੈ;

ਬੱਲੇ ਬੱਲੇ ਬਈ ਪੰਜ ਸੌ ਛਡਾਈਆਂ ਅਬਲਾਂ

ਖੰਡੇ ਖਿੱਚ ਕੇ ਜੈਕਾਰੇ ਸਿੰਘਾਂ ਬੋਲੇ।

ਪੰਜਾਬੀ ਸਮਾਜ ਵਿੱਚ ਝੂਠ ਬੋਲਣ, ਨਿੰਦਾ ਕਰਨ ਅਤੇ ਦੂਸ਼ਣਬਾਜ਼ੀ ਦੀ ਭਰਪੂਰ ਮਨਾਹੀ ਹੈ, ਇਸੇ ਲਈ ਪੰਜਾਬੀ ਸੱਭਿਆਚਾਰ ਵੀ ਇਸ ਦੀ ਹਾਮੀ ਭਰਦਾ ਨਜ਼ਰ ਆਉਂਦਾ ਹੈ ਅਤੇ ਝੂਠ ਤੋਂ ਦੂਰ ਰਹਿਣ ਦੀ ਸਾਰੇ ਮਨੁੱਖਾਂ ਨੂੰ ਮੱਤ ਦਿੰਦਾ ਹੈ;

ਕੀਹਨੇ ਤੈਨੂੰ ਭਰੀ ਚੁਕਾਈ, ਕਿਹਨੇ ਵੱਢੇ ਪੱਠੇ

ਝੂਠ ਬੋਲੀ ਨਾ, ਤਾਰਾ ਲੱਗਦਾ ਮੱਥੇ।

ਇਸੇ ਤਰ੍ਹਾਂ ਪੁਰਾਣੇ ਸਮੇਂ ਵਿੱਚ ਕੁੜੀਆਂ ਨੂੰ ਸਕੂਲ ਨਹੀਂ ਸੀ ਭੇਜਿਆ ਜਾਂਦਾ ਅਤੇ ਕੁੜੀਆਂ ਅਨਪੜ੍ਹ ਹੀ ਰਹਿ ਜਾਂਦੀਆਂ ਸਨ। ਫਿਰ ਕੁੜੀਆਂ ਦੀ ਪੜ੍ਹਾਈ ਲਈ ਪੰਜਾਬੀ ਸੱਭਿਆਚਾਰ ਨੇ ਤਕੜਾ ਹੰਭਲਾ ਮਾਰਿਆ ਅਤੇ ਕੁੜੀਆਂ ਨੂੰ ਪੜ੍ਹਨ ਲਈ ਪ੍ਰੇਰਿਆ;

ਪੜ੍ਹਲੋ ਕਿਤਾਬਾਂ ਪਾ ਲਓ ਵਿੱਦਿਆ

ਇਹ ਵੱਡਿਆਂ ਦਾ ਕਹਿਣਾ।

ਵਿੱਦਿਆ ਬਾਝ ਨਾ ਰਹਿੰਦਾ ਕੋਈ, ਨਾ ਕਿਸੇ ਨੇ ਰਹਿਣਾ

ਅਨਪੜ੍ਹ ਕੁੜੀਆਂ ਦਾ ਸਾਕ ਕਿਸੇ ਨਹੀਂ ਲੈਣਾ।

ਇਸੇ ਤਰ੍ਹਾਂ ਹੀ ਕੁੜੀਆਂ ਨੂੰ ਪੜ੍ਹਨ ਲਈ ਪ੍ਰੇਰਨ ਦੇ ਨਾਲ-ਨਾਲ ਜਦੋਂ ਪਿੰਡਾਂ ਵਿੱਚ ਫੈਸ਼ਨ ਨੇ ਪੈਰ ਪਸਾਰਨੇ ਸ਼ੁਰੂ ਕੀਤੇ ਤਾਂ ਪਿੰਡਾਂ ਦੀਆਂ ਕੁੜੀਆਂ ਵੀ ਇਸ ਤੋਂ ਅਭਿੱਜ ਨਾ ਰਹੀਆਂ। ਪਿੰਡਾਂ ਵਿੱਚ ਉਹ ਵੀ ਲੋੜ ਤੋਂ ਵੱਧ ਫੈਸ਼ਨ ਕਰਨ ਲੱਗੀਆਂ ਤਾਂ ਪੰਜਾਬੀ ਸੱਭਿਆਚਾਰ ਕੁਝ ਚਿੰਤਾ ਕਰਨ ਲੱਗਾ ਅਤੇ ਨਵੀਂ ਮੱਤ ਦੇਣ ਲਈ ਇੰਝ ਕਹਿਣ ਲੱਗਾ;

ਸੁਣ ਵੇ ਪਿੰਡ ਦਿਆ ਹਾਕਮਾਂ ਇਨ੍ਹਾਂ ਕੁੜੀਆਂ ਨੂੰ ਸਮਝਾ

ਚੁੰਨੀਆਂ ਰੰਗ ਬਿਰੰਗੀਆਂ ਨੇ ਲੈਂਦੀਆਂ ਗਲ ਵਿੱਚ ਪਾ

ਜਵਾਨੀ ਮਕਣ ਬੂਟੀ ਵੇ, ਹਾਣੀਆਂ ਸੰਭਲ ਕੇ ਵਰਤਾ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿੱਥੇ ਪੰਜਾਬੀ ਸੱਭਿਆਚਾਰ ਨੇ ਸਮਾਜ ਦੀਆਂ ਰੰਗੀਨੀਆਂ ਨੂੰ ਚਾਰ ਚੰਨ ਲਗਾਏ ਉੱਥੇ ਹੀ ਸਮਾਜ ਨੂੰ ਆਪਣੇ ਵਿਰਸੇ ਤੋਂ ਤਿਲ੍ਹਕਣ ਅਤੇ ਮਾੜੇ ਕੰਮਾਂ ਵੱਲ ਜਾਣ ਤੋਂ ਰੋਕਣ ਲਈ ਅਨੇਕ ਤਰ੍ਹਾਂ ਦੀ ਸਿੱਖਿਆ ਵੀ ਦਿੱਤੀ ਅਤੇ ਮਨੁੱਖ ਨੂੰ ਸਮਾਜ ਪ੍ਰਤੀ ਚੰਗੀ ਮੱਤ ਅਪਣਾਉਣ ਦੀ ਪ੍ਰੇਰਨਾ ਵੀ ਦਿੱਤੀ।

ਸੰਪਰਕ: 98764-52223

Advertisement