ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਵਾਇਤੀ ਗਾਇਕੀ ਨੂੰ ਪ੍ਰਣਾਇਆ ਰਾਗੀ ਹਰਮਿੰਦਰ ਸਿੰਘ ਜਲਾਲ

ਮਨੋਰੰਜਨ ਦੇ ਆਧੁਨਿਕ ਸਾਧਨਾਂ ਨੇ ਸਾਡੀਆਂ ਰਵਾਇਤੀ ਗਾਇਨ ਵੰਨਗੀਆਂ ਨੂੰ ਵੱਡੀ ਢਾਹ ਲਾਈ ਹੈ। ਇਨ੍ਹਾਂ ਵੰਨਗੀਆਂ ਵਿੱਚੋਂ ਤੂੰਬੇ ਜੋੜੀ ਦੀ ਗਾਇਕੀ ਦਾ ਕਿਸੇ ਸਮੇਂ ਪੰਜਾਬ ਵਿੱਚ ਪੂਰਾ ਬੋਲਬਾਲਾ ਸੀ। ਮੇਲਿਆਂ ਮੁਸਾਹਿਬਆਂ ਤੋਂ ਇਲਾਵਾ ਵਿਆਹਾਂ ਸ਼ਾਦੀਆਂ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ...
Advertisement

ਮਨੋਰੰਜਨ ਦੇ ਆਧੁਨਿਕ ਸਾਧਨਾਂ ਨੇ ਸਾਡੀਆਂ ਰਵਾਇਤੀ ਗਾਇਨ ਵੰਨਗੀਆਂ ਨੂੰ ਵੱਡੀ ਢਾਹ ਲਾਈ ਹੈ। ਇਨ੍ਹਾਂ ਵੰਨਗੀਆਂ ਵਿੱਚੋਂ ਤੂੰਬੇ ਜੋੜੀ ਦੀ ਗਾਇਕੀ ਦਾ ਕਿਸੇ ਸਮੇਂ ਪੰਜਾਬ ਵਿੱਚ ਪੂਰਾ ਬੋਲਬਾਲਾ ਸੀ। ਮੇਲਿਆਂ ਮੁਸਾਹਿਬਆਂ ਤੋਂ ਇਲਾਵਾ ਵਿਆਹਾਂ ਸ਼ਾਦੀਆਂ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ ’ਤੇ ਵੀ ਇਨ੍ਹਾਂ ਗਾਇਕਾਂ ਦੀ ਪੁੱਛ ਦੱਸ ਸੀ। ਹੌਲੀ ਹੌਲੀ ਨੌਜਵਾਨ ਪੀੜ੍ਹੀ ਇਸ ਤੋਂ ਦੂਰ ਹੁੰਦੀ ਗਈ। ਇਸ ਨੂੰ ਕੇਵਲ ਪੁਰਾਣੀ ਪੀੜ੍ਹੀ ਦੀ ਗਾਇਕੀ ਹੀ ਸਮਝਿਆ ਜਾਣ ਲੱਗਾ। ਇਸ ਦੇ ਬਾਵਜੂਦ ਤਸੱਲੀ ਵਾਲੀ ਗੱਲ ਇਹ ਹੈ ਕਿ ਪਿਛਲੇ ਦਸ-ਬਾਰਾਂ ਸਾਲਾਂ ਤੋਂ ਵਕਤ ਨੂੰ ਕੁਝ ਮੋੜਾ ਪਿਆ ਹੈ ਅਤੇ ਕਈ ਨੌਜਵਾਨ ਗਾਇਕ ਇਸ ਗਾਇਕੀ ਨਾਲ ਜੁੜੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹੈ ਰਾਗੀ ਹਰਮਿੰਦਰ ਸਿੰਘ ਜਲਾਲ।

ਹਰਮਿੰਦਰ ਸਿੰਘ ਜਲਾਲ ਸੰਭਾਵਨਾਵਾਂ ਭਰਪੂਰ ਗਾਇਕ ਹੈ। ਹਰਮਿੰਦਰ ਉਸੇ ਜਲਾਲ ਪਿੰਡ ਦਾ ਜੰਮਪਲ ਹੈ, ਜਿੱਥੋਂ ਦਾ ਜੰਮਪਲ ਮਰਹੂਮ ਗਾਇਕ ਕੁਲਦੀਪ ਮਾਣਕ ਸੀ। ਹਰਮਿੰਦਰ ਸਿੰਘ ਦਾ ਜਨਮ 6 ਅਪਰੈਲ 1986 ਨੂੰ ਪਿਤਾ ਸੁੱਚਾ ਸਿੰਘ ਤੇ ਮਾਤਾ ਵੀਰ ਕੌਰ ਦੇ ਘਰ ਹੋਇਆ। ਪਰਿਵਾਰ ਦਾ ਕਿੱਤਾ ਖੇਤੀਬਾੜੀ ਹੈ। ਹਰਮਿੰਦਰ ਦਾ ਬਚਪਨ ਆਮ ਪੇਂਡੂ ਮੁੰਡਿਆਂ ਦੀ ਤਰ੍ਹਾਂ ਬੀਤਿਆ। ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੀ ਸਿੱਖਿਆ ਉਸ ਨੇ ਆਪਣੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ। ਉਸ ਦੇ ਪਿਤਾ ਨੂੰ ‘ਗੌਣ’ ਸੁਣਨ ਦਾ ਬਹੁਤ ਸ਼ੌਕ ਸੀ। ਉਹ ਦੂਰ ਨੇੜੇ ਲੱਗਦੇ ਗਵੰਤਰੀਆਂ ਦੇ ਅਖਾੜਿਆਂ ਵਿੱਚ ਜ਼ਰੂਰ ਪਹੁੰਚਦਾ ਸੀ। ਪਹਿਲਾਂ ਪਹਿਲ ਹਰਮਿੰਦਰ ਆਪਣੇ ਪਿਓ ਦੇ ਘਨੇੜੇ ਚੜ੍ਹ ਕੇ, ਫਿਰ ਉਂਗਲ ਫੜ ਕੇ ਅਤੇ ਬਾਅਦ ਵਿੱਚ ਵੱਡਾ ਹੋ ਕੇ ਖ਼ੁਦ ਚੱਲ ਕੇ ਅਖਾੜਿਆਂ ਵਿੱਚ ਪਹੁੰਚਣ ਲੱਗ ਪਿਆ। ਤੂੰਬੇ ਜੋੜੀ ਦੀ ਗਾਇਕੀ ਉਸ ਨੂੰ ਸਭ ਤੋਂ ਵੱਧ ਪਸੰਦ ਸੀ। ਇਨ੍ਹਾਂ ਗਵੰਤਰੀਆਂ ਨੂੰ ਉਹ ਗੋਲ ਦਾਇਰੇ ਵਾਲੇ ਪਰੰਪਰਿਕ ਅਖਾੜਿਆਂ ਵਿੱਚ ਬਹਿ ਕੇ ਘੰਟਿਆਂ ਬੱਧੀ ਸੁਣਦਾ ਰਹਿੰਦਾ। ਬਾਅਦ ਵਿੱਚ ਯਾਦ ਰਹੀਆਂ ਸਤਰਾਂ ਨੂੰ ਹਰ ਸਮੇਂ ਗੁਣਗੁਣਾਉਂਦਾ ਰਹਿੰਦਾ। ਦਸਵੀਂ ਤੋਂ ਬਾਅਦ ਪੜ੍ਹਾਈ ਛੱਡ ਕੇ ਉਹ ਪਿਓ ਨਾਲ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਉਣ ਲੱਗ ਪਿਆ। ਤੂੰਬੇ ਜੋੜੀ ਦੀ ਗਾਇਕੀ ਵੱਲ ਉਸ ਦਾ ਰੁਝਾਨ ਦੇਖ ਕੇ ਪਿਓ ਨੇ ਹੱਲਾਸ਼ੇਰੀ ਦੇਣੀ ਸ਼ੁੂਰੁ ਕਰ ਦਿੱਤੀ। ਇਸ ਨਾਲ ਉਸ ਦਾ ਹੌਸਲਾ ਵਧਦਾ ਗਿਆ। ਅਖਾੜਿਆਂ ਵਿੱਚੋਂ ਸੁਣ ਸੁਣ ਕੇ ਉਸ ਦੇ ਬਹੁਤ ਸਾਰੇ ‘ਰੰਗ’ (ਰਚਨਾਵਾਂ) ਯਾਦ ਹੋ ਗਏ।

Advertisement

ਇਸ ਤਰ੍ਹਾਂ ਕਈ ਸਾਲ ਲੰਘ ਗਏ। ਹਰਮਿੰਦਰ ਅੰਦਰ ਧੁਖਦੀ ਅੱਗ ਨੂੰ ਭਾਂਬੜ ਬਣਨ ਲਈ ਕਿਸੇ ਹਵਾ ਦੇ ਬੁੱਲੇੇ ਦੀ ਲੋੜ ਸੀ, ਭਾਵ ਉਸ ਨੂੰ ਆਪਣੇ ਅਧੂਰੇਪਣ ਨੂੰ ਪੂਰਾ ਕਰਨ ਲਈ ਕੋਈ ਕਾਮਲ ਮੁਰਸ਼ਦ ਚਾਹੀਦਾ ਸੀ। ਇਹ ਕਾਮਲ ਮੁਰਸ਼ਦ ਉਸ ਨੂੰ ਮਿਲਿਆ ਪ੍ਰਸਿੱਧ ਰਾਗੀ ਰਮਜ਼ਾਨ ਮੁਹੰਮਦ ਪੱਖੋਵਾਲੀਆ। ਸਾਲ 2010 ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਾੜੀ ਤੁਸ਼ਤਫਾ ਦੇ ਮੇਲੇ ’ਤੇ ਉਸ ਨੇ ਰਮਜ਼ਾਨ ਮੁਹੰਮਦ ਉਰਫ਼ ਜਾਨੇ ਪੱਖੋਵਾਲੀਏ ਨਾਲ ਉਸਤਾਦੀ ਸ਼ਾਗਿਰਦੀ ਦੀ ਰਸਮ ਪੂਰੀ ਕੀਤੀ। ਪੂਰੇ ਪੰਜ ਸਾਲ ਹਰਮਿੰਦਰ ਨੇ ਉਸਤਾਦ ਦੀ ਸੰਗਤ ਵਿੱਚ ਰਹਿ ਕੇ ਇਸ ਗਾਇਕੀ ਦੀਆਂ ਬਾਰੀਕੀਆਂ ਬਾਰੇ ਜਾਣਿਆ। ਗਾਇਕੀ ਵਿੱਚ ਵਿਖਿਆਨ ਅਤੇ ਨਾਟਕੀਅਤਾ ਦੇ ਮਹੱਤਵ ਨੂੰ ਸਮਝਿਆ। ਅਖਾੜਿਆਂ ਦੇ ਰੰਗ-ਢੰਗ, ਆਵਾਜ਼-ਅੰਦਾਜ਼ ਅਤੇ ਹਾਵ-ਭਾਵ ਸਿੱਖੇ। ਬਹੁਤ ਸਾਰੀਆਂ ‘ਗੌਣ ਲੜੀਆਂ’ ਅਤੇ ‘ਰੰਗ’ ਕੰਠ ਕੀਤੇ। ਗਾਇਕੀ ਦਾ ਭੂਤ ਉਸ ’ਤੇ ਜਨੂੰਨ ਦੀ ਹੱਦ ਤੱਕ ਸਵਾਰ ਸੀ। ਉੱਠਦਾ-ਬਹਿੰਦਾ, ਖਾਂਦਾ-ਪੀਂਦਾ, ਤੁਰਦਾ-ਫਿਰਦਾ ਉਹ ਗਾਉਂਦਾ ਰਹਿੰਦਾ। ਉਸ ਦੇ ਜਾਣਕਾਰ ਅਤੇ ਦੋਸਤ ਉਸ ਨੂੰ ‘ਕਮਲਾ’ ਹੀ ਕਹਿਣ ਲੱਗ ਪਏ ਸਨ, ਪਰ ਉਹ ਆਪਣੀ ਮਸਤ ਚਾਲ ਚੱਲਦਾ ਰਿਹਾ। ਉਸ ਦੀ ਮਿਹਨਤ ਰੰਗ ਲਿਆਈ ਅਤੇ ਉਹ ਇੱਕ ਹੋਣਹਾਰ ਸੰਭਾਵਨਾਵਾਂ ਭਰਪੂਰ ਗਾਇਕ ਬਣ ਗਿਆ। ਆਪਣੇ ਆਪ ’ਤੇ ਵਿਸ਼ਵਾਸ ਹੋਣ ਤੋਂ ਬਾਅਦ, ਉਸਤਾਦ ਤੋਂ ਅਸ਼ੀਰਵਾਦ ਲੈ ਕੇ 2015 ਦੇ ਪਿਛਲੇ ਅੱਧ ਤੋਂ ਹਰਮਿੰਦਰ ਨੇ ਦੁਆਬੇ ਦੇ ਗਾਇਕ ਤੂੰਬਾ ਵਾਦਕ ਰਣਜੀਤ ਰਾਣੇ ਨੂੰ ਪਾਛੂ ਲਾ ਕੇ ਆਪਣਾ ਜਥਾ ਬਣਾ ਲਿਆ ਅਤੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ।

ਰਾਣਾ, ਜਲੰਧਰ ਜ਼ਿਲ੍ਹੇ ਦੀ ਫਲੌਰ ਤਹਿਸੀਲ ਦੇ ਪਿੰਡ ਬੁੰਡਾਲੇ ਦਾ ਜੰਮਪਲ ਹੈ। ਉਸ ਨੂੰ ਗਾਇਕੀ ਵਿਰਾਸਤ ਵਿੱਚ ਮਿਲੀ, ਕਿਉਂਕਿ ਉਸ ਦਾ ਪਿਓ ਪ੍ਰੀਤਮ ਸਿੰਘ ਉਰਫ਼ ਪ੍ਰੀਤੂ ਤੂੰਬੇ ਨਾਲ ਗਾਉਂਦਾ ਸੀ। ਜੋੜੀ ’ਤੇ ਇਸ ਜਥੇ ਦਾ ਲੰਮਾ ਸਮਾਂ ਸਾਥ ਦਿੱਤਾ ਹੰਢੇ ਹੋਏ ਤਜਰਬੇਕਾਰ ਬਜ਼ੁਰਗ ਜੋੜੀਵਾਦਕ ਚੂਹੜ ਖ਼ਾਨ ਚੋਟੀਆਂ ਵਾਲੇ ਨੇ। 11 ਅਗਸਤ 2022 ਨੂੰ ਚੂਹੜ ਖਾਨ ਦੀ ਮੌਤ ਹੋ ਗਈ। ਉਸ ਤੋਂ ਬਾਅਦ ਨੌਜਵਾਨ ਜੋੜੀਵਾਦਕ ਅਜਮੇਰ ਫਰਵਾਲੇ ਵਾਲਾ ਹਰਮਿੰਦਰ ਦਾ ਸਾਥ ਦੇ ਰਿਹਾ ਹੈ। ਅਜਮੇਰ ਦਾ ਅਸਲ ਨਾਂ ਠਾਕਰ ਦਾਸ ਹੈ। ਇਨ੍ਹਾਂ ਦੇ ਘਰਾਂ ਵਿੱਚੋਂ ਹੀ ਪ੍ਰਸਿੱਧ ਜੋੜੀਵਾਦਕ ਗਿਆਨ ਫਰਵਾਲੇ ਵਾਲਾ ਸੀ। ਉਸ ਨੂੰ ਦੇਖ ਸੁਣ ਕੇ ਬਚਪਨ ਵਿੱਚ ਹੀ ਅਜਮੇਰ ਨੂੰ ਅਲਗੋਜ਼ੇ ਵਜਾਉਣ ਦੀ ਲਗਨ ਲੱਗ ਗਈ। ਰਾਗੀ ਰਣਜੀਤ ਰਾਣੇ ਨੇ ਹੀ ਉਸ ਨੂੰ ਜੋੜੀ ਵਜਾਉਣ ਦੇ ਗੁਰ ਸਮਝਾਏ। ਲਗਭਗ ਦੋ ਸਾਲ ਰਾਣੇ ਨੇ ਅਜਮੇਰ ਦੀ ਰਿਹਰਸਲ ਕਰਵਾਈ। ਹੌਲੀ ਹੌਲੀ ਉਹ ਅਖਾੜਿਆਂ ਵਿੱਚ ਜੋੜੀ ਵਜਾਉਣ ਦੇ ਕਾਬਲ ਹੋ ਗਿਆ। ਇਸ ਤਰ੍ਹਾਂ ਅਜਮੇਰ, ਹਰਮਿੰਦਰ ਅਤੇ ਰਾਣੇ ਦਾ ਸਾਥ ਨਿਭਾਉਣ ਲੱਗਾ। ਪਿਛਲੇ ਕੁਝ ਸਮੇਂ ਤੋਂ ਰਾਣਾ ਦੂਸਰੇ ਰਾਗੀਆਂ ਨਾਲ ਪ੍ਰੋਗਰਾਮ ਲਗਾਉਣ ਲੱਗ ਪਿਆ। ਅੱਜਕੱਲ੍ਹ ਹਰਮਿੰਦਰ ਦਾ ਬਤੌਰ ਪਾਛੂ ਤੂੰਬਾ ਵਾਦਕ ਸਾਥ ਨਿਭਾ ਰਿਹਾ ਹੈ ਰਾਗੀ ਬਸ਼ੀਰ ਖ਼ਾਨ।

ਰਾਗੀ ਹਰਮਿੰਦਰ ਵੀ ਆਮ ਰਾਗੀਆਂ ਵਾਂਗ ਹੀਰ, ਸੋਹਣੀ, ਸੱਸੀ, ਮਲਕੀ, ਮਿਰਜ਼ਾ, ਦੁੱਲਾ, ਦਹੂਦ, ਕੌਲਾਂ, ਪੂਰਨ ਆਦਿ ਗਾਥਾਵਾਂ ਦੀਆਂ ਲੜੀਆਂ ਗਾਉਂਦਾ ਹੈ। ਇਸ ਤੋਂ ਇਲਾਵਾ ਇਸ ਗਾਇਕੀ ਦੇ ਮੋਢੀ ਗਾਇਕਾਂ, ਮੁਹੰਮਦ ਸਦੀਕ ਔੜ, ਫਜ਼ਲ ਮੁਹੰਮਦ ਟੁੰਡਾ ਦੀਆਂ ਆਵਾਜ਼ਾਂ ਵਿੱਚ ਦੇਸ਼ ਵੰਡ ਤੋਂ ਪਹਿਲਾਂ ਰਿਕਾਰਡ ਹੋਈਆਂ ਰਚਨਾਵਾਂ (ਰੰਗ) ਵੀ ਇਨ੍ਹਾਂ ਵੱਲੋਂ ਗਾਈਆਂ ਜਾਂਦੀਆਂ ਹਨ। ਹਰਮਿੰਦਰ ਦਾ ਵਿਖਿਆਨ ਢੰਗ ਬਹੁਤ ਹੀ ਪ੍ਰਭਾਵਸ਼ਾਲੀ ਹੈ। ਗਾਥਾ ਦੇ ਹਰ ਪਾਤਰ ਨੂੰ ਉਹ ਸਰੋਤਿਆਂ ਸਨਮੁੱਖ ਲਿਆ ਕੇ ਖੜ੍ਹਾ ਕਰ ਦਿੰਦਾ ਹੈ। ਹਰ ਘਟਨਾ ਸਰੋਤਿਆਂ ਨੂੰ ਆਪਣੇ ਸਾਹਮਣੇ ਘਟਦੀ ਪ੍ਰਤੀਤ ਹੁੰਦੀ ਹੈ। ਸਰੋਤਿਆਂ ਨੂੰ ਉਹ ਆਪਣੇ ਵਹਾਅ ਵਿੱਚ ਵਹਾਅ ਕੇ ਲਿਜਾਣ ਦੇ ਸਮਰੱਥ ਹੈ। ਇਸ ਜੁੱਟ ਵੱਲੋਂ ਗਾਈਆਂ ਜਾਣ ਵਾਲੀਆਂ ਗਾਥਾਵਾਂ ਵਿੱਚੋਂ ਕੁਝ ‘ਰੰਗ’ ਹਨ;

W ਮੈਨੂੰ ਦੱਸ ਜਾ ਟਿਕਾਣਾ ਡੋਲੀ ਵਾਲੀਏ

ਨੀਂ ਫੇਰ ਕਦੋਂ ਮੇਲੇ ਹੋਣਗੇ।

ਮੁੱਖ ਸੱਜਣਾਂ ਨੂੰ ਹੱਸ ਕੇ ਵਿਖਾਲੀਏ

ਨੀਂ ਫੇਰ ਕਦੋਂ ਮੇਲੇ ਹੋਣਗੇ। (ਹੀਰ)

W ਸੱਸੀ ਧਾਹਾਂ ਮਾਰੇ ਭਰ ਭਰ ਹੰਝੂ ਡੋਲ੍ਹਦੀ।

ਪਿਛਲੀ ਜੁਦਾਈ ਵਾਲੇ ਦੁੱਖ ਫੋਲਦੀ।

ਬੱਦਲਾਂ ਦਾ ਨੇਰ੍ਹਾ ਮੇਰੇ ਸਿਰ ਛਾ ਗਿਆ।

ਦਰਦੀ ਸੱਸੀ ਦਾ ਅੱਜ ਕਿੱਥੋਂ ਆ ਗਿਆ। (ਸੱਸੀ)

W ਹੁਸਨ ਉਹਦੇ ਵੱਲ ਜਦ ਮੈਂ ਝਾਤੀ ਮਾਰ ਲਈ।

ਸੀਨੇ ਦੇ ਵਿੱਚ ਅੜੀਏ ਵੱਜ ਕਟਾਰ ਗਈ।

(ਸੁੰਦਰਾਂ-ਪੂਰਨ)

W ਟੱਲ ਪਾ ਕੇ ਬਣਾ ਲੈ ਰਿੱਛ ਮੇਰਾ

ਲੈਲਾ ਦੇ ਬੂਹੇ ਚੱਲ ਨੱਚੀਏ।

ਭਲਾ ਕਰਦੂ ਮਦਾਰੀ ਰੱਬ ਤੇਰਾ

ਲੈਲਾ ਦੇ ਬੂਹੇ ਚੱਲ ਨੱਚੀਏ। (ਲੈਲਾ-ਮਜਨੂੰ)

W ਕੋਈ ਅੱਜ ਪਰਦੇਸੀ ਹੋ ਚੱਲਿਆ

ਕਿਸੇ ਕੱਲ੍ਹ ਪਰਦੇਸੀ ਹੋ ਜਾਣਾ।

ਕੋਈ ਮੁਖੜਾ ਅੱਜ ਲੁਕੋ ਚੱਲਿਆ

ਕਿਸੇ ਮੁਖੜਾ ਕੱਲ੍ਹ ਲੁਕੋ ਜਾਣਾ।

ਮੇਲਿਆਂ ਤੋਂ ਇਲਾਵਾ ਡੇਰਿਆਂ, ਦਰਗਾਹਾਂ ਅਤੇ ਪਿੰਡਾਂ ਦੇ ਸਾਂਝੇ ਪ੍ਰੋਗਰਾਮਾਂ ’ਤੇ ਵੀ ਇਨ੍ਹਾਂ ਨੂੰ ਬੁਲਾਇਆ ਜਾਂਦਾ ਹੈ। ਫਰਵਰੀ 2016 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਵੱਲੋਂ ਕਰਵਾਏ ਗਏ ਲੋਕ ਸੰਗੀਤ ਮੇਲੇ ਵਿੱਚ ਇਨ੍ਹਾਂ ਨੂੰ ਬੁਲਾਇਆ ਗਿਆ। ਇਸੇ ਤਰ੍ਹਾਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸੱਦੇ ’ਤੇ ਇਹ ਦੋ ਵਾਰ ਕਲਾ ਭਵਨ ਦੇ ਵਿਹੜੇ ਵਿੱਚ ਆਪਣੀ ਕਲਾ ਦੇ ਜੌਹਰ ਦਿਖਾ ਚੁੱਕੇ ਹਨ। ਇਸ ਗਾਇਕੀ ਦੇ ਕਦਰਦਾਨ ਸਰੋਤਿਆਂ ਨੂੰ ਇਸ ਜੁੱਟ ਤੋਂ ਵੱਡੀਆਂ ਆਸਾਂ ਹਨ। ਉਹ ਮੇਲਿਆਂ ਮੁਸਾਹਿਬਆਂ ਅਤੇ ਹੋਰ ਪ੍ਰੋਗਰਾਮਾਂ ’ਤੇ ਇਨ੍ਹਾਂ ਦੀ ਭਰਪੂਰ ਹੌਸਲਾ ਅਫ਼ਜ਼ਾਈ ਕਰਦੇ ਹਨ। ਪਰਮਾਤਮਾ ਇਨ੍ਹਾਂ ਦੀ ਮਿਹਨਤ ਨੂੰ ਰੰਗ ਲਾਵੇ ਤਾਂ ਕਿ ਇਹ ਆਪਣੇ ਵਿਰਸੇ ਦੀ ਸੰਭਾਲ ਲਗਾਤਾਰ ਕਰਦੇ ਰਹਿਣ।

ਸੰਪਰਕ : 84271-00341

Advertisement