ਦਿਲਟੁੰਬਵੀਂ ਸ਼ਾਇਰੀ ਤੇ ਆਵਾਜ਼ ਦਾ ਮਾਲਕ ਆਰ ਨੇਤ
ਆਰ ਨੇਤ ਮਾਨਸਾ ਦੇ ਰੇਤਲੇ ਟਿੱਬਿਆਂ ’ਚ ਜੰਮਿਆ ਅਤੇ ਪੰਜਾਬ ਦੇ ਮਲਵੱਈ ਸੱਭਿਆਚਾਰ ’ਚ ਖੇਡ-ਮੱਲ ਕੇ ਜਵਾਨ ਹੋਇਆ ਸਿੱਧੇ ਸਾਦੇ ਜੱਟ ਸੁਭਾਅ ਦਾ ਸਿਰਕੱਢ ਗਵੱਈਆ ਹੈ। ਅੱਜਕੱਲ੍ਹ ਆਰ ਨੇਤ ਦੇ ਨਾਂ ਦੀ ਤੂਤੀ ਬੋਲ ਰਹੀ ਹੈ। ਨਵੀਂ ਪੀੜ੍ਹੀ ਉਸ ਦੇ ਗਾਉਣ ਤੇ ਲਿਖਣ ਦੇ ਅੰਦਾਜ਼ ਦੀ ਕਾਇਲ ਹੈ। ਨੇਤ ਨੇ ਆਪਣੀ ਬਾਕਮਾਲ ਸਟੇਜ ਪੇਸ਼ਕਾਰੀ ਦੇ ਨਾਲ-ਨਾਲ ਰੌਚਕ ਤੇ ਦਿਲਟੁੰਬਵੀਂ ਸ਼ਾਇਰੀ ਰਾਹੀਂ ਨਵੀਂ ਪੀੜ੍ਹੀ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਸ ਦੇ ਸ਼ਾਇਰ ਮਨ ਦੀ ਵੇਦਨਾ ਨੇ ਪੰਜਾਬੀ ਸੰਗੀਤ ਜਗਤ ਨੂੰ ਸੈਂਕੜੇ ਗੀਤ ਦਿੱਤੇ। ਉਹ ਲਗਾਤਾਰ ਲਿਖ ਰਿਹਾ ਹੈ ਤੇ ਧੜਾਧੜ ਗਾ ਰਿਹਾ ਹੈ। ਨੇਤ ਨੂੰ ਪੁਰਾਣੇ ਗਾਇਕਾਂ ਦੇ ਗਾਣਿਆਂ ਨਾਲ ਲੋਹੜੇ ਦਾ ਇਸ਼ਕ ਹੈ। ਉਸ ਨੇ ਲਾਭ ਹੀਰਾ, ਅੰਮ੍ਰਿਤਾ ਵਿਰਕ ਵਰਗੇ ਗਵੱਈਆਂ ਨਾਲ ਆਵਾਜ਼ ਵੀ ਸਾਂਝੀ ਕੀਤੀ ਹੈ।
ਨੇਤ ਦੀ ਜ਼ਿੰਦਗੀ ਦੇ ਮੁੱਢਲੇ ਦਿਨ ਸੰਘਰਸ਼ ਭਰੇ ਰਹੇ ਹਨ। ਆਰਥਿਕ ਵਸੀਲਿਆਂ ਦੀ ਥੋੜ੍ਹ ਨੇ ਉਸ ਨੂੰ ਰੱਜ ਕੇ ਝੰਬਿਆ। ਸੁਪਨੇ ਸਾਕਾਰ ਕਰਨ ਲਈ ਉਸ ਨੂੰ ਅਨੇਕਾਂ ਪਾਪੜ ਵੇਲਣੇ ਪਏ। ਢਿੱਡ ਦੀ ਅੱਗ ਬੁਝਾਉਣ ਲਈ ਉਸ ਨੇ ਖੇਤਾਂ ਨਾਲ ਇਸ਼ਕ ਕਰ ਲਿਆ। ਰੱਜ ਕੇ ਵਾਹੀ ਕੀਤੀ। ਖੇਤਾਂ ਦੀਆਂ ਵੱਟਾਂ ’ਤੇ ਘਾਹ ਦੀਆਂ ਤਿੜਾਂ ਪੁੱਟਣ ਵਾਲੇ ਹੱਥਾਂ ’ਚ ਜਦੋਂ ਕਲਮ ਆਉਂਦੀ ਹੈ ਤਾਂ ਤਬਦੀਲੀ ਦਾ ਮੁੱਢ ਵੀ ਬੱਝਦਾ ਹੈ। ‘ਦੱਬਦਾ ਕਿੱਥੇ ਆ’ ਗੀਤ ਹੱਢੀਂ ਹੰਢਾਇਆ ਸੱਚ ਸੀ, ਪਰ ਜਦੋਂ ਇਹ ਗੀਤ ਆਮ ਲੋਕਾਂ ਤੋਂ ਹਟ ਕੇ ਸਿਆਸਤਦਾਨਾਂ ਦੇ ਜਲਸਿਆਂ ਦਾ ਸ਼ਿੰਗਾਰ ਬਣਿਆ ਤਾਂ ‘ਡਿਫਾਲਟਰ’ ਜਿਹਾ ਇਹ ਮੁੰਡਾ ਕੱਦਾਵਰ ਗਵੱਈਆ ਹੋ ਕੇ ਨਿੱਤਰਿਆ। ਇਸ ਗੀਤ ਦੇ ਬੋਲ ਬੱਚੇ-ਬੱਚੇ ਦੀ ਜ਼ੁਬਾਨ ’ਤੇ ਚੜ੍ਹ ਗਏ। ਇਸ ਗੀਤ ਦੀ ਸਫਲਤਾ ਨੇ ਨੇਤ ਦੇ ਭਲੇ ਦਿਨਾਂ ਦਾ ਮੁੱਢ ਹੀ ਨਹੀਂ ਬੰਨ੍ਹਿਆ ਸਗੋਂ ਗੁਰਬਤ ਦੀ ਜੋਕ ਨੂੰ ਵੀ ਤੋੜ ਕੇ ਸੁੱਟ ਦਿੱਤਾ। ਉਹ ਆਪਣੇ ਗੀਤਾਂ ਵਿੱਚ ਆਪਣੀ ਇਸ ਮਾਣਮੱਤੀ ਪ੍ਰਾਪਤੀ ਦਾ ਵਰਣਨ ਬਾਖ਼ੂਬੀ ਕਰਦਾ ਹੈ।
ਨੇਤ ਪਹਿਲਾਂ ਇੱਕ ਗੀਤਕਾਰ ਤੇ ਮਗਰੋਂ ਗਵੱਈਆ ਹੈ। ਉਸ ਦੇ ਸ਼ਾਇਰਾਨਾ ਅੰਦਾਜ਼ ਤੇ ਗੀਤਾਂ ਦੀ ਰਚਨਾਤਮਕਤਾ ਦਾ ਅੜਬਈ ਸੰਵਾਦ ਉਸ ਨੂੰ ਅਜੋਕੀ ਗੀਤਕਾਰੀ ਦੇ ਸੰਦਰਭ ’ਚੋਂ ਨਿਖੇੜ ਕੇ ਰੱਖਦਾ ਹੈ। ਉਹ ਸੰਘਰਸ਼ੀਲ ਵੀ ਹੈ ਤੇ ਸਿਰੜੀ ਵੀ। ਸੋਚ ਸਮਝ, ਲਿਆਕਤ ਤੇ ਤਹਿਜ਼ੀਬ ਉਸ ਦੀਆਂ ਲਿਖਤਾਂ ’ਚੋਂ ਸਹਿਜੇ ਮਹਿਸੂਸ ਕੀਤੀ ਜਾ ਸਕਦੀ ਹੈ। ਮਾਪਿਆਂ ਦਾ ਨੇਤ ਰਾਮ ਤੇ ਚਾਹੁਣ ਵਾਲਿਆਂ ਦਾ ਆਰ ਨੇਤ ਆਧੁਨਿਕ ਦੌਰ ਦੀ ਗਾਇਕੀ ਦਾ ਮਸ਼ਹੂਰ ਫਨਕਾਰ ਹੈ। ਆਰ ਨੇਤ ਦੇ ਗੀਤ ਸਿੱਧ ਪੱਧਰੇ ਹੁੰਦੇ ਹਨ। ਤਿੱਖੇ ਤੀਰਾਂ ਵਰਗੇ। ਜਿਹੜੇ ਤਰਕਸ਼ ’ਚੋਂ ਨਿਕਲਦਿਆਂ ਹੀ ਕਲੇਜਾ ਬਿੰਨ੍ਹ ਦਿੰਦੇ ਹਨ। ਉਸ ਦੀ ਲਿਖਣ ਸ਼ੈਲੀ ਨੂੰ ਗਹੁ ਨਾਲ ਫਰੋਲੀਏ ਤਾਂ ਉਹ ਹਕੀਕੀ ਇਸ਼ਕ ਦੀ ਪੈੜ ਦੱਬਦਾ ਹੈ। ਗੁਰਬਤ ਉਸ ਦੀ ਪਹਿਲੀ ਮਸ਼ੂਕ ਹੈ ਤੇ ਸੰਘਰਸ਼ ਉਸ ਦਾ ਸੱਚਾ ਇਸ਼ਕ ਹੈ।
ਉਸ ਦੇ ਗੀਤ ਨਿੱਜ ਦੁਆਲੇ ਘੁੰਮਦੇ ਹਨ, ਪ੍ਰੰਤੂ ਲਿਖਤਾਂ ਵਿਚਲਾ ਦਰਦ ਹਰ ਆਸ਼ਕ ਦੀ ਪੀੜਾ ਹੋ ਨਿੱਬੜਦਾ ਹੈ। ਉਸ ਦੀਆਂ ਲਿਖਤਾਂ ਦਾ ਇੱਕ-ਇੱਕ ਸ਼ਬਦ ਸੁਣਨ ਵਾਲਿਆਂ ਨੂੰ ਧੁਰ ਅੰਦਰ ਤੱਕ ਝੰਜੋੜ ਦਿੰਦਾ ਹੈ। ਉਸ ਦੇ ਗੀਤ ਪ੍ਰੇਰਨਾਮਈ ਵੀ ਹਨ, ਬਸ ਉਨ੍ਹਾਂ ਨੂੰ ਸਮਝਣ ਦੀ ਲੋੜ ਹੈ। ਉਸ ਨੂੰ ਆਪਣੀਆਂ ਪ੍ਰਾਪਤੀਆਂ ’ਤੇ ਨਾਜ਼ ਹੈ। ਅਧੂਰੇ ਇਸ਼ਕ ਦੀ ਕਹਾਣੀ ਦਾ ਕਲਾਮਈ ਵਰਣਨ ਸੁਣ ਕੇ ਸੋਚ ਦੇ ਦਰਵਾਜ਼ੇ ਖੋਲ੍ਹਣ ਲਈ ਮਜਬੂਰ ਕਰਦਾ ਹੈ।
ਉਸ ਦੀ ਹਰੇਕ ਰਚਨਾ ਉਸ ਦੇ ਅਚੇਤ ਮਨ ਦੇ ਬਹੁਤ ਨੇੜੇ ਹੈ। ਉਸ ਦਾ ਹਰ ਗੀਤ ਜੋਬਨ ਰੁੱਤ ਦੇ ਹਸੀਨ ਵਰਤਾਰਿਆਂ ’ਤੇ ਕੇਂਦਰਿਤ ਹੈ। ਉਹ ਇਨ੍ਹਾਂ ਵਰਤਾਰਿਆਂ ਵਿੱਚੋਂ ਹੀ ਉਪਜੀ ਪੀੜ ਨੂੰ ਰੱਜਵਾਂ ਮੋਹ ਕਰਦਾ ਹੈ। ਇਸ ਪੀੜ ਨੂੰ ਹੰਢਾਉਂਦਿਆਂ ਉਸ ਨੇ ਬਹੁਤ ਗੀਤ ਲਿਖੇ ਹਨ। ਉਸ ਦੇ ਭਾਵਨਾਤਮਕ ਅਹਿਸਾਸਾਂ ਦੀ ਵੇਦਨਾ ਉਸ ਦੀ ਰਚਨਾਤਮਕ ਸ਼ੈਲੀ ਵਿੱਚੋਂ ਸਹਿਜੇ ਹੀ ਦੇਖੀ ਜਾ ਸਕਦੀ ਹੈ। ਉਹ ਆਪਣੇ ਆਪ ਵਿੱਚ ਮੁਹੱਬਤ ਦਾ ਸ਼ੁਦਾਈ ਹੈ। ਉਸ ਨੇ ਹਕੀਕੀ ਇਸ਼ਕ ਨੂੰ ਨਿੱਠ ਕੇ ਹੰਢਾਇਆ ਹੈ। ਇਸ ਦਾ ਨਮੂਨਾ ਦੇਖੋ;
ਵੈਸੇ ਤਾਂ ਪਿਆਰ ਵੀਰੇ ਮਾਪਿਆ ਨ੍ਹੀਂ ਜਾਂਦਾ।
ਕਿਸੇ ਬੁੱਕ ਅਖ਼ਬਾਰਾਂ ਵਿੱਚ ਛਾਪਿਆ ਨ੍ਹੀਂ ਜਾਂਦਾ।
ਇਸ਼ਕ ਮੇਰੇ ਦਾ ਜਦੋਂ ਵੱਜਿਆ ਸੀ ਵਾਜਾ
ਉਦੋਂ ਮੋਟਾ-ਮੋਟਾ ਮਿੱਤਰਾਂ ਨੇ ਲਾਇਆ ਸੀ ਅੰਦਾਜ਼ਾ
ਪੱਥਰਾਂ ਦੇ ਘਰਾਂ ’ਚ ਪੱਥਰ ਦਿਲ ਹੋ ਗਏ
ਪਿਆਰ ਹੁਣ ਕੱਚਿਆਂ ਮਕਾਨਾਂ ਵਿੱਚ ਰਹਿ ਗਿਆ।
ਕਦੇ ਟਨਾਂ ਵਿੱਚ ਹੁੰਦਾ ਸੀ ਪਿਆਰ ਟੁੱਟ ਪੈਣੀ ਦਾ
ਤੇ ਹੌਲੀ-ਹੌਲੀ ਮਿੱਤਰੋ ਗ੍ਰਾਮਾਂ ਵਿੱਚ ਰਹਿ ਗਿਆ।
ਨੇਤ ਦੀ ਰਚਨਾ ਕੋਮਲ ਭਾਵਾਂ ਦਾ ਸੁਹਜਮਈ ਪ੍ਰਗਟਾਵਾ ਹੈ। ਉਸ ਦੇ ਅੰਦਰ ਸਾਰਥਿਕ, ਕਲਾਤਮਕ ਤੇ ਸੰਵੇਦਨਸ਼ੀਲ ਅਹਿਸਾਸ ਹਨ ਜੋ ਨਵੀਂ ਪੀੜ੍ਹੀ ਦੇ ਸੁਣਨ ਤੇ ਦੇਖਣ ਵਾਲਿਆਂ ਨੂੰ ਸੁਹਜ ਸਵਾਦ ਦਿੰਦੇ ਹਨ, ਟੁੰਬਦੇ ਹਨ ਤੇ ਪ੍ਰਭਾਵਿਤ ਵੀ ਕਰਦੇ ਹਨ। ਉਸ ਨੂੰ ਆਪਣੇ ਸੁਪਨਿਆਂ ਦਾ ਸੰਸਾਰ ਬੜਾ ਹਸੀਨ ਜਾਪਦਾ ਹੈ। ਅਜਿਹੇ ਹਸੀਨ ਸੁਪਨਿਆਂ ਦੀ ਦੁਨੀਆ ’ਚ ਗੁਆਚਿਆ ਉਹ ਲਿਖਤਾਂ ਦੀ ਨਾਇਕਾ ਦੇ ਹੁਸਨ ਦੀ ਰੱਜਵੀਂ ਤਾਰੀਫ਼ ਵੀ ਕਰਦਾ ਹੈ। ਸ਼ਬਦਾਂ ਦੀ ਖ਼ੂਬਸੂਰਤੀ ਤੇ ਉਸ ਦੇ ਖ਼ਿਆਲ ਵੀ ਬਾਕਮਾਲ ਹਨ। ਸੰਘਰਸ਼ ਦੀ ਭੱਠੀ ’ਚ ਤਪਦਿਆਂ ਉਹ ਮੰਜ਼ਿਲ ਦੇ ਮੁਕਾਮ ਵੱਲ ਤਾਂ ਵਧ ਗਿਆ, ਪ੍ਰੰਤੂ ਮੁਹੱਬਤ ਦੇ ਸੁਪਨਿਆਂ ਦੀ ਚਾਹਤ ਪ੍ਰਤੀ ਹਾਲੇ ਵੀ ਫ਼ਿਕਰਮੰਦ ਦਿਖਾਈ ਦਿੰਦਾ ਹੈ।
ਆਰ ਨੇਤ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਹੈ। ਉਸ ਦੀ ਕਲਪਨਾ ਦੀ ਉਡਾਣ ਅੰਬਰਾਂ ਤੋਂ ਵੀ ਅੱਗੇ ਤੀਕਰ ਅੱਪੜ ਜਾਂਦੀ ਹੈ। ਚੰਗਾ ਭਲਾ ਲਿਖਣ ਵਾਲੇ ਨੇਤ ਦਾ ਨਵਾਂ ਗੀਤ ‘315’ ਵਿਵਾਦਾਂ ’ਚ ਘਿਰ ਗਿਆ ਹੈ। ਮਲਵੱਈਆਂ ਦੀ ਉਚਾਰਨ ਸ਼ੈਲੀ ਦੇ ਬਹੁਤੇ ਸ਼ਬਦ ਉਸ ਦੀਆਂ ਲਿਖਤਾਂ ਦਾ ਅੰਗ ਬਣ ਚੁੱਕੇ ਹਨ। ਨੇਤ ਨੇ ਨਵੇਂ-ਨਵੇਂ ਅਲੰਕਾਰ, ਤਸ਼ਬੀਹਾਂ ਅਤੇ ਬਿੰਬ ਸਿਰਜੇ ਹਨ। ਉਸ ਦੇ ਗੀਤਾਂ ਦੇ ਕਾਫ਼ੀਏ ਵੀ ਢੁੱਕਵੇਂ ਅਤੇ ਤੁਕਾਂਤ ਤੋਲ ਤੇ ਵਜ਼ਨ ਤੋਲ ਵਿੱਚ ਵੀ ਪਰਿਪੱਕ ਹੁੰਦੇ ਹਨ। ਨੇਤ ਦੀ ਲਿਖਣ ਸ਼ੈਲੀ ਦੱਸਦੀ ਹੈ ਕਿ ਉਹ ਨਵੇਂ ਯੁੱਗ ਦੀ ਇਸ ਪੀੜ੍ਹੀ ਦਾ ਸਿਰਮੌਰ ਗਾਇਕ ਬਣ ਕੇ ਆਪਣੀ ਮਧੁਰ ਆਵਾਜ਼, ਦਿਲਕਸ਼, ਰੌਚਕ ਤੇ ਸੰਵੇਦਨਸ਼ੀਲ ਗੀਤਕਾਰੀ ਰਾਹੀਂ ਸੰਗੀਤ ਦੇ ਬਦਲਦੇ ਦੌਰ ਅਤੇ ਨਵੀਆਂ ਤਕਨੀਕਾਂ ਰਾਹੀਂ ਨਵੀਂ ਪੀੜ੍ਹੀ ਨੂੰ ਟੁੰਬਦਾ ਰਹੇਗਾ।
ਸੰਪਰਕ: 98764-92410