ਸੋਨੇ ਦੀਆਂ ਟੂੰਬਾਂ ਤੇ ਪੰਜਾਬੀ ਸੱਭਿਆਚਾਰ
ਭਾਰਤ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਦਾ ਨਾਂ ਦਿੱਤਾ ਜਾਂਦਾ ਸੀ। ਸੋਨਾ ਹਰ ਘਰ ਦੀ ਸੌਗਾਤ ਹੋਇਆ ਕਰਦਾ ਸੀ, ਪਰ ਵਿਦੇਸ਼ੀ ਲੁਟੇਰਿਆਂ ਨੇ ਭਾਰਤ ਨੂੰ ਕਈ ਵਾਰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਅਤੇ ਮਣਾਂ-ਮੂੰਹੀ ਸੋਨਾ ਲੁੱਟ ਕੇ ਲੈ ਗਏ। ਉਨ੍ਹਾਂ ਦਾ ਮੁੱਖ ਨਿਸ਼ਾਨਾ ਹਿੰਦੂ ਮੰਦਿਰ ਸਨ ਜਿਨ੍ਹਾਂ ਵਿੱਚ ਸੋਨੇ ਦੇ ਅੰਬਾਰ ਲੱਗੇ ਹੋਏ ਸਨ ਅਤੇ ਹਿੰਦੂ ਮੂਰਤੀਆਂ ਸੋਨੇ ਨਾਲ ਲੱਦੀਆਂ ਪਈਆਂ ਸਨ। ਦੁੱਖ ਦੀ ਗੱਲ ਤਾਂ ਇਹ ਸੀ ਕਿ ਉਨ੍ਹਾਂ ਲੁਟੇਰਿਆਂ ਨੂੰ ਰੋਕਣ ਵਾਲਾ ਜਾਂ ਉਨ੍ਹਾਂ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੇ ਲੁੱਟ ਨੂੰ ਆਪਣਾ ਸੌਖਾ ਅਤੇ ਮਨੋਰੰਜਕ ਸਾਧਨ ਬਣਾ ਲਿਆ। ਮੁਹੰਮਦ ਗੌਰੀ, ਗਨਵੀ ਅਤੇ ਅਹਿਮਦਸ਼ਾਹ ਅਬਦਾਲੀ ਵਰਗੇ ਤਾਂ ਇਸ ਦੇਸ਼ ਨੂੰ ਬੁਰੀ ਤਰ੍ਹਾਂ ਨੋਚਦੇ ਰਹੇ ਅਤੇ ਜਿੰਨਾ ਉਨ੍ਹਾਂ ਨੇ ਚਾਹਿਆ ਦੇਸ਼ ਵਿੱਚੋਂ ਸੋਨਾ ਲੁੱਟਿਆ।
ਸ਼ਾਇਦ ਉਸ ਲੁੱਟ ਦਾ ਅਸਰ ਹੀ ਅੱਜ ਦੇ ਗ਼ਰੀਬ ਭਾਰਤ ਵਾਸੀ ਮਹਿਸੂਸ ਕਰ ਰਹੇ ਹਨ। ਇਹ ਇੱਕ ਅਚੱਲ ਮੁਦਰਾ ਹੈ ਜਿਸ ਦੀ ਅਮੀਰਾਂ ਨੂੰ ਹੀ ਨਹੀਂ, ਸਗੋਂ ਗ਼ਰੀਬਾਂ ਨੂੰ ਵੀ ਲੋੜ ਹੁੰਦੀ ਹੈ। ਸੋਨਾ ਹੀ ਤਾਂ ਹੈ ਜੋ ਗ਼ਰੀਬ ਆਪਣੀ ਪੂੰਜੀ ਦੇ ਤੌਰ ’ਤੇ ਸਾਂਭ-ਸਾਂਭ ਰੱਖਦੇ ਹਨ ਅਤੇ ਚੋਰਾਂ-ਉਚੱਕਿਆਂ ਤੋਂ ਬਚਾੳਣ ਲਈ ਗੁਪਤ ਤੌਰ ’ਤੇ ਲੁਕੋ ਕੇ ਰੱਖਦੇ ਹਨ। ਸਦੀਆਂ ਤੋਂ ਹੀ ਸੋਨਾ ਮਨੁੱਖ ਦੀ ਮਹਿੰਗੀ ਅਤੇ ਭਰੋਸੇਯੋਗ ਧਾਤੂ ਦੇ ਤੌਰ ’ਤੇ ਮਦਦ ਕਰਦਾ ਆਇਆ ਹੈ। ਇਹੀ ਕਾਰਨ ਹੁੰਦਾ ਸੀ ਕਿ ਮਨੁੱਖ ਨੇ ਇਸ ਨੂੰ ਆਪਣੀ ਜਮਾਂ-ਪੂੰਜੀ ਦੇ ਤੌਰ ’ਤੇ ਹੀ ਨਹੀਂ ਸਗੋਂ ਆਪਣੇ ਸੁਹੱਪਣ ਨੂੰ ਸ਼ਿੰਗਾਰਨ ਲਈ ਗਹਿਣਿਆਂ ਦੇ ਰੂਪ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਸੀ।
ਪੰਜਾਬ ਦੀ ਧਰਤੀ ਜੋ ਸਦੀਆਂ ਤੋਂ ਆਰਥਿਕ ਤੌਰ ’ਤੇ ਖੁਸ਼ਹਾਲ ਰਹੀ ਹੈ, ਸੋਨੇ ਦੀ ਵੀ ਚੰਗੀ ਕਦਰ ਕਰਦੀ ਰਹੀ ਹੈ। ਪੰਜਾਬ ਦੇ ਪਿੰਡਾਂ ਦੇ ਲੋਕ ਆਰਥਿਕ ਤੌਰ ’ਤੇ ਖੁਸ਼ਹਾਲ ਹੋਣ ਕਾਰਨ ਸੋਨੇ ਨੂੰ ਸੰਭਾਲਣ, ਵਰਤਣ ਅਤੇ ਜਮਾਂਖੋਰੀ ਵਜੋਂ ਖੂਬ ਮਾਨਤਾ ਦਿੰਦੇ ਆਏ ਹਨ। ਕਦੇ ਸਮਾਂ ਸੀ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਵਿਆਹਾਂ ਸ਼ਾਦੀਆਂ ਸਮੇਂ ਸੋਨੇ ਦੀ ਮੁੱਖ ਤੌਰ ’ਤੇ ਪੁੱਛ ਹੁੰਦੀ ਸੀ। ਦਾਜ ਨੂੰ ਭਾਵੇਂ ਮਾੜਾ ਗਿਣਿਆ ਜਾਂਦਾ ਸੀ, ਪਰ ਹਰ ਗ਼ਰੀਬ ਦੀ ਦਿਲੀ ਇੱਛਾ ਹੁੰਦੀ ਸੀ ਕਿ ਉਹ ਵਿਆਹਾਂ ਵਿੱਚ ਆਪਣੀ ਧੀ-ਭੈਣ ਨੂੰ ਰੱਜ ਕੇ ਸੋਨੇ ਦੇ ਗਹਿਣੇ ਦੇਵੇ। ਇੱਥੋਂ ਤੱਕ ਕਿ ਪਿੰਡਾਂ ਵਿੱਚ ਗ਼ਰੀਬ ਤੋਂ ਗ਼ਰੀਬ ਲੋਕ ਵੀ ਵਿਆਹਾਂ ਵਿੱਚ ਆਪਣੀਆਂ ਲੜਕੀਆਂ ਨੂੰ ਵੱਧ ਤੋਂ ਵੱਧ ਸੋਨਾ ਦਿੰਦੇ ਸਨ। ਲੋਕ ਗ਼ਰੀਬ ਤਾਂ ਉਦੋਂ ਵੀ ਸਨ, ਪਰ ਇਹ ਵੀ ਖੁਸ਼ੀ ਦੀ ਗੱਲ ਹੀ ਸੀ ਕਿ ਸੋਨੇ ਦਾ ਭਾਅ ਸੈਂਕੜਿਆਂ ਵਿੱਚ ਹੋਇਆ ਕਰਦਾ ਸੀ ਅਤੇ ਗ਼ਰੀਬ ਲੋਕ ਛੋਟੀ-ਮੋਟੀ ਪੂੰਜੀ ਜਮ੍ਹਾਂ ਕਰਕੇ ਆਪਣੀਆਂ ਧੀਆਂ ਭੈਣਾਂ ਨੂੰ ਖੁਸ਼ ਕਰਨ ਲਈ ਸੋਨੇ ਦੀਆਂ ਟੂੰਬਾਂ ਬਣਾ ਕੇ ਜ਼ਰੂਰ ਦਿਆ ਕਰਦੇ ਸਨ। ਸੋਨੇ ਦੀਆਂ ਟੂੰਬਾਂ ਦਾ ਵਿਆਹ ਵਿੱਚ ਦਿਖਾਵਾ ਵੀ ਕੀਤਾ ਜਾਂਦਾ ਸੀ। ਸ਼ਰੀਕੇ ਵਿੱਚ ਹਰ ਇੱਕ ਨੂੰ ਪਤਾ ਹੁੰਦਾ ਸੀ ਕਿ ਵਿਆਹ ਵਿੱਚ ਕੁੜੀ ਨੂੰ ਕਿਹੜੀਆਂ-ਕਿਹੜੀਆਂ ਟੂੰਬਾਂ ਮਾਪਿਆਂ ਵੱਲੋਂ ਪਾਈਆਂ ਗਈਆਂ ਹਨ ਅਤੇ ਇਹ ਟੂੰਬਾਂ ਬਰਾਤ ਆਏ ਲੋਕਾਂ ਨੂੰ ਵੀ ਖੱਟ ਦੇ ਰੂਪ ਵਿੱਚ ਦਿਖਾਈਆਂ ਜਾਂਦੀਆਂ ਸਨ। ਹਾਂ, ਇਹ ਗੱਲ ਜ਼ਰੂਰ ਸੀ ਕਿ ਅਮੀਰ ਲੋਕ ਆਪਣੇ ਵਿਆਹਾਂ ਵਿੱਚ ਸੋਨਾ ਵੱਧ ਵਰਤਦੇ ਸਨ ਅਤੇ ਗ਼ਰੀਬ ਹਲਕੇ ਗਹਿਣਿਆਂ ਨਾਲ ਆਪਣੀ ਇੱਛਾ ਜਾਂ ਸਮਾਜਿਕ ਪੂਰਤੀ ਕਰ ਲੈਂਦੇ ਸਨ। ਹਰ ਗ਼ਰੀਬ ਪੇਂਡੂ ਵਿਅਕਤੀ ਵੀ ਚਾਹੁੰਦਾ ਸੀ ਕਿ ਉਸ ਦੀ ਧੀ ਗਹਿਣਿਆਂ ਤੋਂ ਵਾਂਝੀ ਨਾ ਜਾਵੇ ਅਤੇ ਉਹ ਛੋਟੇ-ਛੋਟੇ ਗਹਿਣੇ ਜ਼ਰੂਰ ਧੀ ਦੀ ਖੁਸ਼ੀ ਲਈ ਬਣਾਉਂਦਾ। ਉਨ੍ਹਾਂ ਦਿਨਾਂ ਵਿੱਚ ਸੱਗੀ-ਫੁੱਲ, ਕੈਂਠੇ, ਗਲੇ ਦੇ ਹਾਰ, ਝਾਂਜਰਾਂ, ਮੱਥੇ ਟਿਕਾ, ਸੋਨੇ ਦੀਆਂ ਚੂੜੀਆਂ ਵਰਗੇ ਗਹਿਣੇ ਬਹੁਤ ਮਕਬੂਲ ਸਨ, ਪਰ ਕਈ ਲੋਕ ਆਪਣੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਲੌਂਗ, ਛਾਪ, ਕੰਨਾਂ ਨੂੰ ਵਾਲੀਆਂ ਜਾਂ ਪਿੱਪਲ ਪੱਤੀਆਂ ਵਰਗੇ ਛੋਟੇ ਗਹਿਣਿਆਂ ਨੂੰ ਤਰਜੀਹ ਦੇ ਦਿੰਦੇ ਸਨ। ਸਮਾਜ ਦੇ ਕਈ ਵਰਗਾਂ ਵਿੱਚ ਤਾਂ ਆਪਣੀ ਅਮੀਰੀ ਨੂੰ ਦਰਸਾਉਣ ਲਈ ਭਾਰੇ-ਭਾਰੇ ਸੋਨੇ ਦੇ ਗਹਿਣੇ ਵਿਆਹਾਂ ਵਿੱਚ ਪਾਏ ਜਾਂਦੇ ਸਨ। ਕਈ ਵਾਰ ਤਾਂ ਪਿੰਡਾਂ ਵਿੱਚ ਬਰਾਤਾਂ ਆਉਣ ’ਤੇ ਸੋਨੇ ਦੀਆਂ ਮੁੰਦਰੀਆਂ ਨਾਲ ਖ਼ਾਸ ਮਹਿਮਾਨਾਂ ਦਾ ਸਵਾਗਤ ਕਰਨ ਦਾ ਰਿਵਾਜ ਸੀ, ਪਰ ਇਹ ਉਦੋਂ ਚੰਗਾ ਲੱਗਦਾ ਸੀ ਜਦੋਂ ਸੋਨਾ ਸਸਤਾ, ਲੋਕਾਂ ਦੀ ਆਰਥਿਕ ਹਾਲਤ ਵਧੀਆ ਅਤੇ ਸਮਾਜਿਕ ਭਾਈਚਾਰਾਂ ਦੇਖਣ ਵਿੱਚ ਮਿਲਦਾ ਸੀ। ਹਰ ਧੀ-ਭੈਣ ਵੀ ਆਪਣੇ ਮਾਪਿਆਂ ਵੱਲੋਂ ਪਾਏ ਗਹਿਣਿਆਂ ਦੇ ਗੁਣਗਾਨ ਕਰਦੀ ਨਹੀਂ ਸੀ ਥੱਕਦੀ। ਇਹ ਗਹਿਣੇ ਇੱਕ ਸਮਾਜਿਕ ਲੋੜ ਬਣ ਚੁੱਕੇ ਸਨ।
ਇਨ੍ਹਾਂ ਗਹਿਣਿਆਂ ਨੇ ਪੰਜਾਬ ਦੇ ਪੇਂਡੂ ਖੇਤਰ ਦੇ ਲੋਕਾਂ ਨੂੰ ਘਰੇਲੂ, ਸਮਾਜਿਕ ਅਤੇ ਆਰਥਿਕ ਪਹਿਲੂ ਦੇ ਰੂਪ ਵਿੱਚ ਹੀ ਨਹੀਂ ਅਪਣਾਇਆ ਸਗੋਂ ਇਨ੍ਹਾਂ ਨੇ ਤਾਂ ਪੰਜਾਬ ਦੇ ਸੱਭਿਆਚਾਰ ਨੂੰ ਵੀ ਚਾਰ ਚੰਨ ਲਗਾ ਦਿੱਤੇ ਸਨ। ਜਿਵੇਂ ਕਿਹਾ ਜਾਂਦਾ ਸੀ;
ਆਓ ਕੁੜੀਓ ਮੇਰਾ ਦਾਜ ਦੇਖਲੋ, ਦੇਖੋ ਲੇਫ਼ ਤਲਾਈ
ਥਾਲੀ ਵਿਚਲੇ ਗਹਿਣੇ ਦੇਖ ਲੋ, ਮੁੰਦਰੀ ਨੇ ਛਹਿਬਰ ਲਾਈ
ਨੀਂ ਲੈ ਗਏ ਬੂ ਸੁਹਰੇ, ਕੁੜੀਆਂ ਦੀ ਰਾਮ ਦੁਹਾਈ।
ਇਸੇ ਤਰ੍ਹਾਂ ਕੇਵਲ ਦਾਜ ਜਾਂ ਵਿਆਹਾਂ ਵਿੱਚ ਹੀ ਸੋਨੇ ਦੀ ਕਦਰ ਨਹੀਂ ਸੀ ਹੁੰਦੀ ਸਗੋਂ ਕੁੜੀਆਂ ਤਾਂ ਆਪਣੇ ਸਹੁਰੇ ਘਰ ਪੇਕਿਆਂ ਤੋਂ ਆਈ ਹਰ ਛੋਟੀ ਤੇ ਛੋਟੀ ਟੂੰਬ ਦਾ ਜ਼ਿਕਰ ਕਰਨਾ ਨਹੀਂ ਸੀ ਭੁੱਲਦੀ, ਜਿਵੇਂ ਕਿਹਾ ਜਾਂਦਾ ਸੀ;
ਵੀਰ ਮੇਰਾ ਅੱਜ ਲੈ ਕੇ ਆਇਆ, ਤੀਆਂ ਦਾ ਸੰਧਾਰਾ
ਮਹਿੰਦੀ, ਚੂੜੀਆਂ, ਸੂਟ ਗੁਲਾਬੀ।
ਵਿੱਚੋਂ ਲੌਂਗ ਦਾ ਪਿਆ ਲਿਸ਼ਕਾਰਾ
ਸਿੰਘ ਤਵੀਤੀ ਨੇ, ਮੁੰਡਾ ਮੋਹ ਲਿਆ ਕੈਂਠੇ ਵਾਲਾ।
ਇੱਥੇ ਹੀ ਬਸ ਨਹੀਂ ਪੰਜਾਬਣ ਦੇ ਹੁਸਨ ਦੀ ਤਾਂ ਸੋਨੇ ਚਾਂਦੀ ਦੀ ਚਮਕ ਨਾਲ ਤੁਲਨਾ ਕੀਤੀ ਜਾਂਦੀ ਸੀ ਅਤੇ ਘਰ ਦੇ ਕਿੱਤਿਆਂ ਨੂੰ ਵੀ ਇਸ ਸੋਨੇ ਨਾਲ ਜੋੜ ਦਿੱਤਾ ਜਾਂਦਾ ਸੀ ਜਿਵੇਂ ਕਿਹਾ ਜਾਂਦਾ ਸੀ;
ਆ ਵੇ ਜੱਟਾ ਆਪਾਂ ਖੇਤੀ ਕਰੀਏ
ਕਰੀਏ ਜੱਗ ਤੋਂ ਨਿਆਰੀ
ਸੋਨੇ ਦਾ ਤੈਨੂੰ ਹਲ਼ ਬਣਾ ਦਿਆਂ
ਚਾਂਦੀ ਦੀ ਪੰਜਾਲੀ
ਰੂਪ ਪੰਜਾਬਣ ਦਾ
ਦਿਨ ਚੜ੍ਹਦੇ ਦੀ ਲਾਲੀ।
ਇੱਥੋਂ ਤੱਕ ਕਿ ਕਿਸੇ ਦੀ ਆਰਥਿਕਤਾ ਦਾ ਅਨੁਮਾਨ ਵੀ ਸੋਨੇ-ਚਾਂਦੀ ਵਰਗੀਆਂ ਧਾਤਾਂ ਦੀ ਹੋਂਦ ਨਾਲ ਲਗਾਇਆ ਜਾਂਦਾ ਹੈ ਕਿਉਂਕਿ ਸੋਨੇ ਨੂੰ ਅੰਤਰਰਾਸ਼ਟਰੀ ਮੁਦਰਾ ਮੰਨਣ ਕਾਰਨ ਸੰਸਾਰ ਮੰਡੀ ਵਿੱਚ ਸੋਨੇ ਦੀ ਵੁੱਕਤ ਪੈਂਦੀ ਹੈ। ਜਦੋਂ ਕਿਸੇ ’ਤੇ ਕੋਈ ਭੀੜ ਬਣਦੀ ਹੈ ਤਾਂ ਸੋਨਾ ਹੀ ਕੰਮ ਆਉਂਦਾ ਹੈ। ਇਸੇ ਤਰ੍ਹਾਂ ਹੀ ਹੋਇਆ ਸੀ ਜਦੋਂ 1962 ਵਿੱਚ ਭਾਰਤ-ਚੀਨ ਜੰਗ ਲੱਗੀ ਤਾਂ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਦੇਸ਼ ਕੋਲ ਵਿਆਪਕ ਸੋਨੇ ਦੇ ਭੰਡਾਰਾਂ ਦੀ ਲੋੜ ਪਈ। ਇਸ ਲਈ ਦੇਸ਼ ਵਾਸੀਆਂ ਨੂੰ ਅਪੀਲ ਕਰਨੀ ਪਈ ਅਤੇ ਇਹ ਗੀਤ ਬਹੁਤ ਮਕਬੂਲ ਹੋਇਆ;
ਭਾਬੀ ਲਾਹ ਕੇ ਦੇ ਦੇ ਸੋਨੇ ਦੀਆਂ ਚੂੜੀਆਂ
ਜੇ ਚੀਨੀਆਂ ਤੋਂ ਜੰਗ ਜਿੱਤਣੀ।
ਅੱਜ ਅਸੀਂ ਦੇਖਦੇ ਹਾਂ ਕਿ ਦੇਸ਼ ਵਿੱਚ ਸੋਨੇ ਦੀ ਕੀਮਤ ਹਜ਼ਾਰਾਂ ਨਹੀਂ ਲੱਖਾਂ ਨੂੰ ਪਾਰ ਕਰ ਚੁੱਕੀ ਹੈ। ਗ਼ਰੀਬ ਲੋਕ ਸੋਨਾ ਖਰੀਦਣ ਲਈ ਤਰਸ ਗਏ ਹਨ। ਵਿਆਹਾਂ-ਸ਼ਾਦੀਆਂ ਵਾਲੇ ਪਰਿਵਾਰਾਂ ਦੀ ਚਿੰਤਾ ਬਹੁਤ ਵਧ ਗਈ ਹੈ। ਵਿਆਹ ਵਿੱਚ ਸੋਨੇ ਦੀ ਲੋੜ ਤਾਂ ਹੈ ਹੀ, ਪਰ ਖਰੀਦਣ ਦੀ ਸਮਰੱਥਾ ਨਹੀਂ ਹੈ। ਜਿਨ੍ਹਾਂ ਗ਼ਰੀਬ ਮਾਪਿਆਂ ਨੇ ਆਪਣੀਆਂ ਲੜਕੀਆਂ ਦੇ ਵਿਆਹ ਕਾਰਜ ਕਰਨੇ ਹਨ, ਉਨ੍ਹਾਂ ਨੂੰ ਚੈਨ ਨਹੀਂ ਮਿਲਦੀ, ਕਿੱਥੋਂ ਲਿਆਉਣ ਇੱਕ ਤੋਲੇ ਸੋਨੇ ਲਈ ਸਵਾ ਲੱਖ ਰੁਪਿਆ ? ਛੋਟੇ ਤੋਂ ਛੋਟੇ ਗਹਿਣੇ ਵੀ ਕਈ-ਕਈ ਲੱਖਾਂ ਵਿੱਚ ਬਣਦੇ ਸਨ। ਸਾਲਾਂ ਦੀ ਕਮਾਈ ਇੱਕ ਤੋਲੇ ਸੋਨੇ ਵਿੱਚ ਹੀ ਚਲੀ ਜਾਂਦੀ ਹੈ ਤਾਂ ਉਹ ਆਪਣੀ ਧੀ ਨੂੰ ਕਿੱਥੋਂ ਲੈ ਕੇ ਦੇਣ ਮਹਿੰਗੇ ਸੋਨੇ ਦੀਆਂ ਟੂੰਬਾਂ ? ਇਹ ਗੱਲ ਧੀਆਂ ਵੀ ਸਮਝਦੀਆਂ ਹਨ, ਪਰ ਮਾਪੇ ਵੀ ਬੇ-ਵਸ ਹਨ। ਬਸ ਹੁਣ ਤਾਂ ਇੱਕ ਗ਼ਰੀਬ ਬਾਬਲ ਦੀ ਆਪਣੀ ਧੀ ਅੱਗੇ ਬੇਨਤੀ ਹੀ ਪੱਲੇ ਰਹਿ ਜਾਂਦੀ ਹੈ... ਟੂੰਬਾਂ ਨਾ ਤੂੰ ਮੰਗੀ ਮੇਰੀ ਲਾਡਲੀਏ...।
ਸੰਪਰਕ: 98764-52223
