ਪੰਜਾਬ ਪੁਲੀਸ ਦੀ ਝਾਲਰ ਵਾਲੀ ਪੱਗ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਤੋਂ ਬਾਅਦ ਜਦੋਂ ਸਿੱਖ ਰਾਜ ਖੇਰੂੰ-ਖੇਰੂੰ ਹੋ ਗਿਆ ਤਾਂ ਅੰਗਰੇਜ਼ਾਂ ਨੇ ਪੰਜਾਬ ’ਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ 1849 ਤੋਂ ਬਾਅਦ ਪੰਜਾਬ ਪੂਰਨ ਰੂਪ ਵਿੱਚ ਬ੍ਰਿਟਿਸ਼ ਹਕੂਮਤ ਦੇ ਅਧੀਨ ਆ ਗਿਆ। ਉਸ ਸਮੇਂ ਸਿੱਖ ਰਿਆਸਤਾਂ ਅਤੇ ਫੌਜ ਵਿੱਚ ਸਿੱਖਾਂ ਦੀ ਪੱਗ ਨੂੰ ਬਹੁਤ ਸਨਮਾਨ ਮਿਲਦਾ ਸੀ। ਉਨ੍ਹਾਂ ਦੀ ਇਹ ਪੱਗ ਵਰਦੀ ਹੀ ਨਹੀਂ ਸੀ ਸਗੋਂ ਮਾਣ, ਧਰਮ ਅਤੇ ਸ਼ਹੀਦੀ ਰਵਾਇਤ ਦਾ ਪ੍ਰਤੀਕ ਸੀ।
ਅੰਗਰੇਜ਼ਾਂ ਨੇ ਜਦੋਂ ਪੰਜਾਬ ਨੂੰ ਆਪਣੇ ਅਨੁਸਾਰ ਢਾਲਣ ਦੇ ਤੌਰ ਤਰੀਕੇ ਸ਼ੁਰੂ ਕੀਤੇ ਤਾਂ ਉਨ੍ਹਾਂ ਨੇ ਪੰਜਾਬ ਪੁਲੀਸ ਲਈ ਵੀ ਨਵਾਂ ਢਾਂਚਾ ਬਣਾਇਆ। ਉਨ੍ਹਾਂ ਨੇ ਵੱਡੇ ਪੱਧਰ ’ਤੇ ਸਿੱਖ ਸਿਪਾਹੀਆਂ ਅਤੇ ਅਫ਼ਸਰਾਂ ਨੂੰ ਭਰਤੀ ਕੀਤਾ, ਪਰ ਉਨ੍ਹਾਂ ਨੇ ਵੀ ਪੁਲੀਸ ਦੇ ਸਿਪਾਹੀਆਂ ਅਤੇ ਅਫ਼ਸਰਾਂ ਲਈ ਪੱਗ ਨੂੰ ਵਰਦੀ ਦਾ ਜ਼ਰੂਰੀ ਹਿੱਸਾ ਬਣਾਇਆ। ਜਦੋਂ 1849 ਤੋਂ ਬਾਅਦ ਲਾਹੌਰ ਦਰਬਾਰ ਟੁੱਟਿਆ ਤਾਂ ਅੰਗਰੇਜ਼ਾਂ ਨੇ ਪੰਜਾਬ ਪੁਲੀਸ ਦੀ ਫੌਜ ਖੜ੍ਹੀ ਕੀਤੀ ਅਤੇ ਸਿੱਖਾਂ ਦੀ ਸ਼ਖ਼ਸੀਅਤ ਅਤੇ ਸਨਮਾਨ ਨੂੰ ਬਰਕਰਾਰ ਰੱਖਣ ਲਈ, ਉਨ੍ਹਾਂ ਨੇ ਸਿਪਾਹੀਆਂ ਅਤੇ ਅਧਿਕਾਰੀਆਂ ਨੂੰ ਵਰਦੀ ਵਿੱਚ ਪੱਗ/ਦਸਤਾਰ ਰੱਖਣ ਦੀ ਆਜ਼ਾਦੀ ਦੇ ਦਿੱਤੀ, ਪਰ ਇਸ ਦੇ ਨਾਲ ਹੀ ਅੰਗਰੇਜ਼ਾਂ ਨੇ ਪੱਗ ਦੇ ਰੰਗ ਅਤੇ ਢੰਗ ਆਪਣੀ ਸੋਚ ਅਨੁਸਾਰ ਲਾਗੂ ਕੀਤੇ। ਪੱਗਾਂ ਦੇ ਇਹ ਰੰਗ ਅਧਿਕਾਰੀਆਂ ਅਤੇ ਸਿਪਾਹੀਆਂ ਦੇ ਰੁਤਬੇ ਅਨੁਸਾਰ ਤੈਅ ਕੀਤੇ। ਕੁਝ ਥਾਵਾਂ ’ਤੇ ਕਾਲੀ ਜਾਂ ਖਾਕੀ ਪੱਗ ਵਰਤੀ ਜਾਂਦੀ ਸੀ, ਪਰ ਹਥਿਆਰਬੰਦ ਪੁਲੀਸ ਅਤੇ ਪੈਟਰੋਲਿੰਗ ਵਾਲੇ ਸਿਪਾਹੀਆਂ ਲਈ ਉਨ੍ਹਾਂ ਦੀ ਪੱਗ ਉੱਪਰ ਲਾਲ ਜਾਂ ਕਾਲੇ ਰੰਗ ਦੀ ਪੱਟੀ ਬੰਨ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਦੂਜੇ ਪਾਸੇ ਅੰਗਰੇਜ਼ ਸਿੱਖਾਂ ਦੀ ਪੱਗ ਦੇ ਸਨਮਾਨ ਪ੍ਰਤੀ ਬੜੇ ਸੁਚੇਤ ਸਨ ਕਿਉਂਕਿ ਉਹ ਜਾਣਦੇ ਸਨ ਕਿ ਜੇਕਰ ਸਿੱਖ ਪੁਲੀਸ ਸਿਪਾਹੀਆਂ ਤੋਂ ਪੱਗ ਜਾਂ ਕੇਸਾਂ ਦੀ ਆਜ਼ਾਦੀ ਖੋਹੀ ਗਈ ਤਾਂ ਪੰਜਾਬ ਵਿੱਚ ਵੱਡਾ ਵਿਰੋਧ ਹੋਵੇਗਾ, ਇਸ ਲਈ ਉਨ੍ਹਾਂ ਨੇ ਪੱਗ ਨੂੰ ਹੀ ਵਰਦੀ ਦਾ ਹਿੱਸਾ ਮੰਨ ਲਿਆ।
ਅੰਗਰੇਜ਼ਾਂ ਦੇ ਰਾਜ ਕਾਲ ਸਮੇਂ ਇਹ ਗੱਲ ਬਹੁਤ ਮਹੱਤਵਪੂਰਨ ਅਤੇ ਖ਼ਾਸ ਹੁੰਦੀ ਸੀ ਕਿ ਪੁਲੀਸ ਅਤੇ ਫੌਜ ਵਿੱਚ ਸਿੱਖਾਂ ਦੀ ਭਰਤੀ ਵੱਡੀ ਗਿਣਤੀ ਵਿੱਚ ਹੁੰਦੀ ਸੀ ਕਿਉਂਕਿ ਉਹ ਜਾਣਦੇ ਸਨ ਕਿ ਸਿੱਖ ਆਪਣੇ ਧਰਮ ਵਿੱਚ ਪੱਕੇ ਅਤੇ ਅਨੁਸ਼ਾਸਨ ਵਿੱਚ ਰਹਿਣ ਵਾਲੇ ਹੁੰਦੇ ਹਨ, ਨਾਲ ਹੀ ਉਨ੍ਹਾਂ ਦੀ ਬਹਾਦਰੀ ਦਾ ਕੋਈ ਮੁਕਾਬਲਾ ਨਹੀਂ। ਅੱਜ ਵੀ ਪੰਜਾਬ ਪੁਲੀਸ ਦੀ ਵਰਦੀ ਵਿੱਚ ਪੱਗ ਉਸੇ ਵਿਰਾਸਤ ਦਾ ਹਿੱਸਾ ਬਣੀ ਹੋਈ ਹੈ।
ਜੇ ਅਸੀਂ ਪੰਜਾਬ ਪੁਲੀਸ ਦੀ ਝਾਲਰ ਵਾਲੀ ਪੱਗ ਦੇ ਇਤਿਹਾਸ ਬਾਰੇ ਜਾਣੀਏ ਤਾਂ ਪਤਾ ਚੱਲਦਾ ਹੈ ਕਿ ਬ੍ਰਿਟਿਸ਼ ਹਕੂਮਤ ਵਿੱਚ ਪੰਜਾਬ ਪੁਲੀਸ ਦੀ ਵਰਦੀ ਨੂੰ ਫੌਜੀ ਅੰਦਾਜ਼ ਵਿੱਚ ਰੱਖਿਆ ਗਿਆ ਸੀ। ਬ੍ਰਿਟਿਸ਼ ਇੰਡੀਆ ਆਰਮੀ ਦੇ ਘੋੜਸਵਾਰ ਸਿਪਾਹੀਆਂ ਦੀ ਪੱਗ ਉੱਪਰ ‘ਝਾਲਰ’ ਲੱਗੀ ਹੁੰਦੀ ਸੀ, ਉਸੇ ਤਰ੍ਹਾਂ ਪੰਜਾਬ ਪੁਲੀਸ ਦੇ ਕੁਝ ਅਹੁਦਿਆਂ ਵਾਲੇ ਖ਼ਾਸ ਕਰਕੇ ਰਿਜ਼ਰਵ ਪੁਲੀਸ ਅਤੇ ਘੋੜਸਵਾਰ ਦਸਤੇ, ਪੱਗਾਂ ਉੱਪਰ ਰੰਗੀਨ ਝਾਲਰ ਲਗਾਉਣ ਦੀ ਰਸਮ ਸ਼ੁਰੂ ਕੀਤੀ ਗਈ ਸੀ। ਇਸ ਦਾ ਮੁੱਖ ਮਕਸਦ ਪੇਂਡੂ ਅਵਾਮ ਵਿੱਚ ਪੁਲੀਸ ਦਾ ਡਰ ਬਣਾ ਕੇ ਰੱਖਣਾ ਵੀ ਸੀ।
ਸਾਲ 1861 ਦੇ ਵਿਸ਼ੇਸ਼ ਪੁਲੀਸ ਕਾਨੂੰਨ ਅਨੁਸਾਰ ਜਦੋਂ ਇੰਡੀਅਨ ਪੁਲੀਸ ਐਕਟ ਲਾਗੂ ਕੀਤਾ ਗਿਆ ਤਾਂ ਇਸ ਤਹਿਤ ਪੰਜਾਬ ਵਿੱਚ ਵੀ ਨਵੀਂ ਪੁਲੀਸ ਫੋਰਸ ਬਣਾਈ ਗਈ ਅਤੇ ਇਸ ਫੋਰਸ ਵਿੱਚ ਸਿੱਖਾਂ ਲਈ ਭਰਤੀ ਹੋਣ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਕਿਉਂਕਿ ਅੰਗਰੇੇੇਜ਼ ਸਿੱਖਾਂ ਨੂੰ ਬਹਾਦਰ ਅਤੇ ਅਨੁਸ਼ਾਸਿਤ ਮੰਨਦੇ ਸਨ, ਇਸ ਨਵੇਂ ਕਾਨੂੰਨ ਤਹਿਤ ਵੀ ਪੱਗ ਦੀ ਮਹੱਤਤਾ ਨੂੰ ਯਕੀਨੀ ਬਣਾਇਆ ਗਿਆ ਅਤੇ ਕਿਹਾ ਗਿਆ ਕਿ ਸਿੱਖ ਧਰਮ ਵਿੱਚ ਪੱਗ, ਇੱਜ਼ਤ, ਆਤਮ-ਸਨਮਾਨ ਅਤੇ ਧਾਰਮਿਕ ਪਛਾਣ ਦੀ ਨਿਸ਼ਾਨੀ ਹੈ। ਬ੍ਰਿਟਿਸ਼ ਅਧਿਕਾਰੀਆਂ ਨੇ ਇਹ ਵੀ ਸਮਝ ਲਿਆ ਸੀ ਕਿ ਜੇ ਸਿੱਖਾਂ ਨੂੰ ਫੋਰਸ ਵਿੱਚ ਰੱਖਣਾ ਹੈ ਤਾਂ ਉਨ੍ਹਾਂ ਦੀ ਪੱਗ ਦਾ ਸਤਿਕਾਰ ਕਰਨਾ ਹੋਵੇਗਾ। ਇਸੇ ਕਰਕੇ ਹੀ ਸਿੱਖ ਪੁਲੀਸ ਮੁਲਾਜ਼ਮਾਂ ਲਈ ਪੱਗ ਨੂੰ ਸਰਕਾਰੀ ਵਰਦੀ ਦਾ ਹਿੱਸਾ ਬਣਾਇਆ ਗਿਆ।
ਸ਼ੁਰੂ ਵਿੱਚ ਅੰਗਰੇਜ਼ਾਂ ਨੇ ਪੱਗ ਦਾ ਵਿਰੋਧ ਵੀ ਕੀਤਾ ਕਿਉਂਕਿ ਉਹ ਜਾਣਦੇ ਸਨ ਕਿ ਸੁਰੱਖਿਆ ਲਈ ਲੋਹ-ਟੋਪ ਪਹਿਨਣਾ ਚਾਹੀਦਾ ਹੈ, ਪਰ ਸਿੱਖਾਂ ਦੇ ਵਿਰੋਧ ਤੋਂ ਡਰਦਿਆਂ ਉਨ੍ਹਾਂ ਪੱਗ ਨੂੰ ਸਵੀਕਾਰ ਕੀਤਾ। ਅੱਜ ਵੀ ਆਜ਼ਾਦ ਭਾਰਤ ਵਿੱਚ ਖ਼ਾਸ ਮੌਕਿਆਂ ਉੱਤੇ ਜਦੋਂ ਪੁਲੀਸ ਦੀ ਪੈਟਰੋਲਿੰਗ ਜਾਂ ਪਰੇਡ ਹੁੰਦੀ ਹੈ ਤਾਂ ਝਾਲਰ ਵਾਲੀ ਪੱਗ ਦੇਖਣ ਨੂੰ ਮਿਲਦੀ ਹੈ। ਬਹੁਤ ਸਾਰੇ ਲੋਕ ਇਸ ਨੂੰ ਅੰਗਰੇਜ਼ਾਂ ਦੇ ਰਾਜ ਕਾਲ ਦੀ ਵਿਰਾਸਤ ਦੱਸ ਕੇ ਵਿਰੋਧ ਕਰਦੇ ਹਨ ਅਤੇ ਕਹਿੰਦੇ ਹਨ ਕਿ ਆਜ਼ਾਦ ਭਾਰਤ ਵਿੱਚ ਸਾਨੂੰ ਅੰਗਰੇਜ਼ੀ ਵਿਰਸਾ ਭੁੱਲ ਜਾਣਾ ਚਾਹੀਦਾ ਹੈ ਅਤੇ ਪੰਜਾਬ ਪੁਲੀਸ ਵਿੱਚੋਂ ਪੁਰਾਣੀ ਝਾਲਰ ਵਾਲੀ ਪੱਗ ਜੋ ਗੁਲਾਮੀ ਦਾ ਅਹਿਸਾਸ ਕਰਵਾਉਂਦੀ ਹੈ, ਨੂੰ ਤਿਆਗ ਦੇਣਾ ਚਾਹੀਦਾ ਹੈ। ਹੁਣ ਲੋਕਾਂ ਨੂੰ ਪਿੰਡਾਂ ਵਿੱਚ ਪੁਲੀਸ ਵੱਲੋਂ ਡਰਾਇਆ ਵੀ ਨਹੀਂ ਜਾਂਦਾ ਤਾਂ ਇਸ ਦਾ ਬਦਲਾਅ ਜ਼ਰੂਰੀ ਹੈ।
ਸਾਲ 1801-1849 ਦੌਰਾਨ ਸਿੱਖ ਰਾਜ ਸਮੇਂ ਪੰਜਾਬੀ ਲੋਕਾਂ ਵਿੱਚ ਪੱਗ ਦਾ ਆਮ ਰੁਝਾਨ ਸੀ ਅਤੇ ਇਹ ਕਈ ਕਿਸਮਾਂ ਵਿੱਚ ਢਿੱਲੀ ਜਾਂ ਕਸ ਕੇ ਬੰਨ੍ਹੀ ਹੋਈ ਦੇਖੀ ਜਾਂਦੀ ਸੀ। ਅੰਗਰੇਜ਼ਾਂ ਨੇ ਵੀ ਇਸ ਨੂੰ ਚੱਲਦੀ ਰੱਖਣ ਲਈ ਸਿਪਾਹੀਆਂ ਦੀ ਪਛਾਣ ਲਈ ਪੱਗ ਦੇ ਸਾਹਮਣੇ ਵਾਲੇ ਪਾਸੇ ਇੱਕ ਚੱਕਰ ਲਗਾਉਣਾ ਸ਼ੁਰੂ ਕੀਤਾ, ਉਨ੍ਹਾਂ ਨੇ ਪੱਗ ਦਾ ਕੀਨੀਆ ਸਟਾਈਲ, ਤਹਿਦਾਰ ਪੇਚੇ ਦਾ ਰਿਵਾਜ ਸ਼ੁਰੂ ਕੀਤਾ। ਅੱਜ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਪੁਲੀਸ ਵਾਲਿਆਂ ਨੂੰ ਵਰਦੀ ਵਿੱਚ ਪੱਗ ਬੰਨ੍ਹਣ ਦੀ ਇਜਾਜ਼ਤ ਹੈ। 1969 ਵਿੱਚ ਹਰਬੰਸ ਸਿੰਘ ਜੱਬਲ ਬ੍ਰਿਟੇਨ ਵਿੱਚ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਪੁਲੀਸ ਵਰਦੀ ਵਿੱਚ ਪੱਗ ਪਹਿਨੀ। ਸੰਸਾਰ ਦੇ ਵੱਡੇ ਯੁੱਧਾਂ ਵਿੱਚ ਵੀ ਅੰਗਰੇਜ਼ਾਂ ਨੇ ਪੰਜਾਬੀਆਂ ਦੀ ਪੱਗ ਦਾ ਲਾਭ ਉਠਾਉਂਦੇ ਹੋਏ ਉਨ੍ਹਾਂ ਦੀ ਬਹਾਦਰੀ ਅਤੇ ਅਨੁਸ਼ਾਸਨਤਾ ਦਾ ਫਾਇਦਾ ਲੈ ਕੇ ਵੱਡੀ ਗਿਣਤੀ ਵਿੱਚ ਜੰਗ ਲਈ ਭਰਤੀ ਕਰਕੇ ਵਿਦੇਸ਼ੀ ਫੌਜਾਂ ਵਿਰੁੱਧ ਲੜਾਇਆ ਜਿੱਥੇ ਉਨ੍ਹਾਂ ਨੇ ਆਪਣੀ ਬਹਾਦਰੀ ਦੇ ਡੰਕੇ ਵਜਾਏ ਅਤੇ ਪੱਗ ਦਾ ਮਾਣ ਵਧਾਇਆ।
ਸੰਪਰਕ: 98764-52223