ਪ੍ਰਿਆ ਕਪੂਰ ਦੇ ਪੁੱਤਰ ਵੱਲੋਂ ਕਰਿਸ਼ਮਾ ਦੇ ਬੱਚਿਆਂ ਦੀ ਵਸੀਅਤ ਦੀ ਪ੍ਰਮਾਣਿਕਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਵਿਰੋਧ
ਮਰਹੂਮ ਉਦਯੋਗਪਤੀ ਸੰਜੈ ਕਪੂਰ ਦੀ ਪਤਨੀ ਪ੍ਰਿਆ ਕਪੂਰ ਦੇ ਨਾਬਾਲਗ ਪੁੱਤਰ ਨੇ ਅੱਜ ਦਿੱਲੀ ਹਾਈ ਕੋਰਟ ਵਿੱਚ ਅਦਾਕਾਰਾ ਕਰਿਸ਼ਮਾ ਕਪੂਰ ਦੇ ਬੱਚਿਆਂ ਵੱਲੋਂ ਆਪਣੇ ਪਿਤਾ ਦੀ ਕਥਿਤ ਵਸੀਅਤ ਦੀ ਪ੍ਰਮਾਣਿਕਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਾਮਲਾ ਅਟਕਲਾਂ ਅਤੇ ਅੰਦਾਜ਼ੇ ’ਤੇ ਆਧਾਰਿਤ ਹੈ।
ਛੇ ਸਾਲ ਦੇ ਲੜਕੇ ਦੇ ਵਕੀਲ ਨੇ ਕਿਹਾ ਕਿ ਵਸੀਅਤ ਪੇਸ਼ ਕਰਨ ਵਿੱਚ ਕੋਈ ਦੇਰੀ ਨਹੀਂ ਹੋਈ ਕਿਉਂਕਿ ਸੰਜੈ ਕਪੂਰ ਦਾ 12 ਜੂਨ ਨੂੰ ਦੇਹਾਂਤ ਹੋ ਗਿਆ ਸੀ ਅਤੇ ਵਸੀਅਤ 30 ਜੁਲਾਈ ਨੂੰ ਇੱਕ ਮੀਟਿੰਗ ਦੌਰਾਨ ਵਾਰਸਾਂ ਵਲੋਂ ਪੇਸ਼ ਕੀਤੀ ਗਈ ਸੀ। ਇਸ ਵਿਚ ਸਿਰਫ ਇੱਕ ਮਹੀਨੇ ਦਾ ਫਰਕ ਹੈ ਤੇ ਇਸ ਵਿਚ ਸਾਲਾਂ ਦੀ ਦੇਰੀ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ, ‘ਇਹ ਪੂਰਾ ਮਾਮਲਾ ਅਟਕਲਾਂ ਅਤੇ ਅੰਦਾਜ਼ਿਆਂ ’ਤੇ ਆਧਾਰਿਤ ਹੈ।’ ਇਸ ਮੌਕੇ ਪ੍ਰਿਆ ਦੇ ਪੁੱਤਰ ਦੀ ਨੁਮਾਇੰਦਗੀ ਸੀਨੀਅਰ ਵਕੀਲ ਅਖਿਲ ਸਿੱਬਲ ਨੇ ਜਸਟਿਸ ਜੋਤੀ ਸਿੰਘ ਦੇ ਸਾਹਮਣੇ ਕੀਤੀ।
ਸ੍ਰੀ ਸਿੱਬਲ ਨੇ ਕਿਹਾ ਕਿ 30 ਜੁਲਾਈ ਦੀ ਮੀਟਿੰਗ ਤੋਂ ਬਾਅਦ ਮੁਦੱਈਆਂ ਕਰਿਸ਼ਮਾ ਕਪੂਰ ਦੀ ਧੀ ਸਮਾਇਰਾ ਕਪੂਰ ਅਤੇ ਨਾਬਾਲਗ ਪੁੱਤਰ ਵੱਲੋਂ ਵਸੀਅਤ ਦੀ ਕਾਪੀ ਮੰਗਣ ਲਈ ਕੋਈ ਵੀ ਪੱਤਰ ਵਿਹਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਸੀਅਤ ਦੀ ਕਾਪੀ ਮੰਗਣ ਲਈ 22 ਅਗਸਤ ਨੂੰ ਪੱਤਰ ਭੇਜਿਆ ਗਿਆ ਸੀ।
