ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਪ੍ਰਿੰਸ ਕੰਵਲਜੀਤ ਸਿੰਘ
ਜਿਸ ਵਿੱਚ ਕੁਝ ਬਣਨ ਦੀ ਲਗਨ ਹੋਵੇ, ਉਹ ਭੀੜ ਵਿੱਚ ਆਪਣੀ ਵੱਖਰੀ ਪਛਾਣ ਬਣਾ ਹੀ ਲੈਂਦਾ ਹੈ। ਅਜਿਹਾ ਹੀ ਨਾਂ ਹੈ ਪ੍ਰਿੰਸ ਕੰਵਲਜੀਤ। ਉਹ ਜਿੱਥੇ ਪੰਜਾਬੀ ਸਿਨੇਮਾ ਦਾ ਅਹਿਮ ਅਦਾਕਾਰ ਹੈ, ਉੱਥੇ ਹੀ ਉਹ ਹਾਸਰਸ ਕਲਾਕਾਰ ਤੇ ਪਟਕਥਾ ਲੇਖਕ ਵਜੋਂ ਵੀ ਚੰਗੀ ਪਛਾਣ ਰੱਖਦਾ ਹੈ। 2 ਮਾਰਚ 1980 ਨੂੰ ਕੋਟਕਪੂਰਾ ਵਿਖੇ ਉਸ ਦਾ ਜਨਮ ਹੋਇਆ। ਸਰਕਾਰੀ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਉਸ ਨੇ ਹੋਮਿਓਪੈਥਿਕ ਮੈਡੀਕਲ ਕਾਲਜ ਅਬੋਹਰ ਤੋਂ ਡੀ.ਐੱਚ. ਐੱਮ .ਐੱਸ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ।
ਉਸ ਨੂੰ ਬਚਪਨ ਤੋਂ ਹੀ ਫਿਲਮਾਂ ਦੇਖਣ ਦਾ ਸ਼ੌਕ ਰਿਹਾ ਹੈ। ਉਹ ਅਕਸਰ ਸਕੂਲ ਤੋਂ ਭੱਜ ਕੇ ਫਿਲਮਾਂ ਦੇਖਣ ਜਾਂਦਾ ਸੀ। ਉਹ ਮਨ ਹੀ ਮਨ ਅਦਾਕਾਰ ਬਣਨ ਦਾ ਸੁਪਨਾ ਦੇਖਣ ਲੱਗਾ। ਫਿਰ ਕਿਸੇ ਨੇ ਕਿਹਾ ਕਿ ਅਦਾਕਾਰ ਬਣਨ ਲਈ ਪਹਿਲਾਂ ਕੁਝ ਸਮਾਂ ਥੀਏਟਰ ਕਰਨਾ ਪੈਂਦਾ ਹੈ, ਜਿਸ ਨਾਲ ਚੰਗਾ ਅਦਾਕਾਰ ਬਣਿਆ ਜਾਂਦਾ ਹੈ। ਇਸ ਗੱਲ ਨੂੰ ਪੱਲੇ ਬੰਨ੍ਹਦੇ ਹੋਏ ਉਸ ਨੇ ਅੱਠਵੀਂ ਕਲਾਸ ਵਿੱਚ ਪੜ੍ਹਦਿਆਂ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ। ਇਹ ਸ਼ੌਕ ਕਾਲਜ ਦੀ ਪੜ੍ਹਾਈ ਸਮੇਂ ਵੀ ਜਾਰੀ ਰਿਹਾ, ਨਾਲ ਹੀ ਨੌਕਰੀ ਵੀ ਕਰਨ ਲੱਗ ਪਿਆ, ਪਰ ਉਸ ਦਾ ਕਿਤੇ ਵੀ ਮਨ ਨਹੀਂ ਸੀ ਲੱਗ ਰਿਹਾ।
ਪ੍ਰਿੰਸ ਕੰਵਲਜੀਤ ਦੇ ਪਿਤਾ ਦਾ ਟਰਾਂਸਪੋਰਟ ਦਾ ਕੰਮ ਸੀ ਜਿਨ੍ਹਾਂ ਨੇ ਪੁੱਤਰ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਕੱਪੜਿਆਂ ਦੀ ਦੁਕਾਨ ਖੋਲ੍ਹ ਕੇ ਦੇ ਦਿੱਤੀ। ਕੁਝ ਸਾਲ ਉਹ ਇਹ ਕਾਰੋਬਾਰ ਕਰਦਾ ਰਿਹਾ, ਪਰ ਦਿਲ ਵਿੱਚ ਅਦਾਕਾਰ ਬਣਨ ਦਾ ਜਨੂੰਨ ਸੀ ਜੋ ਉਸ ਨੂੰ ਟਿਕ ਕੇ ਬੈਠਣ ਨਹੀਂ ਸੀ ਦੇ ਰਿਹਾ। ਉਸ ਨੇ ਸੋਚਿਆ ਕਿ ਉਹ ਜੋ ਬਣਨਾ ਚਾਹੁੰਦਾ ਸੀ, ਉਹ ਤਾਂ ਕੁਝ ਕਰ ਹੀ ਨਹੀਂ ਰਿਹਾ। ਇਸ ਤਰ੍ਹਾਂ ਅਦਾਕਾਰ ਬਣਨ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ।
ਪ੍ਰਿੰਸ ਨੂੰ ਲਿਖਣ ਦਾ ਵੀ ਸ਼ੌਕ ਹੈ। ਇੱਕ ਦਿਨ ਗਿੱਦੜਬਾਹਾ ਵਿੱਚ ਨੁੱਕੜ ਨਾਟਕ ਦੇਖਦੇ ਹੋਏ ਉਸ ਨੂੰ ਆਪਣਾ ਖ਼ੁਦ ਦਾ ਨਾਟਕ ਕਰਵਾਉਣ ਦਾ ਖ਼ਿਆਲ ਆਇਆ ਜਿਸ ਦੀ ਕਹਾਣੀ ਪ੍ਰਿੰਸ ਦੇ ਦਿਮਾਗ਼ ਵਿੱਚ ਪਹਿਲਾਂ ਹੀ ਚੱਲਦੀ ਰਹਿੰਦੀ ਸੀ। ਫਿਰ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣਾ ਨੁੱਕੜ ਨਾਟਕ ਪੇਸ਼ ਕੀਤਾ। ਉਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਸ਼ੁਰੂਆਤ ਵਿੱਚ ਉਸ ਨੇ ਬੱਚਿਆਂ ’ਤੇ ਨਾਟਕ ਲਿਖੇ ਜਿਵੇਂ, ‘ਰੱਬਾ ਰੱਬਾ ਮੀਂਹ ਵਰਸਾ’, ‘ਚੰਦ ਜਦੋਂ ਰੋਟੀ ਲੱਗਦੈ’, ‘ਮਾਂ ਕੁੜੀ’, ‘ਹਾਥੀ ਆ ਗਿਆ ਓਏ’ ਅਤੇ ‘ਰੱਬ ਜੀ ਥੱਲੇ ਆ ਜੋ’। ਇਨ੍ਹਾਂ ਨਾਟਕਾਂ ਦੀ ਕਿਤਾਬ ਵੀ ਪ੍ਰਕਾਸ਼ਿਤ ਹੋਈ ਹੈ।
ਇਨ੍ਹਾਂ ਸਭ ਯਤਨਾਂ ਦੇ ਨਾਲ ਨਾਲ ਪ੍ਰਿੰਸ ਆਪਣੀ ਇੱਕ ਕਹਾਣੀ ਦੱਸਣ ਲਈ ਚੰਗੇ ਨਿਰਮਾਤਾ ਦੀ ਭਾਲ ਕਰਨ ਲੱਗਾ। ਆਖਿਰ ਉਹ ਦਿਨ ਆਇਆ ਜਦੋਂ ਉਹ ਆਪਣੀ ਲਿਖੀ ਕਹਾਣੀ ਅਦਾਕਾਰ ਕਰਮਜੀਤ ਅਨਮੋਲ ਨੂੰ ਦੱਸ ਰਿਹਾ ਸੀ, ਉੱਥੇ ਹੀ ਨਿਰਦੇਸ਼ਕ ਸਿਮਰਜੀਤ ਸਿੰਘ ਵੀ ਮੌਜੂਦ ਸੀ। ਉਸ ਨੂੰ ਪ੍ਰਿੰਸ ਕੰਵਲਜੀਤ ਦੀ ਕਹਾਣੀ ਵਧੀਆ ਲੱਗੀ ਅਤੇ ਬਤੌਰ ਲੇਖਕ ਉਸ ਦੀ ਪਹਿਲੀ ਫਿਲਮ ‘ਜੱਟ ਬੋਆਇਜ਼ ਪੁੱਤ ਜੱਟਾਂ ਦੇ’ ਬਣੀ। ਪ੍ਰਿੰਸ ਨੇ ਇਸ ਵਿੱਚ ਜੌਲੀ ਨਾਮ ਦਾ ਕਿਰਦਾਰ ਵੀ ਨਿਭਾਇਆ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ‘ਲੈਦਰ ਲਾਈਫ’, ‘ਮਿੱਟੀ’, ‘ਗਿੱਦੜ ਸਿੰਗੀ’, ‘ਟੇਸ਼ਨ’, ‘ਪੰਛੀ’, ‘ਸੈਕਟਰ 17’, ‘ਜ਼ਿਲ੍ਹਾ ਸੰਗਰੂਰ’ ਤੇ ‘ਇੱਕ ਸਿੱਧੂ ਹੁੰਦਾ ਸੀ’ ਵਿੱਚ ਉਸ ਨੇ ਕਮਾਲ ਦੀ ਅਦਾਕਾਰੀ ਕੀਤੀ, ‘ਵਾਰਨਿੰਗ’ (ਸੰਵਾਦ ਲੇਖਕ) ਅਤੇ ‘ਵਾਰਨਿੰਗ 2’ (ਵੈੱਬ ਸੀਰੀਜ਼) ਅਤੇ ‘ਕ੍ਰਿਮੀਨਲ’ ਉਸ ਦੀਆਂ ਫਿਲਮਾਂ ਪਟਕਥਾ ਲੇਖਕ ਵਜੋਂ ਜ਼ਿਕਰਯੋਗ ਹਨ।
ਪ੍ਰਿੰਸ ਕੰਵਲਜੀਤ ਨੇ ਪਹਿਲੀ ਵਾਰ ਵੱਡੇ ਕੈਮਰੇ ਦਾ ਸਾਹਮਣਾ ਗੁਰਦਾਸ ਮਾਨ ਦੀ ਫਿਲਮ ‘ਸੁਖਮਨੀ’ ਵਿੱਚ ਕੀਤਾ ਜਿਸ ਵਿੱਚ ਉਸ ਦਾ ਛੋਟਾ ਜਿਹਾ ਦ੍ਰਿਸ਼ ਸੀ। ਪਹਿਲਾਂ ਪਹਿਲ ਉਹ ਛੋਟੇ ਛੋਟੇ ਕਿਰਦਾਰ ਕਰਦਾ ਰਿਹਾ। ਹੌਲੀ ਹੌਲੀ ਉਸ ਨੂੰ ਕੁਝ ਹੋਰ ਫਿਲਮਾਂ ਜਿਨ੍ਹਾਂ ਵਿੱਚ ‘ਯਾਰਾਂ ਨਾਲ ਬਹਾਰਾਂ’, ‘ਤੂਫਾਨ ਸਿੰਘ’, ‘ਸ਼ਰੀਕ’, ‘ਵਿਸਾਖੀ ਲਿਸਟ’, ‘ਲੌਂਗ ਲਾਚੀ’, ‘ਲਾਟੂ’, ‘ਛੜਾ’, ‘ਕਪਤਾਨ’, ‘25 ਕਿੱਲੇ’, ‘ਸ਼ਾਵਾ ਨੀਂ ਗਿਰਧਾਰੀ ਲਾਲ’, ‘ਸੁਰਖੀ ਬਿੰਦੀ’, ‘ਪੋਸਤੀ’, ‘ਚੇਤਾ ਸਿੰਘ’, ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਅਤੇ ‘ਕਲੀ ਜੋਟਾ’ ਫਿਲਮਾਂ ਤੋਂ ਇਲਾਵਾ ‘ਵਾਰਨਿੰਗ’, ‘ਪੰਛੀ’, ‘ਜ਼ਿਲ੍ਹਾ ਸੰਗਰੂਰ’, ‘ਕ੍ਰਿਮੀਨਲ’ ਅਤੇ ‘ਸੈਕਟਰ 17’ ਵਰਗੀਆਂ ਫਿਲਮਾਂ ਤੋਂ ਖ਼ਾਸ ਪਛਾਣ ਮਿਲੀ।
ਆਪਣੇ ਸ਼ਾਨਦਾਰ ਕੰਮ ਦੀ ਬਦੌਲਤ ਉਸ ਨੂੰ ਬਹੁਤ ਸਾਰੇ ਮਾਨ-ਸਨਮਾਨ ਵੀ ਮਿਲੇ ਜਿਨ੍ਹਾਂ ਵਿੱਚ ਪੀਟੀਸੀ ਪੰਜਾਬੀ ਫਿਲਮ ਐਵਾਰਡ ’ਚ ਫਿਲਮ ‘ਵਾਰਨਿੰਗ’ ਦੇ ਵਧੀਆ ਅਦਾਕਾਰ ਤੇ ਸੰਵਾਦ ਲੇਖਕ ਵਜੋਂ ਚੁਣਨਾ ਅਹਿਮ ਹੈ। ਪ੍ਰਿੰਸ ਦਾ ਕਹਿਣਾ ਹੈ ਕਿ ਬੇਸ਼ੱਕ ਅੱਜ ਉਸ ਨੂੰ ਇੱਕ ਮੁਕਾਮ ਹਾਸਲ ਹੈ, ਪਰ ਅੱਜ ਵੀ ਜਦੋਂ ਉਸ ਨੂੰ ਆਪਣੇ ਪਿੰਡ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਸਾਰੇ ਪੁਰਾਣੇ ਦੋਸਤਾਂ ਨੂੰ ਜ਼ਰੂਰ ਮਿਲਦਾ ਹੈ ਤੇ ਉਨ੍ਹਾਂ ਨਾਲ ਦਿਲ ਖੋਲ੍ਹ ਕੇ ਗੱਲਾਂ ਕਰਦਾ ਹੈ।
ਸੰਪਰਕ: 79736-67793